ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੇਜਰੀਵਾਲ ਨੇ ਪੰਜਾਬ ਨੂੰ ਲਾਈ ਨਵੀਂ ਜਾਗ
ਕੇਜਰੀਵਾਲ ਨੇ ਪੰਜਾਬ ਨੂੰ ਲਾਈ ਨਵੀਂ ਜਾਗ
Page Visitors: 2590

ਕੇਜਰੀਵਾਲ ਨੇ ਪੰਜਾਬ ਨੂੰ ਲਾਈ ਨਵੀਂ ਜਾਗ

Posted On 02 Mar 2016

10
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਆਮ ਆਦਮੀ ਪਾਰਟੀ ਭਾਰਤ ਅੰਦਰ ਇਕ ਨਵੀਂ ਉਮੀਦ ਲੈ ਕੇ ਉੱਠੀ ਹੈ। ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਏ ਅੰਦੋਲਨ ‘ਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਦਿੱਲੀ ਵਿਚ ਵੱਡਾ ਤਹਿਲਕਾ ਮਚਾਇਆ ਸੀ। ਉਸ ਤੋਂ ਬਾਅਦ ਦੂਜਾ ਤਹਿਲਕਾ ਉਨ੍ਹਾਂ ਨੇ ਕਰੀਬ 2 ਸਾਲ ਪਹਿਲਾਂ ਪੰਜਾਬ ਵਿਚ 4 ਲੋਕ ਸਭਾ ਸੀਟਾਂ ਜਿੱਤ ਕੇ ਮਚਾਇਆ ਸੀ। ਹੁਣ ਜਦ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਸਿਰਫ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ, ਤਾਂ ਅਜਿਹੇ ਸਮੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਕੀਤੇ ਪੰਜ ਦਿਨਾਂ ਦੌਰੇ ਨੇ ਪੰਜਾਬ ਨੂੰ ਇਕ ਨਵੀਂ ਜਾਗ ਲਾਈ ਹੈ। ਜਿਵੇਂ ਕਿ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਸਾਰੇ ਆਗੂ ਇਹ ਗੱਲ ਆਖਦੇ ਹਨ ਕਿ ਉਹ ਰਵਾਇਤੀ ਪਾਰਟੀਆਂ ਤੋਂ ਵੱਖਰੀ ਸਿਆਸਤ ਕਰਨਾ ਚਾਹੁੰਦੇ ਹਨ ਅਤੇ ਰਾਜ ਪ੍ਰਬੰਧ ਵੀ ਐਨ ਉਨ੍ਹਾਂ ਤੋਂ ਉਲਟ ਲੋਕਪੱਖੀ ਢੰਗ ਨਾਲ ਚਲਾਉਣਾ ਚਾਹੁੰਦੇ ਹਨ।
ਇਸ ਗੱਲ ਦੀ ਮਿਸਾਲ ਕੇਜਰੀਵਾਲ ਦੇ ਪੰਜ ਦਿਨਾਂ ਦੌਰਾਨ ਮਿਲ ਗਈ ਹੈ। ਕੇਜਰੀਵਾਲ ਦੇ ਦੌਰੇ ਦੌਰਾਨ ਪੰਜਾਬ ਅੰਦਰ ਕਿਧਰੇ ਵੀ ਲੱਖਾਂ ਰੁਪਏ ਖਰਚ ਕਰਕੇ ਵੱਡੇ ਜਲਸੇ-ਜਲੂਸ ਨਹੀਂ ਹੋਏ, ਸਗੋਂ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਖੁਦ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਲੋਕਾਂ ਕੋਲ ਜਾ ਕੇ ਗੱਲਾਂ ਕਰਦੇ ਰਹੇ। ਪਿੰਡਾਂ ਅਤੇ ਸ਼ਹਿਰਾਂ ਵਿਚ ਵੀ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਤੇ ਵੀ ਲੰਬੇ-ਚੌੜੇ ਭਾਸ਼ਨ ਨਹੀਂ ਕੀਤੇ, ਸਗੋਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਜਾਨਣ ਵੱਲ ਵਧੇਰੇ ਧਿਆਨ ਦਿੱਤਾ।
ਸ਼ਾਇਦ ਇਸੇ ਗੱਲ ਦਾ ਨਤੀਜਾ ਹੈ ਕਿ ਆਪਣੇ ਪੰਜ ਦਿਨਾਂ ਦੇ ਦੌਰੇ ਦੇ ਅਖੀਰ ਉਪਰ ਇਹ ਦਾਅਵਾ ਕੀਤਾ ਕਿ ਪੰਜਾਬ ਬਾਰੇ ਜਿੰਨਾ ਉਹ ਜਾਣ ਸਕੇ ਹਨ, ਓਨਾ ਸ਼ਾਇਦ ਹੀ ਕੈਪਟਨ ਅਤੇ ਬਾਦਲ ਜਾਣਦੇ ਹੋਣਗੇ। ਇਸ ਦਾਅਵੇ ਵਿਚ ਇਸ ਕਰਕੇ ਦਮ ਜਾਪਦਾ ਹੈ ਕਿ ਕੇਜਰੀਵਾਲ ਨੇ ਸ਼ੁਰੂ ਤੋਂ ਅਖੀਰ ਤੱਕ ਪਿੰਡ-ਪਿੰਡ ਜਾ ਕੇ ਕਰਜ਼ੇ ਹੇਠ ਦੱਬੇ ਆਤਮ ਹੱਤਿਆ ਕਰ ਗਏ ਕਿਸਾਨਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖੜੇ ਸੁਣੇ ਹਨ।
ਨਸ਼ੇ ਕਾਰਨ ਆਪਣੀ ਜੀਵਨ-ਲੀਲਾ ਖਤਮ ਕਰ ਗਏ ਨੌਜਵਾਨਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਦੁਰਦਸ਼ਾ ਅਤੇ ਮਾਨਸਿਕ ਸੰਤਾਪ ਨੂੰ ਨੇੜਿਓਂ ਹੋ ਕੇ ਜਾਨਣ ਦਾ ਯਤਨ ਕੀਤਾ ਹੈ। ਸ਼ਹਿਰਾਂ ਵਿਚ ਜਾ ਕੇ ਉਨ੍ਹਾਂ ਸਨਅਤਕਾਰਾਂ ਅਤੇ ਵਪਾਰੀਆਂ ਦੀ ਆਤਮਕਥਾ ਸੁਣੀ ਹੈ। ਦਲਿਤਾਂ ਦੇ ਵਿਹੜੇ ਵਿਚ ਜਾ ਕੇ ਉਨ੍ਹਾਂ ਇਸ ਵਰਗ ਦੇ ਦੁੱਖ-ਦਰਦ ਨੂੰ ਜਾਣਿਆ ਹੈ। ਗੱਲ ਕੀ ਪੰਜਾਬ ਦੇ ਹਰ ਵਰਗ ਤੱਕ ਉਨ੍ਹਾਂ ਇਸ ਦੌਰੇ ਦੌਰਾਨ ਪਹੁੰਚ ਕਰ ਲਈ ਹੈ। ਸ਼ਾਇਦ ਅਜਿਹਾ ਪਹਿਲਾਂ ਕਿਸੇ ਆਗੂ ਜਾਂ ਸਰਕਾਰੀ ਅਧਿਕਾਰੀ ਨੇ ਨਹੀਂ ਸੀ ਕੀਤਾ।
ਕੇਜਰੀਵਾਲ ਹਰ ਜਗ੍ਹਾ ਜਿੱਥੇ ਵੀ ਗਏ ਹਨ, ਉਥੇ ਉਨ੍ਹਾਂ ਦਾ ਮੁੱਖ ਰੂਪ ਵਿਚ ਇਹੀ ਕਹਿਣਾ ਸੀ ਕਿ ਅਸਲ ਗੱਲ ਨੀਤੀਆਂ ਦੀ ਨਹੀਂ, ਸਗੋਂ ਨੀਤ ਦੀ ਹੈ। ਜੇਕਰ ਸਾਡੀ ਨੀਤ ਭ੍ਰਿਸ਼ਟਾਚਾਰ ਖਤਮ ਕਰਨ ਦੀ ਹੈ, ਤਾਂ ਅਸੀਂ ਪੰਜਾਬ ਨੂੰ ਦੋ ਮਹੀਨਿਆਂ ਵਿਚ ਭ੍ਰਿਸ਼ਟਾਚਾਰ ਮੁਕਤ ਕਰ ਦਿਆਂਗੇ। ਉਹ ਬੜੀ ਬੇਬਾਕੀ ਨਾਲ ਕਹਿੰਦੇ ਰਹੇ ਕਿ ਨਸ਼ਿਆਂ ਦੀ ਸਪਲਾਈ ਖਤਮ ਕਰਨਾ ਇਕ ਹਫਤੇ ਤੋਂ ਜ਼ਿਆਦਾ ਦਾ ਕੰਮ ਨਹੀਂ ਹੈ ਅਤੇ ਇਸੇ ਤਰ੍ਹਾਂ ਨਸ਼ਿਆਂ ਦੇ ਆਦੀ ਹੋ ਗਏ ਲੋਕਾਂ ਦਾ ਇਲਾਜ ਕਰਨਾ ਵੀ ਕੋਈ ਵੱਡੀ ਗੱਲ ਨਹੀਂ।
ਅਗਰ ਸਰਕਾਰ ਦੀ ਨੀਤ ਸਾਫ ਹੋਵੇ ਅਤੇ ਉਹ ਲੋਕਾਂ ਦਾ ਸਾਥ ਲੈ ਕੇ ਚੱਲੇ, ਤਾਂ ਤਿੰਨ ਮਹੀਨਿਆਂ ਵਿਚ ਨਸ਼ਿਆਂ ‘ਤੇ ਨਿਰਭਰ ਹੋ ਗਏ ਲੋਕਾਂ ਨੂੰ ਨਿਰੋਗ ਅਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਹਰ ਥਾਂ ਇਹੀ ਕਿਹਾ ਕਿ ਅੱਜ ਸਰਕਾਰੀ ਪੈਸੇ ਵਿਚ ਜਿੰਨਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਅਤੇ ਸਰਕਾਰੀ ਪੈਸੇ ਪ੍ਰਤੀ ਅਣਗਹਿਲੀ ਵਰਤ ਕੇ ਸਰਕਾਰੀ ਅਧਿਕਾਰੀ ਅਜਾਈਂ ਖਰਚੇ ਕਰਦੇ ਹਨ, ਜੇਕਰ ਇਹੀ ਰੋਕ ਲਿਆ ਜਾਵੇ, ਤਾਂ ਪੰਜਾਬ ਦਾ ਖਜ਼ਾਨਾ ਇੰਨਾ ਭਰ ਜਾਵੇਗਾ ਕਿ ਅਸੀਂ ਸਿਹਤ ਅਤੇ ਸਿੱਖਿਆ ਦਾ ਬਜਟ ਦੁੱਗਣਾ ਕਰ ਸਕਦੇ ਹਾਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਅਸੀਂ ਸਿੱਖਿਆ ਦਾ ਬਜਟ ਦੁੱਗਣੇ ਤੋਂ ਵੀ ਵੱਧ ਕਰਕੇ ਦਿਖਾਇਆ ਹੈ। ਉਹ ਇਹ ਵੀ ਦੱਸਦੇ ਰਹੇ ਕਿ ਦਿੱਲੀ ਵਿਚ ਅਸੀਂ ਮੁਹੱਲਾ ਕਲੀਨਿਕ ਬਣਾਏ ਹਨ। ਇਹ ਸਾਰੇ ਮੁਹੱਲਾ ਕਲੀਨਿਕ ਏ.ਸੀ. ਅਤੇ ਪੂਰੀ ਤਰ੍ਹਾਂ ਸਾਫ-ਸੁਥਰੇ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਸਾਰੀਆਂ ਦਵਾਈਆਂ ਅਤੇ ਹਰ ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾਣ ਲੱਗ ਪਏ ਹਨ। ਦਿੱਲੀ ਵਿਚ ਕੇਜਰੀਵਾਲ ਸਰਕਾਰ ਅਧੀਨ ਬਣੇ ਅਜਿਹੇ ਕਲੀਨਿਕਾਂ ਉਪਰ 20 ਤੋਂ 25 ਲੱਖ ਰੁਪਏ ਖਰਚ ਆਏ ਹਨ। ਜਦਕਿ ਪਹਿਲੀਆਂ ਸਰਕਾਰਾਂ ਵੱਲੋਂ ਬਣਾਏ ਜਾਂਦੇ ਅਜਿਹੇ ਕਲੀਨਿਕਾਂ ਦਾ ਬਜਟ 2 ਤੋਂ ਢਾਈ ਕਰੋੜ ਰੁਪਏ ਹੁੰਦਾ ਸੀ। ਇਥੋਂ ਹੀ ਦੇਖਿਆ ਜਾ ਸਕਦਾ ਹੈ ਕਿ 10 ਗੁਣਾ ਵੱਧ ਲਾਗਤ ਨਾਲ ਬਣਾਏ ਜਾਂਦੇ ਕਲੀਨਿਕਾਂ ਉਪਰ ਸਰਕਾਰੀ ਪੈਸੇ ਦੀ ਬੇ-ਦਰੇਗ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਤਰ੍ਹਾਂ ਇਕ ਮੁਹੱਲਾ ਕਲੀਨਿਕ ਬਣਾਉਣ ਉਪਰ ਹੀ ਸਫਾ 2 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ। ਕੇਜਰੀਵਾਲ ਆਖਦੇ ਹਨ ਕਿ ਇਸੇ ਪੈਸੇ ਨਾਲ ਹੀ ਅਸੀਂ ਉਥੇ ਦਵਾਈਆਂ ਅਤੇ ਟੈਸਟ ਮੁਫਤ ਕਰ ਦਿੱਤੇ ਹਨ। ਪੰਜਾਬ ਵਿਚ ਵੀ ਉਨ੍ਹਾਂ ਨੇ ਘਰ-ਘਰ ਜਾ ਕੇ ਕੁੰਡਾ ਖੜਕਾਇਆ ਅਤੇ ਜਾਗਦੇ ਰਹਿਣ ਦਾ ਹੋਕਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਇਮਾਨਦਾਰ ਸਰਕਾਰ ਲੈ ਕੇ ਆਓ, ਤਾਂ ਨਾ ਕਿਸੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਵੇਗਾ, ਨਾ ਕੋਈ ਬੇਰੁਜ਼ਗਾਰ ਰਹੇਗਾ ਅਤੇ ਨਾ ਹੀ ਵਪਾਰੀਆਂ ਤੇ ਸਨਅਤਕਾਰਾਂ ਦਾ ਉਜਾੜਾ ਹੋਵੇਗਾ। ਕੇਜਰੀਵਾਲ ਨੇ ਵਾਰ-ਵਾਰ ਇਸੇ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਅੱਜ ਦੋ ਗੱਲਾਂ ਕਰਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਫਸਲਾਂ ਲਈ ਕਰਜ਼ਾ ਲੈਂਦੇ ਹਨ ਅਤੇ ਦੂਜੀ ਗੱਲ ਬਿਮਾਰੀਆਂ ਦੇ ਇਲਾਜ ਲਈ ਕਰਜ਼ ਚੁੱਕਦੇ ਹਨ। ਜਦ ਕਿਸਾਨਾਂ ਨੂੰ ਫਰਜ਼ੀ ਬੀਜ, ਖਾਦ ਅਤੇ ਛਿੜਕਾਅ ਵਾਲੀਆਂ ਦਵਾਈਆਂ ਮਿਲਦੀਆਂ ਹਨ, ਤਾਂ ਉਨ੍ਹਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ, ਜਿਸ ਕਾਰਨ ਉਹ ਮੁੜ ਕਰਜ਼ਾ ਉਤਾਰਨ ਦੇ ਯੋਗ ਹੀ ਨਹੀਂ ਰਹਿੰਦੇ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਨਾ ਡਾਕਟਰ ਹਨ ਅਤੇ ਨਾ ਹੀ ਦਵਾਈਆਂ ਮਿਲਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਬਿਮਾਰੀਆਂ ਦੇ ਇਲਾਜ ਲਈ ਮਹਿੰਗੇ ਨਿੱਜੀ ਹਸਪਤਾਲਾਂ ਦਾ ਰਾਹ ਫੜਨਾ ਪੈਂਦਾ ਹੈ। ਫਸਲਾਂ ਬਰਬਾਦ ਹੋਣ ਅਤੇ ਬਿਮਾਰੀਆਂ ‘ਤੇ ਵਧੇਰੇ ਖਰਚ ਆਉਣ ਕਾਰਨ ਕਿਸਾਨ ਕਰਜ਼ੇ ਨਹੀਂ ਮੋੜ ਸਕਦੇ। ਤੇ ਕਰਜ਼ਾ ਵਸੂਲੀ ਲਈ ਬੈਂਕਾਂ ਅਤੇ ਹੋਰ ਅਦਾਰਿਆਂ ਵੱਲੋਂ ਕੀਤੀਆਂ ਜ਼ਿਆਦਤੀਆਂ ਕਾਰਨ ਉਹ ਆਪਣੀ ਜੀਵਨ ਲੀਲਾ ਹੀ ਖਤਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪਰ ਸਾਡੀ ਸਰਕਾਰ ਆਈ, ਤਾਂ ਬੀਜ, ਖਾਦਾਂ ਅਤੇ ਦਵਾਈਆਂ ਬਿਲਕੁਲ ਸਹੀ ਅਤੇ ਉਚਿਤ ਦਾਮ ‘ਤੇ ਮਿਲਣਗੀਆਂ। ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਟੈਸਟ ਮੁਫਤ ਹੋਣਗੇ।
ਨਾਲ ਹੀ ਉਹ ਇਹ ਵੀ ਵਾਅਦਾ ਕਰਕੇ ਗਏ ਹਨ ਕਿ ਆਪ ਦੀ ਸਰਕਾਰ ਬਣਨ ਉੱਤੇ ਖੁਦਕੁਸ਼ੀ ਕਰਨ ਵਾਲੇ ਹਰ ਕਿਸਾਨ ਦੇ ਪਰਿਵਾਰ ਨੂੰ ਤੁਰੰਤ 10-10 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸੇ ਕਿਸਾਨ ਦੀ ਕੁਦਰਤੀ ਆਫਤ ਨਾਲ ਬਰਬਾਦ ਹੋਈ ਫਸਲ ਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਤਿੰਨ ਮਹੀਨਿਆਂ ਦੇ ਅੰਦਰ ਦੇਣਾ ਯਕੀਨੀ ਬਣੇਗਾ। ਕੇਜਰੀਵਾਲ ਨੇ ਹਰ ਵਰਗ ਦੇ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਨੀਤੀਆਂ ਤੇ ਫੈਸਲੇ ਤੁਸੀਂ ਲੋਕਾਂ ਨੇ ਲੈਣੇ ਹਨ, ਸਰਕਾਰ ਤਾਂ ਉਨ੍ਹਾਂ ਨੂੰ ਲਾਗੂ ਕਰੇਗੀ। ‘ਆਪ’ ਵੱਲੋਂ ਆਪਣਾ ਮੈਨੀਫੈਸਟੋ ਬਣਾਉਣ ਲਈ ਇਕ ਪੰਜਾਬ ਸੰਵਾਦ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 120 ਥਾਂਵਾਂ ਉਪਰ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਜਾ ਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਤੇ ‘ਆਪ’ ਦੇ ਆਗੂ ਵਿਚਾਰ-ਵਟਾਂਦਰਾ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਜਾਣਨ ਦਾ ਯਤਨ ਕਰਨਗੇ। ਲੋਕਾਂ ਵੱਲੋਂ ਪੰਜਾਬ ਸੰਵਾਦ ਵਿਚ ਮਿਲੀ ਜਾਣਕਾਰੀ ਅਨੁਸਾਰ ਹੀ ‘ਆਪ’ ਦਾ ਮੈਨੀਫੈਸਟੋ ਬਣਾਇਆ ਜਾਵੇਗਾ। ਕੇਜਰੀਵਾਲ ਨੇ ਲੋਕਾਂ ਨੂੰ ਇਸ ਗੱਲ ਦਾ ਵੀ ਭਰੋਸਾ ਦਿੱਤਾ ਕਿ ਸਰਕਾਰ ਬਣਨ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰੀ ਕੰਮਕਾਜ ਵਿਚ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਬਣਾਈ ਜਾਂਦੀ ਰਹੇਗੀ। ਮੁਹੱਲਿਆਂ ਤੋਂ ਲੈ ਕੇ ਉਪਰ ਤੱਕ ਲੋਕਾਂ ਦੀਆਂ ਨਿਗਰਾਨੀ ਵਾਲੀਆਂ ਕਮੇਟੀਆਂ ਬਣਨਗੀਆਂ ਅਤੇ ਇਹ ਕਮੇਟੀਆਂ ਲਗਾਤਾਰ ਸਰਕਾਰੀ ਕਾਰਗੁਜ਼ਾਰੀ ਅਤੇ ਕੰਮਕਾਜ ਉਪਰ ਆਪਣੀ ਕਰੜੀ ਨਿਗ੍ਹਾ ਰੱਖਣਗੀਆਂ।
ਦੂਜੇ ਪਾਸੇ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਜਿਸ ਤਰ੍ਹਾਂ ਭਾਜੜ ਪਈ ਅਤੇ ਉਨ੍ਹਾਂ ਨੇ ਕੇਜਰੀਵਾਲ ਨੂੰ ਭੰਡਣ ਲਈ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਅਤੇ ਕਈ ਥਾਂਵਾਂ ਉਪਰ ਉਨ੍ਹਾਂ ਦੀਆਂ ਮੀਟਿੰਗਾਂ ਜਾਂ ਸਮਾਗਮਾਂ ਵਿਚ ਖਰੂਦ ਪਾਉਣ ਦਾ ਯਤਨ ਕੀਤਾ ਅਤੇ ਅਖੀਰਲੇ ਦਿਨ ਲੁਧਿਆਣਾ ਵਿਚ ਜਿਸ ਤਰ੍ਹਾਂ ਅਕਾਲੀਆਂ ਵੱਲੋਂ ਉਨ੍ਹਾਂ ਦੇ ਕਾਫਿਲੇ ਉਪਰ ਪੱਥਰ ਸੁੱਟੇ ਗਏ, ਉਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵਾਂ ਪਾਰਟੀਆਂ ਨੂੰ ‘ਆਪ’ ਦਾ ਹਊਆ ਪੈਦਾ ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਕਿਸੇ ਦਲੀਲ ਜਾਂ ਤਰਕ ਦੇ ਆਧਾਰ ‘ਤੇ ‘ਆਪ’ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਨਿੱਜੀ ਕਿਸਮ ਦੇ ਦੋਸ਼ ਜਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਵਿਚ ਭਰਮ ਪਾਉਣ ਦਾ ਯਤਨ ਕਰ ਰਹੇ ਹਨ। ਪਰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਮਨ ਬਣਾ ਲਿਆ ਹੈ ਅਤੇ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.