ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਭਾਰਤ ਲਈ ਖਤਰਨਾਕ ਹਨ ਭਗਵਾਂ ਸੰਗਠਨਾਂ ਦੀਆਂ ਕਾਰਵਾਈਆਂ
ਭਾਰਤ ਲਈ ਖਤਰਨਾਕ ਹਨ ਭਗਵਾਂ ਸੰਗਠਨਾਂ ਦੀਆਂ ਕਾਰਵਾਈਆਂ
Page Visitors: 2473

ਭਾਰਤ ਲਈ ਖਤਰਨਾਕ ਹਨ ਭਗਵਾਂ ਸੰਗਠਨਾਂ ਦੀਆਂ ਕਾਰਵਾਈਆਂ

Posted On 17 Feb 2016
b

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਸਥਾਪਤ ਹੋਣ ਬਾਅਦ ਭਾਵੇਂ ਸ਼ੁਰੂ ਦੇ ਦੌਰ ਵਿਚ ਦੇਸ਼ ਨੂੰ ਵਿਕਾਸ ਦੇ ਰਾਹ ਤੋਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਸਨ ਅਤੇ ਲੋਕਾਂ ਦੇ ਬਹੁਤ ਸਾਰੇ ਹਿੱਸਿਆਂ ਨੂੰ ਇਹ ਵਿਸ਼ਵਾਸ ਵੀ ਬੱਝਿਆ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਤਰੱਕੀ ਦੇ ਰਾਹ ‘ਤੇ ਤੇਜ਼ ਰਫਤਾਰ ਤੁਰੇਗਾ। ਉਨ੍ਹਾਂ ਵੱਲੋਂ ਲਗਾਤਾਰ ਵਿਦੇਸ਼ੀ ਦੌਰਿਆਂ ਦੀ ਲਗਾਈ ਝੜੀ ਨਾਲ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਵੀ ਕੀਤੇ ਗਏ ਸਨ। ਵੱਖ-ਵੱਖ ਮੁਲਕਾਂ ਦੀਆਂ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਰਕਾਰਾਂ ਨੇ ਭਾਰਤ ਅੰਦਰ ਵੱਡੇ ਪ੍ਰਾਜੈਕਟਾਂ ਵਿਚ ਪੈਸੇ ਲਗਾਉਣ ਦੇ ਐਲਾਨ ਵੀ ਕੀਤੇ ਗਏ ਸਨ। ਪਰ ਇਸ ਗੱਲ ਦੇ ਨਾਲ-ਨਾਲ ਕੁਝ ਲੋਕਾਂ ਵੱਲੋਂ ਉਦੋਂ ਹੀ ਇਹ ਖਦਸ਼ਾ ਪ੍ਰਗਟ ਕੀਤਾ ਜਾਣ ਲੱਗਾ ਸੀ ਕਿ ਮੋਦੀ ਦੀ ਅਗਵਾਈ ਵਿਚ ਉੱਭਰ-ਪੱਲਰ ਰਹੀਆਂ ਭਗਵਾਂ ਤਾਕਤਾਂ ਦੇਸ਼ ਦੀ ਬਹੁ-ਰੰਗੀ ਤਬੀਅਤ ਨੂੰ ਬੇਰੰਗ ਕਰਨ ਦੇ ਰਾਹ ਪੈ ਸਕਦੀਆਂ ਹਨ। ਖਾਸ ਕਰ ਘੱਟ ਗਿਣਤੀ ਭਾਈਚਾਰਿਆਂ ਅੰਦਰ ਇਹ ਖਦਸ਼ਾ ਹੋਰ ਵਧੇਰੇ ਉੱਠਿਆ ਸੀ। ਘੱਟ-ਗਿਣਤੀਆਂ ਅਤੇ ਕੁਝ ਹੋਰ ਲੋਕਾਂ ਵੱਲੋਂ ਪ੍ਰਗਟ ਕੀਤੇ ਗਏ ਖਦਸ਼ੇ ਸੱਚ ਸਾਬਤ ਹੋਣ ਵਿਚ ਬਹੁਤੀ ਦੇਰ ਨਹੀਂ ਲੱਗੀ। ਨਰਿੰਦਰ ਮੋਦੀ ਸਰਕਾਰ ਦੇ ਵਿਕਾਸ ਧੁਰੇ ਵਾਲੇ ਮੁੱਦੇ ਦਾ ਪਰਦਾਫਾਸ਼ 6 ਕੁ ਮਹੀਨਿਆਂ ਬਾਅਦ ਹੀ ਹੋਣ ਲੱਗ ਪਿਆ। ਬੀ.ਜੇ.ਪੀ., ਆਰ.ਐੱਸ.ਐੱਸ. ਅਤੇ ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕਾਂ ਭਗਵਾਂ ਜਥੇਬੰਦੀਆਂ ਨੇ ਦੇਸ਼ ਅੰਦਰ ਸਿਰਫ ਇਕ ਫਿਰਕੇ ਦੀ ਸਰਦਾਰੀ ਦੇ ਸ਼ਰੇਆਮ ਐਲਾਨ ਕਰਨੇ ਸ਼ੁਰੂ ਕਰ ਦਿੱਤੇ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਹਜ਼ਾਰਾਂ ਸਾਲਾਂ ਬਾਅਦ ਭਾਰਤ ਅੰਦਰ ਪਹਿਲੀ ਹਿੰਦੂ ਮੋਦੀ ਸਰਕਾਰ ਕਾਇਮ ਹੋਈ ਹੈ।
ਇਸ ਤੋਂ ਬਾਅਦ ਦੇਸ਼ ਅੰਦਰ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਹਮਲਿਆਂ ਵਿਚ ਇੰਨਾ ਵਾਧਾ ਹੋਇਆ ਕਿ ਇਸ ਨੂੰ ਦੁਨੀਆ ਭਰ ਵਿਚ ਭਾਰਤ ਅੰਦਰ ਫੈਲੀ ਅਸਹਿਣਸ਼ੀਲਤਾ ਦਾ ਨਾਂ ਦਿੱਤਾ ਗਿਆ। ਇਸ ਵਿਰੁੱਧ ਦੇਸ਼ ਪੱਧਰ ‘ਤੇ ਬੁੱਧੀਜੀਵੀਆਂ ਵੱਲੋਂ ਵੱਡੀ ਪੱਧਰ ‘ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਅਜੇ ਇਹ ਰੋਸ ਚੱਲ ਹੀ ਰਿਹਾ ਸੀ ਕਿ ਭਗਵਾਂ ਸੰਗਠਨਾਂ ਦੀਆਂ ਵਧਦੀਆਂ ਕਾਰਵਾਈਆ ਤੋਂ ਮਜਬੂਰ ਹੋ ਕੇ ਹੈਦਰਾਬਾਦ ਯੂਨੀਵਰਸਿਟੀ ਦੇ ਇਕ ਹੋਣਹਾਰ ਦਲਿਤ ਵਿਦਿਆਰਥੀ ਨੂੰ ਆਤਮਹੱਤਿਆ ਦੇ ਰਾਹ ਪੈਣਾ ਪਿਆ। ਇਸ ਘਟਨਾ ਵਿਰੁੱਧ ਦੇਸ਼ ਭਰ ਵਿਚ ਵੱਡਾ ਭਾਂਬੜ ਮੱਚਿਆ। ਭਾਜਪਾ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੀ ਮੁਸ਼ਕਿਲ ਵਿਚੋਂ ਲੰਘਣਾ ਪਿਆ।
ਇਸ ਘਟਨਾ ਤੋਂ ਬਾਅਦ ਲੱਗਦਾ ਸੀ ਕਿ ਭਾਜਪਾ ਆਗੂ ਹਾਲਾਤ ਨੂੰ ਸੰਭਾਲਣ ਲਈ ਕੁਝ ਕਦਮ ਪੁੱਟਣਗੇ। ਪਰ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਦੀ ਅਨੇਕਤਾ ‘ਚ ਏਕਤਾ ਦੇ ਮੰਦਰ ਨੂੰ ਢਾਹੁਣ ਲਈ ਇਹ ਭਗਵਾਂ ਤਾਕਤਾਂ ਪੂਰੀ ਤਰ੍ਹਾਂ ਬੇਲਗਾਮ ਹਨ। ਮਸਲਾ ਸਿਰਫ ਇੰਨਾ ਕੁ ਸੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੀ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਇਕੱਠੇ ਹੋ ਕੇ ਅਫਜ਼ਲ ਗੁਰੂ ਅਤੇ ਮਕਬੂਲ ਭੱਟ ਨੂੰ ਫਾਂਸੀ ਦਿੱਤੇ ਜਾਣ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਪਰ ਭਾਜਪਾ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਉਨ੍ਹਾਂ ਨੇ ਝੱਟ ਅਧਿਕਾਰੀਆਂ ਉਪਰ ਜ਼ੋਰ ਪਾ ਕੇ ਉਨ੍ਹਾਂ ਨੂੰ ਸਮਾਗਮ ਕਰਨ ਦੀ ਦਿੱਤੀ ਪ੍ਰਵਾਨਗੀ ਰੱਦ ਕਰਵਾ ਦਿੱਤੀ ਅਤੇ ਫਿਰ ਸਮਾਗਮ ਵਿਚ ਖਲਲ ਪਾਉਣ ਲਈ ਉਥੇ ਜਾ ਪਹੁੰਚੇ। ਭਗਵਾਂ ਸੰਗਠਨਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਯੂਨੀਅਨ ਨੇਤਾਵਾਂ ਉਪਰ ਦੇਸ਼ ਧਰੋਹੀ ਦੇ ਕੇਸ ਦਰਜ ਕਰਵਾ ਦਿੱਤੇ ਅਤੇ ਫਿਰ ਪ੍ਰਧਾਨ ਸਮੇਤ ਕਈ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਸੋਮਵਾਰ ਨੂੰ ਜਦ ਯੂਨੀਅਨ ਨੇਤਾ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ, ਤਾਂ ਭਾਜਪਾ ਦੇ ਇਕ ਵਿਧਾਇਕ ਅਤੇ ਉਨ੍ਹਾਂ ਦੇ ਹਮਾਇਤੀ ਵਕੀਲ ਅਦਾਲਤ ਦੇ ਅਹਾਤੇ ਵਿਚ ਹੀ ਗੁੰਡਾਗਰਦੀ ਉਪਰ ਉਤਰ ਆਏ। ਉਨ੍ਹਾਂ ਵੱਲੋਂ ਸ਼ਰੇਆਮ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਇਸ ਘਟਨਾਕ੍ਰਮ ਦੀ ਕਵਰੇਜ਼ ਕਰਨ ਲਈ ਉਥੇ ਗਏ ਪੱਤਰਕਾਰਾਂ ਅਤੇ ਪ੍ਰੈੱਸ ਫੋਟੋਗ੍ਰਾਫਰ ਦੀ ਵੀ ਕੁੱਟਮਾਰ ਕੀਤੀ ਗਈ। ਇਹ ਸਾਰਾ ਕੁੱਝ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਵਿਚ ਵਾਪਰਿਆ, ਜਿਸ ਨੂੰ ਦੁਨੀਆ ਭਰ ਦੇ ਲੋਕਾਂ ਨੇ ਟੀ.ਵੀ. ਚੈਨਲਾਂ ਉਪਰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਨੇਤਾ ਅਤੇ ਇਨ੍ਹਾਂ ਦੇ ਕੇਂਦਰ ਸਰਕਾਰ ਵਿਚ ਬੈਠੇ ਵਜ਼ੀਰ ਅਤੇ ਪ੍ਰਧਾਨ ਮੰਤਰੀ ਅਜੇ ਤੱਕ ਵੀ ਇਸ ਮਾਮਲੇ ‘ਤੇ ਚੂੰ ਵੀ ਕਰਨ ਨੂੰ ਤਿਆਰ ਨਹੀਂ। ਵਿਦਿਆਰਥੀਆਂ ਅਤੇ ਮੀਡੀਆ ਕਰਮੀਆਂ ਦੀ ਅਦਾਲਤ ਵਿਚ ਕੀਤੀ ਗਈ ਕੁੱਟਮਾਰ ਨੂੰ ਪੂਰੀ ਦੁਨੀਆ ਦੇ ਲੋਕਾਂ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਅਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੁਨੀਆ ਭਰ ਵਿਚ ਵੱਖ-ਵੱਖ ਵਿਚਾਰਾਂ ਦੇ ਗੁਲਦਸਤੇ ਵਜੋਂ ਜਾਣੀ ਜਾਂਦੀ ਹੈ। ਇਸ ਯੂਨੀਵਰਸਿਟੀ ਵਿਚ ਹਰ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਹੁਣ ਜਿਸ ਤਰ੍ਹਾਂ ਭਗਵਾਂ ਸੰਗਠਨਾਂ ਨੇ ਧਮੱਚੜ ਪਾ ਕੇ ਉਥੇ ਸਿਰਫ ਆਪਣੀ ਹੀ ਬੋਲੀ ਬੋਲਣ ਵਾਲਿਆਂ ਦਾ ਜਮਘਟਾ ਬਣਾਉਣ ਦਾ ਰਾਹ ਫੜਿਆ ਹੈ, ਇਹ ਬੇਹੱਦ ਚਿੰਤਤ ਕਰਨ ਵਾਲਾ ਹੈ।
ਇਸ ਘਟਨਾ ਵਿਰੁੱਧ ਦੁਨੀਆ ਭਰ ਦੀਆਂ 415 ਤੋਂ ਵੱਧ ਨਾਮੀ ਯੂਨੀਵਰਸਿਟੀਆਂ, ਜਿਸ ਵਿਚ ਕੈਂਬਰਿਜ, ਔਕਸਫੋਰਡ, ਸਟੈਨਫੋਰਡ ਦੇ ਪ੍ਰੋਫੈਸਰ ਤੇ ਬੁੱਧੀਜੀਵੀ ਸ਼ਾਮਲ ਹਨ, ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਂ ਪਾਰਟੀ ਇਸ ਵਿਦਿਆ ਮੰਦਰ ਨੂੰ ਧੱਕੇਸ਼ਾਹੀ ਨਾਲ ਆਪਣੀ ਹੀ ਵਿਚਾਰਧਾਰਾ ਦਾ ਅਖਾੜਾ ਬਣਾਉਣਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੇਸ਼ ਭਰ ਵਿਚ ਮੁਸਲਮਾਨਾਂ ਵਿਰੁੱਧ ਹਮਲਿਆਂ ਵਿਚ ਵੀ ਪਿਛਲੇ ਸਮੇਂ ਦੌਰਾਨ ਬੜਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, ਭਾਜਪਾ ਨੇਤਾਵਾਂ ਅਤੇ ਇਸ ਨਾਲ ਜੁੜੇ ਫਿਰਕੂ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਬਿਆਨਬਾਜ਼ੀ ਇੰਨੀ ਭੱਦੀ ਅਤੇ ਫਿਰਕੇਦਰਾਨਾ ਹੁੰਦੀ ਹੈ ਕਿ ਇਹ ਲੋਕਾਂ ਦੇ ਮਨਾਂ ਨੂੰ ਬੇਚੈਨ ਹੀ ਨਹੀਂ, ਸਗੋਂ ਅੱਗ ਦੇ ਭਾਂਬੜ ਬਾਲਣ ਵਾਲੀ ਹੁੰਦੀ ਹੈ। ਭਾਰਤ ਅੰਦਰ ਸਿੱਖ ਘੱਟ ਗਿਣਤੀ ਨੂੰ ਵੀ ਲਗਾਤਾਰ ਵੱਡੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਲੋਕਾਂ ਵਿਚ ਆਮ ਇਹ ਭਾਵਨਾ ਸੀ ਕਿ ਭਾਜਪਾ, ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ। ਇਸ ਲਈ ਸਿੱਖਾਂ ਪ੍ਰਤੀ ਭਾਜਪਾ ਦਾ ਵਤੀਰਾ ਕਾਫੀ ਉਦਾਰ ਰਹੇਗਾ। ਪਰ ਇਹ ਭੁਲੇਖੇ ਵੀ ਨਰਿੰਦਰ ਮੋਦੀ ਸਰਕਾਰ ਨੇ ਦੂਰ ਕਰ ਦਿੱਤੇ ਹਨ।
ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਵਿਚੋਂ ਸਿੱਖ ਰੈਜੀਮੈਂਟ ਨੂੰ ਬਾਹਰ ਕੱਢਣ ਨਾਲ ਮੋਦੀ ਸਰਕਾਰ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਕੀ ਭਾਵਨਾ ਹੈ, ਇਹ ਗੱਲ ਉੱਘੜ ਕੇ ਸਾਹਮਣੇ ਆ ਗਈ ਹੈ। ਇਸ ਗੱਲ ਨੇ ਭਾਜਪਾ ਦੀ ਬਿੱਲੀ ਥੈਲਿਓਂ ਕੱਢ ਦਿੱਤੀ ਹੈ। ਮੋਦੀ ਸਰਕਾਰ ਵੱਲੋਂ ਆਪਣੇ ਪਿਛਲੇ ਤਕਰੀਬਨ ਦੋ ਸਾਲ ਦੇ ਸਮੇਂ ਵਿਚ ਸਿੱਖਾਂ ਨੂੰ ਇਨਸਾਫ ਦੇਣ ਅਤੇ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਨੂੰ ਦੂਰ ਕਰਨ ਬਾਰੇ ਕੋਈ ਕਦਮ ਚੁੱਕਿਆ ਨਜ਼ਰ ਨਹੀਂ ਆ ਰਿਹਾ। ਇਸ ਤੋਂ ਉਲਟ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਕਾਇਮ ਕੀਤੇ ਜਾਣ ਦਾ ਵਿਰੋਧ ਭਾਰਤ ਸਰਕਾਰ ਵੱਲੋਂ ਵਿੰਗੇ-ਟੇਢੇ ਢੰਗਾਂ ਨਾਲ ਹਮੇਸ਼ਾ ਕੀਤਾ ਜਾਂਦਾ ਰਿਹਾ ਹੈ।
ਭਾਰਤ ਵਿਚ ਭਗਵਾਂ ਸੰਸਥਾਵਾਂ ਦੀ ਅਨੇਕਤਾ ‘ਚ ਏਕਤਾ ਨੂੰ ਭੰਗ ਕਰਨ ਦੀ ਪ੍ਰਵਿਰਤੀ ਬੇਹੱਦ ਘਾਤਕ ਹੈ ਅਤੇ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਇਸ ਨੀਤੀ ਤੋਂ ਬੇਹੱਦ ਚਿੰਤਤ ਹਨ। ਪ੍ਰਵਾਸੀ ਭਾਰਤੀਆਂ ਦਾ ਮਨ ਹਮੇਸ਼ਾ ਆਪਣੇ ਦੇਸ਼ ਵੱਲ ਲੱਗਾ ਰਹਿੰਦਾ ਹੈ। ਮੋਦੀ ਸਰਕਾਰ ਬਣਨ ਨਾਲ ਸ਼ੁਰੂ ਵਿਚ ਜੋ ਉਨ੍ਹਾਂ ਨੂੰ ਇਕ ਆਸ ਦੀ ਕਿਰਨ ਪੈਦਾ ਹੋਈ ਸੀ, ਉਹ ਹੁਣ ਲਗਭਗ ਬੁੱਝੀ ਦਿਖਾਈ ਦਿੰਦੀ ਹੈ, ਕਿਉਂਕਿ ਜਾਤ-ਪਾਤ ਅਤੇ ਫਿਰਕੇਦਾਰੀ ‘ਤੇ ਵਾਪਰਦੀਆਂ ਘਟਨਾਵਾਂ ਅਤੇ ਹੁੰਦੀ ਹਿੰਸਾ ਦੌਰਾਨ ਕਦੇ ਵੀ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ।
ਜੇਕਰ ਪ੍ਰਵਾਸੀ ਭਾਰਤੀਆਂ ਤੋਂ ਦੇਸ਼ ਅੰਦਰ ਪੂੰਜੀ ਨਿਵੇਸ਼ ਕਰਵਾਉਣਾ ਹੈ ਜਾਂ ਫਿਰ ਬਾਹਰਲੇ ਮੁਲਕਾਂ ਦੇ ਵੱਡੇ ਕਾਰੋਬਾਰੀਆਂ ਨੂੰ ਆਪਣੇ ਵੱਲ ਖਿੱਚਣਾ ਹੈ, ਤਾਂ ਇਸ ਵਾਸਤੇ ਪਹਿਲੀ ਜ਼ਰੂਰਤ ਦੇਸ਼ ਅੰਦਰ ਅਮਨ-ਸ਼ਾਂਤੀ ਅਤੇ ਸਮਾਜਿਕ ਸਹਿਯੋਗ ਦੀ ਹੈ। ਜੇਕਰ ਦੇਸ਼ ਅੰਦਰ ਸਹਿਯੋਗੀ ਮਾਹੌਲ ਨਹੀਂ ਹੋਵੇਗੀ, ਇਸ ਦੇ ਉਲਟ ਵੱਖ-ਵੱਖ ਭਾਈਚਾਰਿਆਂ ਅਤੇ ਜਾਤ-ਬਿਰਾਦਰੀਆਂ ਵਿਚਕਾਰ ਲੜਾਈ-ਝਗੜੇ ਹੀ ਮੁੱਖ ਬਣੇ ਰਹਿਣਗੇ, ਤਾਂ ਅਜਿਹੀ ਹਾਲਤ ਵਿਚ ਕੋਈ ਵੀ ਉਥੇ ਪੈਸਾ ਲਗਾਉਣ ਲਈ ਤਿਆਰ ਨਹੀਂ ਹੋ ਸਕੇਗਾ। ਸੋ ਪ੍ਰਵਾਸੀ ਭਾਰਤੀਆਂ ਸਮੇਤ ਸਮੂਹ ਭਾਰਤਵਾਸੀਆਂ ਅਤੇ ਦੁਨੀਆ ਭਰ ਵਿਚ ਹੋਰ ਚੰਗੀ ਸੋਚ ਰੱਖਣ ਵਾਲੇ ਲੋਕ ਇਸੇ ਗੱਲ ਦੇ ਹਮਾਇਤੀ ਹਨ ਕਿ ਫਿਰਕੂ ਆਧਾਰ ‘ਤੇ ਨਫਰਤ ਫੈਲਾਉਣ ਦੀ ਬਜਾਏ ਲੋਕਾਂ ਨੂੰ ਜੋੜਨ ਵਾਲੀ ਸੋਚ ਦੇ ਰਾਹ ਪਿਆ ਜਾਵੇ, ਇਸੇ ਵਿਚ ਹੀ ਭਾਰਤ ਦਾ ਭਲਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.