ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਚੋਣ ਸਰਗਰਮੀ ਅਤੇ ਵਿਗੜਦੇ ਹਾਲਾਤ
ਪੰਜਾਬ ‘ਚ ਚੋਣ ਸਰਗਰਮੀ ਅਤੇ ਵਿਗੜਦੇ ਹਾਲਾਤ
Page Visitors: 2568

ਪੰਜਾਬ ‘ਚ ਚੋਣ ਸਰਗਰਮੀ ਅਤੇ ਵਿਗੜਦੇ ਹਾਲਾਤ
ਗੁਰਜਤਿੰਦਰ ਸਿੰਘ ਰੰਧਾਵਾ,
916-320-9444
ਪੰਜਾਬ ਚੋਣਾਂ ‘ਚ ਹੁਣ ਜਦ 6 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਤਾਂ ਇਕ ਪਾਸੇ ਰਾਜਸੀ ਪਾਰਟੀਆਂ ਅੰਦਰ ਚੋਣ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਨਾਲ ਜਿੱਥੇ ਰਾਜਸੀ ਹਲਕਿਆਂ ਵਿਚ ਹਲਚਲ ਪੈਦਾ ਹੋਈ ਹੈ, ਉਥੇ ਪਾਰਟੀ ਅੰਦਰੋਂ ਵੀ ਵਿਰੋਧ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪਰ ਇਸ ਦੇ ਨਾਲ ਹੀ ਇਕ ਹੋਰ ਵੱਧ ਚਿੰਤਾਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਅੰਦਰ ਲਗਾਤਾਰ ਮਾਹੌਲ ਵਿਗੜਨ ਦੇ ਸੰਕੇਤ ਆ ਰਹੇ ਹਨ।
   ਪੰਜਾਬ ਪਿਛਲੇ ਸਮੇਂ ਦੌਰਾਨ ਲੰਬਾ ਸਮਾਂ ਗੜਬੜੀ ਦਾ ਸ਼ਿਕਾਰ ਰਿਹਾ ਹੈ। ਹੁਣ ਭਾਵੇਂ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਇਥੇ ਹਾਲਾਤ ਆਮ ਵਰਗੇ ਚਲੇ ਆ ਰਹੇ ਹਨ ਅਤੇ ਲੋਕ ਅਮਨ-ਸ਼ਾਂਤੀ ਨਾਲ ਰਹਿ ਰਹੇ ਹਨ। ਬਾਹਰਲੇ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀ ਵੀ ਇਸ ਗੱਲ ਨੂੰ ਲੈ ਕੇ ਤਸੱਲੀ ਪ੍ਰਗਟਾਉਂਦੇ ਆਏ ਹਨ, ਪਰ ਇਸ ਗੱਲ ਦੇ ਬਾਵਜੂਦ ਵੀ ਪਿਛਲੇ ਸਮੇਂ ਦੌਰਾਨ ਭੋਗੇ ਸੰਤਾਪ ਦਾ ਪਿਛਵਾੜਾ ਅਜੇ ਤੱਕ ਪੰਜਾਬ ਅਤੇ ਪੰਜਾਬੀਆਂ ਦਾ ਪਿੱਛਾ ਨਹੀਂ ਛੱਡ ਰਿਹਾ। ਹਰ ਸਮੇਂ ਹੀ ਪੰਜਾਬੀਆਂ ਨੂੰ ਇਹ ਧੁੜਕੂ ਲੱਗਾ ਰਹਿੰਦਾ ਹੈ ਕਿ ਕਿਤੇ ਮੁੜ ਪੰਜਾਬ ਪਹਿਲਾਂ ਵਾਲੇ ਸੰਤਾਪ ਵਿਚ ਨਾ ਧੱਕ ਦਿੱਤਾ ਜਾਵੇ।
ਆਮ ਆਦਮੀ ਪਾਰਟੀ ਵੱਲੋਂ ਆਪਣੇ 19 ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਦੇ ਐਲਾਨੇ ਉਮੀਦਵਾਰਾਂ ਦੀ ਯੋਗਤਾ ਅਤੇ ਸ਼ਖਸੀਅਤ ਬਾਰੇ ਹਾਲੇ ਤੱਕ ਕਿੱਧਰੋਂ ਵੀ ਕੋਈ ਉਂਗਲ ਨਹੀਂ ਉੱਠੀ। ਪਰ ਅੰਦਰੂਨੀ ਕਲਹ-ਕਲੇਸ਼ ਅਤੇ ਆਪਸੀ ਵਿਰੋਧ ਜ਼ਰੂਰ ਸਾਹਮਣੇ ਆ ਰਹੇ ਹਨ। ਵੱਖ-ਵੱਖ ਹਲਕਿਆਂ ਵਿਚ ਪਾਰਟੀ ਟਿਕਟਾਂ ਲਈ ਬਹੁਤ ਸਾਰੇ ਆਗੂ ਉਮੀਦ ਲਾ ਕੇ ਬੈਠੇ ਹਨ। ਪਿਛਲੇ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਦੀ ਇਸ ਗੱਲ ਉਪਰ ਹੀ ਅੱਖ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੁੰਦਿਆਂ ਹੀ ਪਾਰਟੀ ਅੰਦਰ ਘੜਮਸ ਪੈ ਜਾਵੇਗਾ। ਵਿਰੋਧੀ ਪਾਰਟੀਆਂ ਇਸੇ ਤਾਕ ‘ਚ ਬੈਠੀਆਂ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਅੰਦਰੋਂ ਉੱਠੇ ਵਿਰੋਧ ਨੂੰ ਵਰਤ ਸਕਣਗੀਆਂ। ਹੁਣ ਤੱਕ ਆਮ ਆਦਮੀ ਪਾਰਟੀ ਦੇ ਐਲਾਨੇ ਉਮੀਦਵਾਰਾਂ ਵਿਰੁੱਧ ਕਈ ਹਲਕਿਆਂ ਤੋਂ ਵਿਰੋਧੀ ਸੁਰਾਂ ਉਭਰੀਆਂ ਹਨ। ਪਰ ਆਪ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟਾਪੁਰ ਦੇ ਬਹੁਤ ਨਜ਼ਦੀਕੀ ਸ. ਹਰਦੀਪ ਸਿੰਘ ਖਿੰਗਰਾ ਵੱਲੋਂ ਜਿਸ ਤਰ੍ਹਾਂ ਬਗਾਵਤ ਕੀਤੀ ਗਈ ਹੈ ਅਤੇ ਖੁਦ ਸ. ਛੋਟੇਪੁਰ ਜਿਸ ਤਰ੍ਹਾਂ ਆਪਣੀ ਨਾਰਾਜ਼ਗੀ ਸ਼ਰੇਆਮ ਪ੍ਰਗਟਾ ਰਹੇ ਹਨ,ਉਸ ਤੋਂ ਲੱਗਦਾ ਹੈ ਕਿ ਆਪ ਨੂੰ ਵੀ ਸਖ਼ਤ ਚੁਣੌਤੀ ਪੇਸ਼ ਹੋ ਰਹੀ ਹੈ। 
         ਸ. ਛੋਟੇਪੁਰ ਇਹ ਦੋਸ਼ ਲਗਾ ਰਹੇ ਹਨ ਕਿ ਟਿਕਟਾਂ ਦੀ ਵੰਡ ਵਿਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਗਿਆ ਹੈ ਅਤੇ ਕਈ ਥਾਈਂ ਪਾਰਟੀ ਦੇ ਯੋਗ ਵਾਲੰਟੀਅਰਾਂ ਨੂੰ ਵੀ ਅਣਗੌਲਿਆਂ ਕਰਕੇ ਹੋਰਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਹਿਲੇ ਦੋ ਦਿਨ ਪਾਰਟੀ ਅੰਦਰੋਂ ਬਗਾਵਤੀ ਸੁਰਾਂ ਕਾਫੀ ਤੇਜ਼ ਸਨ, ਪਰ ਲੱਗਦਾ ਹੈ ਕਿ ਹੁਣ ਪਾਰਟੀ ਆਗੂਆਂ ਨੇ ਆਪਣੇ ਵਾਲੰਟੀਅਰਾਂ ਅਤੇ ਵਰਕਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਅਤੇ ਮਨ-ਮਨੋਤੀ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ, ਜਿਸ ਸਦਕਾ ਹੁਣ ਬਗਾਵਤੀ ਸੁਰ ਲਗਾਤਾਰ ਮੱਠੀ ਪੈ ਰਹੀ ਹੈ।
    ਆਪ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੇ ਜਾਣ ਨਾਲ ਕਾਂਗਰਸ ਤੇ ਅਕਾਲੀ ਦਲ ਨੂੰ ਵੀ ਕਾਫੀ ਭੱਜ-ਨੱਠ ਕਰਨੀ ਪੈ ਰਹੀ ਹੈ। ਅਕਾਲੀ ਦਲ ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਵੀ ਆਪਣੀ ਪਹਿਲੀ ਸੂਚੀ ਅਗਲੇ ਹਫਤੇ ਲੈ ਕੇ ਆ ਰਹੇ ਹਨ, ਜਦਕਿ ਕਾਂਗਰਸ ਦਾ ਕਹਿਣਾ ਹੈ ਕਿ 15 ਅਗਸਤ ਤੋਂ ਬਾਅਦ ਉਮੀਦਵਾਰਾਂ ਲਈ ਆਈਆਂ ਦਰਖਾਸਤਾਂ ਦੀ ਪੁਣ-ਛਾਨ ਕਰਨ ਤੋਂ ਬਾਅਦ ਉਮੀਦਵਾਰ ਐਲਾਨੇ ਜਾਣ ਦਾ ਅਮਲ ਸ਼ੁਰੂ ਕੀਤਾ ਜਾਵੇਗਾ।
   ਕੁੱਝ ਵੀ ਹੋਵੇ, ਚੋਣਾਂ ਨੇੜੇ ਆਉਣ ਕਾਰਨ ਲਗਭਗ ਸਾਰੀ ਹੀ ਰਾਜਸੀ ਪਾਰਟੀਆਂ ਅੰਦਰ ਅੰਦਰੂਨੀ ਜੋੜ-ਤੋੜ ਅਤੇ ਖਿੱਚੋ-ਤਾਣ ਵਾਲਾ ਮਾਹੌਲ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਇਸ ਵਾਰ ਪਹਿਲੀ ਦਫਾ ਚੋਣ ਲੜ ਰਹੀ ਹੈ। ਲੋਕਾਂ ਅੰਦਰ ਉਸ ਬਾਰੇ ਖਿੱਚ ਵੀ ਸਭ ਤੋਂ ਵਧੇਰੇ ਹੈ, ਜਿਸ ਕਾਰਨ ਆਮ ਲੋਕਾਂ ਅਤੇ ਹੋਰਨਾਂ ਪਾਰਟੀਆਂ ਦੇ ਵਰਕਰਾਂ ਦਾ ਇਸ ਪਾਰਟੀ ਵੱਲ ਝੁਕਾਅ ਹੋਣ ਸੁਭਾਵਿਕ ਹੈ। ਬਾਹਰਲੇ ਮੁਲਕਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਉਭਰ-ਉਸਰ ਰਹੇ ਰਾਜਸੀ ਤਾਣੇ-ਬਾਣੇ ਨੂੰ ਬੜੀ ਬਰੀਕੀ ਨਾਲ ਦੇਖ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਇਸੇ ਮਹੀਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰਨ ਦੀ ਸੰਭਾਵਨਾ ਹੈ। ਇਹ ਸੂਚੀ ਆਉਣ ਬਾਅਦ ਵਧੇਰੇ ਸਪੱਸ਼ਟ ਹੋਵੇਗਾ ਕਿ ਆਪ ਦੇ ਅੰਦਰ ਕਿਹੋ ਜਿਹੇ ਰਾਜਸੀ ਹਾਲਾਤ ਬਣੇ ਹੋਏ ਹਨ।
ਪੰਜਾਬ ਅੰਦਰ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪੰਜਾਬ ਦੇ ਹਾਲਾਤ ਵਿਗੜਨ ਦਾ ਧੁੜਕੂ ਲੋਕਾਂ ਨੂੰ ਵੱਢ-ਵੱਢ ਖਾ ਰਿਹਾ ਹੈ। ਪਿਛਲੇ ਇਕ ਸਾਲ ਤੋਂ ਰਾਜ ਅੰਦਰ ਅਮਨ-ਕਾਨੂੰਨ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਕ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸ਼ੁਰੂ ਹੋਈਆਂ ਘਟਨਾਵਾਂ ਮੌਕੇ ਪੰਜਾਬ ਵੱਡੇ ਸੰਕਟ ਵਿਚ ਘਿਰਿਆ ਰਿਹਾ ਹੈ। ਮਹੀਨਾ ਭਰ ਲੋਕਾਂ ਵਿਚ ਵੱਡਾ ਰੋਸ ਬਣਿਆ ਰਿਹਾ। ਸਰਕਾਰ ਬੁਰੀ ਤਰ੍ਹਾਂ ਘਿਰੀ ਰਹੀ। ਬਰਗਾੜੀ ਵਿਚ ਹੋਈ ਬੇਹੁਰਮਤੀ ਅਤੇ ਇਸ ਤੋਂ ਬਾਅਦ ਬਹਿਬਲ ਕਲਾਂ ਵਿਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲਿਆਂ ਵਿਚ ਇਕ ਸਾਲ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਵੀ ਦੋਸ਼ੀ ਪਤਾ ਨਹੀਂ ਲੱਗ ਸਕਿਆ।
   ਇਸ ਤੋਂ ਬਾਅਦ ਨਾਮਧਾਰੀ ਸੰਪਰਦਾ ਦੇ ਸਵਰਗੀ ਮੁਖੀ ਦੀ 80 ਸਾਲਾ ਧਰਮ ਪਤਨੀ ਮਾਤਾ ਚੰਦ ਕੌਰ ਨੂੰ ਉਨ੍ਹਾਂ ਦੇ ਡੇਰੇ ਵਿਚ ਹੀ ਦਿਨ-ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਘਟਨਾ ਦਾ ਵੀ ਕੋਈ ਖੁਰਾ-ਖੋਜ ਨਹੀਂ ਮਿਲਿਆ। ਪਿਛਲੇ ਦਿਨੀਂ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਵਾਪਰੀ। ਇਸ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐੱਸ.ਐੱਸ. ਦੇ ਤਿੰਨ ਬੰਦੇ ਫੜੇ ਗਏ। ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਦੀ ਬਜਾਏ, ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨੂੰ ਘੜੀਸ ਕੇ ਸਾਰੇ ਮਾਮਲੇ ਉਪਰ ਮਿੱਟੀ ਪਾ ਦਿੱਤੀ ਗਈ ਹੈ। ਹੁਣ ਜਲੰਧਰ ਵਿਖੇ ਆਰ.ਐੱਸ.ਐੱਸ. ਦੇ ਅਹਿਮ ਨੇਤਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਹੈ। ਤਿੰਨ ਦਿਨ ਬੀਤਣ ਬਾਅਦ ਵੀ ਇਸ ਮਾਮਲੇ ਬਾਰੇ ਕੋਈ ਸੁਰਾਗ ਨਹੀਂ ਲੱਭਿਆ ਗਿਆ। ਇਸ ਘਟਨਾ ਨੂੰ ਲੈ ਕੇ ਭਾਜਪਾ ਅਤੇ ਆਰ.ਐੱਸ.ਐੱਸ. ਦਾ ਅਕਾਲੀ ਦਲ ਨਾਲ ਮਨਮੁਟਾਵ ਵੀ ਕਾਫੀ ਵਧ ਗਿਆ ਹੈ।
    ਕੁਝ ਲੋਕਾਂ ਦਾ ਪ੍ਰਭਾਵ ਹੈ ਕਿ ਰਾਜ ਅੰਦਰ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪੰਜਾਬ ਅੰਦਰ ਫਿਰਕੂ ਪਾੜੇ ਨੂੰ ਵਧਾਉਣ ਅਤੇ ਇਕ ਫਿਰਕੇ ਨੂੰ ਡਰਾਉਣ ਅਤੇ ਦੂਜੇ ਫਿਰਕੇ ਨੂੰ ਦਬਕਾਉਣ ਦੇ ਮਨਸ਼ੇ ਨਾਲ ਕੀਤੀਆਂ ਜਾ ਰਹੀਆਂ ਹਨ, ਤਾਂਕਿ ਅਜਿਹੇ ਮਾਹੌਲ ਦਾ ਲਾਭ ਵੋਟ ਰਾਜਨੀਤੀ ਵਿਚ ਵਰਤਿਆ ਜਾ ਸਕੇ।
    
ਪਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਗਾ ਕੇ ਵੱਖ-ਵੱਖ ਭਾਈਚਾਰਿਆਂ ਅੰਦਰ ਫਿਰਕੂ ਵੰਡ ਪੈਦਾ ਕਰਨ ਦੀ ਅਜਿਹੀ ਨੀਤ ਅਤੇ ਨੀਤੀ ਪੰਜਾਬ ਦੇ ਲੋਕਾਂ ਲਈ ਬੇਹੱਦ ਮਹਿੰਗੀ ਸਾਬਤ ਹੋ ਸਕਦੀ ਹੈ। ਪੰਜਾਬ ਦੇ ਲੋਕ ਅਜਿਹੀਆਂ ਨੀਤੀਆਂ ਤੋਂ ਕਾਫੀ ਸੁਚੇਤ ਹਨ। ਇਹੀ ਕਾਰਨ ਹੈ ਕਿ ਰਾਜ ਅੰਦਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਕਿਧਰੇ ਕੋਈ ਦੰਗਾ-ਫਸਾਦ ਜਾਂ ਕੋਈ ਫਿਰਕੂ ਭੜਕਾਹਟ ਨਹੀਂ ਹੋਈ।
    ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਅਮਨ-ਕਾਨੂੰਨ ਦੀ ਨਿੱਘਰ ਰਹੀ ਹਾਲਾਤ ਤੋਂ ਲਗਾਤਾਰ ਚਿੰਤਤ ਹਨ। ਪਿਛਲੇ ਦਿਨਾਂ ਵਿਚ ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਫੈਲੀ ਹਿੰਸਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਫਿਕਰਮੰਦੀ ‘ਚ ਪਾ ਦਿੱਤਾ ਸੀ। ਪਰ ਹੁਣ ਪੰਜਾਬ ਅੰਦਰ ਹੀ ਜਿਸ ਤਰ੍ਹਾਂ ਲਗਾਤਾਰ ਅਮਨ-ਕਾਨੂੰਨ ਦੀ ਹਾਲਤ ਵਿਗੜ ਰਹੀ ਹੈ ਅਤੇ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਤੇਜ਼ੀ ਆ ਰਹੀ ਹੈ, ਉਸ ਨੇ ਪ੍ਰਵਾਸੀ ਪੰਜਾਬੀਆਂ ਨੂੰ ਹੋਰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਅਜਿਹੀ ਹਾਲਤ ਵਿਚ ਬਾਹਰਲੇ ਮੁਲਕਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਇਸ ਗੱਲ ਦੀ ਤਵੱਕੋ ਕਰ ਰਹੇ ਹਨ ਕਿ ਵੱਖ-ਵੱਖ ਰਾਜਸੀ ਪਾਰਟੀਆਂ ਲੋਕਾਂ ਨੂੰ ਇਹ ਵਚਨ ਦੇਣ ਕਿ ਉਹ ਰਾਜ ਅੰਦਰ ਫਿਰਕੂ ਘਟਨਾਵਾਂ, ਅਪਰਾਧਿਕ ਹਮਲਿਆਂ ਅਤੇ ਹਿੰਸਕ ਵਾਰਦਾਤਾਂ ਨੂੰ ਕਿਸੇ ਵੀ ਤਰ੍ਹਾਂ ਨਾ ਵਾਪਰਨ ਦੇਣਗੇ ਅਤੇ ਨਾ ਹੀ ਕਿਸੇ ਵੀ ਰੂਪ ਵਿਚ ਹਮਾਇਤ ਵਿਚ ਵੀ ਭੁਗਤਣਗੇ। ਸਗੋਂ ਇਸ ਦੇ ਉਲਟ ਰਾਜ ਅੰਦਰ ਅਮਨ-ਕਾਨੂੰਨ ਦੀ ਹਾਲਤ ਨੂੰ ਕਾਇਮ ਰੱਖਣ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਪਿਆਰ ਅਤੇ ਸੁਨੇਹ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹਿਣਗੇ।
   ਪ੍ਰਵਾਸੀ ਪੰਜਾਬੀ ਇਹ ਆਸ ਲਗਾ ਰਹੇ ਹਨ ਕਿ ਆ ਰਹੀਆਂ ਚੋਣਾਂ ਵਿਚ ਪੰਜਾਬ ਦੀ ਵਾਂਗਡੋਰ ਅਜਿਹੇ ਲੋਕਾਂ ਹੱਥ ਦਿੱਤੀ ਜਾਵੇ, ਜੋ ਰਾਜ ਅੰਦਰ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰ ਸਕਣ ਅਤੇ ਰਾਜ ਵਿਚ ਅਮਨ-ਕਾਨੂੰਨ ਦੀ ਹਾਲਤ ਨੂੰ ਠੀਕ ਕਰਨ, ਤਾਂਕਿ ਹਰ ਆਮ ਵਿਅਕਤੀ ਵੀ ਰਾਜ ਅੰਦਰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰੇ।
 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.