ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਉਲਝਣ ਭਰੀ ਹੈ ਪੰਜਾਬ ਦੀ ਸਿਆਸੀ ਹਾਲਤ
ਉਲਝਣ ਭਰੀ ਹੈ ਪੰਜਾਬ ਦੀ ਸਿਆਸੀ ਹਾਲਤ
Page Visitors: 2679

ਉਲਝਣ ਭਰੀ ਹੈ ਪੰਜਾਬ ਦੀ ਸਿਆਸੀ ਹਾਲਤ
ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਤਬਦੀਲੀਆਂ ਚਾਹੁੰਦੇ ਹਨ। ਉਨ੍ਹਾਂ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਬਾਹਰਲੇ ਮੁਲਕਾਂ ਵਾਂਗ ਪੰਜਾਬ ਅੰਦਰ ਵੀ ਸਾਫ-ਸੁਥਰੀ ਸਿਆਸਤ ਅਤੇ ਪ੍ਰਸ਼ਾਸਨਿਕ ਢਾਂਚਾ ਕਾਇਮ ਹੋਵੇ, ਲੋਕਾਂ ਦੇ ਪੈਸੇ ਦਿੱਤੇ ਬਿਨਾਂ ਕੰਮ ਹੋਣ। ਸਰਕਾਰੀ ਦਫਤਰਾਂ ਵਿਚ ਖੱਜਲ-ਖੁਆਰੀ ਖਤਮ ਹੋਵੇ। ਹਰ ਕਿਤੇ ਲੋਕਾਂ ਨੂੰ ਸਵੈ-ਮਾਣ ਨਾਲ ਕੰਮ ਕਰਨ ਅਤੇ ਵਿਚਰਨ ਦਾ ਮੌਕਾ ਮਿਲੇ। ਪ੍ਰਵਾਸੀ ਪੰਜਾਬੀਆਂ ਦੀ ਇਹ ਜਾਇਜ਼ ਅਤੇ ਕੁਦਰਤੀ ਇੱਛਾ ਨੂੰ ਅਜੇ ਤੱਕ ਕਿਧਰੇ ਵੀ ਫਲ ਲੱਗਿਆ ਨਜ਼ਰ ਨਹੀਂ ਆਉਂਦਾ। ਪਿਛਲੇ ਦੋ ਦਹਾਕਿਆਂ ਤੋਂ ਪ੍ਰਵਾਸੀ ਪੰਜਾਬੀ ਬੇਹੱਦ ਤੀਬਰਤਾ ਨਾਲ ਪੰਜਾਬ ਦੀਆਂ ਚੋਣਾਂ ਵਿਚ ਹਿੱਸਾ ਲੈਂਦੇ ਆਏ ਹਨ। ਬਹੁਤ ਸਾਰੇ ਲੋਕ ਉਥੇ ਜਾ ਕੇ ਪੈਸੇ ਖਰਚਦੇ ਰਹੇ ਹਨ। ਵੱਡੀ ਗਿਣਤੀ ਲੋਕ ਬਾਹਰਲੇ ਮੁਲਕਾਂ ਵਿਚ ਰਹਿ ਕੇ ਆਪਣੇ ਸਕੇ-ਸਨੇਹੀਆਂ ਰਾਹੀਂ ਅਸਿੱਧੇ ਢੰਗ ਨਾਲ ਮਦਦ ਕਰਦੇ ਰਹੇ ਹਨ।
   ਜਦੋਂ ਕਦੇ ਵੀ ਪੰਜਾਬ ਅੰਦਰ ਕਿਸੇ ਪਾਸੋਂ ਤਬਦੀਲੀ ਦੀ ਚਿਣਗ ਉੱਠੀ, ਤਾਂ ਸਭ ਤੋਂ ਪਹਿਲਾਂ ਪ੍ਰਵਾਸੀ ਪੰਜਾਬੀਆਂ ਨੇ ਉਸ ਦਾ ਜ਼ਬਰਦਸਤ ਹੁੰਗਾਰਾ ਭਰਿਆ। ਪੰਜਾਬ ਅੰਦਰ ਖਾੜਕੂ ਲਹਿਰ ਦੇ ਉਭਾਰ ਸਮੇਂ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਉਸ ਤੋਂ ਬਾਅਦ ਕਾਂਗਰਸੀ ਹਕੂਮਤਾਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦੇ ਰਹੇ ਅਕਾਲੀ ਜਦ ਅੱਗੇ ਆਏ, ਤਾਂ ਉਨ੍ਹਾਂ ਦੀ ਮਦਦ ਕਰਨ ਵਿਚ ਵੀ ਸਾਡੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਪਰ ਉਨ੍ਹਾਂ ਨੇ ਵੀ ਲੋਕਾਂ ਦੇ ਜਲਦੀ ਹੀ ਮਨ ਤੋੜ ਦਿੱਤੇ। ਫਿਰ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਕਾਇਮ ਹੋਈ, ਤਾਂ ਪ੍ਰਵਾਸੀ ਪੰਜਾਬੀ ਹੁੱਭ ਕੇ ਉਸ ਦੇ ਮਗਰ ਜਾ ਲੱਗੇ। ਉਨ੍ਹਾਂ ਦੀ ਹਰ ਸੰਭਵ ਢੰਗ ਨਾਲ ਮਦਦ ਕੀਤੀ। ਉਸ ਤੋਂ ਬਾਅਦ ਜਦ ਆਮ ਆਦਮੀ ਪਾਰਟੀ ਦਾ ਉਭਾਰ ਆਇਆ, ਤਾਂ ਉਨ੍ਹਾਂ ਨੇ ਸਾਫ-ਸੁਥਰੀ ਸਿਆਸਤ ਦੇਣ, ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਅਤੇ ਦੇਸ਼ ਦਾ ਸੁਚੱਜੇ ਢੰਗ ਨਾਲ ਵਿਕਾਸ ਕਰਨ ਦਾ ਨਾਅਰਾ ਦਿੱਤਾ, ਤਾਂ ਫਿਰ ਪ੍ਰਵਾਸੀ ਪੰਜਾਬੀਆਂ ਨੇ ਉਨ੍ਹਾਂ ਦੀ ਵੱਧ-ਚੜ੍ਹ ਕੇ ਹਮਾਇਤ ਕੀਤੀ। 2014 ਵਿਚ ਹੋਈ ਲੋਕ ਸਭਾ ਦੀ ਚੋਣ ਵਿਚ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਦੀ ਜਿੱਤ ਅਤੇ ਹੋਰਨਾਂ ਉਮੀਦਵਾਰਾਂ ਨੂੰ ਵੱਡੀ ਪੱਧਰ ‘ਤੇ ਪਈ ਵੋਟ ਪਿੱਛੇ ਅਹਿਮ ਕਾਰਨ ਪ੍ਰਵਾਸੀ ਪੰਜਾਬੀਆਂ ਵੱਲੋਂ ਦਿੱਤੀ ਹਮਾਇਤ ਸੀ। ਹੁਣ ਫਰਵਰੀ 2017 ‘ਚ ਮੁੜ ਪੰਜਾਬ ਅੰਦਰ ਵਿਧਾਨ ਸਭਾ ਚੋਣ ਹੋਣ ਜਾ ਰਹੀ ਹੈ। ਪ੍ਰਵਾਸੀ ਪੰਜਾਬੀਆਂ ਦੀਆਂ ਇਨ੍ਹਾਂ ਚੋਣਾਂ ਉਪਰ ਵੀ ਤਿੱਖੀਆਂ ਨਿਗਾਹਾਂ ਹਨ। ਉਨ੍ਹਾਂ ਦੀ ਸੋਚ ਹੈ ਕਿ ਪੰਜਾਬ ਅੰਦਰ ਰਾਜਸੀ ਤਬਦੀਲੀ ਆਵੇ ਅਤੇ ਕੋਈ ਅਜਿਹਾ ਬਦਲ ਪੈਦਾ ਹੋਵੇ, ਜੋ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਉਨ੍ਹਾਂ ਦੀ ਤ੍ਰਾਸਦੀ ਤੋਂ ਛੁਟਕਾਰਾ ਦਿਵਾ ਸਕੇ। ਹੁਣ ਤੱਕ ਵਿਚਰ ਰਹੀਆਂ ਸਰਕਾਰਾਂ ਨੇ ਹਰ ਵਾਰ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਦੇ ਯਕੀਨ ਦਿਵਾਏ। ਪਰ ਇਸ ਸਭ ਕੁਝ ਦੇ ਬਾਵਜੂਦ ਪਰਨਾਲਾ ਅਜੇ ਉਥੇ ਦਾ ਉਥੇ ਹੀ ਹੈ। ਪ੍ਰਵਾਸੀ ਪੰਜਾਬੀ ਆਪਣੀ ਜ਼ਮੀਨ-ਜਾਇਦਾਦ ਦੇ ਝਗੜੇ ਨਿਪਟਾਉਣ, ਵਿਆਹ-ਸ਼ਾਦੀਆਂ ਆਦਿ ਦੇ ਝਗੜੇ ਖਤਮ ਕਰਨ ਅਤੇ ਰੰਜ਼ਿਸ਼ ਵਿਚ ਵਿਰੋਧੀਆਂ ਵੱਲੋਂ ਦਰਜ ਕਰਵਾਏ ਮੁਕੱਦਮੇ ਆਦਿ ਦੇ ਮਸਲੇ ਨਿਪਟਾਉਣ ਲਈ ਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਕੱਟਦੇ ਫਿਰ ਰਹੇ ਹਨ।
   ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਅੰਦਰ ਤਬਦੀਲੀ ਦੀ ਮੰਗ ਉਨ੍ਹਾਂ ਦੀ ਅਣਸਰਦੀ ਲੋੜ ਵੀ ਹੈ ਅਤੇ ਇਹ ਮੰਗ ਯੋਗ ਵੀ ਹੈ। ਜਦ ਦੁਨੀਆ ਭਰ ਵਿਚ ਰਾਜਸੀ ਤਬਦੀਲੀਆਂ ਆ ਰਹੀਆਂ ਹਨ ਅਤੇ ਲੋਕਾਂ ਦੀ ਸੁਣਵਾਈ ਕਰਨ ਵਾਲੀਆਂ ਸਰਕਾਰਾਂ ਕਾਇਮ ਹੋ ਰਹੀਆਂ ਹਨ, ਤਾਂ ਪੰਜਾਬ ਅੰਦਰ ਵੀ ਅਜਿਹੀ ਮੰਗ ਕਰਨੀ ਕੁਦਰਤੀ ਗੱਲ ਹੈ। ਪਰ ਲੱਗਦਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਇਹ ਖਰੀ ਅਤੇ ਅਣਸਰਦੀ ਮੰਗ ਹਾਲੇ ਪੂਰੀ ਹੋਣ ਦੇ ਆਸਾਰ ਨਹੀਂ ਬਣ ਰਹੇ। ਪ੍ਰਵਾਸੀ ਪੰਜਾਬੀਆਂ ਦੀ ਸਭ ਤੋਂ ਵੱਧ ਟੇਕ ਇਸ ਵੇਲੇ ਆਮ ਆਦਮੀ ਪਾਰਟੀ ਉਪਰ ਹੈ। ਇਹ ਪਾਰਟੀ ਵੀ ਪਹਿਲਾਂ 2 ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਕੇਂਦਰੀ ਪੱਧਰ ‘ਤੇ ਇਕ ਪਾਸੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਹੈ ਅਤੇ ਦੂਜੇ ਪਾਸੇ ਜੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੀ ਅਗਵਾਈ ਵਿਚ ਸਵਰਾਜ ਮੁਹਿੰਮ ਆਰੰਭੀ ਗਈ ਹੈ। ਹੁਣ ਪੰਜਾਬ ਅੰਦਰ ਆਪ ਦੇ ਆਗੂਆਂ ਵਿਚਕਾਰ ਫੁੱਟ ਅਤੇ ਆਪਸੀ ਲੜਾਈ ਦਾ ਇੰਨਾ ਖਿਲਾਰਾ ਪੈ ਗਿਆ ਹੈ ਕਿ ਆਗੂਆਂ ਵਿਚਕਾਰ ਇਕਮੁੱਠਤਾ ਜਾਂ ਏਕਤਾ ਵਾਲੀ ਗੱਲ ਕਿਧਰੇ ਨਜ਼ਰ ਨਹੀਂ ਆ ਰਹੀ।
   ਆਪ ਦੇ 2 ਲੋਕ ਸਭਾ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਤੇ ਡਾ. ਧਰਮਵੀਰ ਗਾਂਧੀ ਪਾਰਟੀ ਤੋਂ ਬਾਗੀ ਹੋਏ ਫਿਰਦੇ ਹਨ। ਇਕ ਅਹਿਮ ਆਗੂ ਡਾ. ਦਲਜੀਤ ਸਿੰਘ ਨੂੰ ਪਾਰਟੀ ਵਿਚੋਂ ਹੀ ਕੱਢ ਦਿੱਤਾ ਗਿਆ ਹੈ। ਪਾਰਟੀ ਅੰਦਰ ਆਪਾਧਾਪੀ ਵਾਲੇ ਹਾਲਾਤ ਬਣੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਪਾਰਟੀ ਤੀਜਾ ਬਦਲ ਖੜ੍ਹਾ ਕਰਨ ਵਿਚ ਸਫਲ ਹੋਣ ਬਾਰੇ ਲੋਕਾਂ ਵੱਲੋਂ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਿਉਂਕਿ ਜੇਕਰ ਕਿਸੇ ਪਾਰਟੀ ਦੇ ਆਗੂਆਂ ਵਿਚ ਆਪਸੀ ਏਕਤਾ ਹੀ ਨਹੀਂ ਅਤੇ ਉਹ ਇਕੱਠੇ ਹੋ ਕੇ ਚੱਲਣ ਦੀ ਹਿੰਮਤ ਵੀ ਨਹੀਂ ਰੱਖਦੇ, ਤਾਂ ਲੋਕਾਂ ਨੂੰ ਇਕੱਠਾ ਕਰਨ ਵਿਚ ਉਹ ਕਿਵੇਂ ਸਫਲ ਹੋ ਸਕਣਗੇ। ਇਹ ਵੱਡਾ ਸਵਾਲ ਅੱਜ ਹਰ ਵਿਅਕਤੀ ਸਾਹਮਣੇ ਖੜ੍ਹਾ ਹੈ।
   ਸ. ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵੱਲੋਂ ਕਾਂਗਰਸ ਨਾਲ ਰਲੇਵਾਂ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਪਿਛਲੀ ਲੋਕ ਸਭਾ ਚੋਣ ਵੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਨਾਲ ਸਾਂਝ ਪਾ ਕੇ ਹੀ ਲੜੀ ਸੀ। ਪੀਪਲਜ਼ ਪਾਰਟੀ ਦੇ ਕਾਂਗਰਸ ਵਿਚ ਚਲੇ ਜਾਣ ਨਾਲ ਉਨ੍ਹਾਂ ਨੂੰ ਕੁਝ ਤਾਕਤ ਮਿਲੇਗੀ, ਪਰ ਕਾਂਗਰਸ ਅੰਦਰ ਵੱਡੇ ਆਗੂਆਂ ਦੀ ਧੜੇਬੰਦੀ ਪਹਿਲਾਂ ਹੀ ਇੰਨੀ ਤੇਜ਼ ਹੈ ਕਿ ਉਹ ਇਕ-ਦੂਜੇ ਖਿਲਾਫ ਖੁੱਲ੍ਹੇਆਮ ਜਨਤਕ ਬਿਆਨਬਾਜ਼ੀ ਅਤੇ ਸਮਾਗਮ ਕਰਦੇ ਫਿਰਦੇ ਹਨ। ਇਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲਾਮਬੰਦੀ ਲਈ ਕਾਨਫਰੰਸਾਂ ਅਤੇ ਜਲਸੇ-ਜਲੂਸ ਕਰ ਰਹੇ ਹਨ।
  ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤੌਰ ‘ਤੇ ਅਕਾਲੀ-ਭਾਜਪਾ ਸਰਕਾਰ ਵਿਰੁੱਧ ਮੁਹਿੰਮ ਵਿੱਢ ਰੱਖੀ ਹੈ। ਉਹ ਦਾਅਵਾ ਕਰਦੇ ਹਨ ਕਿ ਸਰਕਾਰ ਵਿਰੁੱਧ ਲੜਾਈ ਸਿਰਫ ਉਹ ਹੀ ਜਿੱਤ ਸਕਦੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਪੰਜਾਬ ਅੰਦਰ ਪੈਦਾ ਹੋਈ ਧੜੇਬੰਦੀ ਨੂੰ ਰੋਕਣ ਵਿਚ ਬਹੁਤੀ ਕਾਮਯਾਬ ਨਹੀਂ ਹੋ ਸਕੀ। ਜੇਕਰ ਕਾਂਗਰਸ ਇਸੇ ਤਰ੍ਹਾਂ ਧੜੇਬੰਦੀਆਂ ਵਿਚ ਫਸੀ ਰਹਿੰਦੀ ਹੈ, ਫਿਰ ਉਸ ਵੱਲੋਂ ਵੀ ਚੰਗੇ ਨਤੀਜੇ ਕੱਢ ਸਕਣਾ ਸੌਖਾ ਨਹੀਂ ਹੋਵੇਗਾ। ਅਕਾਲੀ-ਭਾਜਪਾ ਸਰਕਾਰ ਇਸ ਸਮੇਂ ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿਖੜ ਚੁੱਕੀ ਹੈ। ਪ੍ਰਵਾਸੀ ਪੰਜਾਬੀਆਂ ਵਾਂਗ ਪੰਜਾਬ ਦੇ ਬਹੁਤੇ ਲੋਕ ਵੀ ਸਰਕਾਰ ਪ੍ਰਤੀ ਬੇਹੱਦ ਨਾਰਾਜ਼ ਹਨ। ਪਰ ਜਿਸ ਤਰ੍ਹਾਂ ਰਾਜ ਅੰਦਰ ਉਲਝਣ ਭਰੀ ਰਾਜਸੀ ਸਥਿਤੀ ਪੈਦਾ ਹੋ ਰਹੀ ਹੈ, ਉਸ ਤੋਂ ਅਕਾਲੀ ਲੀਡਰਸ਼ਿਪ ਵੀ ਦਾਅਵੇ ਕਰਦੀ ਫਿਰ ਰਹੀ ਹੈ ਕਿ ਉਹ ਮੁੜ ਸੱਤਾ ਵਿਚ ਆਉਣਗੇ। ਉਨ੍ਹਾਂ ਦੇ ਦਾਅਵੇ ਪੂਰੇ ਹੁੰਦੇ ਹਨ ਜਾਂ ਨਹੀਂ ਇਹ ਗੱਲ ਤਾਂ ਵੱਖਰੀ ਹੈ।
   ਪਰ ਇਹ ਗੱਲ ਬੜੀ ਚਿੰਤਾ ਵਾਲੀ ਹੈ ਕਿ ਪੰਜਾਬ ਵਿਚ ਜੇ ਵਿਰੋਧੀ ਵੋਟਾਂ ਦੋ ਖੇਮਿਆਂ ਵਿਚ ਵੰਡੀਆਂ ਜਾਂਦੀਆਂ ਹਨ, ਤਾਂ ਇਸ ਦਾ ਲਾਭ ਅਕਾਲੀ-ਭਾਜਪਾ ਗਠਜੋੜ ਨੂੰ ਮਿਲਣਾ ਕੁਦਰਤੀ ਹੈ। ਅਜਿਹੀ ਹਾਲਤ ਵਿਚ ਪੰਜਾਬ ਅੰਦਰ ਤਬਦੀਲੀ ਲਈ ਤਾਂਘ ਰੱਖ ਰਹੀਆਂ ਤਾਕਤਾਂ ਲਈ ਬੇਹੱਦ ਨਿਰਾਸ਼ਾ ਵਾਲੀ ਸਥਿਤੀ ਬਣ ਸਕਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੀ ਲੋਕ ਸਭਾ ਚੋਣ ਵਿਚ ਮੁੱਖ ਤੌਰ ‘ਤੇ ਅਕਾਲੀ ਦਲ ਅਤੇ ਕਾਂਗਰਸ ਨੂੰ ਰੱਦ ਕਰਨ ਦਾ ਰੁਝਾਨ ਦਿਖਾ ਕੇ ਵੱਡੀ ਪੱਧਰ ‘ਤੇ ਆਮ ਆਦਮੀ ਪਾਰਟੀ ਵੱਲ ਝੁਕਾਅ ਦਿਖਾਇਆ ਸੀ। ਪਰ ਪਿਛਲੇ ਡੇਢ ਕੁ ਸਾਲ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੁਣ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਸਗੋਂ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰਨ ਲੱਗ ਪਈ ਹੈ।
    ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਸੀ ਏਕਤਾ ਕਾਇਮ ਨਹੀਂ ਰੱਖ ਰਹੇ। ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਭਰ ਵਿਚ ਸਿਰਫ ਪੰਜਾਬ ਦੇ ਲੋਕ ਹੀ ਸਨ, ਜਿਨ੍ਹਾਂ ਨੇ ‘ਆਪ’ ਨੂੰ ਵੱਡਾ ਹੁੰਗਾਰਾ ਦਿੱਤਾ ਸੀ ਅਤੇ 4 ਮੈਂਬਰ ਲੋਕ ਸਭਾ ਵਿਚ ਭੇਜੇ ਸਨ। ਪਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਕ ਦਿਨ ਵੀ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਨਹੀਂ ਆਏ। ਇਥੋਂ ਤੱਕ ਕਿ ਦੁਨੀਆ ਭਰ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਸਿੱਖਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਆਪਣੀ ਹਰ ਜਿੱਤ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਆਉਂਦੇ ਹਨ। ਪਰ ਪਹਿਲੀ ਵਾਰ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਨਹੀਂ ਆਏ। ਸ਼੍ਰੀ ਨਰਿੰਦਰ ਮੋਦੀ ਬਾਰੇ ਤਾਂ ਸਮਝ ਆ ਸਕਦੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤਾ ਮੂੰਹ ਨਹੀਂ ਲਾਇਆ ਅਤੇ ਦੂਜਾ ਸ਼੍ਰੀ ਮੋਦੀ ਖੁਦ ਹਿੰਦੂਤਵ ਦੇ ਪ੍ਰਤੀਕ ਬਣੇ ਹੋਏ ਹਨ, ਜਿਸ ਕਰਕੇ ਉਹ ਘੱਟ ਗਿਣਤੀਆਂ ਅੰਦਰ ਵਕਾਰ ਬਣਾਉਣ ਦੀ ਬਜਾਏ, ਬਹੁਗਿਣਤੀ ਹਿੰਦੂ ਤਬਕੇ ਦੇ ਜਜ਼ਬਾਤ ਭੜਕਾਉਣ ਵੱਲ ਹੀ ਵਧੇਰੇ ਧਿਆਨ ਰੱਖਦੇ ਹਨ। ਪਰ ਕੇਜਰੀਵਾਲ ਬਾਰੇ ਇਹ ਗੱਲ ਨਹੀਂ ਢੁੱਕਦੀ। ਪਹਿਲੀ ਗੱਲ, ਪੰਜਾਬ ਦੇ ਲੋਕਾਂ ਨੇ ਠੋਕ ਕੇ ਉਨ੍ਹਾਂ ਦੀ ਮਦਦ ਕੀਤੀ ਹੈ ਅਤੇ ਦੂਜਾ ਉਹ ਹਮੇਸ਼ਾ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਦੇ ਮਸਲਿਆਂ ਦਾ ਹੱਲ ਕਰਨ ਦਾ ਦਮ ਭਰਦੇ ਰਹਿੰਦੇ ਹਨ। ਇਸ ਕਰਕੇ ਉਨ੍ਹਾਂ ਵੱਲੋਂ ਵੀ ਪੰਜਾਬ ਨਾ ਆਉਣ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਾ ਜਾਣ ਨੂੰ ਲੈ ਕੇ ਲੋਕ ਬੇਹੱਦ ਫਿਕਰਮੰਦ ਹਨ।
ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬ ਦੇ ਲੋਕਾਂ ਦੀ ਤੀਜਾ ਬਦਲ ਖੜ੍ਹਾ ਕਰਨ ਲਈ ਟੇਕ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਉਪਰ ਹੈ। ਜੇਕਰ ਉਹ ਵੀ ਲੋਕਾਂ ਦੀਆਂ ਆਸਾਂ ਉਪਰ ਪੂਰਾ ਨਹੀਂ ਉਤਰਦੀ, ਭਾਵ ਇਸ ਦੇ ਆਗੂ ਆਪਸੀ ਏਕਤਾ ਨਹੀਂ ਕਰਦੇ, ਫਿਰ ਤਾਂ ਲੋਕਾਂ ਨੂੰ ਇਕ ਵਾਰ ਫਿਰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਵੇਗਾ। ਚੋਣਾਂ ਵਿਚ ਹਾਲੇ ਕਰੀਬ ਡੇਢ ਸਾਲ ਦਾ ਸਮਾਂ ਹੈ। ਉਮੀਦ ਰੱਖਾਂਗੇ ਕਿ ਆਪ ਦੇ ਆਗੂ ਲੋਕਾਂ ਦੀਆਂ ਇੱਛਾਵਾਂ ਉਪਰ ਪੂਰਾ ਉਤਰਨ ਦਾ ਯਤਨ ਕਰਨਗੇ। 

ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.