ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਮੁੜ ਵੱਧ ਰਿਹਾ ਬਾਰੂਦ ਦੇ ਢੇਰ ਵਲ !
ਪੰਜਾਬ ਮੁੜ ਵੱਧ ਰਿਹਾ ਬਾਰੂਦ ਦੇ ਢੇਰ ਵਲ !
Page Visitors: 2604

ਪੰਜਾਬ ਮੁੜ ਵੱਧ ਰਿਹਾ ਬਾਰੂਦ ਦੇ ਢੇਰ ਵਲ !
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸ਼ਾਇਦ ਦੁਨੀਆ ਵਿਚ ਪੰਜਾਬ ਪਹਿਲਾ ਖਿੱਤਾ ਹੈ, ਜਿਥੇ ਕਰੀਬ ਢਾਈ ਕੁ ਦਹਾਕਿਆਂ ਬਾਅਦ ਹੀ ਮੁੜ ਫਿਰ ਸਾੜਸਤੀ ਪੈਦਾ ਹੋਣ ਦੇ ਆਸਾਰ ਬਣ ਰਹੇ ਹਨ। 1980 ਤੋਂ ਬਾਅਦ ਪੰਜਾਬ ਲਗਾਤਾਰ 15-20 ਸਾਲ ਬਲਦੀ ਦੇ ਬੂਥੇ ਆ ਰਿਹਾ ਹੈ। ਇਸ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਉਠਾਇਆ। ਇਸ ਸਮੇਂ ਦੌਰਾਨ ਪੰਜਾਬ ਦਾ ਵਿਕਾਸ ਇੰਨੀ ਬੁਰੀ ਤਰ੍ਹਾਂ ਮਧੋਲਿਆ ਗਿਆ ਕਿ ਪੰਜਾਬ ਅਜੇ ਤੱਕ ਵੀ ਆਰਥਿਕ ਤੌਰ ‘ਤੇ ਆਪਣੇ ਪੈਰਾਂ ਸਿਰ ਖੜ੍ਹਾ ਨਹੀਂ ਹੋ ਸਕਿਆ। ਇਸ ਸਮੇਂ ਦੌਰਾਨ ਹੋਏ ਸਰਕਾਰੀ ਤਸ਼ੱਦਦ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡੇ ਗਏ ਤਾਂਡਵ ਨਾਚ ਦੀ ਚੀਸ ਤਾਂ ਸ਼ਾਇਦ ਅਜੇ ਹੋਰ ਵੀ ਕਈ ਦਹਾਕੇ ਲੋਕਾਂ ਦੇ ਮਨਾਂ ‘ਚ ਪੈਂਦੀ ਹੀ ਰਹੇਗੀ। ਹਾਲੇ ਇਸ ਸਾਰੇ ਕੁੱਝ ਨੂੰ ਦਰੁੱਸਤ ਰਾਹ ਤੋਰਨ ਅਤੇ ਲੋਕਾਂ ਅੰਦਰ ਰਾਹਤ ਦਾ ਅਹਿਸਾਸ ਪੈਦਾ ਕਰਨ ਲਈ ਕੋਈ ਵੱਡੀ ਯੋਜਨਾ ਵੀ ਨਹੀਂ ਬਣਾਈ ਗਈ ਸੀ। ਪਰ ਹੁਣ ਲੱਗਦਾ ਹੈ ਕਿ ਕੁਝ ਸਮੇਂ ਤੋਂ ਮੁੜ ਫਿਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ, ਜਿਨ੍ਹਾਂ ਤੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਪੰਜਾਬ ਮੁੜ ਬਾਰੂਦ ਦੇ ਢੇਰ ਵੱਲ ਵਧ ਰਿਹਾ ਹੈ। ਇਕ ਪਾਸੇ ਪਿਛਲੇ ਇਕ ਮਹੀਨੇ ਤੋਂ ਪੰਜਾਬ ਦੇ ਕਿਸਾਨ ਸੜਕਾਂ ਤੇ ਰੇਲ ਪਟੜੀਆਂ ਉਪਰ ਖੁੱਲ੍ਹੇ ਆਸਮਾਨ ਹੇਠ ਬੈਠਣ ਲਈ ਮਜਬੂਰ ਹਨ। ਇਨ੍ਹਾਂ ਕਿਸਾਨਾਂ ਨੂੰ ਪਿਛਲੇ 1 ਸਾਲ ਤੋਂ ਖੰਡ ਮਿਲਾਂ ਨੂੰ ਵੇਚ ਗਏ ਗੰਨੇ ਦੀ ਕੀਮਤ ਨਹੀਂ ਮਿਲੀ। ਚਿੱਟੇ ਮੱਛਰ ਕਾਰਨ ਮਾਲਵਾ ਖੇਤਰ ਵਿਚ ਨਰਮੇ ਦੀ ਤਬਾਹੀ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਨਰਮੇ ਦੇ ਬੀਜ, ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਕਿਸਾਨਾਂ ਨੂੰ ਨਕਲੀ ਦਿੱਤੀਆਂ ਗਈਆਂ ਹਨ। ਕਿਸਾਨਾਂ ਨਾਲ ਅਰਬਾਂ ਰੁਪਏ ਦੇ ਹੋਏ ਇਸ ਵੱਡੇ ਘਪਲੇ ਵਿਚ ਹੇਠਲੇ ਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤੱਕ ਦੇ ਨਾਂ ਵੱਜ ਰਹੇ ਹਨ। ਪਰ ਸਰਕਾਰ ਨੇ ਸਿਰਫ ਇਕ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਕੇ ਸਾਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ। ਕਿਸਾਨਾਂ ਨੂੰ ਇਸ ਸਾਲ ਬੀਜੀ ਬਾਸਮਤੀ ਦਾ ਮੁੱਲ ਵੀ ਪੂਰਾ ਨਹੀਂ ਮਿਲ ਰਿਹਾ। ਇਸ ਤਰ੍ਹਾਂ ਇਹ ਅਨੇਕ ਕਿਸਮ ਦੇ ਕਿਸਾਨਾਂ ਦੇ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਸੰਗਠਨ ਇਕਮੁੱਠ ਹੋ ਕੇ ਪਿਛਲੇ ਇਕ ਮਹੀਨੇ ਤੋਂ ਸੜਕਾਂ ‘ਤੇ ਉਤਰੇ ਹੋਏ ਹਨ। ਪਰ ਸਰਕਾਰ ਭਾਵੇਂ ਉਹ ਕੇਂਦਰ ‘ਚ ਨਰਿੰਦਰ ਮੋਦੀ ਦੀ ਹੈ ਤੇ ਪੰਜਾਬ ਵਿਚ ਬਾਦਲ ਸਰਕਾਰ ਹੈ, ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕੋਈ ਉਚਿਤ ਕਦਮ ਨਹੀਂ ਚੁੱਕਿਆ ਗਿਆ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਇੰਨਾ ਚੜ੍ਹ ਚੁੱਕਿਆ ਹੈ ਕਿ ਹੁਣ ਇਹ ਕਰਜ਼ਾ ਮੋੜਨਾ ਉਨ੍ਹਾਂ ਦੇ ਵਸੋਂ ਬਾਹਰਾ ਹੋ ਗਿਆ ਹੈ। ਇਸ ਕਾਰਨ ਪੰਜਾਬ ਅੰਦਰ ਪਿਛਲੇ ਕਰੀਬ 3-4 ਮਹੀਨੇ ਤੋਂ ਲਗਾਤਾਰ ਹਰ ਰੋਜ਼ ਤਿੰਨ-ਚਾਰ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਸਰਕਾਰ ਨੇ ਭਾਵੇਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਤਾਂ 2 ਲੱਖ ਤੋਂ ਵਧਾ ਕੇ 3 ਲੱਖ ਕਰ ਦਿੱਤੀ ਹੈ, ਪਰ ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨਾਂ ਨੂੰ ਇਸ ਰਾਹ ਤੋਂ ਮੋੜਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਕਿਸਾਨ ਸਵਾਲ ਕਰ ਰਹੇ ਹਨ ਕਿ ਮਰ ਗਏ ਕਿਸਾਨ ਦੀ ਕੀਮਤ ਪਾਉਣ ਤੋਂ ਪਹਿਲਾਂ ਉਸ ਦੇ ਜਿਊਂਦੇ ਜੀਅ ਸਰਕਾਰ ਕੋਈ ਕਦਮ ਚੁੱਕਣ ਲਈ ਕਿਉਂ ਅੱਗੇ ਨਹੀਂ ਆਉਂਦੀ ? ਕਿਸਾਨਾਂ ਦਾ ਰੋਹ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਨੇ ਅਕਾਲੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ।
  ਦੂਜਾ ਵੱਡਾ ਮਸਲਾ ਸਿੱਖਾਂ ਦੇ ਉੱਚ ਧਾਰਮਿਕ ਅਸਥਾਨਾਂ ਮੁਖੀ ਸਿੰਘ ਸਾਹਿਬਾਨ ਵੱਲੋਂ ਚੁੱਪ-ਚੁਪੀਤੇ ਅਚਾਨਕ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਦਾ ਹੈ। ਇਸ ਮਾਮਲੇ ਉੱਤੇ ਦੁਨੀਆਂ ਭਰ ਵਿਚ ਸਿੱਖਾਂ ਅੰਦਰ ਵੱਡਾ ਰੋਸ ਹੈ। ਵੱਡੀ ਗਿਣਤੀ ਵਿਚ ਸਿੱਖ ਪ੍ਰਚਾਰਕ, ਰਾਗੀ, ਗ੍ਰੰਥੀ ਸਿੰਘ ਅਤੇ ਹੋਰ ਧਾਰਮਿਕ ਪਦਵੀਆਂ ਉਪਰ ਬੈਠੇ ਲੋਕ ਇਸ ਫੈਸਲੇ ਦਾ ਸਖਤ ਵਿਰੋਧ ਕਰ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਮੇਂ ਅਨੇਕਾਂ ਮੈਂਬਰ ਇਸ ਫੈਸਲੇ ਵਿਰੁੱਧ ਜਨਤਕ ਬਿਆਨ ਦੇ ਚੁੱਕੇ ਹਨ। ਗਰਮ ਖਿਆਲੀ ਸੰਗਠਨਾਂ ਨੇ ਇਕੱਠੇ ਹੋ ਕੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਸਰਬੱਤ ਖਾਲਸਾ ਬੁਲਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਵੱਡੀ ਗਿਣਤੀ ‘ਚ ਗੁਰਦੁਆਰਾ ਕਮੇਟੀਆਂ ਅਤੇ ਹੋਰ ਸਿੱਖ ਸੰਗਠਨਾਂ ਵੱਲੋਂ ਵੀ ਸਿੰਘ ਸਾਹਿਬ ਵੱਲੋਂ ਕੀਤੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਸਿੱਖ ਸੰਗਤ ਅੰਦਰ ਇਸ ਗੱਲ ਲਈ ਸਖਤ ਰੋਸ ਪਾਇਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਨੇ ਨਾ ਤਾਂ ਇਸ ਮਾਮਲੇ ਉਪਰ ਸਿੱਖ ਬੁੱਧੀਜੀਵੀਆਂ ਦੀ ਰਾਏ ਲਈ ਅਤੇ ਨਾ ਹੀ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੂੰ ਭਰੋਸੇ ਵਿਚ ਲੈਣ ਦਾ ਕਸ਼ਟ ਹੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿੰਘ ਸਾਹਿਬ ਵੱਲੋਂ ਕੀਤਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਰਵਾਇਤਾਂ ਉਪਰ ਵੀ ਪੂਰਾ ਉਤਰਨ ਵਾਲਾ ਨਹੀਂ। ਇਸ ਮਾਮਲੇ ਨੂੰ ਲੈ ਕੇ ਸਿਰਫ ਪੰਜਾਬ ਵਿਚ ਹੀ ਨਹੀਂ, ਸਗੋਂ ਪ੍ਰਵਾਸੀ ਸਿੱਖਾਂ ਅੰਦਰ ਵੀ ਰੋਸ ਅਤੇ ਗੁੱਸਾ ਹੈ। ਕੈਨੇਡਾ, ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਨੇ ਇਸ ਫੈਸਲੇ ਦੇ ਹੱਲ ਹੋਣ ਤੱਕ ਅਕਾਲੀਆਂ ਨੂੰ ਗੁਰਦੁਆਰਿਆਂ ਵਿਚ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ ਹੈ।
ਪ੍ਰਵਾਸੀ ਸਿੱਖ ਇਸ ਮਸਲੇ ਉਪਰ ਪੈਦਾ ਹੋਈ ਸਥਿਤੀ ਤੋਂ ਬੇਹੱਦ ਚਿੰਤਤ ਹਨ। ਦੁਨੀਆਂ ਭਰ ਵਿਚ ਵਸੀ ਸਿੱਖ ਸੰਗਤ ਹਾਲੇ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲੇ ਉਪਰ ਹੀ ਕੇਂਦਰਿਤ ਸੀ ਕਿ ਪੰਜਾਬ ਦੇ ਇਕ ਪਿੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਕੇ ਖਿਲਾਰਨ ਦੇ ਮਸਲੇ ਨੇ ਸਿੱਖਾਂ ਅੰਦਰ ਇਕ ਹੋਰ ਵੱਡੇ ਰੋਸ ਨੂੰ ਜਨਮ ਦਿੱਤਾ ਹੈ। ਪੰਜਾਬ ਵਿਚ ਇਸ ਮਸਲੇ ਨੂੰ ਲੈ ਕੇ ਸੜਕਾਂ ਉਪਰ ਜਾਮ ਲੱਗ ਰਹੇ ਹਨ ਅਤੇ ਪੁਲਿਸ ਨਾਲ ਝੜਪਾਂ ਹੋ ਰਹੀਆਂ ਹਨ। ਕਈ ਥਾਈਂ ਪੁਲਿਸ ਤੇ ਸੰਗਤ ਵਿਚ ਹੋਈ ਝੜਪ ਦੌਰਾਨ ਦੋਹਾਂ ਧਿਰਾਂ ਦੇ ਬੰਦੇ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਦਰਜਨਾਂ ਧਾਰਮਿਕ ਆਗੂ ਵੀ ਹਿਰਾਸਤ ਵਿਚ ਲੈ ਲਏ ਹਨ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਸਮੁੱਚੀ ਸਿੱਖ ਸੰਗਤ ਦੇ ਮਨਾਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਹੈ। ਸਿੱਖਾਂ ਵੱਲੋਂ ਇਸ ਗੱਲ ‘ਤੇ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ ਸੜਕਾਂ ਜਾਮ ਕਰਨ ਮੌਕੇ ਤਾਂ ਪੁਲਿਸ ਕਿਧਰੇ ਸਰਗਰਮ ਨਹੀਂ ਹੋਈ, ਸਗੋਂ ਪੁਲਿਸ ਅਜਿਹੇ ਲੋਕਾਂ ਦੀ ਹਿਫਾਜ਼ਤ ਕਰਨ ਵਿਚ ਲੱਗੀ ਰਹੀ।
ਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਬੇਹੱਦ ਘਿਨਾਉਣੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉਪਰ ਲਾਠੀਆਂ ਅਤੇ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਕਈਆਂ ਦਾ ਅੰਦੇਸ਼ਾ ਇਹ ਵੀ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਇਹ ਘਟਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਉਪਰ ਸਿੱਖਾਂ ਦੇ ਕੇਂਦਰਿਤ ਹੋਏ ਧਿਆਨ ਨੂੰ ਲਾਂਭੇ ਕਰਨ ਲਈ ਕੀਤੀ ਗਈ ਇਕ ਸਾਜ਼ਿਸ਼ ਕਾਰਵਾਈ ਹੈ। ਕੁੱਝ ਵੀ ਹੋਵੇ, ਇਸ ਘਟਨਾ ਨੇ ਪੰਜਾਬ ਦੇ ਸ਼ਾਂਤ ਪਾਣੀਆਂ ਵਿਚ ਵੱਡੀ ਖਲਲ ਪਾਉਣ ਦਾ ਕਾਰਨਾਮਾ ਤਾਂ ਕੀਤਾ ਹੀ ਹੈ। ਪੰਜਾਬ ਤੋਂ ਆ ਰਹੀਆਂ ਅਜਿਹੀਆਂ ਖ਼ਬਰਾਂ ਨੇ ਪ੍ਰਵਾਸੀ ਪੰਜਾਬੀਆਂ ਵੱਡੀ ਚਿੰਤਾ ਅਤੇ ਦੁਬਿਧਾ ਵਿਚ ਪਾ ਦਿੱਤਾ ਹੈ
ਵਿਦਸ਼ਾਂ ਵਿਚ ਬੈਠੇ ਸਿੱਖ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਹਨ, ਪਰ ਪੰਜਾਬ ‘ਚੋਂ ਅਜਿਹੀਆਂ ਖ਼ਬਰਾਂ ਆਉਣ ਨਾਲ ਉਨ੍ਹਾਂ ਦੇ ਮਨਾਂ ਅੰਦਰ ਵੀ ਇਕ ਵੱਡੀ ਚੀਸ ਪੈਦਾ ਹੁੰਦੀ ਹੈ। ਕਿਸਾਨਾਂ ਅਤੇ ਸਿੱਖ ਸੰਗਤ ਵਿਚ ਉੱਠੇ ਰੋਸ ਬਾਰੇ ਪ੍ਰਵਾਸੀ ਸਿੱਖਾਂ ਦੀ ਚਿੰਤਾ ਇਸ ਕਰਕ ਹੋਰ ਵਧੇਰੀ ਹੈ ਕਿ ਉਹ ਖੁਦ ਵੀ ਮਾਨਸਿਕ ਤੌਰ ‘ਤੇ ਇਸ ਸੰਕਟ ਦਾ ਸ਼ਿਕਾਰ ਹੋ ਰਹੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲੇ ਨੂੰ ਪ੍ਰਵਾਸੀ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਮੰਨਣ ਲਈ ਤਿਆਰ ਨਹੀਂ, ਸਗੋਂ ਇਸ ਫੈਸਲੇ ਨਾਲ ਉਨ੍ਹਾਂ ਦੇ ਮਨਾਂ ਨੂੰ ਡਾਢੀ ਠੇਸ ਪਹੁੰਚੀ ਹੈ। ਸ਼ਾਇਦ ਇਹ ਬੜੀ ਅਜੀਬ ਸਥਿਤੀ ਪੈਦਾ ਹੋ ਰਹੀ ਹੈ ਕਿ ਇਕ ਪਾਸੇ ਸਿੱਖ ਸੰਸਥਾਵਾਂ ਅਤੇ ਸੰਗਤ ਦਾ ਵੱਡਾ ਹਿੱਸਾ ਸਿੰਘ ਸਾਹਿਬ ਵੱਲੋਂ ਕੀਤੇ ਫੈਸਲੇ ਉਪਰ ਮੁੜ ਨਜ਼ਰਸਾਨੀ ਕਰਨ ਦੀ ਮੰਗ ਕਰ ਰਿਹਾ ਹੈ। ਪਰ ਸਿੰਘ ਸਾਹਿਬ ਅਤੇ ਅਕਾਲੀ ਲੀਡਰਸ਼ਿਪ ਕੀਤੇ ਫੈਸਲੇ ਨੂੰ ਦਰੁੱਸਤ ਠਹਿਰਾ ਰਹੇ ਹਨ। ਇਸ ਮਸਲੇ ‘ਤੇ ਪੈਦਾ ਹੋਇਆ ਇਹ ਟਕਰਾਅ ਸਿੱਖ ਮਨਾਂ ਅੰਦਰ ਵੱਡੀ ਦੁਬਿਧਾ ਪੈਦਾ ਕਰਨ ਦਾ ਕਾਰਨ ਬਣਿਆ ਹੋਇਆ ਹੈ। ਪੰਜਾਬ ਇਸ ਵੇਲੇ ਆਰਥਿਕ, ਧਾਰਮਿਕ ਅਤੇ ਮਾਨਸਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਜੇਕਰ ਸਿਆਸੀ ਲੀਡਰਸ਼ਿਪ ਅਤੇ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਸਮਝਣ ਵਿਚ ਖੁੱਲ੍ਹਾ ਮਨ ਰੱਖ ਕੇ ਹੱਲ ਕਰਨ ਦਾ ਯਤਨ ਨਾ ਕੀਤਾ, ਤਾਂ ਇਹ ਗੱਲ ਕਹਿਣ ‘ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ ਇਕ ਵਾਰ ਮੁੜ ਬਾਰੂਦ ਦੇ ਢੇਰ ਧੱਕਿਆ ਜਾ ਰਿਹਾ ਹੈ। 

 

 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.