ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਦਸਤਾਰ ਦੀ ਪਛਾਣ ਲਈ ਕੈਨੇਡਾ ਵਾਂਗ ਅਮਰੀਕੀ ਸਿੱਖ ਵੀ ਸਿਆਸਤ ‘ਚ ਹੋਣ ਸਰਗਰਮ
ਦਸਤਾਰ ਦੀ ਪਛਾਣ ਲਈ ਕੈਨੇਡਾ ਵਾਂਗ ਅਮਰੀਕੀ ਸਿੱਖ ਵੀ ਸਿਆਸਤ ‘ਚ ਹੋਣ ਸਰਗਰਮ
Page Visitors: 2642

ਦਸਤਾਰ ਦੀ ਪਛਾਣ ਲਈ ਕੈਨੇਡਾ ਵਾਂਗ ਅਮਰੀਕੀ ਸਿੱਖ ਵੀ ਸਿਆਸਤ ‘ਚ ਹੋਣ ਸਰਗਰਮ

Posted On 09 Mar 2016

c
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਤੋਂ ਸਿੱਖਾਂ ਤੇ ਪੰਜਾਬੀਆਂ ਦਾ ਪ੍ਰਵਾਸ ਕੈਨੇਡਾ ਅਤੇ ਅਮਰੀਕਾ ਵਿਚ ਲਗਭਗ ਇਕੋ ਸਮੇਂ ਹੋਇਆ ਸੀ। 19ਵੀਂ ਸਦੀ ਦੇ ਅਖੀਰ ਵਿਚ ਪੰਜਾਬੀ ਸਿੱਖ ਭਾਰਤ ਤੋਂ ਕੈਲੀਫੋਰਨੀਆ ਆਉਣੇ ਸ਼ੁਰੂ ਹੋਏ ਸਨ ਤੇ ਲਗਭਗ ਇਹੀ ਸਮਾਂ ਸੀ, ਜਦ ਕੈਨੇਡਾ ਦੀ ਧਰਤੀ ਉਪਰ ਪੰਜਾਬੀਆਂ ਨੇ ਪੈਰ ਪਾਉਣੇ ਸ਼ੁਰੂ ਕੀਤੇ। ਪਰ ਹੁਣ ਜਦ ਅਸੀਂ ਵੇਖਦੇ ਹਾਂ, ਤਾਂ ਕੈਨੇਡਾ ਵਿਚ ਪੰਜਾਬੀਆਂ ਨੇ ਸਿਆਸੀ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰਨ ਕਾਰਨ ਉਥੇ ਆਪਣੀ ਪਹਿਚਾਣ ਅਤੇ ਰੁਤਬੇ ਦੀ ਵੱਡੀ ਛਾਪ ਹਰ ਖੇਤਰ ਵਿਚ ਛੱਡੀ ਹੈ। ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਜਾਂ ਜਿਸ ਨੂੰ ਆਮ ਤੌਰ ‘ਤੇ ਵੈਨਕੂਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਓਨਟਾਰੀਓ (ਟੋਰਾਂਟੋ), ਕੈਲਗਰੀ ਅਤੇ ਐਡਮਿੰਟਨ ਅਜਿਹੇ ਖੇਤਰ ਹਨ, ਜਿਥੇ ਪੰਜਾਬੀਆਂ ਦੀ ਵਸੋਂ ਕਾਫੀ ਸੰਘਣੀ ਹੈ। ਇਨ੍ਹਾਂ ਥਾਂਵਾਂ ਤੋਂ ਵੱਖ-ਵੱਖ ਸੂਬਾਈ ਅਸੈਂਬਲੀਆਂ ਅਤੇ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਕਾਫੀ ਵੱਡੀ ਹੈ। ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਪੰਜਾਬੀ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ 18 ਹੈ, ਜਿਨ੍ਹਾਂ ਵਿਚੋਂ 6 ਮੈਂਬਰ ਵਜ਼ੀਰ ਵੀ ਬਣੇ ਹਨ। ਸ. ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਕੋਲ ਤਾਂ ਰੱਖਿਆ ਅਤੇ ਸਨਅਤ ਵਰਗੇ ਵੱਡੇ ਵਿਭਾਗ ਹਨ। ਇਸੇ ਤਰ੍ਹਾਂ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਸੈਂਬਲੀਆਂ ਵਿਚ ਵੀ ਪੰਜਾਬੀ ਵਿਧਾਨਕਾਰਾਂ ਦੀ ਕਾਫੀ ਗਿਣਤੀ ਹੈ। ਪਰ ਇਸ ਦੇ ਉਲਟ ਅਮਰੀਕਾ ਵਿਚ ਭਾਵੇਂ 1957 ਵਿਚ ਪਹਿਲੇ ਏਸ਼ੀਅਨ ਸ. ਦਲੀਪ ਸਿੰਘ ਸੌਂਧ ਕਾਂਗਰਸਮੈਨ ਚੁਣੇ ਗਏ ਸਨ, ਪਰ ਉਨ੍ਹਾਂ ਤੋਂ ਬਾਅਦ ਅਮਰੀਕਾ ਵਿਚ ਕੋਈ ਕਾਂਗਰਸਮੈਨ, ਸੈਨੇਟਰ ਜਾਂ ਅਸੈਂਬਲੀਮੈਨ ਨਹੀਂ ਚੁਣਿਆ ਗਿਆ।
ਅਮਰੀਕਾ ਵਿਚ ਕੈਲੀਫੋਰਨੀਆ ਅਤੇ ਨਿਊਯਾਰਕ ਦੋ ਅਜਿਹੇ ਖੇਤਰ ਹਨ, ਜਿਥੇ ਸਿੱਖਾਂ ਦੀ ਆਬਾਦੀ ਕਾਫੀ ਸੰਘਣੀ ਹੈ। ਇਨ੍ਹਾਂ ਖੇਤਰਾਂ ਵਿਚ ਸਿੱਖ ਰਾਜਸੀ ਖੇਤਰ ਵਿਚ ਵੀ ਆਪਣੀ ਪਛਾਣ ਕਾਇਮ ਕਰ ਸਕਦੇ ਹਨ। ਪਰ ਸਾਡੇ ਲੋਕਾਂ ਵੱਲੋਂ ਕੋਈ ਬੱਝਵਾਂ ਰੋਲ ਨਾ ਅਦਾ ਕਰਨ ਕਰਕੇ ਇਥੇ ਸਿਰਫ ਕੌਂਸਲ ਮੈਂਬਰ ਜਾਂ ਕੁਝ ਥਾਵਾਂ ‘ਤੇ ਮੇਅਰ ਦੇ ਅਹੁਦੇ ਹਾਸਲ ਕਰਨ ਤੱਕ ਹੀ ਪੰਜਾਬੀ ਆਗੂ ਜਾਂਦੇ ਰਹੇ ਹਨ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਅਹੁਦੇਦਾਰਾਂ ਵਿਚ ਸਾਬਤ-ਸੂਰਤ ਸਿੱਖਾਂ ਦੀ ਘਾਟ ਬੇਹੱਦ ਰੜਕਦੀ ਰਹਿੰਦੀ ਹੈ।
ਅਮਰੀਕਾ ਵਿਚ ਜੇਕਰ ਸਿੱਖਾਂ ਨੇ ਆਪਣੀ ਪਛਾਣ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਾ ਹੈ ਅਤੇ ਸਿੱਖ ਧਰਮ ਪ੍ਰਤੀ ਅਮਰੀਕੀ ਲੋਕਾਂ ‘ਚ ਸ਼ਰਧਾ-ਭਾਵਨਾ ਜਗਾਉਣੀ ਹੈ, ਤਾਂ ਲਾਜ਼ਮੀ ਹੈ ਕਿ ਕਾਂਗਰਸ ਅਤੇ ਅਸੈਂਬਲੀਆਂ ‘ਚ ਕੋਈ ਨਾ ਕੋਈ ਪੱਗੜੀਧਾਰੀ ਅਤੇ ਕੇਸਾਧਾਰੀ ਸਿੱਖ ਬੈਠਾ ਨਜ਼ਰ ਆਉਣਾ ਚਾਹੀਦਾ ਹੈ। ਪਾਰਲੀਮੈਂਟ ਅਤੇ ਅਸੈਂਬਲੀਆਂ ਵਿਚ ਜਦ ਸਿੱਖ ਬੈਠੇ ਹੋਣਗੇ, ਤਾਂ ਉਨ੍ਹਾਂ ਨੂੰ ਦੇਖ ਕੇ ਅਮਰੀਕੀ ਲੋਕਾਂ ਵਿਚ ਇਸ ਗੱਲ ਦਾ ਅਹਿਸਾਸ ਜਾਗੇਗਾ ਕਿ ਦੇਸ਼ ਦੀਆਂ ਨੀਤੀਆਂ ਘੜਨ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿਚ ਸਿੱਖਾਂ ਦਾ ਵੀ ਅਹਿਮ ਰੋਲ ਹੈ।
ਇਸ ਵੇਲੇ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੀ ਪਹਿਚਾਣ ਬਾਰੇ ਪੈਦਾ ਹੋਈ ਗਲਤਫਹਿਮੀ ਕਾਰਨ ਅਨੇਕਾਂ ਵਾਰ ਸਾਡੇ ਲੋਕਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ। ਵਿਸਕਾਨਸਨ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਬੇਹੱਦ ਚਿੰਤਾ ਵਾਲੀ ਸੀ। ਅਜੇ ਹੁਣੇ ਜਿਹੇ ਲਾਸ ਏਂਜਲਸ ਨੇੜਲੇ ਬਿਊਨਾ ਪਾਰਕ, ਫਰਿਜ਼ਨੋ ਅਤੇ ਸਿਆਟਲ ਨੇੜੇ ਸਪੋਕੇਨ ਗੁਰਦੁਆਰਿਆਂ ਉਪਰ ਹੋਏ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਇਸ ਖੇਤਰ ਵਿਚ ਰਹਿੰਦੀ ਵਸੋਂ ਨੂੰ ਅਸੀਂ ਆਪਣੇ ਬਾਰੇ ਜਾਣਕਾਰੀ ਦੇਣ ਵਿਚ ਸਫਲ ਨਹੀਂ ਹਾਂ। ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੇ ਗੁਆਂਢੀਆਂ ਤੱਕ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਧਰਮ ਨਾਲ ਸੰਬੰਧਤ ਲੋਕ ਹਾਂ ਅਤੇ ਸਾਡੇ ਧਰਮ ਦੇ ਰੀਤੀ-ਰਿਵਾਜ਼, ਪਹਿਰਾਵਾ ਅਤੇ ਸਹਿਚਾਰ ਕਿਹੋ ਜਿਹਾ ਹੈ। ਸਾਡੇ ਲੋਕਾਂ ਦਾ ਪਹਿਲਾ ਫਰਜ਼ ਤਾਂ ਇਹੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਪ੍ਰਤੀ ਸੁਹਿਰਦ ਬਣੀਏ ਅਤੇ ਉਨ੍ਹਾਂ ਨਾਲ ਲਗਾਅ ਅਤੇ ਨੇੜਤਾ ਕਾਇਮ ਕਰੀਏ।
ਕੈਨੇਡਾ ਵਿਚ ਇਹ ਨਹੀਂ ਕਿ ਪੰਜਾਬੀਆਂ ਦੀ ਵਸੋਂ ਬਹੁਗਿਣਤੀ ਵਿਚ ਹੈ, ਤਾਂ ਹੀ ਪੰਜਾਬੀ ਐੱਮ.ਪੀ. ਅਤੇ ਵਿਧਾਇਕ ਜਿੱਤਦੇ ਹਨ। ਉਥੇ ਕਿਧਰੇ ਵੀ ਸਿੱਖਾਂ ਦੀ ਗਿਣਤੀ 15 ਫੀਸਦੀ ਤੋਂ ਵਧੇਰੇ ਨਹੀਂ ਹੋਵੇਗੀ, ਪਰ ਫਿਰ ਵੀ ਪੰਜਾਬੀ ਐੱਮ.ਪੀ. ਅਤੇ ਵਿਧਾਇਕ ਚੁਣੇ ਜਾਂਦੇ ਹਨ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਸਾਡੇ ਲੋਕਾਂ ਨੇ ਉਥੋਂ ਦੇ ਵਸਨੀਕਾਂ ਦਾ ਭਰੋਸਾ ਜਿੱਤਿਆ ਹੈ। ਉਥੋਂ ਦੀਆਂ ਰਾਜਸੀ ਪਾਰਟੀਆਂ ਵਿਚ ਆਪਣਾ ਅਹਿਮ ਸਥਾਨ ਬਣਾਇਆ ਹੈ ਅਤੇ ਖਾਸਕਰ ਕੈਨੇਡਾ ਦੇ ਲੋਕਾਂ ਦੇ ਵਿਕਾਸ ‘ਚ ਸ਼ਾਮਲ ਹੋਣ ਦਾ ਪੱਕਾ ਯਕੀਨ ਦਿਵਾਇਆ ਹੈ। ਇਹੀ ਕਾਰਨ ਹੈ ਕਿ ਇਕ ਸਾਬਤ-ਸੂਰਤ ਸਿੱਖ ਇਸ ਵੇਲੇ ਕੈਨੇਡਾ ਦੇ ਰੱਖਿਆ ਮੰਤਰਾਲੇ ਦਾ ਵਜ਼ੀਰ ਹੈ ਤੇ ਇਸ ਉਪਰ ਸਾਰੇ ਕੈਨੇਡੀਅਨ ਲੋਕ ਫਖ਼ਰ ਵੀ ਮਹਿਸੂਸ ਕਰ ਰਹੇ ਹਨ। ਅਮਰੀਕਾ ਵਿਚ ਰਹਿੰਦੇ ਸਾਡੇ ਲੋਕਾਂ ਨੂੰ ਵੀ ਅਜਿਹਾ ਭਰੋਸਾ ਆਪਣੇ ਖੇਤਰਾਂ ਦੇ ਵਸਨੀਕਾਂ ਵਿਚ ਬਣਾਉਣਾ ਪਵੇਗਾ। ਹਾਲਾਂਕਿ ਕੈਲੀਫੋਰਨੀਆ ਵਿਚ ਖੇਤੀਬਾੜੀ, ਟਰਾਂਸਪੋਰਟ, ਬੀਮਾ ਕੰਪਨੀਆਂ, ਰੈਸਟੋਰੈਂਟ ਅਤੇ ਹੋਰ ਅਨੇਕ ਕਾਰੋਬਾਰਾਂ ਵਿਚ ਵੱਡਾ ਨਾਮ ਪੈਦਾ ਕੀਤਾ ਹੋਇਆ ਹੈ। ਪਰ ਰਾਜਸੀ ਖੇਤਰ ਵਿਚ ਅਸੀਂ ਬੇਹੱਦ ਪਛੜੇ ਹੋਏ ਹਾਂ। ਕਿਸੇ ਵੀ ਰਾਜਸੀ ਪਾਰਟੀ ਵਿਚ ਕੋਈ ਅਹਿਮ ਅਹੁਦਾ ਸਾਡੇ ਲੋਕਾਂ ਕੋਲ ਨਹੀਂ ਹੈ। ਇਸ ਕਰਕੇ ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ, ਗੁਰੂ ਘਰਾਂ ਅਤੇ ਹੋਰ ਸੰਗਠਨਾਂ ਨੂੰ ਚਾਹੀਦਾ ਹੈ ਕਿ ਉਹ ਅਮਰੀਕੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਆਪਣਾ ਤਾਲਮੇਲ ਅਤੇ ਸਹਿਚਾਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਆਪਣੇ ਹੁੰਦੇ ਸਮਾਗਮਾਂ ਵਿਚ ਸਿਰਫ ਲੀਡਰਾਂ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਸੱਦਿਆ ਜਾਵੇ। ਇਸੇ ਤਰ੍ਹਾਂ ਅਮਰੀਕੀ ਲੋਕਾਂ ਦੇ ਹਰ ਸਾਲ ਹੁੰਦੇ ਵੱਡੇ ਸਮਾਗਮਾਂ, ਆਜ਼ਾਦੀ ਦਿਵਸ ਅਤੇ ਪਰੇਡਾਂ ਵਿਚ ਸਾਡੇ ਲੋਕਾਂ ਨੂੰ ਉਚੇਚੇ ਤੌਰ ‘ਤੇ ਪੱਗੜੀਧਾਰੀ ਹੋ ਕੇ ਗਰੁੱਪਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂਕਿ ਇਨ੍ਹਾਂ ਸਮਾਗਮਾਂ ਵਿਚ ਸਾਡੀ ਵੱਖਰੀ ਪਛਾਣ ਦਾ ਅਮਰੀਕੀ ਲੋਕਾਂ ਨੂੰ ਅਹਿਸਾਸ ਹੋ ਸਕੇ।
ਜਿਥੇ ਅਸੀਂ ਆਪਣੀ ਜਨਮ ਭੂਮੀ ਪ੍ਰਤੀ ਸੁਹਿਰਦਤਾ ਦਿਖਾਉਂਦੇ ਹਾਂ ਅਤੇ ਲਗਾਤਾਰ ਪੰਜਾਬ ਵਾਪਰਦੀਆਂ ਘਟਨਾਵਾਂ ਅਤੇ ਉਥੋਂ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਿਰ ਕਰਦੇ ਹਾਂ ਅਤੇ ਮਨ ਵਿਚ ਹਮੇਸ਼ਾ ਇਹ ਕਸ਼ਿਸ਼ ਰਹਿੰਦੀ ਹੈ ਕਿ ਪੰਜਾਬ ਤੋਂ ਠੰਡੀ ਹਵਾ ਦੇ ਬੁੱਲ੍ਹੇ ਆਉਣ। ਉਸੇ ਤਰ੍ਹਾਂ ਹੁਣ ਸਾਨੂੰ ਅਮਰੀਕੀ ਸਮਾਜ ਦਾ ਅੰਗ ਬਣ ਕੇ ਰਹਿਣ ਦਾ ਚੱਜ ਵੀ ਸਿੱਖਣਾ ਚਾਹੀਦਾ ਹੈ। ਇਹ ਗੱਲ ਸਭ ਨੂੰ ਪਤਾ ਹੈ ਕਿ ਇਥੇ ਰਹਿੰਦੇ ਪੰਜਾਬੀ ਹੁਣ ਅਮਰੀਕੀ ਪੰਜਾਬੀ ਬਣ ਗਏ ਹਨ ਅਤੇ ਉਨ੍ਹਾਂ ਦਾ ਭਵਿੱਖ ਇਸ ਦੇਸ਼ ਨਾਲ ਹੀ ਜੁੜ ਗਿਆ ਹੈ।
ਸਾਡੀ ਨਵੀਂ ਪੀੜ੍ਹੀ ਇਥੇ ਵਿੱਦਿਆ ਹਾਸਲ ਕਰਕੇ ਇਥੋਂ ਦੇ ਸੱਭਿਆਚਾਰ, ਰਹੁ-ਰੀਤਾਂ ਅਤੇ ਰਹਿਣ-ਸਹਿਣ, ਖਾਣ-ਪੀਣ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਇਥੋਂ ਦੇ ਸਮਾਜ ਦਾ ਹਿੱਸਾ ਬਣ ਚੁੱਕੀ ਹੈ। ਸਾਨੂੰ ਚਾਹੀਦਾ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਸਿਆਸੀ ਖੇਤਰ ਵਿਚ ਆਪਣੀ ਭੂਮਿਕਾ ਅਦਾ ਕਰਨ ਲਈ ਅੱਗੇ ਲਿਆਉਣਾ ਚਾਹੀਦਾ ਹੈ। ਉਹ ਇਥੋਂ ਦੇ ਕਾਨੂੰਨ, ਸੰਵਿਧਾਨ ਅਤੇ ਰਾਜਸੀ ਸੱਭਿਆਚਾਰ ਪ੍ਰਤੀ ਵੀ ਵਧੇਰੇ ਜਾਗ੍ਰਿਤ ਹਨ। ਉਨ੍ਹਾਂ ਨੂੰ ਇਥੋਂ ਦੀ ਰਾਜਨੀਤਿਕ ਪ੍ਰਣਾਲੀ ਬਾਰੇ ਵਧੇਰੇ ਗਿਆਨ ਹੈ। ਉਹ ਅਮਰੀਕਾ ਦੇ ਰਾਜਸੀ ਸੱਭਿਆਚਾਰ ਨਾਲ ਵੀ ਵਧੇਰੇ ਇਕਮਿਕ ਹੋ ਗਏ ਹਨ। ਇਸ ਕਰਕੇ ਜੇਕਰ ਉਹ ਰਾਜਸੀ ਖੇਤਰ ਵਿਚ ਸਰਗਰਮ ਹੋਣਗੇ, ਤਾਂ ਉਹ ਵਧੇਰੇ ਆਸਾਨੀ ਨਾਲ ਅੱਗੇ ਵਧ ਸਕਦੇ ਹਨ ਅਤੇ ਇਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਵੀ ਵਧੇਰੇ ਕਾਮਯਾਬ ਹੋ ਸਕਦੇ ਹਨ।
   ਸਮੂਹ ਅਮਰੀਕੀ ਪੰਜਾਬੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈਣੀ ਚਾਹੀਦੀ ਹੈ ਕਿ ਰਾਜਸੀ ਖੇਤਰ ਵਿਚ ਆਪਣਾ ਅਹਿਮ ਸਥਾਨ ਬਣਾਏ ਬਗੈਰ ਅਸੀਂ ਇਥੋਂ ਦੇ ਵਪਾਰਕ, ਸਨਅਤ ਅਤੇ ਹੋਰ ਕਾਰੋਬਾਰੀ ਖੇਤਰ ਵਿਚ ਅੱਗੇ ਨਹੀਂ ਵਧ ਸਕਾਂਗੇ। ਜੇਕਰ ਰਾਜਸੀ ਖੇਤਰ ਵਿਚ ਅਸੀਂ ਆਪਣਾ ਚੰਗਾ ਸਥਾਨ ਬਣਾ ਲਈਏ, ਤਾਂ ਸਾਡੀ ਵੱਖਰੀ ਪਛਾਣ ਦਾ ਅਹਿਸਾਸ ਪੈਦਾ ਕਰਨ ਵਿਚ ਸਾਨੂੰ ਵੱਡੀ ਮੁਸ਼ਕਿਲ ਨਹੀਂ ਆਵੇਗੀ, ਸਗੋਂ ਉਲਟਾ ਰਾਜਸੀ ਖੇਤਰ ਵਿਚ ਸਾਡੀ ਹੋਂਦ ਸਾਡੀ ਪਹਿਚਾਣ ਦਾ ਵੱਡਾ ਕਾਰਨ ਬਣ ਸਕੇਗੀ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਫੈਸਲੇ ਕਰਨ ਵਾਲੀਆਂ ਥਾਵਾਂ ਉਪਰ ਵੀ ਆਪਣਾ ਵਜੂਦ ਕਾਇਮ ਕਰ ਸਕੀਏ। ਕਿਉਂਕਿ ਘੱਟ ਗਿਣਤੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਫੈਸਲੇ ਲੈਣ ਵਾਲੀਆਂ ਥਾਵਾਂ ਉਪਰ ਸਾਡੇ ਲੋਕਾਂ ਦੀ ਪ੍ਰਤੀਨਿਧਤਾ ਯਕੀਨੀ ਬਣੇ। ਜੇਕਰ ਸਾਡੇ ਲੋਕ ਭਾਵੇਂ ਥੋੜ੍ਹੇ ਹੀ ਸੀ, ਨੀਤੀਆਂ ਘੜਨ ਵਾਲੀਆਂ ਥਾਵਾਂ ‘ਤੇ ਬੈਠੇ ਹੋਣ, ਤਾਂ ਉਹ ਆਪਣੇ ਹੱਕ ਵਿਚ ਫੈਸਲੇ ਕਰਾਉਣ ਵਿਚ ਕਾਫੀ ਹੱਦ ਤੱਕ ਸਫਲ ਰਹਿੰਦੇ ਹਨ। ਇਸ ਕਰਕੇ ਸਮੂਹ ਪੰਜਾਬੀ ਲੋਕਾਂ ਨੂੰ ਇਸ ਮਾਮਲੇ ਨੂੰ ਧਿਆਨ ਵਿਚ ਰੱਖ ਕੇ ਚੱਲਣਾ ਚਾਹੀਦਾ ਹੈ, ਖਾਸਕਰ ਸਾਡੀਆਂ ਸੰਸਥਾਵਾਂ ਅਤੇ ਸੰਗਠਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਰਾਜਸੀ ਖੇਤਰ ਵਿਚ ਸਰਗਰਮੀ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਚੱਲਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.