ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਦੀਆਂ ਸਿਆਸੀ ਪਾਰਟੀਆਂ ਪ੍ਰਵਾਸੀਆਂ ‘ਤੇ ਪਾਉਣ ਲੱਗੀਆਂ ਡੋਰੇ
ਪੰਜਾਬ ਦੀਆਂ ਸਿਆਸੀ ਪਾਰਟੀਆਂ ਪ੍ਰਵਾਸੀਆਂ ‘ਤੇ ਪਾਉਣ ਲੱਗੀਆਂ ਡੋਰੇ
Page Visitors: 2727

ਪੰਜਾਬ ਦੀਆਂ ਸਿਆਸੀ ਪਾਰਟੀਆਂ ਪ੍ਰਵਾਸੀਆਂ ‘ਤੇ ਪਾਉਣ ਲੱਗੀਆਂ ਡੋਰੇ

Posted On 06 Apr 2016
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 10 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਪੰਜਾਬ ਦੀਆਂ ਰਾਜਸੀ ਪਾਰਟੀਆਂ ਨੇ ਜਿਥੇ ਪੰਜਾਬ ਅੰਦਰ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਲੁਭਾਉਣ ਲਈ ਦਿਨ-ਰਾਤ ਇਕ ਕਰ ਰੱਖਿਆ ਹੈ, ਉਥੇ ਵਿਦੇਸ਼ਾਂ ਵਿਚ ਵਸੇ 70 ਲੱਖ ਤੋਂ ਵਧੇਰੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਪ੍ਰੇਰਿਤ ਕਰਨ ਲਈ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੇ ਯਤਨ ਆਰੰਭ ਦਿੱਤੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਹੁੰਦੀਆਂ ਹਰੇਕ ਤਰ੍ਹਾਂ ਦੀਆਂ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਦੀ ਭੂਮਿਕਾ ਬੜੀ ਅਹਿਮ ਰਹਿੰਦੀ ਹੈ। ਕਈ ਵਾਰੀ ਤਾਂ ਜਿੱਤ ਹਾਰ ਦਾ ਫੈਸਲਾ ਕਰਨ ਵਿਚ ਫੈਸਲਾਕੁੰਨ ਰੋਲ ਪ੍ਰਵਾਸੀ ਪੰਜਾਬੀ ਹੀ ਅਦਾ ਕਰਦੇ ਹਨ। ਬਾਹਰਲੇ ਮੁਲਕਾਂ ਵਿਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਅਤੇ ਕਸਬਿਆਂ ਨਾਲ ਲਗਾਤਾਰ ਜੁੜੇ ਹੋਏ ਹਨ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਆਪਣੇ ਪਿੰਡਾਂ ਅਤੇ ਕਸਬਿਆਂ ਵਿਚ ਜਾ ਕੇ ਅਨੇਕ ਤਰ੍ਹਾਂ ਦੇ ਧਾਰਮਿਕ, ਖੇਡ ਅਤੇ ਵਿਕਾਸ ਕਾਰਜਾਂ ਵਿਚ ਵੱਡਾ ਹਿੱਸਾ ਪਾਉਂਦੇ ਹਨ।  ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਹੁੰਦੇ ਕਬੱਡੀ ਮੇਲੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਸਦਕਾ ਹੀ ਲੱਗਦੇ ਹਨ। ਇਸੇ ਤਰ੍ਹਾਂ ਸਕੂਲਾਂ, ਹਸਪਤਾਲਾਂ, ਧਾਰਮਿਕ ਅਸਥਾਨਾਂ ਦੀ ਉਸਾਰੀ ਅਤੇ ਇਨ੍ਹਾਂ ਨੂੰ ਚਲਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਵੱਲੋਂ ਬੜਾ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਹੋਰ ਅਨੇਕ ਤਰ੍ਹਾਂ ਦੇ ਵਿਕਾਸ ਕਾਰਜਾਂ ਵਿਚ ਵੀ ਪ੍ਰਵਾਸੀ ਪੰਜਾਬੀ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿਚ ਰਹਿੰਦੇ ਲੋਕਾਂ ਉਪਰ ਪ੍ਰਵਾਸੀ ਪੰਜਾਬੀਆਂ ਦਾ ਕਾਫੀ ਪ੍ਰਭਾਵ ਹੈ। ਬਾਹਰਲੇ ਮੁਲਕਾਂ ਵਿਚ ਵਸੇ ਪੰਜਾਬੀਆਂ ਦੀ ਇਸੇ ਕਰਕੇ ਹੀ ਚੋਣਾਂ ਦੌਰਾਨ ਚੰਗੀ ਪੁੱਛਗਿੱਛ ਰਹਿੰਦੀ ਹੈ। ਪ੍ਰਵਾਸੀ ਪੰਜਾਬੀ ਨਾ ਸਿਰਫ ਆਪਣੇ ਸਕੇ-ਸੰਬੰਧੀਆਂ, ਸਗੋਂ ਆਮ ਲੋਕਾਂ ਵਿਚ ਵੀ ਚੰਗਾ ਪ੍ਰਭਾਵ ਰੱਖਦੇ ਹਨ, ਜਿਸ ਕਰਕੇ ਵੋਟਾਂ ਪੈਣ ਸਮੇਂ ਉਨ੍ਹਾਂ ਦਾ ਅਹਿਮ ਰੋਲ ਬਣਦਾ ਹੈ।
   ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਵੱਲੋਂ ਦਿੱਤੇ ਵੱਡੇ ਸਹਿਯੋਗ ਦਾ ਹੀ ਨਤੀਜਾ ਸੀ ਕਿ ਪੰਜਾਬ ਵਿਚ 8 ਕੁ ਮਹੀਨੇ ਪਹਿਲਾਂ ਆਈ ਆਮ ਆਦਮੀ ਪਾਰਟੀ ਦੇ 4 ਮੈਂਬਰ ਲੋਕ ਸਭਾ ਵਿਚ ਪਹੁੰਚ ਗਏ। ਇਸ ਤਰ੍ਹਾਂ ਦੀ ਵੱਡੀ ਪ੍ਰਾਪਤੀ ਹੁਣ ਤੱਕ ਸ਼ਾਇਦ ਹੀ ਕਿਸੇ ਹੋਰ ਪਾਰਟੀ ਨੂੰ ਨਸੀਬ ਹੋਈ ਹੋਵੇ। ਇਸ ਚੋਣ ਨੇ ਸਾਬਿਤ ਕਰ ਦਿੱਤਾ ਸੀ ਕਿ ਪੰਜਾਬ ਦੀਆਂ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਰੋਲ ਬੜਾ ਅਹਿਮ ਹੁੰਦਾ ਹੈ।
     ਹੁਣ 10 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀ ਰਾਜਸੀ ਪਾਰਟੀਆਂ ਨੇ ਪ੍ਰਵਾਸੀ ਪੰਜਾਬੀਆਂ ਉਪਰ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ। ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਸ. ਹਿੰਮਤ ਸਿੰਘ ਸ਼ੇਰਗਿੱਲ ਤੇ ਕਈ ਹੋਰ ਆਗੂ ਉੱਤਰੀ ਅਮਰੀਕਾ ਦਾ ਦੌਰਾ ਕਰਕੇ ਗਏ ਸਨ। ‘ਆਪ’ ਦੇ ਸੂਬਾ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਇਸ ਵੇਲੇ ਯੂਰਪੀਅਨ ਮੁਲਕਾਂ ਡੈਨਮਾਰਕ, ਹਾਲੈਂਡ, ਜਰਮਨ ਆਦਿ ਮੁਲਕਾਂ ਦੇ ਦੌਰੇ ਉਪਰ ਹਨ। ‘ਆਪ’ ਦੇ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਗਲੇ ਦਿਨਾਂ ਵਿਚ ਅਮਰੀਕਾ ਦੌਰੇ ‘ਤੇ ਆ ਰਹੇ ਹਨ।
ਅਪ੍ਰੈਲ ਦੇ ਤੀਜੇ ਹਫਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਮਰੀਕਾ ਤੇ ਕੈਨੇਡਾ ਦੇ ਦੌਰੇ ‘ਤੇ ਆ ਰਹੇ ਹਨ। ਕੈਪਟਨ ਨੂੰ ਬਾਹਰਲੇ ਮੁਲਕਾਂ ‘ਚ ਆਉਣ ਲਈ ਅਦਾਲਤ ਵੱਲੋਂ ਮਨਜ਼ੂਰੀ ਮਿਲ ਗਈ ਹੈ। ਕੈਪਟਨ ਵਿਰੁੱਧ ਕਈ ਕੇਸ ਚੱਲਦੇ ਹੋਣ ਕਾਰਨ ਉਹ ਅਦਾਲਤੀ ਮਨਜ਼ੂਰੀ ਬਗੈਰ ਵਿਦੇਸ਼ਾਂ ਵਿਚ ਨਹੀਂ ਆ ਸਕਦੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅਤੇ ਕੁਝ ਹੋਰ ਆਗੂ ਇਸ ਵੇਲੇ ਆਸਟ੍ਰੇਲੀਆ ਤੇ ਕੁਝ ਹੋਰਨਾਂ ਮੁਲਕਾਂ ਦੇ ਦੌਰੇ ਉਪਰ ਹਨ। ਕਈ ਹੋਰ ਕਾਂਗਰਸੀ ਆਗੂ ਵੀ ਅਗਲੇ ਦਿਨਾਂ ਵਿਚ ਬਾਹਲੇ ਮੁਲਕਾਂ ਵਿਚ ਆਉਣ ਦੀਆਂ ਤਿਆਰੀਆਂ ਕਰਦੇ ਦੱਸੇ ਜਾਂਦੇ ਹਨ।
   ਪਿਛਲੇ ਸਾਲ ਅਗਸਤ ‘ਚ ਅਮਰੀਕਾ ਤੇ ਕੈਨੇਡਾ ਵਿਚ ਅਕਾਲੀ ਆਗੂਆਂ ਨੂੰ ਦੌਰੇ ਸਮੇਂ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਦੇਖਦਿਆਂ ਅਕਾਲੀ ਆਗੂ ਸਿੱਧੇ ਤੌਰ ‘ਤੇ ਤਾਂ ਭਾਵੇਂ ਵਿਦੇਸ਼ਾਂ ਵਿਚ ਆਉਣ ਦਾ ਹੀਆਂ ਨਹੀਂ ਕਰ ਰਹੇ। ਪਰ ਅਕਾਲੀ ਦਲ ਵੱਲੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਵਰਗੇ ਮੁਲਕਾਂ ਵਿਚ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ ਗਈ ਹੈ। ਅਜਿਹਾ ਕਰਕੇ ਅਕਾਲੀ ਦਲ ਆਪਣੇ ਤਰੀਕੇ ਨਾਲ ਪ੍ਰਵਾਸੀ ਪੰਜਾਬੀਆਂ ‘ਚ ਮੁੜ ਆਪਣੇ ਪੈਰ ਲਗਾਉਣ ਦਾ ਯਤਨ ਕਰ ਰਿਹਾ ਹੈ।
    ਬਾਹਰਲੇ ਮੁਲਕਾਂ ਵਿਚ ਰਹਿੰਦੇ ਪੰਜਾਬੀਆਂ ਅਤੇ ਪੰਜਾਬ ਦੇ ਲੋਕਾਂ ਲਈ ਇਸ ਵੇਲੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਨਾਅਰਾ ਹੀ ਇਹ ਲਗਾ ਰਹੀ ਹੈ ਕਿ ਜੇਕਰ ਪੰਜਾਬ ਬਚੇਗਾ, ਤਾਂ ਹੀ ਪਰਿਵਾਰ ਬਚੇਗਾ। ਇਸ ਕਰਕੇ ਜੇਕਰ ਪੰਜਾਬੀਆਂ ਨੇ ਪਰਿਵਾਰ ਬਚਾਉਣੇ ਹਨ, ਤਾਂ ਪੰਜਾਬ ਨੂੰ ਬਚਾਉਣਾ ਲਈ ਅੱਗੇ ਆਉਣਾ ਪਵੇਗਾ। ‘ਆਪ’ ਦੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਇਮਾਨਦਾਰ ਅਤੇ ਕੁਸ਼ਲ ਸਰਕਾਰ ਸਥਾਪਤ ਕਰਨ ਲਈ ਵਿੱਢੀ ਮੁਹਿੰਮ ਦਾ ਲੋਕਾਂ ਵਿਚ ਚੰਗਾ ਅਸਰ ਪੈ ਰਿਹਾ ਹੈ। ਇਸੇ ਕਾਰਨ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ‘ਆਪ’ ਨੂੰ ਨਿਸ਼ਾਨਾ ਬਣਾ ਕੇ ਚੱਲਦੇ ਹਨ।
   ਕਾਂਗਰਸ ਤੇ ਅਕਾਲੀ ਦਲ ਦੀਆਂ ਮੀਟਿੰਗਾਂ, ਕਾਨਫਰੰਸਾਂ ਅਤੇ ਰੈਲੀਆਂ ਵਿਚ ‘ਆਪ’ ਹੀ ਵਧੇਰੇ ਕਰਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਵਾਰ ਚੋਣਾਂ ਦਰਮਿਆਨ ਨਾ ਜਾਤ, ਨਾ ਧਰਮ ਅਤੇ ਨਾ ਹੀ ਖੇਤਰ ਅਹਿਮ ਮੁੱਦਾ ਬਣ ਕੇ ਉੱਭਰਨਗੇ, ਸਗੋਂ ਇਸ ਦੇ ਉਲਟ ਇਸ ਵਾਰ ਬੇਰੁਜ਼ਗਾਰੀ, ਪੰਜਾਬ ਸਿਰ ਚੜ੍ਹੀ ਕਰਜ਼ੇ ਦੀ ਪੰਡ, ਪੰਜਾਬ ‘ਚ ਵਗਦੇ ਨਸ਼ਿਆਂ ਦੇ ਦਰਿਆ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਅਤੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ਉੱਤੇ ਤੋਰਨ ਵਰਗੇ ਮੁੱਦੇ ਹੀ ਮੁੱਖ ਚੋਣ ਮੁੱਦੇ ਬਣਨ ਦੀ ਸੰਭਾਵਨਾ ਹੈ।
   ਪ੍ਰਵਾਸੀ ਪੰਜਾਬੀ ਹਮੇਸ਼ਾ ਇਹ ਚਾਹੁੰਦੇ ਰਹੇ ਹਨ ਕਿ ਪੰਜਾਬ ਵਿਚ ਵੀ ਵਿਦੇਸ਼ਾਂ ਵਰਗਾ ਰਾਜਸੀ ਸੱਭਿਆਚਾਰ ਬਣੇ, ਇਥੋਂ ਵਰਗੇ ਆਰਥਿਕ ਵਿਕਾਸ ਦੇ ਟੀਚੇ ਹਾਸਲ ਕੀਤੇ ਜਾਣ ਅਤੇ ਪੰਜਾਬ ਨੂੰ ਹਰ ਪੱਖੋਂ ਚੰਗਾ ਬਣਾਇਆ ਜਾਵੇ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਰਾਜਸੀ ਧਿਰਾਂ ਦੀ ਮਦਦ ਕਰਦੇ ਰਹੇ ਹਨ। ਹੁਣ ਜਦ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ, ਤਾਂ ਰਾਜਸੀ ਪਾਰਟੀਆਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ-ਆਪਣੇ ਵੱਲ ਪ੍ਰੇਰਿਤ ਕਰਨ ਲਈ ਯਤਨ ਵੀ ਆਰੰਭ ਦਿੱਤੇ ਹਨ, ਤਾਂ ਪ੍ਰਵਾਸੀ ਪੰਜਾਬੀਆਂ ਲਈ ਇਹ ਬੜਾ ਅਹਿਮ ਮੌਕਾ ਹੈ ਕਿ ਅਸੀਂ ਪੰਜਾਬ ਦੀ ਤਰੱਕੀ ਅਤੇ ਪੰਜਾਬ ਦੇ ਭਲੇ ਲਈ ਇਹੋ ਜਿਹੇ ਉਮੀਦਵਾਰਾਂ ਅਤੇ ਰਾਜਸੀ ਧਿਰਾਂ ਦੀ ਮਦਦ ਕਰੀਏ, ਜਿਹੜੇ ਪੰਜਾਬੀ ਦੀ ਡਿੱਕ-ਡੋਲੇ ਖਾ ਰਹੀ ਆਰਥਿਕਤਾ ਅਤੇ ਤਰੱਕੀ ਨੂੰ ਪੈਰਾਂ ਸਿਰ ਲਿਆ ਸਕਣ।
    ਪੰਜਾਬ ਵਿਚ ਜਾ ਕੇ ਅਸੀਂ ਸਭ ਤੋਂ ਵਧ ਇਸ ਗੱਲ ਦੀ ਤਕਲੀਫ ਮੰਨਦੇ ਹਾਂ ਕਿ ਉਥੇ ਪ੍ਰਸ਼ਾਸਨ ਲੋਕ ਹਮਾਇਤੀ ਨਹੀਂ, ਭਾਵ ਪੰਜਾਬ ਦਾ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਲਾ ਨਹੀਂ, ਸਗੋਂ ਹਰ ਦਫਤਰ ਵਿਚ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਛੋਟੇ-ਛੋਟੇ ਕੰਮਾਂ ਲਈ ਵੀ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਖੁਦ ਅਸੀਂ ਪ੍ਰਵਾਸੀ ਪੰਜਾਬੀ ਵੀ ਦੇਖਦੇ ਹਾਂ ਕਿ ਜਦ ਅਸੀਂ ਉਥੇ ਕਿਸੇ ਕੰਮ ਲਈ ਦਫਤਰਾਂ ਵਿਚ ਜਾਂਦੇ ਹਾਂ, ਤਾਂ ਮੁਲਾਜ਼ਮ ਤੇ ਅਧਿਕਾਰੀ ਪਹਿਲਾਂ ਤਾਂ ਸਿੱਧੇ ਮੂੰਹ ਬੋਲਦੇ ਹੀ ਨਹੀਂ ਅਤੇ ਦੂਸਰਾ ਭਾਰੀ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਕਰਕੇ ਇਨ੍ਹਾਂ ਚੋਣਾਂ ਵਿਚ ਖਾਸ ਕਰ ਪ੍ਰਵਾਸੀ ਪੰਜਾਬੀਆਂ ਲਈ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਵਿਚ ਸੁਧਾਰ ਦਾ ਮੁੱਦਾ ਅਹਿਮ ਬਣਨਾ ਚਾਹੀਦਾ ਹੈ
     ਕਿਉਂਕਿ ਪੰਜਾਬ ਤਰੱਕੀ ਦੇ ਰਾਹ ਤਾਂ ਹੀ ਚੱਲ ਸਕਦਾ ਹੈ ਅਤੇ ਲੋਕਾਂ ਨੂੰ ਨਿਆਂ ਅਤੇ ਇਨਸਾਫ ਤਾਂ ਹੀ ਮਿਲ ਸਕਦਾ ਹੈ, ਜੇ ਪ੍ਰਸ਼ਾਸਨਿਕ ਢਾਂਚੇ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਾ ਹੋਵੇ ਅਤੇ ਸਮੁੱਚਾ ਪ੍ਰਸ਼ਾਸਨ ਜਵਾਬਦੇਹ ਅਤੇ ਲੋਕਾਂ ਪ੍ਰਤੀ ਸਮਰਪਿਤ ਹੋਵੇ। ਪੰਜਾਬ ਤੋਂ ਆਏ ਰਾਜਸੀ ਆਗੂਆਂ ਨੂੰ ਵੀ ਇਹ ਸੁਆਲ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਆਮ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਕੀ ਕਦਮ ਚੁੱਕਣਗੇ ਅਤੇ ਭ੍ਰਿਸ਼ਟ ਅਤੇ ਨਾ-ਅਹਿਲ ਹੋ ਚੁੱਕੇ ਪ੍ਰਸ਼ਾਸਨ ਨੂੰ ਯੋਗ ਅਤੇ ਲੋਕ ਹਮਾਇਤੀ ਕਿਸ ਤਰ੍ਹਾਂ ਬਣਾਉਣਗੇ। ਹੁਣ ਤੱਕ ਪਿਛਲੇ 20 ਸਾਲ ‘ਚ ਬਣੀਆਂ ਸਰਕਾਰਾਂ ਦੌਰਾਨ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਰਹੀ ਹੈ। ਇਸ ਵੇਲੇ ਇਹ ਪੰਡ 1.30 ਲੱਖ ਕਰੋੜ ਤੋਂ ਉੱਪਰ ਜਾ ਚੁੱਕੀ ਹੈ। ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਕਿਹੜੀ ਗਿੱਦੜ-ਸਿੰਙੀ ਦੀ ਵਰਤੋਂ ਕਰਨਗੇ। ਪ੍ਰਵਾਸੀ ਪੰਜਾਬੀਆਂ ਦੇ ਚੇਤੰਨ ਹਿੱਸੇ ਦਾ ਇਹ ਅਹਿਮ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨਾਲ ਸੰਬੰਧਤ ਮਸਲਿਆਂ ਉਪਰ ਡੂੰਘੀ ਵਿਚਾਰ-ਚਰਚਾ ਕਰੇ ਅਤੇ ਪੰਜਾਬ ਨੂੰ ਸਹੀ ਲੀਹ ‘ਤੇ ਲਿਆਉਣ ਵਾਲੀ ਰਾਜਸੀ ਧਿਰ ਅਤੇ ਉਮੀਦਵਾਰਾਂ ਦੀ ਮਦਦ ਕਰਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.