ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੀ ਕੁਝ ਸੰਵਾਰ ਸਕਣਗੇ ਪ੍ਰਵਾਸੀ ਪੰਜਾਬੀਆਂ ਦਾ, ਨਵੇਂ ਥਾਪੇ ਅਕਾਲੀ ਆਗੂ ?
ਕੀ ਕੁਝ ਸੰਵਾਰ ਸਕਣਗੇ ਪ੍ਰਵਾਸੀ ਪੰਜਾਬੀਆਂ ਦਾ, ਨਵੇਂ ਥਾਪੇ ਅਕਾਲੀ ਆਗੂ ?
Page Visitors: 2673

ਕੀ ਕੁਝ ਸੰਵਾਰ ਸਕਣਗੇ ਪ੍ਰਵਾਸੀ ਪੰਜਾਬੀਆਂ ਦਾ, ਨਵੇਂ ਥਾਪੇ ਅਕਾਲੀ ਆਗੂ ?
ਸ਼੍ਰੋਮਣੀ ਅਕਾਲੀ ਦਲ ਨੇ ਅਮਰੀਕਾ ਦੇ ਵੱਖ-ਵੱਖ ਖੇਤਰਾਂ ਲਈ ਨਵੇਂ ਆਗੂ ਥਾਪ ਦਿੱਤੇ ਹਨ। ਅਕਾਲੀ ਦਲ ਵੱਲੋਂ ਜਾਰੀ ਅਹੁਦੇਦਾਰਾਂ ਦੀ ਇਸ ਸੂਚੀ ਵਿਚ ਵੱਡੀ ਗਿਣਤੀ ਪਾਰਟੀ ਹਮਾਇਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲੱਗਦਾ ਹੈ ਕਿ ਅਹੁਦੇਦਾਰੀਆਂ ਵੰਡਣ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਹੀ ਧੜਿਆਂ ਦੇ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਇਹ ਗੱਲ ਸਭ ਜਾਣਦੇ ਹਨ ਕਿ ਵਿਦੇਸ਼ਾਂ ਵਿਚ, ਖਾਸ ਕਰਕੇ ਅਮਰੀਕਾ ਵਿਚ ਬਹੁਤੇ ਲੋਕ ਪਾਰਟੀ ਦੇ ਆਗੂ ਜਾਂ ਹਮਾਇਤੀ ਹੋਣ ਦੀ ਬਜਾਏ ਵੱਖ-ਵੱਖ ਲੀਡਰਾਂ ਦੇ ਨਜ਼ਦੀਕੀ ਹਨ ਅਤੇ ਇਨ੍ਹਾਂ ਆਗੂਆਂ ਦੇ ਨਜ਼ਦੀਕੀਆਂ ਨੂੰ ਹੀ ਉਨ੍ਹਾਂ ਦੀ ਭੁਗਤ ਮੁਤਾਬਕ ਨਵੇਂ ਢਾਂਚੇ ਵਿਚ ਸ਼ਾਮਲ ਕੀਤਾ ਗਿਆ ਹੈ। ਅਕਾਲੀ ਦਲ ਕੋਈ ਪਹਿਲੀ ਪਾਰਟੀ ਨਹੀਂ, ਜਿਸ ਨੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਖੁਦ ਅਕਾਲੀ ਦਲ ਵੀ ਇਸ ਤੋਂ ਪਹਿਲਾਂ ਅਮਰੀਕਾ ਵਿਚ ਅਹੁਦੇਦਾਰ ਥਾਪਦਾ ਆਇਆ ਹੈ ਅਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਵੀ ਇਸ ਤਰ੍ਹਾਂ ਦੇ ਆਗੂ ਇਥੇ ਬਣਾਉਂਦੀਆਂ ਆਈਆਂ ਹਨ। ਪਰ ਸਵਾਲ ਤਾਂ ਇਹ ਉਠਦਾ ਹੈ ਕਿ ਇਥੇ ਥਾਪੇ ਗਏ ਆਗੂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਕੋਈ ਯਤਨ ਕਰ ਸਕਣਗੇ ਜਾਂ ਉਨ੍ਹਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਯਤਨ ਕਰ ਸਕਣ। ਹੁਣ ਤੱਕ ਦਾ ਤਜ਼ਰਬਾ ਦੱਸਦਾ ਹੈ ਕਿ ਹੁਣ ਤੱਕ ਦੇ ਇਥੋਂ ਦੇ ਅਕਾਲੀ ਦਲ ਦੇ ਆਗੂਆਂ ਦਾ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ‘ਚ ਕਦੇ ਕੋਈ ਯੋਗਦਾਨ ਨਹੀਂ ਰਿਹਾ। ਇਥੋਂ ਤੱਕ ਕਿ ਇਥੋਂ ਜਾ ਕੇ ਕਿਸੇ ਅਮਰੀਕੀ ਅਕਾਲੀ ਨੇਤਾ ਨੇ ਕਦੇ ਪੰਜਾਬ ਅੰਦਰ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਉਠਾਉਣ ਦੀ ਜੁਅੱਰਤ ਵੀ ਨਹੀਂ ਕੀਤੀ। ਹਾਲਤ ਇਹ ਹੈ ਕਿ ਇਥੇ ਬਣਾਏ ਜਾਂਦੇ ਬਹੁਤੇ ਆਗੂਆਂ ਦੀ ਤਾਂ ਪੰਜਾਬ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਕਈ ਵਾਰ ਤਾਂ ਪਛਾਣ ਤੱਕ ਵੀ ਨਹੀਂ ਹੁੰਦੀ। ਪਿਛਲੇ ਸਾਲਾਂ ਦੌਰਾਨ ਹਰ ਸਾਲ ਪ੍ਰਵਾਸੀ ਪੰਜਾਬੀ ਸੰਮੇਲਨ ਪੰਜਾਬ ਸਰਕਾਰ ਵੱਲੋਂ ਸੱਦਿਆ ਜਾਂਦਾ ਰਿਹਾ ਹੈ। ਪਰ ਅਮਰੀਕਾ ਵਿਚਲੇ ਅਕਾਲੀ ਦਲ ਦੇ ਆਗੂਆਂ ‘ਚੋਂ ਬਹੁਤਿਆਂ ਨੂੰ ਇਨ੍ਹਾਂ ਸਮਾਗਮਾਂ ਲਈ ਸੱਦਾ ਪੱਤਰ ਨਹੀਂ ਆਇਆ ਅਤੇ ਨਾ ਹੀ ਉਥੇ ਗਿਆਂ ਨੂੰ ਕੋਈ ਪਤੀਜਦਾ ਹੈ। ਅਸੀਂ ਖੁਦ ਬਹੁਤ ਸਾਰੇ ਅਮਰੀਕੀ ਅਕਾਲੀ ਆਗੂ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਕੋਸਦੇ ਵੇਖੇ ਹਨ ਅਤੇ ਕਹਿੰਦੇ ਰਹੇ ਹਨ ਕਿ ਸਾਡੀ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ। ਅਮਰੀਕਾ ਅੰਦਰ ਨਵੇਂ ਥਾਪੇ ਗਏ ਅਕਾਲੀ ਆਗੂਆਂ ਦੀ ਕੋਈ ਖਾਸ ਪੁੱਛ-ਪਰਤੀਤ ਨਹੀਂ ਦਿਖਾਈ ਦਿੰਦੀ। ਉਨ੍ਹਾਂ ਵਿਚੋਂ ਕੋਈ ਵੀ ਆਗੂ ਅਜਿਹਾ ਦਿਖਾਈ ਨਹੀਂ ਦਿੰਦਾ, ਜੋ ਪ੍ਰਵਾਸੀਆਂ ਦੇ ਮਸਲੇ ਪੰਜਾਬ ਅੰਦਰ ਜਾ ਕੇ ਰੱਖ ਸਕੇ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਯੋਗਦਾਨ ਪਾ ਸਕੇ। ਹਕੀਕਤ ਇਹ ਹੈ ਕਿ ਅਮਰੀਕਾ ਅੰਦਰ ਅਕਾਲੀ ਦਲ ਜਾਂ ਹੋਰ ਕਿਸੇ ਵੀ ਪਾਰਟੀ ਦੇ ਬਣਾਏ ਪਾਰਟੀ ਆਗੂਆਂ ਦੀ ਅਮਰੀਕਾ ਦੇ ਰਾਜਸੀ ਜਾਂ ਪ੍ਰਸ਼ਾਸਨਿਕ ਖੇਤਰ ਵਿਚ ਨਾ ਕੋਈ ਦਖਲ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਉਨ੍ਹਾਂ ਦੀ ਕੋਈ ਪਹੁੰਚ ਹੈ। ਇਸ ਕਰਕੇ ਅਜਿਹੇ ਅਕਾਲੀ ਆਗੂ ਅਮਰੀਕਾ ਵਿਚ ਪ੍ਰਵਾਸੀ ਪੰਜਾਬੀਆਂ ਦੀ ਕਿਸੇ ਵੀ ਤਰ੍ਹਾਂ ਕੋਈ ਮਦਦ ਕਰਨ ਦੀ ਸਮਰੱਥਾ ਨਹੀਂ ਰੱਖਦੇ। ਅਜਿਹੇ ਆਗੂ ਸਿਰਫ ਪੰਜਾਬ ਵਿਚ ਹੀ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਦੂਰ ਕਰਨ ‘ਚ ਮਦਦਗਾਰ ਸਾਬਤ ਹੋ ਸਕਦੇ ਹਨ। ਪਰ ਅਜਿਹਾ ਤਾਂ ਹੋਵੇਗਾ, ਜੇਕਰ ਉਹ ਪਹਿਲਾਂ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਇਥੇ ਬੈਠ ਕੇ ਖੁਦ ਸੁਣਨ ਅਤੇ ਫਿਰ ਉਨ੍ਹਾਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਅਕਾਲੀ ਲੀਡਰਸ਼ਿਪ ਤੱਕ ਪਹੁੰਚਾਉਣ। ਪਰ ਪਿਛਲਾ ਤਜ਼ਰਬਾ ਦੱਸਦਾ ਹੈ ਕਿ ਵਿਦੇਸ਼ਾਂ ਵਿਚ ਬਣਾਏ ਅਕਾਲੀ ਯੂਨਿਟਾਂ ਦੀ ਨਾ ਤਾਂ ਇੰਨੀ ਪੁੱਛਗਿੱਛ ਹੈ ਅਤੇ ਨਾ ਹੀ ਪੰਜਾਬ ਦੀ ਅਕਾਲੀ ਲੀਡਰਸ਼ਿਪ ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ਨੂੰ ਸੁਣਨ ਲਈ ਤਿਆਰ ਹੈ
ਪਿਛਲੇ ਤਜ਼ਰਬੇ ਦੇ ਆਧਾਰ ‘ਤੇ ਹੀ ਕਹਿ ਸਕਦੇ ਹਾਂ ਕਿ ਅਮਰੀਕਾ ਜਾਂ ਹੋਰਨਾਂ ਮੁਲਕਾਂ ਵਿਚ ਬਣਾਏ ਜਾਂਦੇ ਅਹੁਦੇਦਾਰਾਂ ਤੋਂ ਪੰਜਾਬ ਦੀ ਅਕਾਲੀ ਲੀਡਰਸ਼ਿਪ ਸਿਰਫ ਆਰਥਿਕ ਸਹਾਇਤਾ ਅਤੇ ਚੋਣਾਂ ਸਮੇਂ ਉਨ੍ਹਾਂ ਕੋਲੋਂ ਮਦਦ ਦੀ ਹੀ ਝਾਕ ਰੱਖਦੀ ਹੈ, ਜਾਂ ਫਿਰ ਜਦੋਂ ਅਕਾਲੀ ਨੇਤਾ ਇਨ੍ਹਾਂ ਮੁਲਕਾਂ ਵਿਚ ਘੁੰਮਣ ਆਉਂਦੇ ਹਨ, ਤਾਂ ਉਨ੍ਹਾਂ ਦੀ ਦੇਖ-ਰੇਖ, ਸਾਂਭ-ਸੰਭਾਲ ਦਾ ਕੰਮ ਅਜਿਹੇ ਅਹੁਦੇਦਾਰਾਂ ਦੇ ਜ਼ਿੰਮੇ ਹੁੰਦਾ ਹੈ। ਹਰ ਅਹੁਦੇਦਾਰ ਇਸੇ ਦੌੜ ਵਿਚ ਰਹਿੰਦਾ ਹੈ ਕਿ ਉਹ ਪੰਜਾਬ ਤੋਂ ਇਥੇ ਆਉਣ ਵਾਲੇ ਆਗੂ ਦੀ ਵੱਧ ਤੋਂ ਵੱਧ ਸੇਵਾ ਕਰੇ, ਤਾਂ ਕਿ ਪੰਜਾਬ ਦੀ ਅਕਾਲੀ ਲੀਡਰਸ਼ਿਪ ਵਿਚ ਉਸ ਬਾਰੇ ਚੰਗਾ ਪ੍ਰਭਾਵ ਬਣਿਆ ਰਹੇ। ਇਸ ਤੋਂ ਵੱਧ ਨਾ ਕਦੇ ਅਕਾਲੀ ਲੀਡਰਸ਼ਿਪ ਨੇ ਪ੍ਰਵਾਸੀ ਪੰਜਾਬੀਆਂ ਦੇ ਬਣਾਏ ਆਗੂਆਂ ਤੋਂ ਕੋਈ ਤਵੱਕੋ ਹੀ ਰੱਖੀ ਹੈ ਅਤੇ ਨਾ ਹੀ ਕਦੇ ਕਿਸੇ ਪ੍ਰਵਾਸੀ ਪੰਜਾਬੀ ਨੇ ਅਜਿਹਾ ਕਰਨ ਦਾ ਹੀ ਯਤਨ ਕੀਤਾ ਹੈ, ਜਿਸ ਨਾਲ ਬਾਹਰਲੇ ਮੁਲਕਾਂ ਵਿਚ ਬੈਠੇ ਪੰਜਾਬੀਆਂ ਦੇ ਮਸਲੇ ਪੰਜਾਬ ਵਿਚ ਜਾ ਕੇ ਉਠਾਏ ਗਏ ਹੋਣ। ਸੋ ਅਕਾਲੀ ਦਲ ਨੇ ਨਵੇਂ ਅਹੁਦੇਦਾਰ ਬਣਾਏ ਹਨ। ਅਸੀਂ ਉਮੀਦ ਰੱਖਾਂਗੇ ਕਿ ਜੇਕਰ ਉਹ ਪਹਿਲਾਂ ਤੋਂ ਤੁਰੀ ਆ ਰਹੀ ਆਪਣੀ ਭੂਮਿਕਾ ਦੇ ਦਾਇਰੇ ਨੂੰ ਤੋੜ ਕੇ ਕੋਈ ਨਵੀਆਂ ਪੈੜਾਂ ਪਾਉਣ, ਤਾਂ ਇਹ ਪ੍ਰਵਾਸੀ ਪੰਜਾਬੀਆਂ ਲਈ ਚੰਗੀ ਗੱਲ ਹੋਵੇਗੀ। ਅਮਰੀਕਾ ਵਿਚ ਅਕਾਲੀ ਦਲ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਯੂਨਿਟਾਂ ਵੀ ਕਾਇਮ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਹਾਲੇ ਤੱਕ ਭਾਰਤੀ ਰਾਜਨੀਤਿਕ ਪਾਰਟੀਆਂ ਦੇ ਇਨ੍ਹਾਂ ਯੂਨਿਟਾਂ ਨੇ ਪ੍ਰਵਾਸੀ ਪੰਜਾਬੀਆਂ ਲਈ ਕੋਈ ਸਾਰਥਿਕਤਾ ਨਹੀਂ ਦਿਖਾਈ ਅਤੇ ਨਾ ਹੀ ਕੋਈ ਚੰਗੇ ਨਤੀਜੇ ਸਾਹਮਣੇ ਆਏ ਹਨ। ਅਹੁਦੇ ਲੈ ਕੇ ਆਪਣੀ ਲੀਡਰੀ ਚਮਕਾਉਣਾ ਪ੍ਰਵਾਸੀ ਪੰਜਾਬੀਆਂ ਨੂੰ ਨਹੀਂ ਭਾਉਂਦਾ। ਪ੍ਰਵਾਸੀ ਪੰਜਾਬੀ ਤਾਂ ਉਸ ਨੂੰ ਲੀਡਰ ਮੰਨਦੇ ਹਨ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਜਾਂ ਭਾਰਤ ਸਰਕਾਰ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਹੱਲ ਕਰਵਾਵੇ। ਸੋ ਪਾਰਟੀਆਂ ਦੇ ਯੂਨਿਟਾਂ ਬਣਾਉਣ ਦਾ ਤਾਂ ਹੀ ਫਾਇਦਾ ਹੈ, ਜੇ ਪ੍ਰਵਾਸੀ ਪੰਜਾਬੀਆਂ ਦੀ ਰਗ ਨੂੰ ਸਮਝਿਆ ਜਾਵੇ, ਉਨ੍ਹਾਂ ਦੇ ਮਸਲੇ ਹੱਲ ਕਰਵਾਏ ਜਾਣ। ਨਹੀਂ ਤਾਂ ਇਨ੍ਹਾਂ ਆਗੂਆਂ ਦੀ ਕੋਈ ਬੁੱਕਤ ਨਹੀਂ। ਅਸੀਂ ਤਾਂ ਚਾਹਾਂਗੇ ਕਿ ਇਹ ਆਗੂ ਪ੍ਰਵਾਸੀ ਪੰਜਾਬੀਆਂ ਦੀ ਆਵਾਜ਼ ਬਣਨ। 

ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.