ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਲੋਕਾਂ ਨੇ ਖੁਦ ਹੀ ਉਜਾੜ ਲਿਆ ਆਪਣਾ ਰਸਦਾ-ਵਸਦਾ ਹਰਿਆਣਾ
ਲੋਕਾਂ ਨੇ ਖੁਦ ਹੀ ਉਜਾੜ ਲਿਆ ਆਪਣਾ ਰਸਦਾ-ਵਸਦਾ ਹਰਿਆਣਾ
Page Visitors: 2485

ਲੋਕਾਂ ਨੇ ਖੁਦ ਹੀ ਉਜਾੜ ਲਿਆ ਆਪਣਾ ਰਸਦਾ-ਵਸਦਾ ਹਰਿਆਣਾ

Posted On 24 Feb 2016
11

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕਿਸੇ ਵੀ ਰਾਜ ਤੇ ਦੇਸ਼ ਨੂੰ ਵਿਕਸਿਤ ਕਰਨ ਲਈ ਸਾਲ ਨਹੀਂ, ਦਹਾਕੇ ਲੱਗ ਜਾਂਦੇ ਹਨ। ਪਰ ਇਸ ਨੂੰ ਉਜਾੜਨ ਵਾਸਤੇ ਕੁਝ ਦਿਨਾਂ ਦੀ ਹੀ ਲੋੜ ਹੁੰਦੀ ਹੈ। ਅਜਿਹਾ ਕੁਝ ਹੀ ਵਾਪਰਿਆ ਹੈ ਪਿਛਲੇ ਦਿਨੀਂ ਹਰਿਆਣਾ ਦੇ ਉੱਠੇ ਜਾਟ ਰਿਜ਼ਰਵੇਸ਼ਨ ਅੰਦੋਲਨ ਦੌਰਾਨ। ਹਰਿਆਣਾ ਰਾਜ ਇਸ ਵੇਲੇ ਭਾਰਤ ਦੇ ਸਭ ਤੋਂ ਵਿਕਸਿਤ ਸੂਬਿਆਂ ਵਿਚ ਸ਼ਾਮਲ ਹੈ। ਪਹਿਲਾਂ ਕਦੇ ਪੰਜਾਬ ਭਾਰਤ ਦਾ ਇਕ ਨੰਬਰ ਸੂਬਾ ਹੁੰਦਾ ਸੀ। ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਹਰਿਆਣਾ ਪੰਜਾਬ ਤੋਂ ਕਾਫੀ ਅੱਗੇ ਲੰਘ ਗਿਆ ਸੀ। ਉਥੇ ਦੀ ਸਨਅੱਤ, ਵਪਾਰ, ਟਰਾਂਸਪੋਰਟ, ਕਾਰੋਬਾਰ ਅਤੇ ਬੁਨਿਆਦੀ ਢਾਂਚਾ ਪੰਜਾਬ ਨਾਲੋਂ ਕਿਤੇ ਅੱਗੇ ਵਧ ਗਿਆ ਸੀ। ਫਰੀਦਾਬਾਦ, ਗਾਜ਼ੀਆਬਾਦ, ਸੋਨੀਪਤ, ਪਾਨੀਪਤ, ਪੰਚਕੂਲਾ, ਹਿਸਾਰ ਵਰਗੇ ਅਜਿਹੇ ਖੇਤਰ ਹਨ, ਜਿਹੜੇ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਸਨ। ਪਰ ਪਿਛਲੇ ਇਕ ਹਫਤੇ ਦੌਰਾਨ ਜਾਟ ਰਿਜ਼ਰਵੇਸ਼ਨ ਦੇ ਭਾਂਬੜ ਨੇ ਸਮੁੱਚੇ ਹਰਿਆਣੇ ਨੂੰ ਇੰਨੀ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੈ ਕਿ ਇਕ ਹਫਤੇ ਵਿਚ ਹੀ ਇਸ ਦਾ ਸਮੁੱਚਾ ਮੂੰਹ ਮੱਥਾ ਬਦਲ ਕੇ ਰਹਿ ਗਿਆ ਹੈ। ਸ਼ਹਿਰਾਂ ਦੇ ਵੱਡੇ ਮਾਲਜ਼ ਤੇ ਸੁੰਦਰ ਬਾਜ਼ਾਰ ਕਾਲਖ ਦੇ ਢੇਰ ਬਣ ਕੇ ਰਹਿ ਗਏ ਹਨ। ਸੜਕਾਂ ਉਪਰ ਦੌੜਦੀਆਂ ਕਾਰਾਂ ਅਤੇ ਬੱਸਾਂ ਥਾਂ-ਥਾਂ ਸਵਾਹ ਹੋਈਆਂ ਪਈਆਂ ਹਨ। ਬੱਸੇ ਅੱਡੇ ਤਬਾਹ ਹੋ ਗਏ ਹਨ। ਗੱਲ ਕੀ ਹਰਿਆਣੇ ਦਾ ਸਮੁੱਚਾ ਮੂੰਹ-ਮੱਥਾ ਝਰੀਟਿਆ ਹੀ ਨਹੀਂ ਗਿਆ, ਸਗੋਂ ਬਦਲ ਕੇ ਰੱਖ ਦਿੱਤਾ ਗਿਆ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਰਾਜ ਅੰਦਰ 40 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਇਹ ਨੁਕਸਾਨ ਤਾਂ ਸਿਰਫ ਚੱਲ ਅਤੇ ਅਚੱਲ ਜਾਇਦਾਦਾਂ ਦੇ ਮੋਟੇ ਜਿਹੇ ਅੰਦਾਜ਼ੇ ਹੀ ਹਨ। ਅਸਲ ਵਿਚ ਨੁਕਸਾਨ ਇਸ ਤੋਂ ਕਿਤੇ ਵਧੇਰੇ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਦਿੱਲੀ-ਅੰਬਾਲਾ ਜੀ.ਟੀ. ਰੋਡ ਉਪਰ ਦਹਾਕਿਆਂਬੱਧੀ ਮਿਹਨਤ ਕਰਕੇ ਵੱਡੇ ਹੋਟਲਨੁਮਾ ਢਾਬੇ ਕਾਇਮ ਕੀਤੇ ਸਨ। ਉਨ੍ਹਾਂ ਨੂੰ ਮਿੰਟਾਂ ਵਿਚ ਹੀ ਮਲਿਆਮੇਟ ਕਰ ਦਿੱਤਾ ਹੈ। ਅਸੀਂ ਦੇਖਦੇ ਰਹੇ ਹਾਂ ਕਿ ਇਨ੍ਹਾਂ ਢਾਬਿਆਂ ਉਪਰ ਦਿੱਲੀ ਤੋਂ ਪੰਜਾਬ ਨੂੰ ਜਾਂਦਿਆਂ ਜਾਂ ਆਉਂਦਿਆਂ ਪ੍ਰਵਾਸੀ ਪੰਜਾਬੀ ਕਿਵੇਂ ਚਾਅ ਨਾਲ ਪੰਜਾਬੀ ਖਾਣਾ ਖਾਂਦੇ ਸਨ। ਹੁਣ ਉਹ ਸਾਰਾ ਕੁਝ ਢਾਰਿਆਂ ਦੀ ਸ਼ਕਲ ਵਿਚ ਬਦਲ ਗਿਆ ਹੈ। ਇਸੇ ਤਰ੍ਹਾਂ ਹੋਰ ਸ਼ਹਿਰਾਂ ਦੇ ਬਾਜ਼ਾਰਾਂ ਦੇ ਬਾਜ਼ਾਰ ਤਬਾਹ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਉਸਾਰਨ ਲਈ ਲੋਕਾਂ ਦੇ ਦਹਾਕੇ ਲੱਗੇ ਸਨ। ਇਸ ਸਾਰੀ ਮਿਹਨਤ ਨੂੰ ਨੁਕਸਾਨ ਦੇ ਅੰਦਾਜ਼ਿਆਂ ਦੇ ਕਲਾਵੇ ਵਿਚ ਲੈਣਾ ਬੇਹੱਦ ਮੁਸ਼ਕਲ ਹੈ।
ਇਸ ਤੋਂ ਇਲਾਵਾ ਜਿੰਨਾ ਜਾਨੀ ਅਤੇ ਮਾਨਸਿਕ ਨੁਕਸਾਨ ਹੋਇਆ ਹੈ, ਉਸ ਦੀ ਤਾਂ ਕੋਈ ਕੀਮਤ ਹੀ ਨਹੀਂ ਮਿੱਥੀ ਜਾ ਸਕਦੀ। ਪਰ ਇਹ ਸਾਰਾ ਕੁਝ ਕਰਨ ਵਿਚ ਵੱਡੀ ਭੂਮਿਕਾ ਕਿਸ ਨੇ ਨਿਭਾਈ? ਜਾਟ ਰਿਜ਼ਰਵੇਸ਼ਨ ਦੇ ਰਾਹ ਤੁਰੇ ਲੋਕ ਇਕ ਬਿਆਨ ਤੋਂ ਭੜਕ ਕੇ ਇੰਨੇ ਹਿੰਸਕ ਹੋ ਤੁਰੇ ਕਿ ਉਨ੍ਹਾਂ ਨੇ ਆਪਣੀ ਸਾਰੀ ਸੁੱਧ-ਬੁੱਧ ਹੀ ਗੁਆ ਲਈ। ਉਨ੍ਹਾਂ ਨੇ ਨਾ ਦਿਨ ਦੇਖਿਆ ਤੇ ਨਾ ਰਾਤ। ਨਾ ਇਹ ਦੇਖਿਆ ਕਿ ਨੁਕਸਾਨ ਕਿਸ ਦਾ ਕੀਤਾ ਜਾ ਰਿਹਾ ਹੈ ਜਾਂ ਇਸ ਨੁਕਸਾਨ ਨਾਲ ਉਨ੍ਹਾਂ ਦੇ ਰਾਖਵੇਂਕਰਨ ਨੂੰ ਕਿੰਨਾ ਲਾਭ ਹੋਣ ਵਾਲਾ ਹੈ? ਬੱਸ ਉਨ੍ਹਾਂ ਦੇ ਮਨ ਉਪਰ ਇੰਨਾ ਹੀ ਫਤੂਰ ਸੀ ਕਿ ਵੱਧ ਤੋਂ ਵੱਧ ਨੁਕਸਾਨ ਕਰਨਾ ਹੈ।
ਪਰ ਇਸ ਫਤੂਰ ਨੇ ਸਮੁੱਚੇ ਰਾਜ ਨੂੰ ਇੰਨਾ ਮਧੋਲ ਕੇ ਰੱਖ ਦਿੱਤਾ ਹੈ ਕਿ ਅਗਲੇ 10 ਸਾਲ ਤੱਕ ਵੀ ਹਰਿਆਣਾ ਆਪਣੇ ਪੈਰਾਂ ਉਪਰ ਖੜ੍ਹਾ ਨਾ ਹੋ ਸਕੇ। ਅਸੀਂ ਵਿਕਸਿਤ ਮੁਲਕਾਂ ਵਿਚ ਦੇਖਦੇ ਹਾਂ ਕਿ ਇਥੇ ਵੀ ਲੋਕਾਂ ਦੇ ਅਨੇਕ ਮਸਲੇ ਹੁੰਦੇ ਹਨ, ਮੰਗਾਂ ਉਠਦੀਆਂ ਹਨ, ਲੋਕ ਅੰਦੋਲਨ ਵੀ ਕਰਦੇ ਹਨ। ਪਰ ਇਸ ਤਰ੍ਹਾਂ ਹਜ਼ੂਮ ਆਪਣੇ ਹੀ ਸਮਾਜ ਤੇ ਵਿਕਾਸ ਦੀ ਤਬਾਹੀ ਕਰਨ ਤੁਰ ਪੈਣ, ਅਜਿਹਾ ਇਥੇ ਹੁੰਦਾ ਅਸੀਂ ਕਦੇ ਨਹੀਂ ਵੇਖਿਆ। ਲੋਕ ਰੋਸ ਦਾ ਪ੍ਰਗਟਾਵਾ ਵੀ ਬੜੇ ਸੀਮਤ ਦਾਇਰੇ ਵਿਚ ਰਹਿ ਕੇ ਕਰਦੇ ਹਨ। ਪਰ ਭਾਰਤ ਅੰਦਰ ਅਸੀਂ ਵੇਖਦੇ ਹਾਂ ਕਿ ਲੋਕਾਂ ਦੇ ਮਨਾਂ ਅੰਦਰ ਵੀ ਅਜੇ ਇਸ ਗੱਲ ਨੂੰ ਵੇਖਣ, ਪਰਖਣ ਅਤੇ ਸਮਝਣ ਦੀ ਸਮਰੱਥਾ ਪੈਦਾ ਨਹੀਂ ਹੋਈ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਨਾਲ ਆਪਣਾ ਕਿੰਨਾ ਕੁ ਫਾਇਦਾ ਹੋਵੇਗਾ ਜਾਂ ਹੋ ਰਹੇ ਨੁਕਸਾਨ ਨਾਲ ਕਿਸੇ ਨੂੰ ਲਾਭ ਵੀ ਹੋਵੇਗਾ। ਬੱਸ ਇਕੋ ਫਤੂਰ ਮਨ ਵਿਚ ਉਠਦਾ ਹੈ ਕਿ ਹਰ ਪਾਸੇ ਤਬਾਹੀ ਦਾ ਆਲਮ ਖਿਲਾਰ ਦਿਓ।
ਪਰ ਵਿਕਸਿਤ ਮੁਲਕਾਂ ਦੇ ਲੋਕ ਇਸ ਪੱਖੋਂ ਸਮਝਦਾਰ ਹਨ। ਇਥੇ ਸਰਕਾਰਾਂ ਦਾ ਪ੍ਰਤੀਕਰਮ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ ਤੇ ਉਹ ਮਸਲਿਆਂ ਨੂੰ ਲਟਕਾਉਣ ਜਾਂ ਉਨ੍ਹਾਂ ਦਾ ਰਾਜਸੀ ਲਾਹਾ ਖੱਟਣ ਦੀ ਬਜਾਏ, ਤੁਰੰਤ ਪ੍ਰਤੀਕਰਮ ਦੇਣ ਦਾ ਯਤਨ ਕਰਦੀਆਂ ਹਨ। ਪਰ ਭਾਰਤ ਅੰਦਰ ਅਸੀਂ ਦੇਖਦੇ ਹਾਂ ਕਿ ਜਿਥੇ ਲੋਕ ਹਜੂਮ ਹਿੰਸਕ ਹੋ ਤੁਰਦੇ ਹਨ, ਇਸ ਦਾ ਇਕ ਅਹਿਮ ਕਾਰਨ ਇਹ ਵੀ ਹੁੰਦਾ ਹੈ ਕਿ ਲੋਕਾਂ ਦੇ ਮਸਲਿਆਂ ਨੂੰ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਹੱਲ ਕਰਨ ਦੀ ਬਜਾਏ, ਲਟਕਾ ਕੇ ਰੱਖਣ ਅਤੇ ਮੌਕੇ ‘ਤੇ ਉਨ੍ਹਾਂ ਦਾ ਰਾਜਸੀ ਫਾਇਦਾ ਉਠਾਉਣ ਵੱਲ ਵਧੇਰੇ ਪ੍ਰੇਰਿਤ ਹੁੰਦੀਆਂ ਹਨ। ਹਰਿਆਣਾ ਅੰਦਰ ਵੀ ਜਾਟ ਰਿਜ਼ਰਵੇਸ਼ਨ ਉਪਰ ਕਾਂਗਰਸ, ਭਾਜਪਾ ਅਤੇ ਇਨੈਲੋ ਵਿਚਕਾਰ ਖੇਡੀ ਜਾਂਦੀ ਰਹੀ ਖੇਡ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਜਾਰੀ ਹੈ। ਵਿਕਸਿਤ ਮੁਲਕਾਂ ਦਾ ਪ੍ਰਸ਼ਾਸਨ ਵੀ ਤੁਰੰਤ ਪ੍ਰਭਾਵ ਨਾਲ ਬਿਨਾਂ ਕਿਸੇ ਦਬਾਅ ਦੇ ਕਾਰਵਾਈ ਲਈ ਤੱਤਪਰ ਰਹਿੰਦਾ ਹੈ। ਪਰ ਇਸ ਦੇ ਉਲਟ ਭਾਰਤ ਵਿਚ ਅਜਿਹਾ ਨਹੀਂ ਹੁੰਦਾ। ਉਥੇ ਸਮੁੱਚਾ ਪ੍ਰਸ਼ਾਸਨ ਤੇ ਪੁਲਿਸ ਸਰਕਾਰ ਦੀਆਂ ਹਦਾਇਤਾਂ ਵੱਲ ਵਧੇਰੇ ਝਾਕਦੀ ਰਹਿੰਦੀ ਹੈ।
ਪਿਛਲੇ ਤਿੰਨ, ਚਾਰ ਦਿਨ ਜਾਟ ਅੰਦੋਲਨਕਾਰੀਆਂ ਨੂੰ ਤਬਾਹੀ ਤੋਂ ਰੋਕਣ ਲਈ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਨਹੀਂ ਵਰਤੀ ਗਈ। ਇਥੋਂ ਤੱਕ ਕਿ ਇੰਨੀ ਵੱਡੀ ਤਬਾਹੀ ਫੈਲਾਉਣ ਤੋਂ ਬਾਅਦ ਵੀ ਕਿਸੇ ਇਕ ਜਣੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਇਹ ਨੀਤੀ ਵੀ ਹੁੱਲੜਬਾਜ਼ਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਅੰਦੋਲਨਾਂ ਦੀ ਆੜ ਹੇਠ ਤਬਾਹੀ ਮਚਾਉਣ ਦੀ ਖੁੱਲ੍ਹ ਦਿੰਦੀ ਹੈ। ਪਰ ਵਿਕਸਿਤ ਮੁਲਕਾਂ ਵਿਚ ਕਦੇ ਅਜਿਹਾ ਹੁੰਦਾ ਨਜ਼ਰ ਨਹੀਂ ਆਇਆ। ਹਰਿਆਣਾ ਦੇ ਜਾਟ ਅੰਦੋਲਨ ਵਿਚ ਤਬਾਹੀ ਮਚਾਉਣ ਵਾਲਿਆਂ ਵਿਚ ਲੁਟੇਰਿਆਂ, ਗੁੰਡਿਆਂ ਤੇ ਸ਼ਰਾਰਤੀ ਅਨਸਰਾਂ ਦੀ ਵੀ ਕੋਈ ਘਾਟ ਨਹੀਂ ਰਹੀ। ਜੀ.ਟੀ. ਰੋਡ ਉਪਰਲੇ ਢਾਬਿਆਂ, ਸ਼ਹਿਰਾਂ ਦੇ ਮਾਲਜ਼ ਤੇ ਦੁਕਾਨਾਂ ਅਤੇ ਹੋਰ ਕਾਰੋਬਾਰੀਆਂ ਦਾ ਸਾਮਾਨ ਲੁੱਟਣ ਦੀਆਂ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸਪੱਸ਼ਟ ਪ੍ਰਗਟਾਵਾ ਹਨ ਕਿ ਲੋਕਾਂ ਨੂੰ ਲੁੱਟਣ ਅਤੇ ਉਨ੍ਹਾਂ ਦੇ ਕਾਰੋਬਾਰ ਤਬਾਹ ਕਰਨ ਵਾਲੇ ਅਜਿਹੇ ਅਨਸਰਾਂ ਨੂੰ ਵੀ ਪੁਲਿਸ ਨੇ ਨੱਥ ਨਹੀਂ ਪਾਈ ਅਤੇ ਨਾ ਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਹੁਣ ਵੀ ਹੱਥ ਪਾਉਣ ਦੀ ਕਿਸੇ ਦੀ ਕੋਈ ਸੋਚ ਹੈ।
ਇਸ ਤੋਂ ਵੀ ਵੱਡੀ ਦਰਦਨਾਕ ਤੇ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਜਾਟ ਰਿਜ਼ਰਵੇਸ਼ਨ ਅੰਦੋਲਨ ਦੇ ਪਰਦੇ ਹੇਠ ਕੁਝ ਗੁੰਡਾ ਗਿਰੋਹਾਂ ਨੇ ਮੂਰਥਲ ਨੇੜੇ ਰਾਤ ਨੂੰ ਰਾਹਗੀਰਾਂ ਦੀਆਂ ਕਾਰਾਂ ਰੋਕ ਕੇ ਉਨ੍ਹਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ, ਮਰਦਾਂ ਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਅਤੇ 10 ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਕੇ ਉਨ੍ਹਾਂ ਨੂੰ ਨੰਗਿਆਂ ਖੇਤਾਂ ਵਿਚ ਛੱਡ ਦਿੱਤਾ ਗਿਆ। ਅਜਿਹੀ ਹੌਲਨਾਕ ਵਾਪਰੀ ਘਟਨਾ ਉਪਰ ਵੀ ਹਰਿਆਣਾ ਦੀ ਸਰਕਾਰ ਅਤੇ ਪੁਲਿਸ ਦਾ ਦਿਲ ਨਹੀਂ ਪਸੀਜਿਆ, ਸਗੋਂ ਇਸ ਤੋਂ ਬਿਲਕੁਲ ਹੀ ਉਲਟ ਹੋਇਆ ਕਿ ਪੀੜਤ ਪਰਿਵਾਰਾਂ ਨੂੰ ਆਪਣੀ ਇੱਜ਼ਤ ਬਚਾਉਣ ਦੀ ਨਸੀਹਤ ਦੇ ਕੇ ਘਰਾਂ ਨੂੰ ਤੋਰ ਦਿੱਤਾ ਗਿਆ। ਅਜਿਹੀ ਹੌਲਨਾਕ ਘਟਨਾ ਕਰਨ ਵਾਲਿਆਂ ਨੂੰ ਲੱਭਣਾ ਤਾਂ ਕਿ ਸਾਰੇ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਅਜਿਹੀ ਘਟਨਾ ਵਾਪਰਨ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਸ਼ਰਮਨਾਕ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਹਰਿਆਣਾ ਸਰਕਾਰ ਦੀ ਛਤਰ-ਛਾਇਆ ਹੇਠ ਸਮੁੱਚਾ ਪ੍ਰਸ਼ਾਸਨ ਅਤੇ ਖਾਸਕਰ ਪੁਲਿਸ ਸਾਰੀ ਹੁੰਦੀ ਤਬਾਹੀ ਨੂੰ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਹੈ। ਇੰਨਾ ਹੀ ਨਹੀਂ, ਸਗੋਂ ਹੁੱਲੜਬਾਜ਼ਾਂ ਨੂੰ ਮਨਆਇਆ ਕਰਨ ਦੀ ਖੁੱਲ੍ਹ ਦਿੰਦੀ ਰਹੀ ਹੈ। ਜਿਸ ਰਾਜ ਜਾਂ ਦੇਸ਼ ਵਿਚ ਜਾਨ-ਮਾਲ ਤੇ ਇਥੋਂ ਤੱਕ ਕਿ ਕਿਸੇ ਦੀ ਇੱਜ਼ਤ ਵੀ ਸੁਰੱਖਿਅਤ ਨਾ ਰਹੇ, ਉਥੇ ਵਿਕਾਸ ਦਾ ਤੁਸੀਂ ਕਿਹੋ ਜਿਹਾ ਮਾਡਲ ਚਿਤਵ ਸਕਦੇ ਹੋ। ਅਜਿਹੀ ਹਾਲਤ ਵਿਚ ਕਿਹੜਾ ਭਲਾ-ਮਾਣਸ ਬਾਹਰੋਂ ਜਾ ਕੇ ਉਥੇ ਪੂੰਜੀ ਨਿਵੇਸ਼ ਕਰ ਸਕੇਗਾ।
ਇੰਨੀ ਵੱਡੀ ਤਬਾਹੀ ਅਤੇ ਇੱਜ਼ਤਾਂ ਨੂੰ ਹੱਥ ਪਾਉਣ ਤੱਕ ਦੇ ਮੰਜਰ ਨੇ ਪ੍ਰਵਾਸੀ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਮੁਲਕਾਂ ਵਿਚ ਵਸੇ ਪੰਜਾਬੀ ਜਦ ਵੀ ਆਪਣੇ ਦੇਸ਼ ਜਾਂਦੇ ਹਨ, ਤਾਂ ਉਨ੍ਹਾਂ ਨੂੰ ਦਿੱਲੀ ਤੋਂ ਹਰਿਆਣਾ ਵਿਚੋਂ ਦੀ ਲੰਘ ਕੇ ਪੰਜਾਬ ਜਾਣਾ ਪੈਂਦਾ ਹੈ। ਦੋ-ਢਾਈ ਦਹਾਕੇ ਪਹਿਲਾਂ ਵੀ ਸਿੱਖਾਂ ਨੂੰ ਹਰਿਆਣੇ ਵਿਚੋਂ ਲੰਘਦਿਆਂ ਖੌਫ ਪੈਦਾ ਹੁੰਦਾ ਸੀ। ਤੇ ਹੁਣ ਵੀ ਜੋ ਕੁਝ ਵਾਪਰਿਆ ਹੈ, ਇਹ ਕਿਸੇ ਪੱਖੋਂ ਵੀ ਘੱਟ ਨਹੀਂ। ਲੋੜ ਇਸ ਵੇਲੇ ਇਹ ਸੀ ਕਿ ਜਿਥੇ ਜਾਟ ਭਾਈਚਾਰੇ ਦੇ ਰਿਜ਼ਰਵੇਸ਼ਨ ਦੇ ਮਸਲੇ ਨੂੰ ਠੀਕ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ, ਉਥੇ ਰਾਜ ਦੀ ਤਬਾਹੀ ਮਚਾਉਣ ਵਾਲੇ, ਖਾਸ ਤੌਰ ‘ਤੇ ਲੁਟੇਰੇ ਅਤੇ ਲੋਕਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣ ਵਾਲੇ ਗੁੰਡਾ ਅਨਸਰਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਦਾ ਰਾਹ ਵੀ ਖੁੱਲ੍ਹਣਾ ਚਾਹੀਦਾ ਹੈ। ਕਿਉਂਕਿ ਜੇਕਰ ਅੱਜ ਇਹ ਲੋਕ ਸੁੱਕੇ ਬੱਚ ਕੇ ਨਿਕਲ ਗਏ, ਤਾਂ ਹਰ ਅੰਦੋਲਨ ਦੀ ਆੜ ਵਿਚ ਇਨ੍ਹਾਂ ਵੱਲੋਂ ਆਪਣੇ ਮੰਦੇ ਮਨਸ਼ਿਆਂ ਨੂੰ ਵਾਰ-ਵਾਰ ਦੁਹਰਾਇਆ ਜਾਣਾ ਮਾਮੂਲੀ ਗੱਲ ਹੈ। ਸੋ ਸਾਡੀ ਰਾਇ ਹੈ ਕਿ ਤਬਾਹੀ ਮਚਾਉਣ ਵਾਲੇ ਅਨਸਰਾਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.