ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੈਪਟਨ ਅਮਰਿੰਦਰ ਸਿੰਘ ਦੁਆਲੇ ਉਭਰ ਸਕਦਾ ਹੈ ਪੰਜਾਬ ਵਿਚ ਤੀਜਾ ਬਦਲ
ਕੈਪਟਨ ਅਮਰਿੰਦਰ ਸਿੰਘ ਦੁਆਲੇ ਉਭਰ ਸਕਦਾ ਹੈ ਪੰਜਾਬ ਵਿਚ ਤੀਜਾ ਬਦਲ
Page Visitors: 2526

ਕੈਪਟਨ ਅਮਰਿੰਦਰ ਸਿੰਘ ਦੁਆਲੇ ਉਭਰ ਸਕਦਾ ਹੈ ਪੰਜਾਬ ਵਿਚ ਤੀਜਾ ਬਦਲ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444
ਪੰਜਾਬ ਦੇ ਰਾਜਸੀ ਹਾਲਾਤ ਇਸ ਵੇਲੇ ਬੜੇ ਹੀ ਭੰਬਲ-ਭੂਸੇ ਵਾਲੇ ਅਤੇ ਉਲਝਣ ਭਰੇ ਨਜ਼ਰ ਆ ਰਹੇ ਹਨ। ਕੋਈ ਵੀ ਧਿਰ ਪੰਜਾਬ ਦੇ ਲੋਕਾਂ ਦਾ ਮਨ ਜਿੱਤ ਕੇ ਅੱਗੇ ਆਉਣ ਦੀ ਹਾਲਤ ਵਿਚ ਨਜ਼ਰ ਨਹੀਂ ਆ ਰਹੀ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਬਾਅਦ ਇਹ ਗੱਲ ਦਿਖਣ ਲੱਗ ਪਈ ਸੀ ਕਿ ਫਰਵਰੀ 2017 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਕਾਲੀ-ਭਾਜਪਾ ਗਠਜੋੜ ਦਾ ਬਦਲ ਬਣ ਸਕੇਗੀ। ਸਰਕਾਰੀ ਤੋਂ ਅੱਕੇ ਲੋਕਾਂ ਨੇ ਇਸ ਪਾਰਟੀ ਤੋਂ ਵੱਡੀਆਂ ਆਸਾਂ ਵੀ ਰੱਖੀਆਂ ਸਨ। ਚੋਣਾਂ ਤੋਂ ਬਾਅਦ ਵੀ ਦਿੱਲੀ ਵਿਧਾਨ ਸਭਾ ‘ਚ ਆਪ ਨੂੰ ਮਿਲੀ ਵੱਡੀ ਜਿੱਤ ਨੇ ਇਸ ਆਸ ਨੂੰ ਹੋਰ ਵਿਸ਼ਵਾਸ ਵਿਚ ਬਦਲ ਦਿੱਤਾ ਸੀ ਕਿ ਹੁਣ ਆਪ ਦਿੱਲੀ ਤੋਂ ਬਾਅਦ ਪੰਜਾਬ ਵਿਚ ਆਵੇਗੀ। ਪਰ ਪਿਛਲੇ ਸਵਾ ਡੇਢ ਸਾਲ ਦੇ ਅਰਸੇ ਦੌਰਾਨ ਪੰਜਾਬ ਅੰਦਰ ਆਪ ਦੀ ਚੱਲ ਰਹੀ ਕਾਰਗੁਜ਼ਾਰੀ ਅਤੇ ਵਾਪਰ ਰਹੇ ਘਟਨਾਕ੍ਰਮ ਨੇ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਸ਼ੰਕੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਅੰਦਰ ਵੱਡੀ ਪੱਧਰ ‘ਤੇ ਆਗੂਆਂ ਦੀ ਖਿੱਚੋਤਾਣ ਅਤੇ ਪਾਟੋਧਾੜ ਨਜ਼ਰ ਆਉਣ ਲੱਗ ਪਈ ਹੈ।
ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਦਾ ਬਦਲ ਬਣਨ ਲਈ ਕਾਂਗਰਸ ਪਾਰਟੀ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਹੈ। ਪਰ ਪਹਿਲੀ ਗੱਲ ਤਾਂ ਲੋਕ ਕਾਂਗਰਸ ਦੇ ਕਈ ਤਜ਼ਰਬੇ ਪਹਿਲਾਂ ਵੀ ਦੇਖ ਚੁੱਕੇ ਹਨ। ਕਾਂਗਰਸ ਪਾਰਟੀ ਉਨ੍ਹਾਂ ਲਈ ਨਾ ਨਵੀਂ ਹੈ ਅਤੇ ਨਾ ਹੀ ਲੋਕ ਉਸ ਤੋਂ ਕੋਈ ਆਸ ਹੀ ਰੱਖਦੇ ਹਨ।
ਪੰਜਾਬ ਵਿਚ ਕਾਂਗਰਸ ਅੰਦਰ ਲੀਡਰਸ਼ਿਪ ਦੀ ਪਾਟੋਧਾੜ ਇੰਨੀ ਜ਼ਿਆਦਾ ਹੈ ਕਿ ਉਹ ਪਿਛਲੇ 8 ਸਾਲ ਤੋਂ ਰਾਜ ਅੰਦਰ ਵਿਰੋਧੀ ਧਿਰ ਵਾਲਾ ਰੋਲ ਅਦਾ ਕਰਨ ਦੇ ਸਮਰੱਥ ਵੀ ਨਹੀਂ ਰਹੇ। ਪਰ ਪਿਛਲੇ ਕਰੀਬ 1 ਸਾਲ ਤੋਂ ਪਾਰਟੀ ਦੇ ਕੱਦਾਵਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਬੇਮੁਹਾਰਾ ਹੋ ਕੇ ਵਿੱਢੀ ਜਨਤਕ ਮੁਹਿੰਮ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਪੰਜਾਬ ਅੰਦਰ ਰਾਜਸੀ ਹਲਕਿਆਂ ਵਿਚ ਇਸ ਗੱਲ ਉਪਰ ਆਮ ਸਹਿਮਤੀ ਹੈ ਕਿ ਪੰਜਾਬ ਅੰਦਰ ਜੇਕਰ ਕਾਂਗਰਸ ਵਿਚ ਜਾਨ ਪੈਣੀ ਹੈ, ਤਾਂ ਉਸ ਲਈ ਸਭ ਤੋਂ ਯੋਗ ਆਗੂ ਕੈਪਟਨ ਅਮਰਿੰਦਰ ਸਿੰਘ ਹਨ। ਪਾਰਟੀ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ ਵੀ ਉਨ੍ਹਾਂ ਨੂੰ ਪੰਜਾਬ ਦੀ ਵਾਂਗਡੋਰ ਸੰਭਾਲੇ ਜਾਣ ਦੇ ਹੱਕ ਵਿਚ ਹੈ। ਪਾਰਟੀ ਲੀਡਰਾਂ ਦਾ ਇਹ ਵੱਡਾ ਹਿੱਸਾ ਅਨੇਕ ਵਾਰ ਇਕੱਠੇ ਹੋ ਕੇ ਕਾਂਗਰਸ ਹਾਈਕਮਾਨ ਨੂੰ ਆਪਣੀ ਇੱਛਾ ਦੱਸ ਵੀ ਚੁੱਕਾ ਹੈ।
ਪਰ ਕਾਂਗਰਸ ਹਾਈਕਮਾਨ, ਖਾਸ ਕਰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਕੈਪਟਨ ਨੂੰ ਪੰਜਾਬ ਦੀ ਵਾਂਗਡੋਰ ਸੰਭਾਲਣ ਦੇ ਹੱਕ ਵਿਚ ਨਹੀਂ ਹਨ। ਇਹੀ ਕਾਰਨ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਆਗੂਆਂ ਦੇ ਕਹਿਣ ਦੇ ਬਾਵਜੂਦ ਵੀ ਕੈਪਟਨ ਨੂੰ ਅੱਗੇ ਲਿਆਉਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਰਾਜਸੀ ਖੇਤਰ ਅੰਦਰ ਚੱਲ ਰਹੀ ਸਾਰੀ ਇਸ ਕਵਾਇਦ ਦੌਰਾਨ ਹੁਣ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਪੰਜਾਬ ਦੀ ਵਾਂਗਡੋਰ ਸੰਭਾਲ ਵੀ ਦੇਵੇ, ਤਾਂ ਵੀ ਅਕਾਲੀ ਭਾਜਪਾ ਗਠਜੋੜ ਦੇ ਬਦਲ ਵਜੋਂ ਕਾਂਗਰਸ ਨੂੰ ਲੋਕਾਂ ਵੱਲੋਂ ਪ੍ਰਵਾਨ ਕੀਤੇ ਜਾਣ ਦੀ ਘੱਟ ਸੰਭਾਵਨਾ ਦੇਖੀ ਜਾ ਰਹੀ ਹੈ।
ਪਰ ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਦੇ ਖਿਲਾਫ ਧਾਰੇ ਵਤੀਰੇ ਤੋਂ ਬਾਅਦ ਹੁਣ ਇਹ ਚਰਚਾ ਆਮ ਹੈ ਕਿ ਕੈਪਟਨ ਧੜਾ ਵੱਖਰੀ ਪਾਰਟੀ ਬਣਾ ਕੇ ਪੰਜਾਬ ਵਿਚ ਚੋਣਾਂ ਲੜੇਗਾ। ਸਿਆਸੀ ਹਲਕਿਆਂ ਵਿਚ ਇਹ ਚਰਚਾ ਆਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਕੇ ਕੀ ਤੀਜੇ ਬਦਲ ਵਜੋਂ ਆਪਣੀ ਪਾਰਟੀ ਨੂੰ ਖੜ੍ਹਾ ਕਰ ਸਕਣਗੇ? ਇਹ ਸਵਾਲ ਬੇਹੱਦ ਰੌਚਕ ਹੈ ਅਤੇ ਪੰਜਾਬ ਦੀ ਰਾਜਸੀ ਹਾਲਤ ਇਸ ਸਵਾਲ ਦਾ ਜਵਾਬ ਵੀ ਮੰਗ ਰਹੀ ਹੈ। ਕਾਂਗਰਸ ਪਾਰਟੀ ਅਕਾਲੀ-ਭਾਜਪਾ ਗਠਜੋੜ ਦਾ ਬਦਲ ਨਹੀਂ ਬਣ ਸਕਦੀ। ਕਿਉਂਕਿ ਉਸ ਦਾ ਆਪਣਾ ਪਿਛੋਕੜ ਵੀ ਗਠਜੋੜ ਦੀ ਸਰਕਾਰ ਤੋਂ ਕੋਈ ਵੱਖਰਾ ਨਹੀਂ ਹੈ। ਪਰ ਕੈਪਟਨ ਅਮਰਿੰਦਰ ਸਿੰਘ ਇਕ ਤਾਂ ਪੰਜਾਬ ਅੰਦਰ ਧੜੱਲੇਦਾਰ ਅਤੇ ਪੰਜਾਬ ਦੇ ਸਿੱਖ ਹਮਾਇਤੀ ਵਜੋਂ ਬੇਹੱਦ ਸਤਿਕਾਰੇ ਜਾਂਦੇ ਹਨ। ਉਹ ਅਨੇਕਾਂ ਵਾਰ ਪਾਰਟੀ ਲਾਈਨ ਤੋਂ ਵੱਖ ਹੋ ਕੇ ਵੀ ਪੰਜਾਬ ਅਤੇ ਸਿੱਖਾਂ ਬਾਰੇ ਵੀ ਸਟੈਂਡ ਲੈਂਦੇ ਰਹੇ ਹਨ। ਉਨ੍ਹਾਂ ਕਦੇ ਵੀ ਕਾਂਗਰਸ ਹਾਈਕਮਾਨ ਦੀ ਨਾਰਾਜ਼ਗੀ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦਾ ਇਹ ਰਾਜਸੀ ਵਿਵਹਾਰ ਲੋਕਾਂ ਅੰਦਰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੂਜੀ ਗੱਲ ਇਸ ਵੇਲੇ ਪੰਜਾਬ ਅੰਦਰ ਇਕ ਮਜ਼ਬੂਤ ਰਾਜਸੀ ਤੇ ਧੜੱਲੇਦਾਰ ਆਗੂ ਦੀ ਜ਼ਰੂਰਤ ਹੈ।
ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਲੋਕਾਂ ਨੇ ਇਕ ਬਦਲ ਵਜੋਂ ਪ੍ਰਵਾਨ ਕਰ ਲਿਆ ਸੀ। ਪਰ ਹੁਣ ਲੱਗਦਾ ਹੈ ਕਿ ਹਾਲਾਤ ਵਿਚ ਤਬਦੀਲੀ ਆਉਣ ਲੱਗ ਪਈ ਹੈ। ਆਪ ਅੰਦਰ ਪੈਦਾ ਹੋਈ ਘੜਮੱਸ ਅਤੇ ਪਾਟੋ-ਧਾੜ ਨੇ ਲੋਕਾਂ ਨੂੰ ਵੱਡੀ ਪੱਧਰ ‘ਤੇ ਦੁਚਿੱਤੀ ਵਿਚ ਪਾ ਦਿੱਤਾ ਹੈ। ਆਪ ਵੱਲੋਂ ਦੁਚਿੱਤੀ ਵਿਚ ਪਏ ਇਹ ਲੋਕ ਕਦੇ ਵੀ ਕਾਂਗਰਸ ਵੱਲ ਨਹੀਂ ਜਾ ਸਕਦੇ। ਪਰ ਇਹ ਗੱਲ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਨਵੀਂ ਪਾਰਟੀ ਖੜ੍ਹੀ ਹੋ ਜਾਂਦੀ ਹੈ, ਤਾਂ ਪੰਜਾਬ ਅੰਦਰ ਰਾਜਸੀ ਬਦਲ ਦੀ ਤਾਂਘ ਰੱਖਣ ਵਾਲੇ ਅਜਿਹੇ ਲੋਕ ਆਪ ਤੋਂ ਕੈਪਟਨ ਵੱਲ ਬਦਲਣ ਵਿਚ ਕੋਈ ਬਹੁਤੀ ਦੇਰ ਨਹੀਂ ਲਗਾਉਣਗੇ। ਪੰਜਾਬ ਅੰਦਰ ਪਿਛਲੇ ਦਿਨੀਂ ਕਾਂਗਰਸ ਵੱਲੋਂ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਅਤੇ ਸੁਨੀਲ ਜਾਖੜ ਨੂੰ ਵਿਧਾਇਕ ਦਲ ਦਾ ਨੇਤਾ ਬਣਾਏ ਜਾਣ ਦੀ ਤਜਵੀਜ਼ ਸਾਹਮਣੇ ਆਈ ਸੀ। ਪਰ ਹੁਣ ਇਹ ਤਜਵੀਜ਼ ਵੀ ਖਤਮ ਹੋ ਚੁੱਕੀ ਹੈ। ਕੈਪਟਨ ਧੜੇ ਨੇ ਪਿਛਲੇ ਹਫਤੇ ਦਿੱਲੀ ਵਿਚ ਮੀਟਿੰਗ ਕਰਕੇ ਇਹ ਫੈਸਲਾ ਕਰ ਲਿਆ ਦੱਸਿਆ ਜਾਂਦਾ ਹੈ ਕਿ ਜੇਕਰ ਕੈਪਟਨ ਨੂੰ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਹੀਂ ਬਣਾਇਆ ਜਾਂਦਾ, ਤਾਂ ਉਹ ਰਾਜ ਅੰਦਰ ਨਵੀਂ ਪਾਰਟੀ ਬਣਾਉਣਗੇ। ਇਸ ਗੱਲ ਤੋਂ ਸਪੱਸ਼ਟ ਸੰਕੇਤ ਹੈ ਕਿ ਕਾਂਗਰਸ ਕੈਪਟਨ ਧੜੇ ਦੀ ਇਸ ਗੱਲ ਨੂੰ ਕਦਾਚਿੱਤ ਵੀ ਮੰਨਣ ਲਈ ਤਿਆਰ ਨਹੀਂ।
ਦੂਜੇ ਪਾਸੇ ਕੈਪਟਨ ਧੜਾ ਪੰਜਾਬ ਦੀ ਪ੍ਰਧਾਨਗੀ ਤੋਂ ਘੱਟ ਮੰਨਣ ਲਈ ਤਿਆਰ ਨਹੀਂ। ਅਜਿਹੀ ਹਾਲਤ ਵਿਚ ਕਾਂਗਰਸ ਅਤੇ ਕੈਪਟਨ ਧੜੇ ਦੇ ਤੋੜ-ਵਿਛੋੜੇ ਤੋਂ ਬਿਨਾਂ ਹੋਰ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਇਹ ਵੀ ਚਰਚਾ ਹੈ ਕਿ ਕੈਪਟਨ ਧੜੇ ਵੱਲੋਂ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਕੇ ਅਗਲੀ ਚੋਣ ਲੜੇ ਜਾਣ ਦੇ ਯਤਨ ਹੋ ਰਹੇ ਹਨ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਭਾਈਵਾਲ ਬਣ ਕੇ ਚੱਲ ਰਹੀ ਭਾਜਪਾ ਅਕਾਲੀਆਂ ਤੋਂ ਬੇਹੱਦ ਔਖੀ ਹੈ ਅਤੇ ਆਏ ਦਿਨ ਭਾਜਪਾ ਆਗੂ ਅਕਾਲੀਆਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਵੀ ਕਰਦੇ ਰਹਿੰਦੇ ਹਨ। ਪਿਛਲੇ ਸਾਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਅਜਿਹੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਪੰਜਾਬ ਵਿਚ ਹੁਣ ਭਾਜਪਾ ਅਕਾਲੀ ਤੋਂ ਖਹਿੜਾ ਛੁਡਾ ਕੇ ਆਪਣੇ ਬਲਬੂਤੇ ‘ਤੇ ਚੋਣ ਲੜਨਾ ਚਾਹੁੰਦੀ ਹੈ। ਜੇਕਰ ਕੈਪਟਨ ਧੜੇ ਵੱਲੋਂ ਖੜ੍ਹੀ ਕੀਤੀ ਰਾਜਸੀ ਧਿਰ ਅਤੇ ਭਾਜਪਾ ਦਰਮਿਆਨ ਚੋਣਾਂ ਤੋਂ ਪਹਿਲਾਂ ਕੋਈ ਸਾਂਝ ਬਣਦੀ ਹੈ, ਤਾਂ ਇਸ ਨਵੇਂ ਫਰੰਟ ਦਾ ਪੰਜਾਬ ਅੰਦਰ ਕੋਈ ਵੀ ਹੋਰ ਧਿਰ ਮੁਕਾਬਲਾ ਕਰਨ ਵਾਲੀ ਨਹੀਂ ਰਹੇਗੀ। ਅਕਾਲੀ ਲੀਡਰਸ਼ਿਪ ਨੂੰ ਵੀ ਕੈਪਟਨ ਧੜੇ ਵੱਲੋਂ ਵੱਖਰੀ ਪਾਰਟੀ ਖੜ੍ਹੇ ਕਰਨ ਦੇ ਆਏ ਸੰਕੇਤ ਤੋਂ ਬਾਅਦ ਕਾਫੀ ਚਿੰਤਾ ਪੈ ਗਈ ਦਿਖਾਈ ਦਿੰਦੀ ਹੈ। ਅਕਾਲੀ ਲੀਡਰ ਸੋਚਣ ਲੱਗੇ ਹਨ ਕਿ ਕੈਪਟਨ ਧੜੇ ਦੇ ਵੱਖਰੀ ਪਾਰਟੀ ਬਣਾਉਣ ਨਾਲ ਜਿੱਥੇ ਉਹ ਆਪ ਅਤੇ ਹੋਰ ਥਾਂਵਾਂ ਉਪਰ ਵਿਚਰ ਰਹੀ ਸੱਤਾ ਵਿਰੋਧੀ ਵੋਟ ਨੂੰ ਇਕੱਠਾ ਕਰਨ ਦੀ ਸਮਰੱਥਾ ਵਾਲੇ ਬਣ ਸਕਦੇ ਹਨ, ਉਥੇ ਭਾਜਪਾ ਦੇ ਸਾਥ ਨਾਲ ਸ਼ਹਿਰਾਂ ਅੰਦਰ ਵੀ ਉਸ ਨੂੰ ਹੁੰਗਾਰਾ ਮਿਲ ਸਕਦਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਇਸ ਵੇਲੇ ਅਕਾਲੀ-ਭਾਜਪਾ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਪੂਰੇ ਪੰਜਾਬ ਵਿਚ ਦੇਖਿਆ ਜਾਵੇ, ਤਾਂ ਅਕਾਲੀਆਂ ਦੇ ਜਾਣ ‘ਤੇ ਹਰ ਥਾਂ ਉਨ੍ਹਾਂ ਵਿਰੁੱਧ ਜਲਸੇ-ਮੁਜ਼ਾਹਰੇ ਹੋ ਰਹੇ ਹਨ। ਬਠਿੰਡਾ ਵਿਖੇ ਕਿਸਾਨ ਮੇਲੇ ‘ਚੋਂ ਅਕਾਲੀ ਲੀਡਰਾਂ ਨੂੰ ਭਜਾਉਣਾ ਆਪਣੇ ਆਪ ਵਿਚ ਵੱਡੀ ਅਤੇ ਅਹਿਮ ਗੱਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਅੰਦਰ ਸਰਕਾਰ ਪ੍ਰਤੀ ਕਿੰਨਾ ਗੁੱਸਾ ਅਤੇ ਨਫਰਤ ਹੈ। ਇਸ ਕਰਕੇ ਇਸ ਵੇਲੇ ਪੰਜਾਬ ਦੇ ਲੋਕਾਂ ਲਈ ਸਭ ਤੋਂ ਵੱਡੀ ਗੱਲ ਗਠਜੋੜ ਦੀ ਸਰਕਾਰ ਤੋਂ ਖਹਿੜਾ ਛੁਡਾਉਣਾ ਹੈ।
ਜੇਕਰ ਕੈਪਟਨ ਵੱਖਰੀ ਪਾਰਟੀ ਬਣਾ ਕੇ ਲੋਕਾਂ ਅੰਦਰ ਇਹ ਸੰਦੇਸ਼ ਦੇਣ ਵਿਚ ਸਫਲ ਹੋ ਜਾਂਦੇ ਹਨ ਕਿ ਉਹ ਅਕਾਲੀ-ਭਾਜਪਾ ਗਠਜੋੜ ਦਾ ਬਦਲ ਬਣਨ ਦੀ ਹਾਲਤ ਵਿਚ ਹਨ, ਤਾਂ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਤੀਜੇ ਬਦਲ ਦੀ ਤਾਂਘ ਵਿਚ ਆਪ ਵੱਲ ਨੂੰ ਉਲਾਰ ਹੋਏ ਲੋਕ ਮਿੰਟਾਂ ਵਿਚ ਇਸ ਨਵੀਂ ਰਾਜਸੀ ਤਾਕਤ ਵੱਲ ਉਲਰ ਪੈਣ। ……………………………………………
ਟਿੱਪਣੀ :- ਜੇ ਪੰਜਾਬੀਆਂ ਨੇ ਇਹ ਵੇਲਾ ਨਾ ਸਾਂਭਿਆ ਤਾਂ ਅਗਲੀਆਂ ਚੋਣਾਂ ਤਕ ਪੰਜਾਬ ਬਿਲਕੁਲ ਬਰਬਾਦ ਹੋ ਜਾਵੇਗਾ । ਕੈਪਟਨ ਅਤੇ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਆਪਸ ਵਿਚ ਸੀਟਾਂ ਦਾ ਸਮਝੌਤਾ ਕਰ ਕੇ ਚੋਣ ਲੜਨ। ਇਸ ਨਾਲ ਕਾਂਗਰਸ, ਕਾਲੀਦਲ ਅਤੇ ਬੀ,ਜੇ.ਪੀ. ਦਾ ਭੋਗ ਵੀ ਪੈਜਾਵੇਗਾ ਅਤੇ ਪੰਜਾਬੀਆਂ ਨੂੰ ਕੇੰਦਰ ਵਿਚ ਇਕ ਨਵੇਂ ਬਦਲ ਦਾ ਆਸਰਾ ਵੀ ਮਿਲ ਜਾਵੇਗਾ।  
             ਅਮਰ ਜੀਤ ਸਿੰਘ ਚੰਦੀ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.