ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕਾ ‘ਚ ਹੁੰਦੀਆਂ ਗੁਰਦੁਆਰਾ ਚੋਣਾਂ ਨੇ ਸਮਾਜ ‘ਚ ਪੈਦਾ ਕੀਤੀਆਂ ਧੜੇਬੰਦੀਆਂ
ਅਮਰੀਕਾ ‘ਚ ਹੁੰਦੀਆਂ ਗੁਰਦੁਆਰਾ ਚੋਣਾਂ ਨੇ ਸਮਾਜ ‘ਚ ਪੈਦਾ ਕੀਤੀਆਂ ਧੜੇਬੰਦੀਆਂ
Page Visitors: 2548

ਅਮਰੀਕਾ ‘ਚ ਹੁੰਦੀਆਂ ਗੁਰਦੁਆਰਾ ਚੋਣਾਂ ਨੇ ਸਮਾਜ ‘ਚ ਪੈਦਾ ਕੀਤੀਆਂ ਧੜੇਬੰਦੀਆਂ

Posted On 16 Mar 2016
6

-ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਭਰ ‘ਚ ਸਿੱਖਾਂ ਦੀ ਆਬਾਦੀ 7 ਲੱਖ ਦੇ ਕਰੀਬ ਹੋ ਚੁੱਕੀ ਹੈ। ਜਿਥੇ-ਜਿਥੇ ਵੀ ਸਿੱਖਾਂ ਦੀ ਵਸੋਂ ਹੈ, ਉਥੇ ਗੁਰੂ ਘਰ ਵੀ ਬਣ ਚੁੱਕੇ ਹਨ, ਜਿਥੇ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣੀ ਸ਼ਰਧਾ ਪ੍ਰਗਟ ਕਰਨ ਜਾਂਦੀ ਹੈ। ਇਨ੍ਹਾਂ ਗੁਰੂ ਘਰਾਂ ਵਿਚ 70 ਫੀਸਦੀ ਦੇ ਕਰੀਬ ਅਜਿਹੀਆਂ ਪ੍ਰਬੰਧਕ ਕਮੇਟੀਆਂ ਹਨ, ਜਿਨ੍ਹਾਂ ਦੇ ਲੜਾਈ-ਝਗੜਿਆਂ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ। ਜਿਥੇ ਪ੍ਰਬੰਧਕ ਕਮੇਟੀਆਂ ਦੀ ਆਪਸੀ ਧੜੇਬੰਦੀ ਵਧੀ ਹੈ, ਉਥੇ ਬਹੁਤੀਆਂ ਥਾਵਾਂ ‘ਚ ਸਿੱਖ ਸੰਗਤ ਵੀ ਪਾਟੋ-ਧਾੜ ਹੋਈ ਪਈ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।
ਗੁਰਦੁਆਰਾ ਸਾਹਿਬ ਦੀ ਸਥਾਪਨਾ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਲਈ ਜ਼ਰੂਰੀ ਹੈ। ਗੁਰਦੁਆਰੇ ਸਾਡੇ ਧਰਮ ਦਾ ਕੇਂਦਰ ਹਨ। ਪਰ ਬਾਹਰਲੇ ਮੁਲਕਾਂ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀ ਮਹੱਤਤਾ ਭਾਰਤ ਨਾਲੋਂ ਵੀ ਵਧੇਰੇ ਹੈ। ਬਾਹਰਲੇ ਮੁਲਕਾਂ ਵਿਚ ਗੁਰਦੁਆਰੇ ਸਿਰਫ ਧਾਰਮਿਕ ਪ੍ਰਚਾਰ ਤੱਕ ਹੀ ਸੀਮਤ ਨਹੀਂ, ਸਗੋਂ ਇਹ ਸਿੱਖਾਂ ਦੀ ਸਮੁੱਚੀ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਸੀ ਸਰਗਰਮੀ ਦਾ ਵੀ ਕੇਂਦਰ ਬਣੇ ਹੋਏ ਹਨ। ਬਾਹਰਲੇ ਮੁਲਕਾਂ ਵਿਚ ਆਪਸੀ ਮੇਲਜੋਲ ਦਾ ਵੱਡਾ ਜ਼ਰੀਆ ਵੀ ਗੁਰੂ ਘਰ ਬਣਦੇ ਹਨ। ਹਫਤੇ ਵਿਚ ਇਕ ਦਿਨ ਅਜਿਹਾ ਹੁੰਦਾ ਹੈ, ਜਦ ਸਿੱਖ ਸਮਾਜ ਆਪਣੇ ਸਭ ਕੰਮਾਂ ਤੋਂ ਵਿਹਲੇ ਹੋ ਕੇ ਗੁਰੂ ਘਰਾਂ ਵਿਚ ਪਹੁੰਚ ਕੇ ਆਪਣੀ ਸ਼ਰਧਾ ਦੇ ਫੁੱਲ ਵੀ ਭੇਂਟ ਕਰਦੇ ਹਨ ਅਤੇ ਲੋਕਾਂ ਦਾ ਆਪਸੀ ਤਾਲਮੇਲ ਵੀ ਬਣਦਾ ਹੈ। ਅਸੀਂ ਵੇਖਦੇ ਹਾਂ ਕਿ ਅਮਰੀਕਾ ਵਿਚ ਗੁਰੂ ਘਰਾਂ ਨੇ ਸ਼ੁਰੂ ਵਿਚ ਲੋਕਾਂ ਦੇ ਆਪਸੀ ਤਾਲਮੇਲ ਅਤੇ ਸਮਾਜਿਕ ਸਰਗਰਮੀਆਂ ਦੇ ਕੇਂਦਰ ਵਜੋਂ ਵੱਡੀ ਭੂਮਿਕਾ ਅਦਾ ਕੀਤੀ ਹੈ। ਪਰ ਹਾਲਾਤ ਦੇ ਚੱਲਦਿਆਂ ਸਾਡੇ ਲੋਕਾਂ ਨੇ ਕੁਝ ਭੈੜ ਵੀ ਆਪਣੇ ਨਾਲ ਹੀ ਤੋਰ ਲਏ ਹਨ। ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਪ੍ਰਬੰਧ ਲਈ ਹੁੰਦੇ ਝਗੜੇ, ਗੁਰਦੁਆਰਾ ਪ੍ਰਬੰਧ ਲਈ ਹੁੰਦੀਆਂ ਚੋਣਾਂ ਅਤੇ ਅਦਾਲਤੀ ਝਗੜੇ ਸਿੱਖਾਂ ਦਰਮਿਆਨ ਆਪਸੀ ਫੁੱਟ ਅਤੇ ਧੜੇਬੰਦੀਆਂ ਪੈਦਾ ਕਰਨ ਦਾ ਵੱਡਾ ਕਾਰਨ ਬਣ ਰਹੀਆਂ ਹਨ। ਸਿੱਖ ਧਰਮ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਸਿੱਖਾਂ ਅੰਦਰ ਪੰਚ ਪ੍ਰਧਾਨੀ ਜਾਂ ਇਉਂ ਕਹਿ ਲਈਏ ਕਿ ਪੰਜ ਪਿਆਰਿਆਂ ਦੀ ਅਦੁੱਤੀ ਵਿਰਾਸਤੀ ਮਹੱਤਤਾ ਹੈ। ਸਿੱਖ ਗੁਰਦੁਆਰਾ ਸਾਹਿਬ ਨੂੰ ਚਲਾਉਣ ਜਾਂ ਇਸ ਦੇ ਪ੍ਰਬੰਧਕ ਚੁਣਨ ਲਈ ਵੀ ਜਦੋਂ ਸਿੱਖ ਧੜੇਬੰਦੀਆਂ ‘ਚ ਵੰਡੇ ਜਾਂਦੇ ਹਨ ਅਤੇ ਇਨ੍ਹਾਂ ਅਸਥਾਨਾਂ ਦੀ ਚੋਣ ਲਈ ਫਿਰ ਪੰਜਾਬ ਵਿਚ ਵੋਟਾਂ ਪੈਣ ਵਾਂਗ ਜ਼ੋਰ ਅਜ਼ਮਾਈ ਕੀਤੀ ਜਾਂਦੀ ਹੈ, ਤਾਂ ਇਸ ਨਾਲ ਧਾਰਮਿਕ ਸ਼ਰਧਾ ਅਤੇ ਮਾਣ-ਮਰਿਆਦਾ ਤਾਂ ਖੰਭ ਹੀ ਲਾ ਕੇ ਉੱਡ ਜਾਂਦੀ ਹੈ।
ਪਿਛਲੇ ਸਮੇਂ ਦੌਰਾਨ ਕੈਲੀਫੋਰਨੀਆ ਵਿਚ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਹੋਈਆਂ ਚੋਣਾਂ ਦਰਮਿਆਨ ਅਸੀਂ ਦੇਖਿਆ ਹੈ ਕਿ ਦੋ-ਦੋ, ਤਿੰਨ-ਤਿੰਨ ਧੜੇ ਇਕ-ਦੂਜੇ ਦੇ ਵਿਰੁੱਧ ਮੈਦਾਨ ਵਿਚ ਨਿੱਤਰਦੇ ਰਹੇ ਹਨ। ਅਤੇ ਇਨ੍ਹਾਂ ਚੋਣਾਂ ਨੂੰ ਸਾਰੇ ਧੜੇ ਇਸ ਤਰ੍ਹਾਂ ਵੱਕਾਰ ਦਾ ਸਵਾਲ ਬਣਾ ਕੇ ਲੜਦੇ ਹਨ, ਜਿਵੇਂ ਪਤਾ ਨਹੀਂ ਉਨ੍ਹਾਂ ਕਿਹੜੀ ਮੱਲ੍ਹ ਮਾਰਨੀ ਹੋਵੇ। ਚੋਣਾਂ ਦੌਰਾਨ ਪੈਦਾ ਹੋਈ ਇਹ ਧੜੇਬੰਦੀ ਸਿੱਖਾਂ ਦਰਮਿਆਨ ਫਿੱਕ ਅਤੇ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੀ ਹੈ। ਚੋਣਾਂ ਲੜਨ ਵਾਲੇ ਲੀਡਰ ਤਾਂ ਭਾਵੇਂ ਕੁਝ ਸਮੇਂ ਬਾਅਦ ਇਕ ਦੂਜੇ ਨੂੰ ਜੱਫੀਆਂ ਪਾਉਣ ਲੱਗ ਜਾਂਦੇ ਹੋਣ, ਪਰ ਉਨ੍ਹਾਂ ਦੇ ਸਮਰੱਥਕਾਂ ਦਰਮਿਆਨ ਵਿਰੋਧ ਇੰਨਾ ਵੱਧ ਜਾਂਦਾ ਹੈ ਕਿ ਉਹ ਇਕ ਦੂਜੇ ਨੂੰ ਬੁਲਾਉਣ ਜਾਂ ਰਿਸ਼ਤਾ ਰੱਖਣ ਤੋਂ ਵੀ ਕੰਨੀਂ ਕਤਰਾਉਣ ਲੱਗ ਪੈਂਦੇ ਹਨ। ਕਈ ਵਾਰ ਇਨ੍ਹਾਂ ਚੋਣਾਂ ਦੌਰਾਨ ਪੈਦਾ ਹੋਏ ਵਿਰੋਧ ਆਪਸੀ ਧੜੇਬੰਦੀਆਂ ਅਤੇ ਲੜਾਈਆਂ ਦਾ ਰੂਪ ਧਾਰਨ ਕਰ ਜਾਂਦੇ ਹਨ। ਅਸੀਂ ਦੇਖਿਆ ਹੈ ਕਿ ਕਈ ਵਾਰ ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਮਾਮਲੇ ਅਦਾਲਤ ਵਿਚ ਚਲੇ ਜਾਂਦੇ ਹਨ ਅਤੇ ਗੁਰੂ ਘਰਾਂ ਨੂੰ ਅਦਾਲਤ ਵੱਲੋਂ ਤਾਲੇ ਲਗਾਉਣ ਤੱਕ ਦੀ ਨੌਬਤ ਆ ਜਾਂਦੀ ਹੈ।
ਪਿੱਛੇ ਜਿਹੇ ਇਕ ਗੁਰੂ ਘਰ ਦੇ ਪ੍ਰਬੰਧ ਲਈ ਲੜ ਰਹੇ ਵੱਖ-ਵੱਖ ਧੜਿਆਂ ਦਰਮਿਆਨ ਹੋਏ ਝਗੜੇ ਕਾਰਨ ਕੁਝ ਔਰਤਾਂ ਤੱਕ ਨੂੰ ਜੇਲ੍ਹ ਜਾਣਾ ਪਿਆ। ਇਹ ਸਿੱਖ ਸਮਾਜ ਲਈ ਬੜੀ ਸ਼ਰਮਨਾਕ ਗੱਲ ਸੀ। ਸਿੱਖ ਸੰਗਤ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਸੀ। ਜੇਕਰ ਗੁਰੂ ਘਰ ਉਪਰ ਕਬਜ਼ਿਆਂ ਲਈ ਹੀ ਲੜਾਈਆਂ ਸ਼ੁਰੂ ਹੋ ਗਈਆਂ, ਤਾਂ ਫਿਰ ਧਰਮ ਅਤੇ ਸਰਬੱਤ ਦੇ ਭਲੇ ਦੀ ਗੱਲ ਕਿੱਥੇ ਰਹੇਗੀ। ਸਿੱਖ ਸਿਧਾਂਤ ਤਾਂ ਗੱਲ ਹੀ ਇਹ ਕਰਦਾ ਹੈ ਕਿ ਅਸੀਂ ਸਮੁੱਚੀ ਮਾਨਵਤਾ ਦੀ ਗੱਲ ਕਰਦੇ ਹਾਂ ਅਤੇ ਸਿੱਖ ਦੀ ਕੋਈ ਜਾਤ ਜਾਂ ਧਰਮ ਨਹੀਂ, ਸਗੋਂ ਮਾਨਵਤਾ ਦੀ ਸੇਵਾ ਕਰਨਾ ਹੀ ਉਸ ਦਾ ਪਰਮੋ-ਧਰਮ ਹੈ। ਪਰ ਜੇਕਰ ਅਸੀਂ ਆਪਣੇ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਲਈ ਇਕ ਥਾਂ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਹੋਰ ਕੀ ਕਰਾਂਗੇ
ਸਾਡੇ ਨਾਲ ਕੈਨੈਡਾ ਸੂਬੇ ਵਿਚ ਪਹਿਲਾਂ-ਪਹਿਲ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਬੜੇ ਝਗੜੇ ਚੱਲਦੇ ਰਹੇ ਹਨ, ਪਰ ਉਥੇ ਪਿਛਲੇ 5-7 ਸਾਲ ਤੋਂ ਲੋਕਾਂ ਦਾ ਰੁਝਾਨ ਉਥੋਂ ਦੀਆਂ ਸਿਆਸੀ ਪਾਰਟੀਆਂ ਵਿਚ ਵਧੇਰੇ ਸਰਗਰਮ ਹੋਣ ਕਾਰਨ ਗੁਰਦੁਆਰਾ ਪ੍ਰਬੰਧ ਵਿਚ ਲੜਾਈ ਝਗੜੇ ਬਹੁਤ ਘੱਟ ਗਏ ਹਨ। ਇਸ ਦਾ ਵੱਡਾ ਕਾਰਨ ਇਹੀ ਸਮਝਿਆ ਜਾਂਦਾ ਹੈ ਕਿ ਰਾਜਸੀ ਪਾਰਟੀਆਂ ਵਿਚ ਗਏ ਸਿੱਖ ਆਗੂ ਨਹੀਂ ਚਾਹੁੰਦੇ ਕਿ ਕਿਸੇ ਗੁਰੂ ਘਰ ਵਿਚ ਹੋਏ ਝਗੜੇ ਨਾਲ ਉਨ੍ਹਾਂ ਦਾ ਨਾਂ ਜੁੜਨ ਕਾਰਨ ਕੈਨੇਡਾ ਦੇ ਸਮਾਜ ਵਿਚ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਗਲਤ ਪ੍ਰਭਾਵ ਪਵੇ। ਅਮਰੀਕਾ ਵਿਚ ਅਸੀਂ ਵੇਖਦੇ ਹਾਂ ਕਿ ਲੋਕਾਂ ਵਿਚ ਅਜੇ ਰਾਜਸੀ ਪਾਰਟੀਆਂ ਵਿਚ ਸਰਗਰਮ ਹੋਣ ਦਾ ਰੁਝਾਨ ਕੈਨੇਡਾ ਵਾਂਗ ਪ੍ਰਬਲ ਨਹੀਂ ਹੈ।
ਪਹਿਲੀ ਗੱਲ ਤਾਂ ਇਹੀ ਹੈ ਕਿ ਗੁਰਦੁਆਰਾ ਪ੍ਰਬੰਧਾਂ ਵਿਚ ਧੜੇਬੰਦੀਆਂ ਅਤੇ ਆਪਸੀ ਲੜਾਈਆਂ ਕਿਸੇ ਵੀ ਤਰ੍ਹਾਂ ਨਹੀਂ ਸੋਭਦੀਆਂ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧ ਸ਼ਰਧਾਵਾਨ, ਯੋਗ ਅਤੇ ਸ਼ਰਧਾਲੂ ਸਿੱਖਾਂ ਦੇ ਹੱਥ ਹੋਣਾ ਚਾਹੀਦਾ ਹੈ। ਅਜਿਹੇ ਸਿੱਖ ਆਗੂ ਜੋ ਨਿਰਸਵਾਰਥ ਹੋ ਕੇ ਸਿੱਖ ਪੰਥ ਅਤੇ ਮਾਨਵਤਾ ਦੇ ਭਲੇ ਲਈ ਕਰਮ ਕਰਨ ਦਾ ਦਮ ਭਰਦੇ ਹੋਣ, ਨੂੰ ਆਪਸੀ ਸਹਿਮਤੀ ਰਾਹੀਂ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ, ਤਾਂਕਿ ਕਿਸੇ ਵੀ ਤਰ੍ਹਾਂ ਦੀ ਰੰਜ਼ਿਸ਼ ਜਾਂ ਧੜੇਬੰਦੀ ਲਈ ਕੋਈ ਥਾਂ ਨਾ ਰਹੇ। ਸਮੂਹ ਸਿੱਖ ਸਮਾਜ ਨੂੰ ਖੁਦ ਵੀ ਇਸ ਗੱਲ ਬਾਰੇ ਸੁਚੇਤ ਹੋਣ ਪਵੇਗਾ ਕਿ ਸਾਡੇ ਗੁਰੂ ਘਰਾਂ ਨੂੰ ਗਲਤ ਮੰਤਵਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਸਾਡੇ ਗੁਰੂ ਘਰਾਂ ਵਿਚੋਂ ਸਿੱਖ ਗੁਰੂਆਂ ਦੇ ਉਪਦੇਸ਼ ਦੀ ਆਵਾਜ਼ ਬਾਹਰ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਸੰਸਥਾਵਾਂ ਵਿਚ ਨਿਸ਼ਕਾਮ ਸੇਵਾ ਭਾਵਨਾ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਫੋਕੀ ਸ਼ੌਹਰਤ ਅਤੇ ਆਪਣੇ ਮੁਫਾਦ ਲਈ ਕੰਮ ਕਰਨ ਵਾਲਿਆਂ ਨੂੰ ਗੁਰੂ ਘਰਾਂ ਵਿਚ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਆਉਣ ਦੇਣਾ ਚਾਹੀਦਾ।
ਸੋ ਸਮੂਹ ਸਿੱਖ ਸੰਗਤ ਨੂੰ ਇਸ ਗੱਲ ਵੱਲ ਸੋਚਣਾ ਪਵੇਗਾ ਕਿ ਗੁਰੂ ਘਰਾਂ ਦੇ ਪ੍ਰਬੰਧ ਲਈ ਚੋਣ ਦਾ ਤਰੀਕਾ ਹੁਣ ਜੋ ਚੱਲ ਰਿਹਾ ਹੈ, ਉਹੀ ਹੋਣਾ ਚਾਹੀਦਾ ਹੈ, ਭਾਵ ਵੱਖ-ਵੱਖ ਧੜਿਆਂ ਵੱਲੋਂ ਆਪਣੇ ਮੈਂਬਰ ਜਿਤਾਉਣ ਲਈ ਜ਼ੋਰ-ਅਜ਼ਮਾਈ ਕੀਤੀ ਜਾਣੀ ਚਾਹੀਦੀ ਹੈ, ਜਾਂ ਫਿਰ ਸਿੱਖ ਸੰਗਤ ਗੁਰੂ ਘਰਾਂ ਵਿਚ ਬੈਠ ਕੇ ਖੁਦ ਇਹ ਫੈਸਲਾ ਕਰੇ ਕਿ ਜਿਹੜੇ ਪੂਰੀ ਤਰ੍ਹਾਂ ਸ਼ਰਧਾਵਾਨ, ਨਿਸ਼ਕਾਮ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆਇਆ ਜਾਵੇ। ਜੇਕਰ ਅਸੀਂ ਧੜਿਆਂ ਦੀ ਥਾਂ ਨਿਸ਼ਕਾਮ ਅਤੇ ਧਰਮ ਪ੍ਰਤੀ ਸਮਰਪਿਤ ਲੋਕਾਂ ਦੇ ਹੱਥ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਾਂਗੇ, ਤਾਂ ਇਸ ਨਾਲ ਗੁਰਦੁਆਰਾ ਪ੍ਰਬੰਧਾਂ ਲਈ ਚੋਣਾਂ ਕਰਵਾਏ ਜਾਣ ਅਤੇ ਅਦਾਲਤੀ ਲੜਾਈਆਂ ਲੜੇ ਜਾਣ ਵਰਗੇ ਬੇਲੋੜੇ ਝਗੜਿਆਂ ਅਤੇ ਵੈਰ-ਵਿਰੋਧਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਸੋ ਸਾਡੀ ਸਮੂਹ ਸਿੱਖ ਸੰਗਤ ਨੂੰ ਇਹੀ ਬੇਨਤੀ ਹੈ ਕਿ ਗੁਰੂ ਘਰਾਂ ਲਈ ਸਰਕਾਰੀ ਅਦਾਰਿਆਂ ਵਾਂਗ ਚੋਣਾਂ ਲੜਨ ਦੀ ਬਜਾਏ, ਆਪਸੀ ਸੂਝ-ਬੂਝ ਅਤੇ ਸਹਿਮਤੀ ਨਾਲ ਨਿਸ਼ਕਾਮ ਧਰਮ ਪ੍ਰਤੀ ਸਮਰਪਿਤ ਅਤੇ ਨਿਸ਼ਕਾਮ ਸੇਵਕ ਆਗੂਆਂ ਨੂੰ ਇਹ ਸੇਵਾ ਸੌਂਪੀ ਜਾਵੇ। ਜੇਕਰ ਸਿੱਖ ਸੰਗਤ ਇਸ ਪਾਸੇ ਤੁਰ ਪਵੇਗੀ, ਤਾਂ ਗੁਰੂ ਘਰਾਂ ਵਿਚੋਂ ਧੜੇਬੰਦੀ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਹੋਰ ਵਧੇਰੇ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਦਾ ਹੈ।
ਸਿੱਖ ਕੌਮ ਇਕ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਪਰਦੇਸਾਂ ਵਿਚ ਵਸੀ ਹੈ। ਦੁਨੀਆਂ ਭਰ ‘ਚ ਇਸ ਕੌਮ ਦੀ ਇੱਜ਼ਤ-ਮਾਣ ਹੈ। ਜੇ ਅਸੀਂ ਆਪਣੇ ਗੁਰੂ ਘਰਾਂ ਵਿਚ ਹੀ ਧੜੇਬੰਦੀਆਂ ਪੈਦਾ ਕਰਕੇ ਕੋਰਟਾਂ-ਕਚਹਿਰੀਆਂ ਵਿਚ ਪੈਸਾ  ਬਰਬਾਦ ਕਰਾਂਗੇ, ਤਾਂ ਕੁਦਰਤੀ ਹੈ ਕਿ ਅਮਰੀਕੀ ਮੀਡੀਆ ਇਸ ਕੌਮ ਨੂੰ ਤਾਲਿਬਾਨ ਕੌਮ ਵਾਂਗ ਹੀ ਸਮਝੇਗੀ। ਸੋ ਸਾਨੂੰ ਚਾਹੀਦਾ ਹੈ ਕਿ ਸੂਝਬੂਝ ਤੋਂ ਕੰਮ ਲਈਏ, ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਇਕਜੁੱਟ ਹੋਈਏ ਅਤੇ ਇਕ ਚੰਗੀ ਕੌਮ ਹੋਣ ਦੀ ਉਦਾਹਰਣ ਪੇਸ਼ ਕਰੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.