ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖਾਂ ਲਈ ਅਜੇ ਵੀ ਹੈ ਸਮਝਣ ਦਾ ਵੇਲਾ
ਸਿੱਖਾਂ ਲਈ ਅਜੇ ਵੀ ਹੈ ਸਮਝਣ ਦਾ ਵੇਲਾ
Page Visitors: 2469

ਸਿੱਖਾਂ ਲਈ ਅਜੇ ਵੀ ਹੈ ਸਮਝਣ ਦਾ ਵੇਲਾ

Posted On 27 Jan 2016

6
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸਿੱਖ ਗੁਰੂ ਘਰਾਂ ਦੇ ਪ੍ਰਬੰਧਾਂ ਲਈ ਲੜਾਈ-ਝਗੜਿਆਂ ਅਤੇ ਅਦਾਲਤੀ ਮੁਕੱਦਮਿਆਂ ਦੀ ਲੜੀ ਮੁੱਕਣੀ ਤਾਂ ਕੀ ਹੈ, ਸਗੋਂ ਇਹ ਹੁਣ ਮੁੜ ਫਿਰ ਤੇਜ਼ ਹੋ ਗਈ ਨਜ਼ਰ ਆ ਰਹੀ ਹੈ। ਪਿਛਲੇ ਦਿਨਾਂ ਵਿਚ ਦੋ ਵੱਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚ ਹੋਈ ਆਪਸੀ ਲੜਾਈ ਅਤੇ ਫਿਰ ਅਦਾਲਤੀ ਝਗੜੇ ‘ਚ ਪੈਣ ਤੋਂ ਬਾਅਦ ਹੁਣ ਪੰਜ ਵਿਅਕਤੀਆਂ ਨੂੰ ਗੁਰੂ ਘਰ ਵਿਚ ਝਗੜੇ ਸੰਬੰਧੀ ਜੇਲ੍ਹ ਭੇਜੇ ਜਾਣ ਨੇ ਪੂਰੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੱਡੀ ਅਹਿਮ ਗੱਲ ਇਹ ਹੈ ਕਿ ਗੁਰੂ ਘਰ ਝਗੜੇ ਲਈ ਹੋਏ ਮੁਕੱਦਮੇ ਵਿਚ ਤਿੰਨ ਬੀਬੀਆਂ ਵੀ ਜੇਲ੍ਹ ਗਈਆਂ ਹੋਈਆਂ ਹਨ।
ਇਹ ਪੂਰੀ ਸਿੱਖ ਕੌਮ ਲਈ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਨ੍ਹਾਂ ਅਸਥਾਨਾਂ ਵਿਚੋਂ ਸਰਬੱਤ ਦੇ ਭਲੇ, ਸ਼ਾਂਤੀ ਅਤੇ ਸਮੁੱਚੀ ਦੁਨੀਆਂ ‘ਚ ਅਮਨ ਤੇ ਭਾਈਚਾਰੇ ਦੀ ਆਵਾਜ਼ ਉੱਠਦੀ ਹੈ, ਉਥੋਂ ਹੁਣ ਪ੍ਰਬੰਧਕੀ ਧੜਿਆਂ ਵਿਚਕਾਰ ਲੜਾਈ, ਝਗੜੇ ਅਤੇ ਇਕ ਦੂਜੇ ‘ਤੇ ਹਮਲਿਆਂ ਦੇ ਲਲਕਾਰੇ ਸੁਣਨ ਨੂੰ ਮਿਲਦੇ ਹਨ।
ਅਮਰੀਕਾ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਸੰਗਤ ਵੱਲੋਂ ਇਕੱਤਰ ਕੀਤੀ ਮਾਇਆ ਨਾਲ ਉਸਾਰੇ ਗਏ ਅਤੇ ਚਲਾਏ ਜਾ ਰਹੇ ਗੁਰੂ ਘਰਾਂ ਦੀ ਅਗਵਾਈ ਸੰਭਾਲਣ ਲਈ ਵੱਖ-ਵੱਖ ਧੜੇ ਲੜਾਈ-ਝਗੜੇ ਕਰਨ ਵਿਚ ਲੱਗੇ ਹੋਏ ਹਨ। ਸੰਗਤ ਗੁਰੂ ਘਰਾਂ ਵਿਚ ਚੜ੍ਹਾਵਾ ਪ੍ਰਬੰਧਕਾਂ ਦੇ ਲੜਾਈ-ਝਗੜਿਆਂ ਅਤੇ ਅਦਾਲਤੀ ਖਰਚਿਆਂ ਲਈ ਨਹੀਂ ਚੜ੍ਹਾਉਂਦੀ, ਸਗੋਂ ਉਹ ਗੁਰੂ ਘਰਾਂ ਵਿਚ ਲਗਾਤਾਰ ਲੰਗਰ ਵਰਤਾਏ ਜਾਣ, ਗੁਰੂ ਘਰਾਂ ਵਿਚੋਂ ਗੁਰਬਾਣੀ ਪ੍ਰਵਾਹ ਨੂੰ ਚੰਗੇ ਢੰਗ ਨਾਲ ਅੱਗੇ ਚਲਾਉਣ, ਪੰਜਾਬੀ ਦੀ ਪੜ੍ਹਾਈ ਕਰਾਉਣ, ਨਿਆਂਸਰਿਆਂ ਦਾ ਆਸਰਾ ਬਣਨ ਵਰਗੇ ਲੋਕ ਹਿਤੂ ਕੰਮਾਂ ਲਈ ਆਪਣੀ ਕਿਰਤ-ਕਮਾਈ ਵਿਚੋਂ ਦਸਵੰਧ ਕੱਢਦੀ ਹੈ।
ਪਰ ਜਦ ਅਸੀਂ ਦੇਖਦੇ ਹਾਂ ਕਿ ਸਿੱਖੀ ਅਤੇ ਮਨੁੱਖਤਾ ਦੇ ਭਲੇ ਲਈ ਚੜ੍ਹਾਏ ਇਸ ਚੜ੍ਹਾਵੇ ਵਿਚੋਂ ਬਹੁਤਾ ਹਿੱਸਾ ਤਾਂ ਵਕੀਲਾਂ ਦੀਆਂ ਫੀਸਾਂ ਅਤੇ ਹੋਰ ਅਦਾਲਤੀ ਖਰਚਿਆਂ ਵਿਚ ਹੀ ਚਲਾ ਜਾਂਦਾ ਹੈ। ਤਾਂ ਇਹ ਗੱਲ ਦੇਖ ਕੇ ਹਰ ਸਿੱਖ ਦਾ ਮਨ ਦੁਖੀ ਹੋ ਉੱਠਦਾ ਹੈ। ਇਸ ਵੇਲੇ 80 ਫੀਸਦੀ ਦੇ ਕਰੀਬ ਗੁਰੂ ਘਰਾਂ ਦੇ ਪ੍ਰਬੰਧਕ ਲੜਾਈ-ਝਗੜਿਆਂ ਵਿਚ ਉਲਝੇ ਹੋਏ ਹਨ ਅਤੇ ਉਨ੍ਹਾਂ ਦੇ ਮੁਕੱਦਮੇ ਅਦਾਲਤਾਂ ਵਿਚ ਚੱਲ ਰਹੇ ਹਨ। ਪਰ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਗੁਰੂ ਘਰ ਵਿਚ ਹੋਏ ਝਗੜੇ ਵਿਚ ਤਿੰਨ ਬੀਬੀਆਂ ਨੂੰ ਵੀ ਜੇਲ੍ਹ ਜਾਣਾ ਪਿਆ ਹੈ। ਇਹ ਗੱਲ ਸਮੁੱਚੇ ਸਿੱਖ ਭਾਈਚਾਰੇ ਅਤੇ ਸਾਡੀ ਕੌਮ ਦੇ ਆਗੂਆਂ ਲਈ ਬੇਹੱਦ ਚਿੰਤਾ ਵਾਲੀ ਗੱਲ ਹੈ। ਅੱਜ ਸੋਸ਼ਲ ਮੀਡੀਆ ਬਹੁਤ ਸਰਗਰਮ ਹੈ। ਅਸੀਂ ਇਹ ਨਾ ਸਮਝੀਏ ਕਿ ਸਾਡੇ ਵੱਲੋਂ ਗੁਰੂ ਘਰ ਦੇ ਅੰਦਰ ਬੈਠ ਕੇ ਕੀਤੇ ਗਏ ਝਗੜੇ ਅਤੇ ਲੜਾਈਆਂ ਗੁਰੂ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਮਹਿਦੂਦ ਰਹਿਣਗੀਆਂ, ਸਗੋਂ ਸੋਸ਼ਲ ਮੀਡੀਏ ਰਾਹੀਂ ਅੱਜ ਕਿਸੇ ਵੀ ਥਾਂ ਵਾਪਰਦੀ ਘਟਨਾ ਮਿੰਟਾਂ-ਸਕਿੰਟਾਂ ਵਿਚ ਪੂਰੀ ਦੁਨੀਆ ਵਿਚ ਜਾ ਘੁੰਮਦੀ ਹੈ। ਇਹ ਗੱਲ ਸਾਡੇ ਗੁਰੂ ਘਰਾਂ ‘ਚ ਹੁੰਦੀਆਂ ਸਰਗਰਮੀਆਂ ਉਪਰ ਵੀ ਪੂਰੀ ਤਰ੍ਹਾਂ ਢੁੱਕਦੀ ਹੈ। ਪਿਛਲੇ ਦਿਨਾਂ ਵਿਚ ਹੋਏ ਲੜਾਈ-ਝਗੜਿਆਂ ਦੀਆਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਵਿਚ ਘੁੰਮਦੀਆਂ ਰਹੀਆਂ ਹਨ ਅਤੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਲੋਕ ਹੈਰਾਨ ਹੋ ਉੱਠਦੇ ਹਨ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਲਈ ਇਹ ਗੱਲ ਹੋਰ ਵੀ ਵਧੇਰੇ ਖਤਰਨਾਕ ਹੈ। ਪਹਿਲੀ ਗੱਲ ਤਾਂ ਇਹ ਕਿ ਸਿੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਵੱਖ-ਵੱਖ ਧੜਿਆਂ ਵਿਚ ਹੁੰਦੀਆਂ ਇਨ੍ਹਾਂ ਲੜਾਈਆਂ ਕਾਰਨ ਖੁਦ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨ ਸਾਡੇ ਧਰਮ ਤੋਂ ਦੂਰ ਹੁੰਦੇ ਹਨ। ਉਨ੍ਹਾਂ ਨੂੰ ਤਾਂ ਗੁਰੂ ਘਰਾਂ ਵਿਚ ਜਾਣ ਲਈ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਮਨਾਇਆ ਜਾਂਦਾ ਹੈ। ਪਰ ਹੁਣ ਜਦ ਉਹ ਗੁਰੂ ਘਰਾਂ ਵਿਚ ਹੁੰਦੇ ਲੜਾਈ-ਝਗੜਿਆਂ ਬਾਰੇ ਸੁਣਦੇ ਜਾਂ ਦੇਖਦੇ ਹਨ, ਤਾਂ ਉਹ ਹੋਰ ਵੀ ਵਧੇਰੇ ਸੁਆਲ ਕਰਨ ਲੱਗ ਪੈਂਦੇ ਹਨ।
ਦੂਜਾ, ਵਿਦੇਸ਼ਾਂ ਖਾਸਕਰ ਅਮਰੀਕਾ ਵਿਚ ਸਿੱਖ ਪਹਿਲਾਂ ਹੀ ਆਪਣੀ ਪਛਾਣ ਬਾਰੇ ਗਲਤਫਹਿਮੀ ਹੋਣ ਕਾਰਨ ਬੜੇ ਸੰਕਟ ਵਿਚੋਂ ਲੰਘ ਰਹੇ ਹਨ। ਪਰ ਹੁਣ ਜਦ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਸਿੱਖਾਂ ਦੇ ਲੜਾਈ-ਝਗੜਿਆਂ ਦੀਆਂ ਤਸਵੀਰਾਂ ਛਪਣਗੀਆਂ ਅਤੇ ਸਾਡੇ ਭਾਈਚਾਰੇ ਦੀਆਂ ਔਰਤਾਂ ਦੇ ਜੇਲ੍ਹਾਂ ਵਿਚ ਜਾਣ ਦੀਆਂ ਖ਼ਬਰਾਂ ਛਪਣਗੀਆਂ, ਤਾਂ ਸਾਡੇ ਬਾਰੇ ਹੋਰਨਾਂ ਧਰਮਾਂ ਤੇ ਵਰਗਾਂ ਦੇ ਲੋਕਾਂ ਵਿਚ ਇਹੀ ਪ੍ਰਭਾਵ ਬਣੇਗਾ ਕਿ ਸਾਡਾ ਭਾਈਚਾਰਾ ਵੀ ਝਗੜਾਲੂ ਅਤੇ ਅੱਤਵਾਦੀ ਰੁਝਾਨ ਵਾਲਾ ਹੀ ਹੈ। ਵੱਖ-ਵੱਖ ਗੁਰੂ ਘਰਾਂ ਵਿਚ ਹੋਣ ਵਾਲੇ ਝਗੜਿਆਂ ਦਾ ਸਾਰਾ ਰਿਕਾਰਡ ਸਰਕਾਰੀ ਫਾਈਲਾਂ ਵਿਚ ਜਮ੍ਹਾਂ ਹੋ ਰਿਹਾ ਹੈ। ਜਦ ਕੁਝ ਸਾਲਾਂ ਬਾਅਦ ਸਾਡੇ ਬਾਰੇ ਇਹ ਰਿਪੋਰਟਾਂ ਛਪਣਗੀਆਂ ਕਿ ਸਿੱਖਾਂ ਦੇ ਗੁਰੂ ਘਰਾਂ ਵਿਚ ਸਭ ਤੋਂ ਵੱਧ ਲੜਾਈ-ਝਗੜੇ ਹੁੰਦੇ ਹਨ, ਤਾਂ ਅਸੀਂ ਕਿਸ ਮੂੰਹ ਕਹਿ ਸਕਾਂਗੇ ਕਿ ਸਾਡਾ ਧਰਮ ਆਪਸੀ ਲੜਾਈਆਂ ਦਾ ਨਹੀਂ, ਸਗੋਂ ਸਰਬੱਤ ਦੇ ਭਲੇ ਅਤੇ ਮਾਨਵਵਾਦੀ ਬੁਨਿਆਦਾਂ ਵਾਲਾ ਧਰਮ ਹੈ। ਅਮਰੀਕਾ ਵਿਚ ਇਸ ਵੇਲੇ ਰਾਸ਼ਟਰਪਤੀ ਦੀ ਚੋਣ ਦਾ ਪ੍ਰਚਾਰ ਵੀ ਚੱਲ ਰਿਹਾ ਹੈ। ਰਿਪਬਲਿਕਨ ਪਾਰਟੀ ਦੇ ਆਗੂ ਪ੍ਰਵਾਸੀਆਂ, ਖਾਸਕਰ ਮੁਸਲਮਾਨਾਂ ਬਾਰੇ ਤਾਂ ਪਹਿਲਾਂ ਹੀ ਬੜੇ ਸਖ਼ਤ ਬਿਆਨ ਦੇ ਰਹੇ ਹਨ। ਪਰ ਜੇਕਰ ਸਾਡੇ ਭਾਈਚਾਰੇ ਨੇ ਗੁਰੂ ਘਰਾਂ ਵਿਚ ਲੜਾਈ-ਝਗੜਿਆਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ, ਤਾਂ ਕੱਲ੍ਹ ਨੂੰ ਰਿਪਬਲਿਕਨ ਆਗੂ ਟਰੰਪ ਦੇ ਰਾਸ਼ਟਰਪਤੀ ਬਣਨ ਉੱਤੇ ਸਾਡੇ ਭਾਈਚਾਰੇ ਉਪਰ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਅਮਰੀਕਾ ਵਿਚ ਸਰਕਾਰੀ ਫਾਈਲਾਂ ਵਿਚ ਬਣਨ ਵਾਲੇ ਰਿਕਾਰਡ ਨੂੰ ਬੇਹੱਦ ਬਾਰੀਕੀ ਨਾਲ ਵੇਖਿਆ ਜਾਂਦਾ ਹੈ ਤੇ ਜਦ ਰਿਕਾਰਡ ਇਹ ਬੋਲੇਗਾ ਕਿ ਸਾਡੇ ਧਾਰਮਿਕ ਅਸਥਾਨਾਂ ਵਿਚ ਸਭ ਤੋਂ ਵਧੇਰੇ ਲੜਾਈ-ਝਗੜੇ ਹੋ ਰਹੇ ਹਨ, ਤਾਂ ਕੁਦਰਤੀ ਹੀ ਸਰਕਾਰੀ ਨੀਤੀਆਂ ਦਾ ਮੂੰਹ ਵੀ ਸਾਡੇ ਵੱਲ ਮੁੜੇਗਾ। ਅੱਜ ਅਸੀਂ ਵੇਖਦੇ ਹਾਂ ਕਿ ਗੁਰੂ ਘਰਾਂ ਵਿਚ ਲੜਾਈ-ਝਗੜੇ ਕਰਨ ਵਾਲਿਆਂ ਤੋਂ ਆਮ ਸਿੱਖ ਜਗਤ ਬੇਹੱਦ ਨਿਰਾਸ਼ ਹੈ ਅਤੇ ਉਹ ਆਮ ਇਹ ਕਹਿੰਦੇ ਵੇਖੇ ਜਾਂਦੇ ਹਨ ਕਿ ਇਹ ਲੋਕ ਆਪਣੀ ਚੌਧਰ ਅਤੇ ਫੌਕੀ ਸ਼ੋਹਰਤ ਲਈ ਗੁਰੂ ਘਰਾਂ ਵਰਗੇ ਪਵਿੱਤਰ ਅਸਥਾਨਾਂ ਨੂੰ ਵੀ ਨਹੀਂ ਬਖਸ਼ਦੇ।
ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਗੁਰੂ ਘਰ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਗੀਰ ਨਹੀਂ ਹਨ। ਗੁਰੂ ਘਰਾਂ ਦੀ ਉਸਾਰੀ ਅਤੇ ਪ੍ਰਬੰਧ ਲਈ ਸਾਰੇ ਸਿੱਖ ਮਿਲ ਕੇ ਆਪਣਾ ਹਿੱਸਾ ਪਾਉਂਦੇ ਹਨ। ਫਿਰ ਇਸ ਦੇ ਪ੍ਰਬੰਧ ਲਈ ਵੀ ਸਭਨਾਂ ਨੂੰ ਭਰੋਸੇ ‘ਚ ਲੈ ਕੇ ਕਮੇਟੀਆਂ ਜਾਂ ਪ੍ਰਬੰਧਕ ਬਣਨੇ ਚਾਹੀਦੇ ਹਨ। ਲੜਾਈ-ਝਗੜੇ ਕਰਨ ਵਾਲੇ ਆਗੂਆਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਜਿਹੇ ਝਗੜੇ ਕਰਕੇ ਉਨ੍ਹਾਂ ਦਾ ਅਕਸ ਵੀ ਕੋਈ ਚੰਗਾ ਨਹੀਂ ਬਣਦਾ, ਸਗੋਂ ਲੋਕਾਂ ਵਿਚ ਉਨ੍ਹਾਂ ਦਾ ਪ੍ਰਭਾਵ ਹੋਰ ਵੀ ਮਾੜਾ ਬਣਦਾ ਹੈ। ਜਿਥੇ ਇਸ ਤਰ੍ਹਾਂ ਉਹ ਆਪਣੀ ਸ਼ਖਸੀਅਤ ਨੂੰ ਵਿਵਾਦਗ੍ਰਸਤ ਬਣਾ ਰਹੇ ਹਨ, ਉਥੇ ਨਾਲ ਹੀ ਸਮੁੱਚੇ ਭਾਈਚਾਰੇ ਨੂੰ ਕਲੰਕਿਤ ਕਰਨ ਦਾ ਗੁਨਾਹ ਵੀ ਕਰ ਰਹੇ ਹਨ। ਗੁਰੂ ਘਰਾਂ ਵਿਚੋਂ ਪਵਿੱਤਰ ਗੁਰਬਾਣੀ ਦਾ ਪ੍ਰਵਾਹ ਹੋਵੇ ਅਤੇ ਇਨ੍ਹਾਂ ਗੁਰੂ ਘਰਾਂ ਵਿਚੋਂ ਲੋਕ ਸਤਿਨਾਮ ਵਾਹਿਗੁਰੂ ਦਾ ਨਾਮ ਜਪਦੇ ਬਾਹਰ ਆਉਣ, ਤਾਂ ਇਹ ਗੱਲ ਸਭ ਨੂੰ ਸ਼ੋਭਾ ਦਿੰਦੀ ਹੈ। ਪਰ ਜੇਕਰ ਇਸ ਦੀ ਥਾਂ ਵੱਖ-ਵੱਖ ਧੜੇ ਛਾਤੀਆਂ ਥਾਪੜ ਕੇ ਇਕ ਦੂਜੇ ਵੱਲ ਡਾਂਗਾਂ ਉਲਾਰਨ ਅਤੇ ਗਾਲੀ-ਗਲੋਚ ਉਪਰ ਉਤਰਨ ਇਹ ਧਰਮ ਨਹੀਂ, ਸਗੋਂ ਵੱਖ-ਵੱਖ ਧੜਿਆਂ ਦੀ ਚੌਧਰ ਦੀ ਲਾਲਸਾ ਪੂਰਾ ਕਰਨ ਦਾ ਨਿੱਜੀ ਹਮਲਾ ਹੈ, ਜੋ ਸਾਡੇ ਧਰਮ, ਇਤਿਹਾਸ ਅਤੇ ਫਲਸਫੇ ਬਾਰੇ ਪੂਰੀ ਦੁਨੀਆ ਵਿਚ ਗਲਤਫਹਿਮੀਆਂ ਵੀ ਪੈਦਾ ਕਰਦਾ ਹੈ ਅਤੇ ਸਾਡੇ ਭਾਈਚਾਰੇ ਨੂੰ ਬਦਨਾਮ ਕਰਨ ਦਾ ਸਾਧਨ ਵੀ ਬਣਦਾ ਹੈ। ਇਸ ਸਮੇਂ ਜਦ ਅਮਰੀਕਾ ਵਿਚ ਸਿੱਖ ਆਪਣੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਦੂਰ ਕਰਨ ਦੀ ਜੱਦੋ-ਜਹਿਦ ਵਿਚ ਪਏ ਹੋਏ ਹਨ, ਉਸ ਸਮੇਂ ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚ ਲੜਾਈ-ਝਗੜੇ ਬੇਹੱਦ ਅਫਸੋਸਨਾਕ ਗੱਲ ਹੈ। ਸਾਡਾ ਵਿਚਾਰ ਹੈ ਕਿ ਅਜਿਹੇ ਝਗੜੇ ਇਕਦਮ ਬੰਦ ਹੋਣੇ ਚਾਹੀਦੇ ਹਨ। ਜਿਹੜੀ ਸ਼ਕਤੀ ਅਤੇ ਧਨ ਲੜਾਈ-ਝਗੜਿਆਂ ਅਤੇ ਅਦਾਲਤੀ ਖਰਚਿਆਂ ਵਿਚ ਜਾਇਆ ਹੋ ਰਿਹਾ ਹੈ, ਉਹ ਕੌਮ ਦੇ ਸਮੁੱਚੇ ਭਲੇ ਲਈ ਕੰਮ ਆਉਣਾ ਚਾਹੀਦਾ ਹੈ। ਸਾਡਾ ਵਿਚਾਰ ਹੈ ਕਿ ਸਿੱਖ ਕੌਮ ਦੇ ਆਗੂਆਂ, ਵਿਦਵਾਨਾਂ ਅਤੇ ਹਮਾਇਤੀਆਂ ਨੂੰ ਚੱਲ ਰਹੇ ਇਸ ਰੁਝਾਨ ਨੂੰ ਖਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚਕਾਰ ਚੱਲ ਰਹੇ ਝਗੜਿਆਂ ਅਤੇ ਅਦਾਲਤੀ ਮੁਕੱਦਮਿਆਂ ਨੂੰ ਖਤਮ ਕਰਨ ਲਈ ਪਹਿਲਕਦਮੀ ਹੋਣੀ ਚਾਹੀਦੀ ਹੈ। ਇਸ ਮਕਸਦ ਲਈ ਕੋਈ ਸਾਂਝੀ ਕਮੇਟੀ ਵੀ ਬਣਾਈ ਜਾ ਸਕਦੀ ਹੈ, ਜੋ ਅਜਿਹੇ ਝਗੜੇ ਖਤਮ ਕਰਾਉਣ ਲਈ ਸਾਲਸੀਆਂ ਦੀ ਭੂਮਿਕਾ ਅਦਾ ਕਰ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.