ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬੀਆਂ ਨੂੰ ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਦੀ ਲੋੜ
ਪੰਜਾਬੀਆਂ ਨੂੰ ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਦੀ ਲੋੜ
Page Visitors: 2751

ਪੰਜਾਬੀਆਂ ਨੂੰ ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਦੀ ਲੋੜ

Posted On 04 May 2016
IMG_4238

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੀ ਸਿਆਸੀ ਪਾਰਟੀ ਡੈਮੋਕ੍ਰੇਟ ਲਈ ਪਿਛਲੇ ਦਿਨੀਂ ਡੈਲੀਗੇਟ ਦੀ ਚੋਣ ਹੋਈ। ਕੈਲੀਫੋਰਨੀਆ ਇਲਾਕੇ ਵਿਚ ਸਿੱਖਾਂ ਨੇ ਇਸ ਵਿਚ ਭਾਰੀ ਗਿਣਤੀ ‘ਚ ਹਿੱਸਾ ਲਿਆ ਅਤੇ ਕੁਝ ਉਮੀਦਵਾਰ ਜਿੱਤਣ ਵਿਚ ਕਾਮਯਾਬ ਹੋ ਗਏ। ਭਾਵੇਂ ਇਹ ਲੋਕ ਗਿਣਤੀ ਵਿਚ ਬਹੁਤੇ ਨਹੀਂ ਸਨ, ਪਰ ਫਿਰ ਵੀ ਇਨ੍ਹਾਂ ਦੀ ਅਮਰੀਕੀ ਸਿਆਸਤ ਵਿਚ ਪੁੱਛਗਿਛ ਸ਼ੁਰੂ ਹੋ ਗਈ ਹੈ। ਇਸ ਵਾਰ ਭਾਵੇਂ ਦਸਤਾਰਧਾਰੀ ਸਿੱਖ ਬਹੁਤੇ ਨਹੀਂ ਸਨ। ਪਰ ਅੱਗੇ ਤੋਂ ਸਿੱਖ ਦਸਤਾਰਧਾਰੀ ਉਮੀਦਵਾਰ ਹੀ ਇਸ ਚੋਣ ਮੈਦਾਨ ਵਿਚ ਉਤਾਰਨ ਬਾਰੇ ਸੋਚ ਰਹੇ ਹਨ, ਤਾਂਕਿ ਅਮਰੀਕਾ ਵਿਚ ਸਿੱਖੀ ਦੀ ਪਛਾਣ ਹੋ ਸਕੇ।
ਅਮਰੀਕਾ ਵਿਚ ਪੰਜਾਬੀਆਂ ਨੂੰ ਆਇਆਂ ਇੱਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ। ਅਮਰੀਕਾ ਦੇ ਕਈ ਹਿੱਸਿਆਂ ਕੈਲੀਫੋਰਨੀਆ, ਸਿਆਟਲ, ਸ਼ਿਕਾਗੋ ਤੇ ਨਿਊਯਾਰਕ ਆਦਿ ਖੇਤਰਾਂ ਵਿਚ ਪੰਜਾਬੀਆਂ ਨੇ ਆਪਣਾ ਚੰਗਾ ਸਥਾਨ ਅਤੇ ਰੁਤਬਾ ਕਾਇਮ ਕਰ ਲਿਆ ਹੈ। ਭਾਵੇਂ ਇਸ ਮੁਲਕ ਵਿਚ ਪੰਜਾਬੀ ਸਿਰਫ ਰੋਟੀ-ਰੋਜ਼ੀ ਕਮਾਉਣ ਲਈ ਆਏ ਸਨ, ਪਰ ਹੱਡ-ਭੰਨਵੀਂ ਮਿਹਨਤ, ਸਿਰੜ ਅਤੇ ਲਿਆਕਤ ਦੇ ਸਿਰ ‘ਤੇ ਅਸੀਂ ਪੰਜਾਬੀਆਂ ਨੇ ਹੁਣ ਇਸੇ ਮੁਲਕ ਨੂੰ ਆਪਣਾ ਰੈਣ-ਬਸੇਰਾ ਬਣਾ ਲਿਆ ਹੈ। ਅਮਰੀਕਾ ਵਿਚ ਲਗਭਗ ਹੁਣ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਪਈ ਹੈ। ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਆਪਣੇ ਵਤਨ ਵਾਪਸ ਪਰਤਣ ਦੀ ਤਾਂਘ ਅਤੇ ਗੂੰਜਾਇਸ਼ ਲਗਭਗ ਖਤਮ ਹੋਣ ਨੇੜੇ ਹੈ।
  ਸ਼ੁਰੂ ਵਿਚ ਆਏ ਪੰਜਾਬੀਆਂ ਅੰਦਰ ਭਾਵੇਂ ਇਸ ਗੱਲ ਦੀ ਤਲਬ ਹਮੇਸ਼ਾ ਰਹਿੰਦੀ ਸੀ ਕਿ ਉਹ ਆਪਣੇ ਵਤਨ ਵਾਪਸ ਪਰਤਣ। ਪਰ ਸਾਡੇ ਲੋਕਾਂ ਨੇ ਹੁਣ ਇਥੇ ਆਪਣੇ ਕਾਰੋਬਾਰ ਸਥਾਪਤ ਕਰ ਲਏ ਹਨ। ਉਨ੍ਹਾਂ ਦੀਆਂ ਨਵੀਆਂ ਪੀੜ੍ਹੀਆਂ ਹੁਣ ਇਥੋਂ ਦੀ ਹਾਬੋ-ਹਵਾ ਅਤੇ ਸੱਭਿਆਚਾਰ, ਸਮਾਜਿਕ ਬਣਤਰ ਵਿਚ ਡੂੰਘੀ ਤਰ੍ਹਾਂ ਜੁੜ ਗਈਆਂ ਹਨ। ਸਾਡੇ ਲੋਕਾਂ ਨੇ ਹਰੇਕ ਕਾਰੋਬਾਰ ਅੰਦਰ ਚੰਗੇ ਪੈਰ ਜਮ੍ਹਾ ਲਏ ਹਨ। ਭਾਵੇਂ ਅਸੀਂ ਹੁਣ ਆਰਥਿਕ ਪੱਖੋਂ ਪੂਰੇ ਅਮਰੀਕਾ ਵਿਚ ਕਾਫੀ ਮਜ਼ਬੂਤ ਹਾਂ। ਵਿਦਿਅਕ ਖੇਤਰ, ਸੂਚਨਾ ਪ੍ਰਣਾਲੀ ਸਮੇਤ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰਾਂ ਵਿਚ ਪੰਜਾਬੀਆਂ ਨੇ ਆਪਣੀ ਚੰਗੀ ਧਾਂਕ ਜਮਾਈ ਹੈ। ਟਰਾਂਸਪੋਰਟ, ਖੇਤੀਬਾੜੀ, ਹੋਟਲ ਅਤੇ ਪ੍ਰਚੂਨ ਵਪਾਰ ਵਿਚ ਸਾਡੇ ਲੋਕਾਂ ਦਾ ਪਹਿਲਾਂ ਹੀ ਚੰਗਾ ਕਾਰੋਬਾਰ ਹੈ।
   ਪਿਛਲੇ ਡੇਢ ਦਹਾਕੇ ਤੋਂ ਇਥੇ ਸਾਨੂੰ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਏ ਭੁਲੇਖੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਜਿਥੇ ਇਸ ਸਮੇਂ ਦੌਰਾਨ ਸਾਡੇ ਆਪਣੇ ਲੋਕਾਂ ਵਿਚ ਸਿੱਖੀ ਪ੍ਰਤੀ ਵਧੇਰੇ ਚੇਤੰਨਤਾ ਅਤੇ ਜਾਗ੍ਰਿਤੀ ਪੈਦਾ ਹੋਈ ਹੈ, ਸਿੱਖ ਗੁਰਦੁਆਰਿਆਂ ਦੀ ਗਿਣਤੀ ਵਧੀ ਹੈ ਅਤੇ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਦਿਹਾੜਿਆਂ ਉਪਰ ਸਮਾਗਮ ਵੀ ਵੱਡੇ ਪੱਧਰ ‘ਤੇ ਹੋਣ ਲੱਗੇ ਹਨ। ਪਰ ਇਸ ਦੇ ਨਾਲ ਹੀ ਸਾਨੂੰ ਆਪਣੀ ਵੱਖਰੀ ਪਛਾਣ ਦੇ ਗੌਰਵ ਅਤੇ ਨਿਵੇਕਲੇਪਨ ਦਾ ਵੀ ਅਹਿਸਾਸ ਵਧਿਆ ਹੈ। ਸਿੱਖ ਸਮਾਜ ਅੰਦਰ ਪੈਦਾ ਹੋਇਆ ਇਹ ਅਹਿਸਾਸ ਅਮਰੀਕਾ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੱਖ ਸਬੂਤ ਹੈ।
   ਪਰ ਪਿਛਲੇ ਡੇਢ-ਦੋ ਦਹਾਕੇ ਤੋਂ ਸਿੱਖਾਂ ਨੂੰ ਆਪਣੀ ਪਛਾਣ ਬਾਰੇ ਮੁਸ਼ਕਿਲਾਂ ਵਿਚੋਂ ਵੀ ਲੰਘਣਾ ਪੈ ਰਿਹਾ ਹੈ। ਸਭ ਤੋਂ ਪਹਿਲਾਂ ਸਿੱਖਾਂ ਦੀ ਪਛਾਣ ਬਾਰੇ ਭੁਲੇਖੇ ਦਾ ਸ਼ਿਕਾਰ ਸ. ਬਲਬੀਰ ਸਿੰਘ ਸੋਢੀ ਹੋਏ। ਉਸ ਤੋਂ ਬਾਅਦ ਪਿਛਲੇ ਸਾਲ ਵਿਸਕਾਨਸਨ ਗੁਰਦੁਆਰਾ ਵਿਖੇ ਇਕ ਜਨੂੰਨੀ ਗੋਰੇ ਵੱਲੋਂ ਅੰਨ੍ਹੇਵਾਹ ਕੀਤੀ ਫਾਈਰਿੰਗ ਦੌਰਾਨ 6 ਸਿੱਖਾਂ ਦੀ ਜਾਨ ਚਲੇ ਜਾਣ ਦੀ ਹਿਰਦੇ-ਵੇਦਕ ਘਟਨਾ ਵਾਪਰੀ ਸੀ। ਇਸ ਤੋਂ ਇਲਾਵਾ ਹੋਰ ਵੀ ਕਾਫੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
   ਸਿੱਖ ਸਮਾਜ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਬੇਹੱਦ ਚਿੰਤਤ ਹੈ ਅਤੇ ਉਸ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਪਏ ਭੁਲੇਖੇ ਨੂੰ ਦੂਰ ਕਰਨ ਦੇ ਯਤਨ ਵੀ ਕੀਤੇ ਗਏ ਹਨ। ਪਰ ਹੁਣ ਕੈਲੀਫੋਰਨੀਆ ਵਿਚ ਸਿਆਸੀ ਖੇਤਰ ਵਿਚ ਪੰਜਾਬੀਆਂ ਦੇ ਸਰਗਰਮ ਹੋਣ ਨਾਲ ਇਕ ਹੋਰ ਵੱਡੀ ਪ੍ਰਾਪਤੀ ਸਾਹਮਣੇ ਆਈ ਹੈ। ਰਾਜਸੀ ਖੇਤਰ ਵਿਚ ਸਰਗਰਮ ਹੋਏ ਬਿਨਾਂ ਪੰਜਾਬੀਆਂ ਨੂੰ ਅਮਰੀਕੀ ਸਮਾਜ ਅਤੇ ਪ੍ਰਸ਼ਾਸਨ ਵਿਚ ਬਣਦਾ ਸਥਾਨ ਹਾਸਲ ਕਰਨ ਵਿਚ ਦਿੱਕਤਾਂ ਆਉਣਗੀਆਂ। ਜੇਕਰ ਸਾਡੇ ਲੋਕ ਅਮਰੀਕੀ ਸਿਆਸਤ ਵਿਚ ਸਰਗਰਮ ਹੋਣਗੇ, ਤਾਂ ਆਪਣੇ ਆਪ ਹੀ ਸਿੱਖਾਂ ਦੀ ਵੱਖਰੀ ਪਛਾਣ ਅਤੇ ਵਿਲੱਖਣ ਧਰਮ ਬਾਰੇ ਉਨ੍ਹਾਂ ਪਾਰਟੀਆਂ ਦੇ ਮੈਂਬਰਾਂ ਅਤੇ ਸਮਰੱਥਕਾਂ ਵਿਚ ਜਾਗ੍ਰਿਤੀ ਆਵੇਗੀ। ਇਸ ਦਾ ਵੱਡਾ ਲਾਭ ਇਹ ਵੀ ਹੋਵਗਾ ਕਿ ਵੱਖ-ਵੱਖ ਰਾਜਸੀ ਪਾਰਟੀਆਂ ਵਿਚ ਜਦ ਸਾਡੇ ਲੋਕ ਵਿਚਰਨਗੇ, ਤਾਂ ਹੋਰਨਾਂ ਧਰਮਾਂ ਤੇ ਵਰਗਾਂ ਦੇ ਲੋਕਾਂ ਨਾਲ ਸਾਡਾ ਸਿੱਧਾ ਵਾਹ-ਵਾਸਤਾ ਪਵੇਗਾ ਅਤੇ ਅਸੀਂ ਆਪਣੇ ਬਾਰੇ ਉਨ੍ਹਾਂ ਨੂੰ ਦੱਸ ਸਕਾਂਗੇ। ਇਕ ਪਾਰਟੀ ਵਿਚ ਕੰਮ ਕਰਨ ਸਮੇਂ ਇਹ ਲੋਕ ਸਾਡੇ ਉਪਰ ਭਰੋਸਾ ਵੀ ਕਰਨ ਲੱਗਣਗੇ। ਇਸ ਨਾਲ ਪੰਜਾਬੀਆਂ ਅਤੇ ਅਮਰੀਕੀ ਸਮਾਜ ਵਿਚਕਾਰ ਇਕ ਲਗਾਅ ਪੈਦਾ ਹੋਵੇਗਾ।
   ਇਹ ਗੱਲ ਅਸੀਂ ਆਮ ਦੇਖਦੇ ਹਾਂ ਕਿ ਜਦ ਤੱਕ ਅਸੀਂ ਕਿਸੇ ਨਾਲ ਨੇੜੇ ਤੋਂ ਨਹੀਂ ਜੁੜਦੇ, ਤਾਂ ਉਨ੍ਹਾਂ ਤੱਕ ਆਪਣੇ ਬਾਰੇ ਜਾਣਕਾਰੀ ਦੇ ਸਕਣਾ ਬੜਾ ਮੁਸ਼ਕਿਲ ਹੁੰਦਾ ਹੈ। ਪਰ ਜਦੋਂ ਅਸੀਂ ਇਕ ਦੂਜੇ ਨਾਲ ਵਾਹ ਵਿਚ ਆਉਂਦੇ ਹਾਂ ਅਤੇ ਉਨ੍ਹਾਂ ਨਾਲ ਮਿਲ-ਬੈਠ ਕੇ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਵਿਚਾਰ-ਵਟਾਂਦਰੇ ਕਰਦੇ ਹਾਂ, ਤਾਂ ਅਜਿਹੇ ਅਮਲ ਸਮੇਂ ਇਕ ਦੂਜੇ ਦੇ ਨੇੜੇ ਹੋਣਾ ਸਹਿਜ ਹੀ ਹੋ ਜਾਂਦਾ ਹੈ।
    ਅਮਰੀਕਾ ਦੇ ਰਾਜਸੀ ਸੱਭਿਆਚਾਰ ਵਿਚ ਇਹ ਬੜੀ ਵੱਡੀ ਗੱਲ ਹੈ ਕਿ ਇਥੇ ਡੈਲੀਗੇਟ ਜਾਂ ਉਮੀਦਵਾਰ ਬਣਨ ਲਈ ਕਿਸੇ ਵੱਡੇ ਆਗੂ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ ਅਤੇ ਨਾ ਹੀ ਨੋਟਾਂ ਦੀਆਂ ਥੈਲੀਆਂ ਦੇਣੀਆਂ ਪੈਂਦੀਆਂ ਹਨ। ਇਥੇ ਡੈਲੀਗੇਟ ਚੁਣਨੇ ਹੋਣ ਜਾਂ ਫਿਰ ਉਮੀਦਵਾਰ ਚੁਣਨੇ ਹੋਣ ਜਾਂ ਫਿਰ ਉਮੀਦਵਾਰ ਨਾਮਜ਼ਦ ਕਰਨੇ ਹੋਣ, ਸੰਬੰਧਤ ਖੇਤਰ ਦੇ ਪਾਰਟੀ ਮੈਂਬਰ ਹੀ ਉਨ੍ਹਾਂ ਦੀ ਚੋਣ ਕਰਦੇ ਹਨ। ਇਸ ਕਰਕੇ ਇਹ ਬਹੁਤ ਹੀ ਸੁਖਾਲਾ ਅਮਲ ਹੈ।
   ਸਾਡੇ ਲੋਕਾਂ ਨੂੰ ਗੋਰਿਆਂ ਦੀਆਂ ਪਾਰਟੀਆਂ ਵਿਚ ਜਾ ਕੇ ਸਰਗਰਮ ਹੋਣ ‘ਚ ਵੱਡੀ ਝਿਜਕ ਰਹਿੰਦੀ ਹੈ। ਸਾਡੇ ਲੋਕਾਂ ਨੂੰ ਇਹ ਝਿਜਕ ਛੱਡ ਦੇਣੀ ਚਾਹੀਦੀ ਹੈ ਅਤੇ ਅਮਰੀਕੀ ਰਾਜਸੀ ਪਾਰਟੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਰਾਜਸੀ ਪਾਰਟੀਆਂ ਵਿਚ ਸਾਡੇ ਲੋਕਾਂ ਦੇ ਸਰਗਰਮ ਹੋਣ ਨਾਲ ਅਮਰੀਕੀ ਪ੍ਰਸ਼ਾਸਨ ਵਿਚ ਵੀ ਸਾਡੀ ਪਛਾਣ ਬਾਰੇ ਜਾਗ੍ਰਿਤੀ ਹੋਰ ਵਧੇਗੀ ਅਤੇ ਪ੍ਰਸ਼ਾਸਨ ਵੱਲੋਂ ਬਣਾਈਆਂ ਜਾਣ ਵਾਲੀਆਂ ਕਈ ਨੀਤੀਆਂ ਅਤੇ ਫੈਸਲਿਆਂ ਵਿਚ ਵੀ ਅਸੀਂ ਅਹਿਮ ਰੋਲ ਅਦਾ ਕਰ ਸਕਾਂਗੇ।
ਕਈ ਵਾਰੀ ਅਜਿਹਾ ਹੁੰਦਾ ਹੈ ਕਿ ਫੈਸਲੇ ਲੈਣ ਅਤੇ ਨੀਤੀ ਘੜਨ ਵਾਲੀ ਕਮੇਟੀ ਵਿਚ ਸਿੱਖ ਭਾਈਚਾਰੇ ਦਾ ਜਦ ਕੋਈ ਨੁਮਾਇੰਦਾ ਹੀ ਨਹੀਂ ਹੁੰਦਾ, ਤਾਂ ਅਣਜਾਣਤਾ ਕਾਰਨ ਹੀ ਸਿੱਖਾਂ ਦੀ ਪੱਗੜੀ ਜਾਂ ਧਾਰਮਿਕ ਚਿੰਨ੍ਹਾਂ ਬਾਰੇ ਉਹ ਕੋਈ ਗਲਤ ਫੈਸਲਾ ਲੈ ਜਾਂਦੇ ਹਨ। ਜੇਕਰ ਸਾਡੇ ਆਪਣੇ ਲੋਕਾਂ ਦੀ ਇਨ੍ਹਾਂ ਕਮੇਟੀਆਂ ਵਿਚ ਮੌਜੂਦਗੀ ਹੋਵੇਗੀ, ਤਾਂ ਫਿਰ ਅਜਿਹੀਆਂ ਛੋਟੀਆਂ-ਛੋਟੀਆਂ ਕੁਤਾਹੀਆਂ ਜਾਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ। ਅਜਿਹੀਆਂ ਕਮੇਟੀਆਂ ਵੱਲੋਂ ਕੀਤੀ ਛੋਟੀ ਜਿਹੀ ਕੁਤਾਹੀ ਨੂੰ ਦੂਰ ਕਰਨ ਲਈ ਬਾਅਦ ਵਿਚ ਕਈ ਵਾਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋ ਇਸ ਕਰਕੇ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਪੰਜਾਬ ਦੀ ਰਾਜਨੀਤੀ ਵੱਲ ਹੀ ਨਾ ਝਾਕਦੇ ਰਹੀਏ, ਸਗੋਂ ਇਸ ਦੇ ਨਾਲ-ਨਾਲ ਇਥੋਂ ਦੀ ਰਾਜਨੀਤੀ ਵਿਚ ਹਿੱਸਾ ਲੈ ਕੇ ਜਿਵੇਂ ਅਸੀਂ ਹੋਰਨਾਂ ਖੇਤਰਾਂ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ, ਉਸੇ ਤਰ੍ਹਾਂ ਰਾਜਸੀ ਖੇਤਰ ਵਿਚ ਵੀ ਚੰਗਾ ਸਥਾਨ ਬਣਾਈਏ। ਸਾਡੇ ਗੁਆਂਢੀ ਮੁਲਕ ਕੈਨੇਡਾ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਥੋਂ ਦੀ ਪਾਰਲੀਮੈਂਟ ਵਿਚ 18 ਪੰਜਾਬੀ ਜਿੱਤ ਕੇ ਗਏ ਹਨ, ਜਿਨ੍ਹਾਂ ਵਿਚੋਂ ਇਸ ਸਮੇਂ 6 ਫੈਡਰਲ ਮੰਤਰੀ ਹਨ।   
        ਇੱਡੀ ਵੱਡੀ ਪ੍ਰਾਪਤੀ ਸਿਰਫ ਆਪਣੇ ਲੋਕਾਂ ਦੇ ਸਿਰ ਉੱਤੇ ਹੀ ਨਹੀਂ ਕੀਤੀ ਗਈ, ਸਗੋਂ ਕੈਨੇਡਾ ਦੇ ਪ੍ਰਵਾਸੀ ਪੰਜਾਬੀਆਂ ਨੇ ਉਥੋਂ ਦੀ ਸਥਾਨਕ ਵਸੋਂ ਦੇ ਮਨ ਜਿੱਤੇ ਹਨ ਅਤੇ ਉਨ੍ਹਾਂ ਨਾਲ ਆਪਣਾ ਗੂੜ੍ਹਾ ਰਿਸ਼ਤਾ ਬਣਾਇਆ ਹੈ, ਜਿਸ ਕਰਕੇ ਉਹ ਵੱਡੀ ਗਿਣਤੀ ਗੋਰਿਆਂ ਦੀ ਵਸੋਂ ਵਾਲੇ ਖੇਤਰਾਂ ਵਿਚੋਂ ਵੀ ਜਿੱਤ ਕੇ ਆ ਰਹੇ ਹਨ।
ਇਸ ਤਰ੍ਹਾਂ ਜੇਕਰ ਅਸੀਂ ਵੀ ਯਤਨ ਜੁਟਾਈਏ ਅਤੇ ਅਮਰੀਕਾ ਦੀ ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਈਏ, ਤਾਂ ਉਹ ਦਿਨ ਦੂਰ ਨਹੀਂ, ਜਦ ਅਮਰੀਕਾ ਦੀ ਸੈਨੇਟ ਅਤੇ ਕਾਂਗਰਸ ਵਿਚ ਵੀ ਪੰਜਾਬੀਆਂ ਦਾ ਨਾਂ ਬੋਲਣ ਲੱਗ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.