ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵਾਈਟ ਹਾਊਸ ਵਿਖੇ ਵਿਸਾਖੀ ਮਨਾਉਣਾ ਇਕ ਚੰਗਾ ਉਪਰਾਲਾ
ਵਾਈਟ ਹਾਊਸ ਵਿਖੇ ਵਿਸਾਖੀ ਮਨਾਉਣਾ ਇਕ ਚੰਗਾ ਉਪਰਾਲਾ
Page Visitors: 2626

ਵਾਈਟ ਹਾਊਸ ਵਿਖੇ ਵਿਸਾਖੀ ਮਨਾਉਣਾ ਇਕ ਚੰਗਾ ਉਪਰਾਲਾ

Posted On 20 Apr 2016
7

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਇਸ ਵਾਰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਵ੍ਹਾਈਟ ਹਾਊਸ ਵਿਖੇ ਮਨਾਇਆ ਗਿਆ। ਅਮਰੀਕਾ ਭਰ ਤੋਂ 100 ਦੇ ਕਰੀਬ ਸਿੱਖ ਆਗੂਆਂ ਨੇ ਇਸ ਵਿਚ ਹਿੱਸਾ ਲਿਆ। ਸਿੱਖ ਕਾਕਸ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗਮ ਵਿਚ ਓਬਾਮਾ ਪ੍ਰਸ਼ਾਸਨ ਦੇ ਬਹੁਤ ਸਾਰੇ ਅਧਿਕਾਰੀ ਸ਼ਾਮਲ ਹੋਏ ਅਤੇ ਇਸ ਦੇ ਨਾਲ-ਨਾਲ ਕਾਂਗਰਸਮੈਨ ਵੀ ਇਥੇ ਪਹੁੰਚੇ।
ਵ੍ਹਾਈਟ ਹਾਊਸ ‘ਚ ਅਧਿਕਾਰੀਆਂ ਅਤੇ ਕਾਂਗਰਸਮੈਨਾਂ ਨੇ ਸਿੱਖਾਂ ਨੂੰ ਅਮਰੀਕਾ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਜਾਨ-ਮਾਲ ਦੀ ਰੱਖਿਆ ਲਈ ਭਰੋਸਾ ਦਿਵਾਇਆ। ਇਸੇ ਤਰੀਕੇ ਨਾਲ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਪੀਟਲ ਬਿਲਡਿੰਗ ਦੇ ਅੰਦਰ ਵੀ ਵਿਸਾਖੀ ਦਾ ਆਯੋਜਨ ਕੀਤਾ ਗਿਆ। ਅਸੈਂਬਲੀ ਮੈਂਬਰ ਅਤੇ ਸੈਨੇਟ ਮੈਂਬਰਾਂ ਨੇ ਇਸ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਸਿਆਟਲ (ਵਾਸ਼ਿੰਗਟਨ ਸਟੇਟ) ਵਿਚ ਹੋਏ ਇਕ ਸਮਾਗਮ ਦੌਰਾਨ ਸੈਕਟਰੀ ਆਫ ਸਟੇਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਈ। ਅਮਰੀਕਾ ਭਰ ‘ਚ ਬਹੁਤ ਸਾਰੇ ਨਗਰ ਕੀਰਤਨਾਂ ਦਾ ਆਯੋਜਨ ਹੋਇਆ। ਉਥੇ ਵੀ ਅਮਰੀਕੀ ਅਧਿਕਾਰੀ ਅਤੇ ਆਗੂ ਪਹੁੰਚੇ। ਅਜਿਹੇ ਸਮਾਗਮਾਂ ਦੌਰਾਨ ਇਨ੍ਹਾਂ ਆਗੂਆਂ ਦੀ ਸ਼ਮੂਲੀਅਤ ਆਪਣਾ ਅਹਿਮ ਸਥਾਨ ਰੱਖਦੀ ਹੈ।
ਦੁਨੀਆਂ ਭਰ ਵਿਚ ਸਿੱਖਾਂ ਦੀ ਪਛਾਣ ਬਾਰੇ ਜਾਗ੍ਰਿਤੀ ਕਰਨ ਅਤੇ ਸਿੱਖੀ ਪਛਾਣ ਨੂੰ ਸਥਾਪਿਤ ਕਰਨ ਲਈ ਖਾਲਸਾ ਸਾਜਨਾ ਦਿਵਸ ਵਿਸਾਖੀ ਬਹੁਤ ਹੀ ਅਹਿਮ ਅਤੇ ਢੁੱਕਵਾਂ ਮੌਕਾ ਹੈ। ਦੁਨੀਆਂ ਦੇ ਹਰ ਮੁਲਕ ਵਿਚ ਵਸਦੇ ਸਿੱਖ ਵਿਸਾਖੀ ਦਾ ਤਿਉਹਾਰ ਬਹੁਤ ਹੀ ਚਾਅ ਅਤੇ ਸੁਹਿਰਦਤਾ ਨਾਲ ਮਨਾਉਂਦੇ ਹਨ। ਪਹਿਲਾਂ ਪਹਿਲ ਤਾਂ ਵਿਦੇਸ਼ਾਂ ਵਿਚ ਵਿਸਾਖੀ ਤਿਉਹਾਰ ਦੀ ਅਹਿਮੀਅਤ ਸਾਡੇ ਆਪਣੇ ਸਿੱਖ ਭਾਈਚਾਰੇ ਤੱਕ ਹੀ ਸੀਮਤ ਰਹਿੰਦੀ ਰਹੀ ਹੈ। ਪਰ ਜਿਉਂ-ਜਿਉਂ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਦੀਆਂ ਧਾਰਮਿਕ, ਸਮਾਜਿਕ, ਰਾਜਸੀ ਅਤੇ ਵਪਾਰਕ ਸਰਗਰਮੀਆਂ ਤੇਜ ਹੋ ਰਹੀਆਂ ਹਨ, ਤਾਂ ਵਿਸਾਖੀ ਪੁਰਬ ਮਨਾਏ ਜਾਣ ਦੀ ਅਹਿਮੀਅਤ ਅਤੇ ਰੁਤਬਾ ਵੀ ਆਪਣਾ ਰੰਗ ਬਦਲ ਰਿਹਾ ਹੈ। ਹੁਣ ਇਹ ਵਿਸਾਖੀ ਪੁਰਬ ਸਿਰਫ ਸਾਡੇ ਗੁਰਦੁਆਰਿਆਂ ਤੱਕ ਹੀ ਸੀਮਤ ਨਹੀਂ, ਸਗੋਂ ਇਸ ਦਾ ਮਹੱਤਵ ਸਿਆਸੀ ਗਲਿਆਰਿਆਂ ਅਤੇ ਉੱਚ ਪੱਧਰ ਦੇ ਸਰਕਾਰੀ ਅਸਥਾਨਾਂ ਤੱਕ ਵੀ ਜਾ ਪੁੱਜਾ ਹੈ।
ਵ੍ਹਾਈਟ ਹਾਊਸ ਵਿਖੇ ਹੋਏ ਸਮਾਗਮ ਦੌਰਾਨ ਭਾਵੇਂ ਇਸ ਸ਼ੁੱਭ ਮੌਕੇ ਉਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤਾਂ ਨਹੀਂ ਪੁੱਜੇ, ਪਰ ਫਿਰ ਵੀ ਅਮਰੀਕੀ ਪ੍ਰਸ਼ਾਸਨ ਦੀਆਂ ਹੋਰ ਬਹੁਤ ਸਾਰੀਆਂ ਅਹਿਮ ਹਸਤੀਆਂ ਦਾ ਇਸ ਮੌਕੇ ਹਾਜ਼ਰ ਹੋਣਾ ਆਪਣੇ-ਆਪ ਵਿਚ ਇਕ ਅਹਿਮ ਗੱਲ ਹੈ। ਉਂਝ ਤਾਂ ਵ੍ਹਾਈਟ ਹਾਊਸ ਵਿਚ ਸਿੱਖਾਂ ਦਾ ਅਜਿਹਾ ਸਮਾਗਮ ਹੋਣਾ ਆਪਣੇ-ਆਪ ਵਿਚ ਹੀ ਬੜੀ ਅਹਿਮੀਅਤ ਰੱਖਦਾ ਹੈ। ਜੇਕਰ ਅਸੀਂ ਲਗਾਤਾਰ ਅਜਿਹੇ ਸਮਾਗਮ ਕਰਦੇ ਰਹੀਏ ਅਤੇ ਇਸ ਦੀ ਅਹਿਮੀਅਤ ਦਾ ਅਮਰੀਕੀ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਨੂੰ ਅਹਿਸਾਸ ਕਰਾਈਏ, ਤਾਂ ਉਹ ਦਿਨ ਦੂਰ ਨਹੀਂ, ਜਦ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਅਹਿਮ ਰਾਜਸੀ ਸ਼ਖਸੀਅਤਾਂ ਵੀ ਅਜਿਹੇ ਸਮਾਗਮਾਂ ‘ਚ ਹਿੱਸਾ ਲੈਣ ਆਉਣਗੀਆਂ। ਕੈਨੇਡਾ ਵਿਚ ਸਿੱਖਾਂ ਦੀਆਂ ਰਾਜਸੀ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਨ। ਉਥੇ ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਵਿਚ 18 ਪੰਜਾਬੀ ਮੈਂਬਰ ਹਨ, ਜਿਨ੍ਹਾਂ ਵਿਚੋਂ 4 ਕੈਬਨਿਟ ਮੰਤਰੀ ਅਤੇ 2 ਮੁੱਖ ਪਾਰਲੀਮਾਨੀ ਸਕੱਤਰ ਹਨ। ਇਸ ਤਰ੍ਹਾਂ ਕੈਨੇਡਾ ਦੇ ਰਾਜਸੀ ਮਾਹੌਲ ਵਿਚ ਸਿੱਖਾਂ ਦੀ ਬਹੁਤ ਵੱਡੀ ਅਹਿਮੀਅਤ ਬਣ ਗਈ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਪਾਰਲੀਮੈਂਟ ਹਾਊਸ ਵਿਚ ਇਸ ਵਾਰ ਵਿਸਾਖੀ ਜਸ਼ਨ ਮਨਾਏ ਜਾਣ ਦਾ ਰੰਗ ਹੀ ਬੜਾ ਨਿਰਾਲਾ ਸੀ। ਕੈਨੇਡਾ ਦੀ ਪਾਰਲੀਮੈਂਟ ਵਿਚ ਸ਼ਾਇਦ ਹੀ ਹੋਰ ਕਿਸੇ ਕੌਮ ਜਾਂ ਧਰਮ ਦੇ ਹਿੱਸੇ ਇਸ ਤਰ੍ਹਾਂ ਜਸ਼ਨ ਮਨਾਉਣ ਦਾ ਮੌਕਾ ਮਿਲਦਾ ਹੋਵੇ। ਵਿਸਾਖੀ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਬਹੁਤੇ ਮੈਂਬਰ ਹਾਜ਼ਰ ਹੋਏ। ਲੋਕ ਹੈਰਾਨ ਤਾਂ ਉਸ ਵੇਲੇ ਰਹਿ ਗਏ, ਜਦ ਉਨ੍ਹਾਂ ਦੇਖਿਆ ਕਿ ਜਸਟਿਨ ਟਰੂਡੋ ਅਤੇ ਹੋਰ ਮੰਤਰੀ ਉਥੇ ਸਿਰਫ ਚੰਦ ਮਿੰਟਾਂ ਲਈ ਹਾਜ਼ਰੀ ਲਵਾਉਣ ਨਹੀਂ ਸਨ ਆਏ, ਸਗੋਂ ਸਾਰਾ ਸਮਾਂ ਉਹ ਇਸ ਸਮਾਗਮ ਵਿਚ ਹਾਜ਼ਰ ਰਹੇ। ਉਨ੍ਹਾਂ ਕੀਰਤਨ ਵੀ ਸਰਵਣ ਕੀਤਾ ਅਤੇ ਸੰਗਤ ਨੂੰ ਸੰਬੋਧਨ ਵੀ ਕੀਤਾ। ਅਜਿਹੇ ਸਮਾਗਮਾਂ ਨਾਲ ਅਮਰੀਕਾ ਅਤੇ ਕੈਨੇਡਾ ਦੇ ਸਾਰੇ ਲੋਕਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਇਕਦਮ ਵੱਡੀ ਜਾਗ੍ਰਿਤੀ ਆਈ ਹੈ, ਕਿਉਂਕਿ ਜਦ ਲੋਕਾਂ ਨੇ ਟੀ.ਵੀ. ਅਤੇ ਹੋਰ ਮਾਧਿਅਮਾਂ ਰਾਹੀਂ ਅਮਰੀਕੀ ਅਤੇ ਕੈਨੇਡੀਅਨ ਲੀਡਰਸ਼ਿਪ ਨਾਲ ਸਿੱਖਾਂ ਨੂੰ ਬੈਠਿਆਂ ਦੇਖਿਆ, ਤਾਂ ਉਨ੍ਹਾਂ ਦੇ ਮਨਾਂ ਵਿਚ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਇਕਦਮ ਦੂਰ ਹੋਣ ਦਾ ਰਸਤਾ ਸਾਫ ਹੋ ਜਾਂਦਾ ਹੈ।
ਅਮਰੀਕਾ ਵਿਚ ਖਾਸ ਕਰਕੇ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਕਾਰਨ ਸਿੱਖਾਂ ਨੂੰ ਪਿਛਲੇ ਕਰੀਬ ਡੇਢ ਦਹਾਕੇ ਤੋਂ ਵੱਖ-ਵੱਖ ਤਰ੍ਹਾਂ ਦੀਆਂ ਨਸਲੀ ਵਿਤਕਰੇ ਭਰੀਆਂ ਕਾਰਵਾਈਆਂ ਅਤੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੇ ਸੰਕਟ ਤੋਂ ਨਿਕਲਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਸਿੱਖ ਆਪਣੀ ਪਛਾਣ ਬਾਰੇ ਗਲਤਫਹਿਮੀ ਨੂੰ ਦੂਰ ਕਰਨ ਲਈ ਲਗਾਤਾਰ ਹੰਭਲਾ ਮਾਰਨ। ਸਾਡਾ ਵਿਚਾਰ ਹੈ ਕਿ ਵਿਸਾਖੀ ਦਾ ਤਿਉਹਾਰ ਗੁਰਦੁਆਰਿਆਂ ਅਤੇ ਹੋਰ ਸਿੱਖ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਵੱਡੀ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਹੈ। ਵਿਸਾਖੀ ਪੁਰਬ ‘ਤੇ ਜਦ ਸਿੱਖ ਅਤੇ ਇਨ੍ਹਾਂ ਮੁਲਕਾਂ ਦਾ ਪ੍ਰਸ਼ਾਸਨ ਆਪਸ ਵਿਚ ਇਕੱਠੇ ਹੋ ਕੇ ਅਜਿਹੇ ਦਿਨ ਮਨਾਏਗਾ, ਤਾਂ ਇਸ ਨਾਲ ਸਾਡੇ ਬਾਰੇ ਪੈਦਾ ਹੋਈ ਗਲਤਫਹਿਮੀ ਦੂਰ ਹੋਣ ਵਿਚ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ। ਦੂਜੀ ਗੱਲ ਇਹ ਹੈ ਕਿ ਵਿਸਾਖੀ ਦਾ ਤਿਉਹਾਰ ਸਿੱਖ ਪੰਥ ਦੀ ਸਾਜਨਾ ਨਾਲ ਜੁੜਿਆ ਹੋਇਆ ਹੈ। ਇਸ ਦਿਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਕਰਕੇ ਜਦ ਅਸੀਂ ਇਹ ਦਿਨ ਮਨਾਵਾਂਗੇ, ਤਾਂ ਜਿਥੇ ਇਨ੍ਹਾਂ ਮੁਲਕਾਂ ਦੇ ਪ੍ਰਸ਼ਾਸਨ ਨੂੰ ਸਾਡੀ ਕੌਮ ਦੇ ਇਤਿਹਾਸ ਅਤੇ ਧਾਰਮਿਕ ਫਲਸਫੇ ਬਾਰੇ ਜਾਣਕਾਰੀ ਮਿਲੇਗੀ, ਉਥੇ ਨਾਲ ਹੀ ਆਮ ਲੋਕ ਵੀ ਸਿੱਖਾਂ ਸੰਬੰਧੀ ਹੋਰ ਵਧੇਰੇ ਜਾਗ੍ਰਿਤ ਹੋ ਸਕਣ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਸਾਡੇ ਲੋਕਾਂ ਨੇ ਪ੍ਰਸ਼ਾਸਨਿਕ ਅਤੇ ਰਾਜਸੀ ਖੇਤਰ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਕਰਕੇ ਸਾਡੇ ਭਾਈਚਾਰੇ ਦੇ ਪ੍ਰਤੀਨਿਧ ਲੋਕਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਸਾਡੇ ਭਾਈਚਾਰੇ ਦੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਮਨਾਉਣ ਸਮੇਂ ਜਿਥੇ ਵੱਧ ਤੋਂ ਵੱਧ ਸਰਕਾਰਾਂ, ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਨੂੰ ਨਾਲ ਜੋੜਨ, ਉਥੇ ਨਾਲ ਹੀ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਇਹ ਵੀ ਬੜਾ ਵੱਡਾ ਫਰਜ਼ ਹੈ ਕਿ ਅਮਰੀਕੀ ਲੋਕਾਂ ਦੇ ਜਿੰਨੇ ਵੀ ਵੱਡੇ ਤਿਉਹਾਰ ਜਾਂ ਦਿਨ ਆਉਂਦੇ ਹਨ, ਉਨ੍ਹਾਂ ਵਿਚ ਵੀ ਅਸੀਂ ਉਸੇ ਤਰ੍ਹਾਂ ਸਰਗਰਮੀ ਨਾਲ ਸ਼ਾਮਲ ਹੋਈਏ।
ਅਜਿਹਾ ਕਰਨ ਨਾਲ ਇਕ ਤਾਂ ਸਾਡਾ ਹੋਰਨਾਂ ਧਰਮਾਂ ਅਤੇ ਨਸਲਾਂ ਨਾਲ ਲਗਾਅ ਅਤੇ ਸਹਿਚਾਰ ਵਧੇਗਾ ਅਤੇ ਦੂਜਾ ਸਾਡੀ ਪਛਾਣ ਬਾਰੇ ਬਿਨਾਂ ਵਜ੍ਹਾ ਪੈਦਾ ਹੋਈ ਗਲਤਫਹਿਮੀ ਦੂਰ ਹੋਣ ਵਿਚ ਵੀ ਮਦਦ ਮਿਲੇਗੀ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਵ੍ਹਾਈਟ ਹਾਊਸ ਵਿਚ ਵਿਸਾਖੀ ਦਾ ਤਿਉਹਾਰ ਮਨਾਉਣ ਵਰਗੀ ਘਟਨਾ ਸਾਡੇ ਲਈ ਬੇਹੱਦ ਅਹਿਮੀਅਤ ਵਾਲੀ ਹੈ। ਇਸ ਵਾਰ ਅਮਰੀਕਾ ਭਰ ਤੋਂ ਇਸ ਸਮਾਗਮ ਵਿਚ ਦਰਜਨਾਂ ਨਾਮੀ ਅਤੇ ਪ੍ਰਤੀਨਿਧ ਸਿੱਖ ਸ਼ਾਮਲ ਹੋਏ ਹਨ। ਅੱਗੇ ਤੋਂ ਅਜਿਹੇ ਸਮਾਗਮ ਕਰਵਾਉਣ ਤੋਂ ਪਹਿਲਾਂ ਹੀ ਸਾਨੂੰ ਅਜਿਹੇ ਸਮਾਗਮਾਂ ਲਈ ਪੂਰੀ ਵਿਉਂਤਬੰਦੀ ਕਰਨ ਲੈਣੀ ਚਾਹੀਦੀ ਹੈ। ਇਸ ਦਾ ਕਾਰਨ ਇਹ ਹੈ ਕਿ ਵ੍ਹਾਈਟ ਹਾਊਸ ਵਿਚ ਦਾਖਲੇ ਲਈ ਪਹਿਲਾਂ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ। ਜੇਕਰ ਅਸੀਂ ਉਥੇ ਜਾਣ ਲਈ ਪ੍ਰਵਾਨਗੀ ਲੈ ਲਵਾਂਗੇ, ਤਾਂ ਹੀ ਉਸ ਸਮਾਗਮ ਵਿਚ ਸ਼ਾਮਲ ਹੋ ਸਕਾਂਗੇ। ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਵਿਚ ਵੀ ਸਿੱਖ ਭਾਈਚਾਰੇ ਦੀਆਂ ਅਨੇਕ ਤਰ੍ਹਾਂ ਦੀਆਂ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਹਨ। ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਜਾਗ੍ਰਿਤੀ ਮਹੀਨੇ ਵਜੋਂ ਪ੍ਰਵਾਨਗੀ ਦੇਣੀ ਵੀ ਆਪਣੇ-ਆਪ ਵਿਚ ਬਹੁਤ ਵੱਡੀ ਸਫਲਤਾ ਹੈ। ਸਿੱਖ ਜਾਗ੍ਰਿਤੀ ਮਹੀਨਾ ਮਨਾਉਣ ਸਮੇਂ ਵੀ ਸਾਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਜਿਥੇ ਅਸੀਂ ਆਪਣੇ ਭਾਈਚਾਰੇ ਦੇ ਸਮਾਗਮ ਕਰੀਏ, ਉਥੇ ਕੈਲੀਫੋਰਨੀਆ ਸਮਾਜ ਵਿਚ ਵੱਸਦੇ ਸਮੂਹ ਨਸਲਾਂ ਅਤੇ ਵਰਗਾਂ ਦੇ ਲੋਕਾਂ ਨਾਲ ਨੇੜਤਾ ਬਣਾਉਣ ਲਈ ਅਜਿਹੇ ਸਮਾਗਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਵੀ ਯਕੀਨੀ ਬਣਾਈਏ। ਇਹ ਗੱਲ ਵਧੇਰੇ ਚੰਗੀ ਹੋਵੇਗੀ, ਜੇਕਰ ਅਜਿਹੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਚੁਣੀਆਂ ਗਈਆਂ ਕਮੇਟੀਆਂ ਵਿਚ ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰਨਾਂ ਧਰਮਾਂ ਅਤੇ ਵਰਗਾਂ ਦੇ ਪ੍ਰਤੀਨਿਧਾਂ ਨੂੰ ਵੀ ਅਜਿਹੀਆਂ ਕਮੇਟੀਆਂ ਵਿਚ ਸ਼ਾਮਲ ਕਰ ਲਿਆ ਜਾਵੇ, ਤਾਂ ਇਹ ਵਧੇਰੇ ਲਾਹੇਵੰਦ ਹੋ ਸਕਦਾ ਹੈ।
ਇਸ ਨਾਲ ਇਕ ਤਾਂ ਸਾਨੂੰ ਦੂਸਰੇ ਲੋਕਾਂ ਦਾ ਸਾਡੇ ਪ੍ਰਤੀ ਕੀ ਵਤੀਰਾ ਹੈ ਅਤੇ ਕੀ ਸੋਚਦੇ ਹਨ, ਇਸ ਬਾਰੇ ਸਿੱਧੇ ਤੌਰ ‘ਤੇ ਜਾਣਕਾਰੀ ਮਿਲ ਸਕੇਗੀ ਅਤੇ ਦੂਜਾ, ਜਦੋਂ ਦੂਜੀਆਂ ਨਸਲਾਂ ਤੇ ਵਰਗਾਂ ਦੇ ਲੋਕ ਅਜਿਹੇ ਸਮਾਗਮ ਕਰਨ ਲਈ ਉਨ੍ਹਾਂ ਨੂੰ ਸੱਦੇ ਦੇਣਗੇ, ਤਾਂ ਅਜਿਹੇ ਸਮਾਗਮਾਂ ਪ੍ਰਤੀ ਆਮ ਲੋਕਾਂ ਦਾ ਹੁੰਗਾਰਾ ਹੋਰ ਵਧੇਰੇ ਵਧੇਗਾ। ਅਜਿਹਾ ਕਰਨ ਨਾਲ ਆਪਸੀ ਸਮਾਜਿਕ ਤਾਲਮੇਲ ਵਧਣ ਦੇ ਮੌਕੇ ਵੀ ਮਿਲਣਗੇ ਅਤੇ ਲੋਕਾਂ ਵਿਚਕਾਰ ਆਪਸੀ ਸਹਿਚਾਰ ਅਤੇ ਇਕਸੁਰਤਾ ਵੀ ਬਣੇਗੀ। ਸੋ ਸਾਡਾ ਵਿਚਾਰ ਹੈ ਕਿ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਅਤੇ ਪਤਵੰਤੇ ਵਿਸਾਖੀ ਪੁਰਬ ਸਮੇਤ ਹੋਰ ਸਮਾਗਮ ਕਰਵਾਉਣ ਸਮੇਂ ਆਪਣੇ ਭਾਈਚਾਰੇ ਦੇ ਨਾਲ-ਨਾਲ ਹੋਰਨਾਂ ਵਰਗਾਂ ਅਤੇ ਧਰਮਾਂ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੀ ਵਿਉਂਤਬੰਦੀ ਜ਼ਰੂਰ ਕਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.