ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਮਾਹੌਲ ਖਰਾਬ ਕਰਨ ਦੇ ਯਤਨ
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਮਾਹੌਲ ਖਰਾਬ ਕਰਨ ਦੇ ਯਤਨ
Page Visitors: 2679

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਮਾਹੌਲ ਖਰਾਬ ਕਰਨ ਦੇ ਯਤਨ

Posted On 01 Jun 2016
7

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2017 ਦੇ ਆਰੰਭ ਵਿਚ ਹੋਣ ਜਾ ਰਹੀਆਂ ਹਨ। ਚੋਣਾਂ ਹੋਣ ਤੋਂ 7-8 ਮਹੀਨੇ ਪਹਿਲਾਂ ਪੰਜਾਬ ਅੰਦਰ ਮਾਹੌਲ ਵਿਗਾੜੇ ਜਾਣ ਦੀਆਂ ਕੋਸ਼ਿਸ਼ਾਂ ਨਜ਼ਰ ਆ ਰਹੀਆਂ ਹਨ। ਇਕ ਪਾਸੇ ਇਹ ਖ਼ਬਰਾਂ ਨਸ਼ਰ ਹੋ ਰਹੀਆਂ ਹਨ ਕਿ ਸਰਹੱਦ ਪਾਰ ਤੋਂ ਪੰਜਾਬ ਦਾ ਮਾਹੌਲ ਵਿਗਾੜੇ ਜਾਣ ਲਈ ਦਹਿਸ਼ਤੀ ਕਾਰਵਾਈਆਂ ਕੀਤੇ ਜਾਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਗੁਆਂਢੀ ਮੁਲਕ ਕਿਸੇ ਵੇਲੇ ਵੀ ਰਾਜ ਅੰਦਰ ਵੱਡੀਆਂ ਵਾਰਦਾਤਾਂ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਗਾੜ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਅੰਦਰ ਵੀ ਹਾਲਾਤ ਕੋਈ ਸੁਖਾਵੇਂ ਨਜ਼ਰ ਨਹੀਂ ਆ ਰਹੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਹੋਏ ਹਮਲੇ ਤੋਂ ਬਾਅਦ ਰਾਜ ਅੰਦਰ ਦਹਿਸ਼ਤੀ ਮਾਹੌਲ ਬਣਿਆ ਹੋਇਆ ਹੈ। ਜਿਸ ਤਰ੍ਹਾਂ ਦਿਨ-ਦਿਹਾੜੇ ਦਰਜਨਾਂ ਬੰਦਿਆਂ ਵੱਲੋਂ ਸਿੱਖ ਪ੍ਰਚਾਰਕ ਉਪਰ ਇਹ ਹਮਲਾ ਕੀਤਾ ਗਿਆ, ਉਹ ਆਪਣੇ ਆਪ ਹੀ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਪੰਜਾਬ ਅੰਦਰ ਇਸ ਵੇਲੇ ਅਮਨ-ਕਾਨੂੰਨ ਅਤੇ ਸੁਰੱਖਿਆ ਦਾ ਮਾਹੌਲ ਕਿਹੋ ਜਿਹਾ ਹੈ।
  ਇਸ ਮਾਮਲੇ ਵਿਚ ਸਰਕਾਰ ਵੱਲੋਂ ਨਿਭਾਇਆ ਜਾ ਰਿਹਾ ਰੋਲ ਵੀ ਸ਼ੱਕੀ ਬਣਿਆ ਹੋਇਆ ਹੈ ਅਤੇ ਸਿੱਖ ਪ੍ਰਚਾਰਕਾਂ ਦਾ ਵੱਡਾ ਹਿੱਸਾ ਮੰਗ ਕਰਨ ਲੱਗਿਆ ਹੈ ਕਿ ਇਸ ਵਾਰਦਾਤ ਦੀ ਨਿਰਪੱਖ ਅਤੇ ਸਹੀ ਜਾਂਚ ਦਾ ਕੰਮ ਸੀ.ਬੀ.ਆਈ. ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਪੰਜਾਬ ਅੰਦਰ ਗੈਂਗਵਾਰ ਵੱਡੇ ਪੱਧਰ ‘ਤੇ ਉਭਰ ਰਹੀ ਹੈ। ਹਰ ਰੋਜ਼ ਰਾਜ ਅੰਦਰ ਕਿਤੇ ਨਾ ਕਿਤੇ ਅਜਿਹੇ ਗੈਂਗਵਾਰ ਦੀ ਲੜਾਈ ਜਾਂ ਹਮਲੇ ‘ਚ ਨੌਜਵਾਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਛੱਪ ਰਹੀਆਂ ਹਨ। ਅਮਨ-ਕਾਨੂੰਨ ਦੀ ਹਾਲਤ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਈ ਹੈ ਕਿ ਜਲੰਧਰ ਦੇ ਇਕ ਮੁਹੱਲੇ ‘ਚ ਇਕ ਗਿਰੋਹ ਦੇ 20 ਦੇ ਕਰੀਬ ਮੁੰਡਿਆਂ ਨੇ ਇਕ ਨੌਜਵਾਨ ਨੂੰ ਸਰੇਬਾਜ਼ਾਰ ਖਰਬੂਜ਼ਿਆਂ ਵਾਂਗ ਵੱਢ ਸੁੱਟਿਆ।
  ਪੰਜਾਬ ਅੰਦਰ ਇਹ ਜਥੇਬੰਦ ਗਿਰੋਹ ਪਹਿਲੀ ਵਾਰ ਸਾਹਮਣੇ ਆ ਰਹੇ ਹਨ। ਅਜਿਹੇ ਗਿਰੋਹਾਂ ਵੱਲੋਂ ਆਮ ਲੁੱਟਮਾਰ ਦੇ ਨਾਲ-ਨਾਲ ਕਈ ਥਾਈਂ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉਪਰ ਕਬਜ਼ੇ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਚੋਣਾਂ ਤੋਂ ਪਹਿਲਾਂ ਰਾਜ ਅੰਦਰ ਸੁਖਾਵਾਂ ਮਾਹੌਲ ਬਣਨਾ ਚਾਹੀਦਾ ਹੈ, ਤਾਂਕਿ ਹਰ ਇਕ ਰਾਜਨੀਤਿਕ ਖੁੱਲ੍ਹ ਕੇ ਆਪਣੀ ਗੱਲ ਲੋਕਾਂ ਨਾਲ ਕਰ ਸਕੇ। ਪਰ ਜਿਹੋ ਜਿਹੀਆਂ ਕਨਸੋਆਂ ਪੰਜਾਬ ਤੋਂ ਆ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਪਾਣੀਆਂ ‘ਚ ਕਾਂਜੀ ਘੋਲਣ ਦਾ ਯਤਨ ਅਜੇ ਵੀ ਜਾਰੀ ਹੈ।
ਪੰਜਾਬ ਨੇ ਪਹਿਲਾਂ ਦੋ-ਢਾਈ ਦਹਾਕੇ ਬੜਾ ਵੱਡਾ ਸੰਤਾਪ ਭੋਗਿਆ ਹੈ। ਪ੍ਰਵਾਸੀ ਪੰਜਾਬੀਆਂ ਨੇ ਵੀ ਇਸ ਦਾ ਸੇਕ ਹੰਢਾਇਆ ਹੈ। ਪੰਜਾਬ ਹੁਣ ਮੁੜ ਅਜਿਹੇ ਦੌਰ ਵਿਚ ਦਾਖਲ ਨਾ ਹੋਵੇ, ਇਸ ਲਈ ਜਿਥੇ ਪੰਜਾਬੀ ਵੱਡੇ ਪੱਧਰ ਉੱਤੇ ਚਿੰਤਤ ਹਨ, ਉਥੇ ਪ੍ਰਵਾਸੀ ਪੰਜਾਬੀਆਂ ਅੰਦਰ ਵੀ ਇਹ ਫਿਕਰਮੰਦੀ ਪਾਈ ਜਾ ਰਹੀ ਹੈ ਕਿ ਪੰਜਾਬ ਵਿਚ ਮਾਹੌਲ ਸੁਖਾਵਾਂ ਹੋਵੇ। ਉਥੇ ਸ਼ਾਂਤਮਈ ਢੰਗ ਨਾਲ ਅਤੇ ਨਿਰਪੱਖ ਤੌਰ ‘ਤੇ ਚੋਣਾਂ ਹੋਣ ਅਤੇ ਰਾਜਨੀਤਿਕ ਤੌਰ ‘ਤੇ ਸਾਫ-ਸੁਥਰੀ ਕਿਸੇ ਪਾਰਟੀ ਨੂੰ ਸੂਬੇ ਦਾ ਪ੍ਰਸ਼ਾਸਨ ਸੌਂਪਿਆ ਜਾ ਸਕੇ, ਜਿਸ ਨਾਲ ਲੰਬੇ ਸਮੇਂ ਤੋਂ ਤਰਾਸਦੀ ਵਿਚ ਫਸੇ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ। ਪਰ ਜੇਕਰ ਚੋਣਾਂ ਤੋਂ ਪਹਿਲਾਂ ਹੀ ਮਾਹੌਲ ਨੂੰ ਵਿਗਾੜ ਦਿੱਤਾ ਗਿਆ, ਤਾਂ ਲੋਕਾਂ ਦੀ ਨਿਰਪੱਖ ਰਾਏ ਆ ਸਕਣਾ ਵੀ ਮੁਸ਼ਕਲ ਹੋ ਜਾਂਦਾ ਹੈ।
   ਬਹੁਤ ਸਾਰੇ ਲੋਕ ਇਹ ਖਦਸ਼ਾ ਵੀ ਪ੍ਰਗਟ ਕਰਨ ਲੱਗੇ ਹਨ ਕਿ ਅਜਿਹੇ ਤਣਾਅ ਭਰੇ ਮਾਹੌਲ ਵਿਚ ਹਕੂਮਤ ਕਰ ਰਹੀ ਪਾਰਟੀ ਸਮੇਂ ਤੋਂ ਪਹਿਲਾਂ ਵੀ ਚੋਣਾਂ ਕਰਵਾ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦਾ ਖੰਡਨ ਕੀਤਾ ਹੈ। ਪਰ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਕੀਤੇ ਜਾਂਦੇ ਭਾਸ਼ਨਾਂ ‘ਚ ਲੋਕਾਂ ਨੂੰ ਕਿਸੇ ਸਮੇਂ ਵੀ ਚੋਣਾਂ ਲਈ ਤਿਆਰ ਰਹਿਣ ਦੇ ਸੱਦੇ ਦਿੱਤੇ ਜਾ ਰਹੇ ਹਨ। ਸ. ਬਾਦਲ ਪਾਰਟੀ ਵਰਕਰਾਂ ਨੂੰ ਆਮ ਤੌਰ ‘ਤੇ ਇਹ ਚੁਣੌਤੀ ਦਿੰਦੇ ਹਨ ਕਿ ਪੰਜਾਬ ਦੇ ਪਾਣੀਆਂ ਬਾਰੇ ਕਿਸੇ ਵੀ ਸਮੇਂ ਫੈਸਲਾ ਹੋ ਸਕਦਾ ਹੈ। ਉਹ ਆਖਦੇ ਹਨ ਕਿ ਪੰਜਾਬ ਦੇ ਪਾਣੀਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਕੀਤੇ ਧੱਕੇ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਕੋਲ ਪਾਣੀ ਦੀ ਇਕ ਵੀ ਬੂੰਦ ਵਾਧੂ ਨਹੀਂ। ਪਾਣੀਆਂ ਦਾ ਮਾਮਲਾ ਪੰਜਾਬ ਦੇ ਲੋਕਾਂ ਦੀ ਜਿੰਦ-ਜਾਨ ਦਾ ਮਸਲਾ ਹੈ। ਇਸ ਮਾਮਲੇ ਵਿਚ ਉਹ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਕਰ ਸਕਦੇ।
   ਸ. ਬਾਦਲ ਕਹਿੰਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਸ. ਬਾਦਲ ਇਹ ਗੱਲ ਆਖਣ ਤੱਕ ਜਾਂਦੇ ਹਨ ਕਿ ਜੇਕਰ ਇਸ ਮਾਮਲੇ ਵਿਚ ਸਰਕਾਰ ਵੀ ਵਾਰਨੀ ਪਈ, ਤਾਂ ਉਹ ਕੋਈ ਵਕਤ ਨਹੀਂ ਲਗਾਉਣਗੇ। ਅਜਿਹੇ ਬਿਆਨਾਂ ਤੋਂ ਅਜਿਹੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਪਾਣੀਆਂ ਦੇ ਮਸਲਿਆਂ ‘ਤੇ ਅਕਾਲੀ ਦਲ ਪੰਜਾਬ ਅੰਦਰ ਕੁਝ ਮਹੀਨੇ ਪਹਿਲਾਂ ਵੀ ਚੋਣਾਂ ਕਰਵਾ ਸਕਦਾ ਹੈ। ਸ. ਬਾਦਲ ਨੇ ਭਾਵੇਂ ਬਿਆਨ ਤਾਂ ਦੇ ਦਿੱਤਾ ਹੈ ਕਿ ਉਹ ਸਮੇਂ ਤੋਂ ਪਹਿਲਾਂ ਚੋਣਾਂ ਨਹੀਂ ਕਰਵਾਉਣਗੇ, ਪਰ ਉਨ੍ਹਾਂ ਦੇ ਅਜਿਹੇ ਸਿਆਸੀ ਬਿਆਨਾਂ ਉੱਤੇ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ। ਉਹ ਪਤਾ ਨਹੀਂ ਕਦ ਹਾਲਾਤ ਬਦਲੇ ਹੋਣ ਦਾ ਬਹਾਨਾ ਲਗਾ ਕੇ ਨਵੀਂ ਗੱਲ ਕਰ ਸਕਦੇ ਹਨ।
    ਪਿਛਲੇ ਸਾਲਾਂ ਦੌਰਾਨ ਪੰਜਾਬ ਨੂੰ ਵੱਡੇ ਸੰਕਟਾਂ ਵਿਚੋਂ ਗੁਜ਼ਰਨਾ ਪਿਆ ਹੈ। ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪੰਜਾਬ ਅੰਦਰ ਦੋ-ਤਿੰਨ ਮਹੀਨੇ ਵੱਡਾ ਘਮਸਾਨ ਮਚਿਆ ਰਿਹਾ ਹੈ। ਇਹ ਸਾਰੇ ਸਮੇਂ ਦੌਰਾਨ ਅਕਾਲੀ ਦਲ ਅਤੇ ਸਰਕਾਰ ਦਾ ਰੋਲ ਲੋਕਾਂ ਦੇ ਨਿਸ਼ਾਨੇ ਉਪਰ ਰਿਹਾ ਹੈ। ਅਕਾਲੀ ਲੀਡਰਸ਼ਿਪ ਦੇ ਇਸ਼ਾਰੇ ਉਪਰ ਚੱਲਣ ਕਾਰਨ ਸਿੱਖਾਂ ਦੇ ਸਰਵਉੱਚ ਧਰਮ ਅਸਥਾਨਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਰੁਤਬੇ ਨੂੰ ਵੱਡੀ ਢਾਹ ਲੱਗੀ ਹੈ। ਇਸੇ ਤਰ੍ਹਾਂ ਆਪਣੇ ਮਸਲਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਡੀ ਪੱਧਰ ‘ਤੇ ਸੰਘਰਸ਼ ਚਲਾਏ ਗਏ। ਅੰਦੋਲਨਕਾਰੀ ਕਿਸਾਨਾਂ ਵੱਲੋਂ ਕਈ-ਕਈ ਦਿਨ ਸੜਕਾਂ ਉਪਰ ਧਰਨੇ ਦੇ ਕੇ ਰਸਤੇ ਰੋਕੇ ਗਏ। ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਲਗਾਤਾਰ ਸੜਕਾਂ ਉਪਰ ਸੰਘਰਸ਼ ਕਰਦੇ ਦੇਖੇ ਜਾਂਦੇ ਹਨ। ਹਰ ਰੋਜ਼ ਹੀ ਪੰਜਾਬ ਅੰਦਰ ਕਿਸੇ ਨਾ ਕਿਸੇ ਥਾਂ ਰੁਜ਼ਗਾਰ ਦੀ ਮੰਗ ਕਰਦੇ ਅਜਿਹੇ ਨੌਜਵਾਨ ਮੁੰਡੇ-ਕੁੜੀਆਂ ਉਪਰ ਡਾਂਗਾਂ ਵਰ੍ਹਦੀਆਂ ਦੇਖੀਆਂ ਜਾਂਦੀਆਂ ਹਨ। ਗੱਲ ਕੀ ਪੰਜਾਬ ਅੰਦਰ ਸਮਾਜ ਦਾ ਅਜਿਹਾ ਕੋਈ ਵਰਗ ਨਹੀਂ, ਜੋ ਸਰਕਾਰ ਤੋਂ ਸੰਤੁਸ਼ਟ ਹੋਵੇ।
ਉਂਝ ਵੀ ਵਿਕਾਸ ਪੱਖੋਂ ਪੰਜਾਬ ਬੇਹੱਦ ਫਾਡੀ ਬਣ ਕੇ ਰਹਿ ਗਿਆ ਹੈ। ਪੰਜਾਬ ਦੀ ਆਰਥਿਕ ਹਾਲਤ ਇੰਨੀ ਵਿਗੜ ਚੁੱਕੀ ਹੈ ਕਿ ਇਕ ਕੇਸ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਨੂੰ ਸਰਕਾਰ ਦੇ ਨੁਮਾਇੰਦੇ ਤੋਂ ਇਹ ਸਵਾਲ ਪੁੱਛਣਾ ਪੈ ਗਿਆ ਕਿ ਪੰਜਾਬ ਅੰਦਰ ਕਿਤੇ ਵਿੱਤੀ ਐਮਰਜੰਸੀ ਤਾਂ ਨਹੀਂ ਲੱਗੀ ਹੋਈ। ਆਰਥਿਕ ਤੌਰ ‘ਤੇ ਪੰਜਾਬ ਦੀ ਕੰਗਾਲੀ ਦਾ ਹਾਲ ਇਹ ਹੈ ਕਿ ਹੌਲੀ-ਹੌਲੀ ਕਰਜ਼ੇ ਦਾ ਵੱਧ ਰਿਹਾ ਬੋਝ ਸਵਾ ਲੱਖ ਕਰੋੜ ਤੋਂ ਉਪਰ ਪਹੁੰਚ ਚੁੱਕਾ ਹੈ। ਸਰਕਾਰ ਦੇ ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਸਿਰ ਚੜ੍ਹਿਆ ਕਰੀਬ ਇਕ ਲੱਖ ਕਰੋੜ ਦਾ ਕਰਜ਼ਾ ਵੱਖਰਾ ਹੈ। ਇਸੇ ਤਰ੍ਹਾਂ 70 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਹੋਇਆ ਹੈ। ਸਰਕਾਰ ਲੋਕਾਂ ਨੂੰ ਖੁਸ਼ ਕਰਨ ਲਈ ਸੰਗਤ ਦਰਸ਼ਨ ਦੇ ਜ਼ਰੀਏ ਪੈਸੇ ਵੰਡਣ ਲਈ ਅਜੇ ਵੀ ਬੈਂਕਾਂ ਤੋਂ ਹੋਰ ਕਰਜ਼ੇ ਲੈਣ ਲੱਗੀ ਹੋਈ ਹੈ।
  ਇਸ ਤਰ੍ਹਾਂ ਦੇਖਿਆ ਜਾਵੇ, ਤਾਂ ਪੰਜਾਬ ਅੰਦਰ ਸਮਾਜਿਕ ਅਤੇ ਅਮਨ-ਕਾਨੂੰਨ ਦੇ ਪੱਖੋਂ ਮਾਹੌਲ ਵਿਗਾੜਿਆ ਜਾ ਰਿਹਾ ਹੈ, ਉਥੇ ਆਰਥਿਕ ਖਿਲਵਾੜ ਵੀ ਪੈਦਾ ਕੀਤਾ ਜਾ ਰਿਹਾ ਹੈ, ਤਾਂਕਿ ਆਉਣ ਵਾਲੀ ਕੋਈ ਵੀ ਸਰਕਾਰ ਲੰਬਾ ਸਮਾਂ ਕੋਈ ਕੰਮ ਨਾ ਕਰ ਸਕੇ। ਪ੍ਰਵਾਸੀ ਪੰਜਾਬੀਆਂ ਲਈ ਵੀ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ। ਪ੍ਰਵਾਸੀ ਪੰਜਾਬੀ ਹਮੇਸ਼ਾ ਪੰਜਾਬ ਨੂੰ ਤਰੱਕੀ ਦੇ ਰਾਹ ਅੱਗੇ ਵਧਦਾ ਦੇਖਣਾ ਚਾਹੁੰਦੇ ਹਨ। ਜੇਕਰ ਪੰਜਾਬ ਅੰਦਰ ਮਾਹੌਲ ਸਹੀ ਨਹੀਂ ਹੋਵੇਗਾ, ਤਾਂ ਫਿਰ ਕਿਸੇ ਪ੍ਰਵਾਸੀ ਪੰਜਾਬੀ ਨੇ ਉੱਧਰ ਨੂੰ ਮੂੰਹ ਨਹੀਂ ਕਰਨਾ।
      ਹਰਿਆਣਾ ਵਿਚ ਦੋ ਮਹੀਨੇ ਪਹਿਲਾਂ ਚੱਲੇ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਜੋ ਪ੍ਰਵਾਸੀ ਪੰਜਾਬੀਆਂ ਨਾਲ ਵਾਪਰਿਆ ਹੈ, ਉਹ ਦਿਲ ਹਿਲਾ ਦੇਣ ਵਾਲਾ ਹੈ। ਪ੍ਰਵਾਸੀ ਪੰਜਾਬੀ ਤਾਂ ਹੁਣ ਦਿੱਲੀ ਤੋਂ ਪੰਜਾਬ ਜਾਣ ਲੱਗਿਆਂ ਹੀ ਡਰਨ ਲੱਗੇ ਹਨ। ਜੇਕਰ ਪੰਜਾਬ ਨੂੰ ਸਹੀ-ਸਲਾਮਤ ਰੱਖਣਾ ਹੈ ਅਤੇ ਤਰੱਕੀ ਦੇ ਰਾਹ ਅੱਗੇ ਲਿਜਾਣਾ ਹੈ, ਤਾਂ ਅਜਿਹੇ ਮਾਹੌਲ ਨੂੰ ਠੀਕ ਕਰਨਾ ਪਵੇਗਾ ਅਤੇ ਨਿਰਪੱਖ ਚੋਣਾਂ ਲਈ ਰਸਤਾ ਅਖਤਿਆਰ ਕਰਨਾ ਪਵੇਗਾ। ਅਜਿਹੇ ਮਾਹੌਲ ਵਿਚ ਪ੍ਰਵਾਸੀ ਪੰਜਾਬੀ ਵੀ ਆਪਣਾ ਬਣਦਾ ਰੋਲ ਅਦਾ ਕਰ ਸਕਦੇ ਹਨ। ਸੋ ਸਾਡੀ ਇੱਛਾ ਅਤੇ ਉਮੀਦ ਇਹੀ ਹੈ ਕਿ ਪੰਜਾਬ ਦੇ ਅਜਿਹੇ ਮਾਹੌਲ ਨੂੰ ਠੀਕ ਕਰਨ ਲਈ ਸਭ ਲੋਕ ਮਿਲ ਕੇ ਯਤਨ ਕਰੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.