ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਗਣਤੰਤਰ ਦਿਵਸ ਮੌਕੇ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾ ਕਰਨ ਨਾਲ ਦੇਸ਼ਾਂ-ਵਿਦੇਸ਼ਾਂ ਦੇ ਸਿੱਖਾਂ ‘ਚ ਭਾਰੀ ਰੋਸ
ਗਣਤੰਤਰ ਦਿਵਸ ਮੌਕੇ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾ ਕਰਨ ਨਾਲ ਦੇਸ਼ਾਂ-ਵਿਦੇਸ਼ਾਂ ਦੇ ਸਿੱਖਾਂ ‘ਚ ਭਾਰੀ ਰੋਸ
Page Visitors: 2659

ਗਣਤੰਤਰ ਦਿਵਸ ਮੌਕੇ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾ ਕਰਨ ਨਾਲ ਦੇਸ਼ਾਂ-ਵਿਦੇਸ਼ਾਂ ਦੇ ਸਿੱਖਾਂ ‘ਚ ਭਾਰੀ ਰੋਸ

Posted On 03 Feb 2016

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦਾ ਗਣਤੰਤਰ ਦਿਵਸ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਮਨਾਇਆ ਗਿਆ। ਇਸ ਮੌਕੇ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਓਲਾਂਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਥੇ ਹੋਈ ਪਰੇਡ ਦੌਰਾਨ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ, ਜਿਨ੍ਹਾਂ ਵਿਚ ਭਾਰਤੀ ਫੌਜ ਦੀਆਂ ਤਿੰਨਾਂ ਟੁਕੜੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਾਂਤਕ ਝਾਕੀਆਂ ਸ਼ਾਮਲ ਸਨ। ਪਰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਉਦੋਂ ਬੜਾ ਅਚੰਭਾ ਹੋਇਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਪਰੇਡ ਵਿਚ ਭਾਰਤ ਦੀ ਸਭ ਤੋਂ ਬਹਾਦਰ ਫੌਜ ਵਜੋਂ ਮੰਨੀ ਜਾਂਦੀ ਸਿੱਖ ਰੈਜੀਮੈਂਟ ਦੇ ਨਾਲ-ਨਾਲ ਪੰਜਾਬ ਦੀ ਝਾਕੀ ਵੀ ਸ਼ਾਮਲ ਨਹੀਂ ਕੀਤੀ ਗਈ। ਫਰਾਂਸ ਦੀ ਸਰਕਾਰ ਵੱਲੋਂ ਉਥੇ ਦਸਤਾਰ ਜਾਂ ਪਗੜੀ ਬੰਨ੍ਹਣ ‘ਤੇ ਪਾਬੰਦੀ ਲਾਈ ਹੋਈ ਹੈ। ਜੇ ਭਾਰਤ ਸਰਕਾਰ ਸਿੱਖਾਂ ਦੀ ਹਮਾਇਤ ਕਰਨਾ ਚਾਹੁੰਦੀ, ਤਾਂ ਉਹ ਫਰਾਂਸ ਦੇ ਪ੍ਰਧਾਨ ਮੰਤਰੀ ਸਾਹਮਣੇ ਸਿੱਖ ਰੈਜੀਮੈਂਟ ਅਤੇ ਦਸਤਾਰਧਾਰੀ ਸਿੱਖਾਂ ਦੀ ਝਾਕੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਕਰ ਸਕਦੀ ਸੀ। ਪਰ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ ਅਜਿਹਾ ਨਹੀਂ ਕੀਤਾ ਗਿਆ।
ਨਵੀਂ ਦਿੱਲੀ ‘ਚ 15 ਅਗਸਤ ਆਜ਼ਾਦੀ ਦਿਵਸ ਤੇ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਦੇਸ਼ ਅੰਦਰਲੇ ਸੱਭਿਆਚਾਰਕ, ਸਮਾਜਿਕ, ਪ੍ਰਸ਼ਾਸਕੀ ਤੇ ਹੋਰ ਅਨੇਕ ਖੇਤਰਾਂ ਦੀਆਂ ਪ੍ਰਾਪਤੀਆਂ ਤੇ ਭਿੰਨਤਾਵਾਂ ਨੂੰ ਪ੍ਰਗਟਾਉਣ ਦਾ ਅਹਿਮ ਸਾਧਨ ਬਣਦੀਆਂ ਹਨ। ਪਰ ਪਿਛਲੇ ਚਾਰ ਸਾਲ ਤੋਂ ਪੰਜਾਬ ਇਨ੍ਹਾਂ ਪਰੇਡਾਂ ‘ਚੋਂ ਗਾਇਬ ਹੀ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਰ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਵਿਰਾਸਤ-ਏ-ਖਾਲਸਾ ਦੀ ਝਾਕੀ ਦੇਸ਼ ਦੇ ਲੋਕਾਂ ਦੇ ਸਨਮੁੱਖ ਕਰਨ ਲਈ ਭੇਜੀ ਸੀ, ਪਰ ਇਸ ਝਾਕੀ ਨੂੰ ਸਿੱਖ ਧਰਮ ਦੀ ਮੂਰਤ ਕਹਿ ਕੇ ਪਰੇਡ ਦੀਆਂ ਝਲਕੀਆਂ ‘ਚ ਸ਼ਾਮਿਲ ਕਰਨ ਤੋਂ ਹਕਾਰਤ ਨਾਲ ਠੁਕਰਾ ਦਿੱਤਾ ਗਿਆ, ਪਰ ਪੰਜਾਬ ਸਰਕਾਰ ਨੇ ਸਿੱਖਾਂ ਅਤੇ ਪੰਜਾਬ ਨਾਲ ਹੋਈ ਇਸ ਵਧੀਕੀ ਵਿਰੁੱਧ ਰੋਸ-ਪੱਤਰ ਲਿਖਣਾ ਵੀ ਮੁਨਾਸਿਬ ਨਹੀਂ ਸਮਝਿਆ। ਚਿਰਾਂ ਤੋਂ ਗਣਤੰਤਰ ਪਰੇਡ ਵਿਚ ਸਿੱਖ ਪਲਟਨਾਂ ਦੀ ਝਾਕੀ ਸ਼ਾਮਿਲ ਹੁੰਦੀ ਰਹੀ ਹੈ। ਸਿੱਖ ਰੈਜੀਮੈਂਟ ਦੀ ਇਹ ਝਾਕੀ ਸਿੱਖ ਰੈਜੀਮੈਂਟ ਉੱਪਰ ਸਰਕਾਰ ਦੀ ਕਿਸੇ ਮੇਹਰ ਜਾਂ ਰਿਆਇਤ ਦਾ ਨਤੀਜਾ ਨਹੀਂ, ਸਗੋਂ ਸਿੱਖ ਰੈਜੀਮੈਂਟ ਵੱਲੋਂ ਬਹਾਦਰੀ ਦੇ ਖੇਤਰ ‘ਚ ਹਾਸਲ ਕੀਤੇ ਨਮੂਨੇ ਦੇ ਉੱਤਮ ਕਾਰਜਾਂ ਕਰਕੇ ਕੀਤੀ ਜਾਂਦੀ ਹੈ। ਸਿੱਖ ਰੈਜੀਮੈਂਟ ਪੂਰੀ ਭਾਰਤੀ ਫੌਜ ਵਿਚ ਸਭ ਤੋਂ ਵਧੇਰੇ ਬਹਾਦਰੀ ਮੈਡਲ ਜਿੱਤਣ ਵਾਲੀ ਰੈਜੀਮੈਂਟ ਹੈ। ਅਜੇ ਤੱਕ ਹੋਰ ਕਿਸੇ ਰੈਜੀਮੈਂਟ ਨੂੰ ਇਹ ਮੁਕਾਮ ਹਾਸਲ ਨਹੀਂ ਹੋਇਆ। ਸੇਵਾਮੁਕਤ ਫੌਜੀ ਅਫਸਰ ਤੇ ਫੌਜ ਵਿਚ ਸੇਵਾ ਨਿਭਾਅ ਰਹੇ ਬਹੁਤ ਸਾਰੇ ਸਿੱਖ ਅਫਸਰ ਹੈਰਾਨ ਹਨ ਕਿ ਬਿਨਾਂ ਕਿਸੇ ਕਾਰਨ ਸਿੱਖ ਰੈਜੀਮੈਂਟ ਨੂੰ ਪਰੇਡ ‘ਚੋਂ ਬਾਹਰ ਕਿਵੇਂ ਕਰ ਦਿੱਤਾ ਗਿਆ। ਇਸ ਬਾਰ ਗਣਤੰਤਰ ਦਿਵਸ ਦੀ ਪਰੇਡ ‘ਚ ਸਿੱਖ ਰੈਜੀਮੈਂਟ ਦੀ ਪਰੇਡ ਤਾਂ ਸ਼ਾਮਲ ਨਹੀਂ ਕੀਤੀ ਗਈ, ਪਰ ਕੁੱਤਿਆਂ ਦੀ ਰੈਜੀਮੈਂਟ ਸ਼ਾਮਲ ਕੀਤੀ ਗਈ।
ਭਾਰਤ ਵਿਚ ਹਰ ਖੇਤਰ ‘ਚ ਨਾਮਣਾ ਖੱਟਣ ਵਾਲੇ ਸਿੱਖਾਂ ਦੀ ਪਛਾਣ ਨੂੰ ਪਿਛਲੇ ਸਾਲਾਂ ਦੌਰਾਨ ਲਗਾਤਾਰ ਖੋਰਾ ਲੱਗ ਰਿਹਾ ਹੈ। ਭਾਰਤ ਦੇ ਚੋਟੀ ਦੇ ਤਿੰਨ ਅਹੁਦਿਆਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਉੱਪਰ ਸਿੱਖ ਸ਼ਖ਼ਸੀਅਤਾਂ ਸੁਸ਼ੋਭਿਤ ਰਹੀਆਂ ਹਨ। ਸਭ ਤੋਂ ਪਹਿਲਾਂ ਰੱਖਿਆ ਅਤੇ ਵਿਦੇਸ਼ ਮੰਤਰਾਲੇ ਵਰਗੇ ਵੱਡੇ ਮਹਿਕਮੇ ਸ. ਸਵਰਨ ਸਿੰਘ ਕੋਲ ਰਹੇ। ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ ਅਤੇ ਫਿਰ ਦੋ ਵਾਰ ਡਾ. ਮਨਮੋਹਨ ਸਿੰਘ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਹਨ। ਭਾਰਤ ਦੀ ਸੈਨਾ ਦੇ ਪ੍ਰਮੁੱਖ ਵੀ ਦੋ ਵਾਰ ਸਿੱਖ ਜਰਨੈਲ ਬਣ ਚੁੱਕੇ ਹਨ। ਵੱਖ-ਵੱਖ ਪ੍ਰਦੇਸ਼ਾਂ ਵਿਚ ਰਾਜਪਾਲ, ਹਰ ਕੇਂਦਰੀ ਮੰਤਰੀ ਮੰਡਲ ‘ਚ ਪ੍ਰਤੀਨਿਧਤਾ, ਯੂਨੀਵਰਸਿਟੀਆਂ ‘ਚ ਉਪ-ਕੁਲਪਤੀ, ਕੇਂਦਰੀ ਸਕੱਤਰਾਂ ਸਮੇਤ ਪੰਜਾਬ ਦੇ ਪ੍ਰਸ਼ਾਸਕੀ ਹਲਕਿਆਂ ‘ਚ ਸਿੱਖਾਂ ਦੀ ਚੋਖੀ ਨੁਮਾਇੰਦਗੀ ਰਹੀ ਹੈ। ਇਕ ਵਾਰ ਸ. ਸੁਰਜੀਤ ਸਿੰਘ ਬਰਨਾਲਾ, ਸ. ਐੱਸ.ਐੱਸ. ਸਿੱਧੂ ਅਤੇ ਜਨਰਲ ਜੇ.ਜੇ. ਸਿੰਘ ਇਕੱਠੇ ਤਿੰਨ ਸਿੱਖ ਵੱਖ-ਵੱਖ ਰਾਜਾਂ ਦੇ ਰਾਜਪਾਲ ਬਣੇ ਰਹੇ ਸਨ। ਪਰ ਇਸ ਵੇਲੇ ਭਾਰਤ ‘ਚ ਕੋਈ ਵੀ ਸਿੱਖ ਸ਼ਖਸੀਅਤ ਨਾ ਰਾਜਪਾਲ ਹੈ ਤੇ ਨਾ ਹੀ ਦੇਸ਼ ਦੀ ਪੰਜਾਬ ਤੋਂ ਬਾਹਰ ਕਿਸੇ ਯੂਨੀਵਰਸਿਟੀ ਦਾ ਕੋਈ ਸਿੱਖ ਉਪ-ਕੁਲਪਤੀ ਹੈ। ਫੌਜ ਵਿਚ ਵੀ ਸਿਖਰਲੇ ਰੈਂਕਾਂ ਉੱਪਰ ਕੋਈ ਘੱਟ ਹੀ ਅਧਿਕਾਰੀ ਨਜ਼ਰ ਆਉਂਦਾ ਹੈ। ਕੇਂਦਰ ਦੇ ਪ੍ਰਸ਼ਾਸਕੀ ਸਕੱਤਰਾਂ ਵਿਚ ਵੀ ਇਸ ਸਮੇਂ ਕੋਈ ਅਹਿਮ ਸ਼ਖਸੀਅਤ ਸ਼ਾਮਲ ਨਹੀਂ ਹੈ। ਕਿਸੇ ਸਮੇਂ ਡਾ. ਐੱਮ.ਐੱਸ. ਗਿੱਲ, ਸਵਰਨ ਸਿੰਘ ਬੋਪਾਰਾਏ ਸਮੇਤ ਅਨੇਕ ਸਿੱਖ ਪ੍ਰਸ਼ਾਸਕ ਕੇਂਦਰ ਸਰਕਾਰ ਵਿਚ ਮੋਹਰੀ ਗਿਣੇ ਜਾਂਦੇ ਰਹੇ ਹਨ। ਪਰ ਇਸ ਸਮੇਂ ਹਾਲਾਤ ਇਹ ਹੈ ਕਿ ਕੇਂਦਰੀ ਸਰਕਾਰ ਵਿਚ ਕੋਈ ਵੀ ਅਹਿਮ ਮਹਿਕਮਾ ਕਿਸੇ ਸਿੱਖ ਪ੍ਰਸ਼ਾਸਕ ਅਧੀਨ ਨਹੀਂ ਹੈ। ਹਾਲਾਤ ਇਥੋਂ ਤੱਕ ਬਦਤਰ ਹੋ ਗਏ ਹਨ ਕਿ ਪੰਜਾਬ ਦੀ ਸਿੱਖ ਪ੍ਰਤੀਨਿਧ ਕਹਾਉਣ ਵਾਲੀ ਸਰਕਾਰ ਵਿਚ ਵੀ ਸਿਖਰਲੇ ਪ੍ਰਸ਼ਾਸਕੀ ਅਹੁਦਿਆਂ ਉੱਪਰ ਕੋਈ ਸਿੱਖ ਅਫਸਰ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਮੁੱਖ ਸਕੱਤਰ, ਪੁਲਿਸ ਮੁਖੀ, ਐਡਵੋਕੇਟ ਜਨਰਲ ਅਤੇ ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਸਮੇਤ ਸਾਰੇ ਅਧਿਕਾਰੀ ਗੈਰ ਸਿੱਖ ਹਨ। ਇਥੋਂ ਤੱਕ ਕਿ ਸਿੱਖਾਂ ਦੇ ਧਾਰਮਿਕ ਕੇਂਦਰ ਵਜੋਂ ਜਾਣੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਡਿਪਟੀ ਕਮਿਸ਼ਨਰ ਗੈਰ ਸਿੱਖ ਨੂੰ ਲਗਾਇਆ ਹੋਇਆ ਹੈ। ਵਰਣਨਯੋਗ ਹੈ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਹੋਣ ਵਾਲੀ ਚੋਣ ਦੇ ਪਹਿਲੇ ਜਨਰਲ ਹਾਊਸ ਦੀ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਰਦੇ ਹਨ। ਇਸੇ ਕਾਰਨ ਕਦੇ ਵੀ ਕਿਸੇ ਸਰਕਾਰ ਨੇ ਅੰਮ੍ਰਿਤਸਰ ਦਾ ਡੀ.ਸੀ. ਕਿਸੇ ਗੈਰ ਸਿੱਖ ਨੂੰ ਨਹੀਂ ਲਗਾਇਆ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਪ੍ਰਧਾਨਗੀ ਕੋਈ ਗੈਰ ਸਿੱਖ ਅਧਿਕਾਰੀ ਕਰੇ, ਇਹ ਸਿੱਖਾਂ ਲਈ ਬੇਹੱਦ ਨਮੋਸ਼ੀ ਵਾਲੀ ਗੱਲ ਹੋਵੇਗੀ।
ਪ੍ਰਵਾਸੀ ਸਿੱਖਾਂ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ 80 ਫੀਸਦੀ ਯੋਗਦਾਨ ਪਾਇਆ। ਫਾਂਸੀਆਂ ਚੜ੍ਹਨ ਵਾਲੇ ਲੋਕਾਂ ਵਿਚ ਸਿੱਖਾਂ ਦੀ ਗਿਣਤੀ 95 ਫੀਸਦੀ ਤੱਕ ਸੀ। ਵੱਡੀ ਗੱਲ ਇਹ ਹੈ ਕਿ ਸਿੱਖ ਫੌਜਾਂ ਦੇਸ਼ ਆਜ਼ਾਦੀ ਤੋਂ ਬਾਅਦ ਵੀ ਭਾਰਤ ਦੀ ਰੱਖਿਆ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਇਸ ਕਰਕੇ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਪਰੇਡ ਵਿਚ ਭਾਰਤੀ ਪਲਟਨਾਂ ਦੀ ਸ਼ਮੂਲੀਅਤ ਸਿੱਖਾਂ ਦੇ ਗੌਰਵ ਨੂੰ ਤਾਂ ਉੱਚਾ ਚੁੱਕਦੀ ਹੀ ਹੈ, ਨਾਲ ਹੀ ਇਹ ਦੇਸ਼ ਦੇ ਮਾਣ ਨੂੰ ਵਧਾਉਣ ਵਾਲੀ ਵੀ ਹੁੰਦੀ ਹੈ। ਹੋਰਨਾਂ ਮੁਲਕਾਂ ਦੇ ਇਨ੍ਹਾਂ ਪਰੇਡਾਂ ਵਿਚ ਸ਼ਾਮਲ ਹੁੰਦੇ ਮੁਖੀ ਪਰੇਡ ਵਿਚ ਵੱਖ-ਵੱਖ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਵੰਨ-ਸੁਵੰਨਤਾਵਾਂ ਵੇਖ ਕੇ ਭਾਰਤ ਦੀ ਅਨੇਕਤਾ ‘ਚ ਏਕਤਾ ਦੀ ਝਲਕ ਵੀ ਪਾਉਂਦੇ ਹਨ। ਪਰ ਹੁਣ ਲੱਗਦਾ ਹੈ ਕਿ ਮੋਦੀ ਸਰਕਾਰ ਆਉਣ ਬਾਅਦ ਅਨੇਕਤਾ ਵਿਚ ਏਕਤਾ ਦੇ ਗੁਲਦਸਤੇ ਨੂੰ ਖਤਮ ਕਰਕੇ ਅਨੇਕਤਾ ਨੂੰ ਇਕਤਾ ਵਿਚ ਬਦਲਣ ਦਾ ਯਤਨ ਆਰੰਭ ਦਿੱਤਾ ਗਿਆ ਹੈ। ਭਾਰਤ ਅੰਦਰ ਹਰ ਖੇਤਰ ਵਿਚ ਸਿੱਖਾਂ ਦੀ ਹੋ ਰਹੀ ਕਦਰ ਘਟਾਈ ਕੋਈ ਆਪ ਮੁਹਾਰੇ ਹੋ ਰਹੀ ਕੁਤਾਹੀ ਨਹੀਂ, ਸਗੋਂ ਇਕ ਵਿਊਂਤਬੱਧ ਢੰਗ ਨਾਲ ਰਚੀ ਜਾ ਰਹੀ ਸਾਜ਼ਿਸ਼ ਦਾ ਸਿੱਟਾ ਹੈ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਪਾਸੇ ਫਰਾਂਸ ਵਿਚ ਪੱਗੜੀ ਦਾ ਮਸਲਾ ਉਠਿਆ ਹੋਵੇ ਅਤੇ ਇਸ ਪਰੇਡ ਵਿਚ ਫਰਾਂਸ ਦੇ ਰਾਸ਼ਟਰਪਤੀ ਆਏ ਹੋਣ ਅਤੇ ਸਿੱਖਾਂ ਨੂੰ ਪਰੇਡ ਵਿਚੋਂ ਹੀ ਬਾਹਰ ਕੱਢ ਦਿੱਤਾ ਗਿਆ ਹੋਵੇ। ਚਾਹੀਦੀ ਤਾਂ ਇਹ ਸੀ ਕਿ ਫਰਾਂਸੀਸੀ ਰਾਸ਼ਟਰਪਤੀ ਦੀ ਆਮਦ ਉਪਰ ਸਿੱਖ ਝਾਕੀਆਂ ਨੂੰ ਅਹਿਮ ਸਥਾਨ ਦਿੱਤਾ ਜਾਂਦਾ, ਤਾਂਕਿ ਫਰਾਂਸੀਸੀ ਆਗੂ ਨੂੰ ਪਤਾ ਲੱਗ ਸਕਦਾ ਕਿ ਭਾਰਤ ਵਿਚ ਸਿੱਖਾਂ ਦੀ ਕੀ ਹੈਸੀਅਤ ਅਤੇ ਪਛਾਣ ਹੈ। ਪਰ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਪਰੇਡ ਵਿਚੋਂ ਸਿੱਖ ਰੈਜੀਮੈਂਟ ਨੂੰ ਵੀ ਬਾਹਰ ਕੱਢ ਕੇ ਦੱਸ ਦਿੱਤਾ ਹੈ ਕਿ ਭਾਰਤ ਅੰਦਰ ਉਨ੍ਹਾਂ ਦੀ ਹੋਂਦ ਅਤੇ ਹੈਸੀਅਤ ਕੀ ਹੈ।
ਪ੍ਰਵਾਸੀ ਸਿੱਖਾਂ ਅੰਦਰ ਭਾਰਤ ਵਿਚ ਸਿੱਖਾਂ ਦੀ ਕਦਰ ਘਟਾਈ ਦੇ ਮਾਮਲੇ ਨੂੰ ਲੈ ਕੇ ਚਿੰਤਾ ਪਾਈ ਜਾਂਦੀ ਰਹੀ ਹੈ। ਖੁਦ ਅਸੀਂ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਅਮਰੀਕਾ ਵਿਚ ਪਿਛਲੇ ਸਾਲਾਂ ਦੌਰਾਨ ਸਿੱਖਾਂ ਉਪਰ ਕਿਸੇ ਗਲਤਫਹਿਮੀ ਕਾਰਨ ਕਿੰਨੇ ਹੀ ਕਾਤਲਾਨਾ ਹਮਲੇ ਹੋ ਚੁੱਕੇ ਹਨ। ਬਰਤਾਨੀਆ ਵਿਚ ਵੀ ਸਿੱਖਾਂ ਵਿਰੁੱਧ ਹਮਲਿਆਂ ਵਿਚ ਵਾਧਾ ਹੋਇਆ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੀ ਪਛਾਣ ਸਥਾਪਤ ਕਰਨ ਲਈ ਭਾਰਤ ਸਰਕਾਰ ਵਿਸ਼ੇਸ਼ ਉਪਰਾਲੇ ਕਰੇ। ਪਰ ਹੋ ਇਸ ਤੋਂ ਉਲਟ ਰਿਹਾ ਹੈ ਕਿ ਭਾਰਤ ਵਿਚ ਹੀ ਸਿੱਖਾਂ ਨੂੰ ਨੁਕਰੇ ਲਗਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਸਾਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਆਪਣੇ ਆਪ ਨੂੰ ਸਿੱਖਾਂ ਦੇ ਪ੍ਰਤੀਨਿਧ ਅਖਵਾਉਂਦੇ ਅਤੇ ਸਿੱਖ ਧਾਰਮਿਕ ਮੁਖੀ ਕਹਾਉਂਦੇ ਆਗੂ ਅਜਿਹੇ ਮਾਮਲਿਆਂ ਨੂੰ ਲੈ ਕੇ ਚੁੱਪ ਧਾਰੀ ਬੈਠੇ ਹਨ, ਜਾਂ ਬੱਸ ਦਿਨ ਕਟੀ ਲਈ ਇਕ ਅੱਧ ਬਿਆਨ ਦੇ ਛੱਡਦੇ ਹਨ। ਚਾਹੀਦਾ ਤਾਂ ਇਹ ਹੈ ਕਿ ਸਿੱਖ ਦਾਨਿਸ਼ਵਰ, ਧਾਰਮਿਕ ਅਤੇ ਸਿਆਸੀ ਆਗੂ ਅਜਿਹੇ ਮਾਮਲਿਆਂ ਉਪਰ ਪਹਿਲਕਦਮੀ ਕਰਕੇ ਆਪਣੀ ਆਵਾਜ਼ ਉਠਾਉਣ ਅਤੇ ਸਿੱਖਾਂ ਨੂੰ ਦਰਕਿਨਾਰ ਕੀਤੇ ਜਾਣ ਦੀ ਚੱਲ ਰਹੀ ਇਸ ਸਾਜ਼ਿਸ਼ ਨੂੰ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਦਾ ਸਾਥ ਹਾਸਲ ਕਰਨ। ਪ੍ਰਵਾਸੀ ਸਿੱਖਾਂ ਦੀ ਚਿੰਤਾ ਬਿਲਕੁਲ ਸਹੀ ਹੈ। ਉਹ ਹਮੇਸ਼ਾ ਇਹ ਸੋਚਦੇ ਰਹੇ ਹਨ ਕਿ ਭਾਰਤ ਅੰਦਰ ਸਿੱਖਾਂ ਦੇ ਹਿੱਤ ਬਹੁਤੇ ਸੁਰੱਖਿਅਤ ਨਹੀਂ ਹਨ, ਜਦਕਿ ਪੜ੍ਹਾਈ, ਮਿਹਨਤ ਅਤੇ ਕੁਰਬਾਨੀ ਦੇ ਮਾਮਲੇ ਵਿਚ ਸਿੱਖ ਕਦੇ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਫਿਰ ਉਨ੍ਹਾਂ ਨੂੰ ਪਿੱਛੇ ਰੱਖਣ ਦੇ ਯਤਨ ਕਿਉਂ ਹੋ ਰਹੇ ਹਨ। ਇਸ ਗੱਲ ਦਾ ਪਰਦਾਫਾਸ਼ ਕਰਨ ਦੀ ਜ਼ਰੂਰਤ ਹੈ। ਸਾਨੂੰ ਉਮੀਦ ਹੈ ਕਿ ਬਾਵਕਾਰ ਸਿੱਖ ਸ਼ਖਸੀਅਤਾਂ ਇਨ੍ਹਾਂ ਮਸਲਿਆਂ ਉਪਰ ਸਿਰ ਜੋੜ ਕੇ ਵਿਚਾਰ ਕਰਨਗੀਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਹੰਭਲਾ ਮਾਰਨਗੀਆਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.