ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਕੌਮ ਲਈ ਡੂੰਘੀ ਚਿੰਤਾ ਦੀ ਘੜੀ !
ਸਿੱਖ ਕੌਮ ਲਈ ਡੂੰਘੀ ਚਿੰਤਾ ਦੀ ਘੜੀ !
Page Visitors: 2584

ਸਿੱਖ ਕੌਮ ਲਈ ਡੂੰਘੀ ਚਿੰਤਾ ਦੀ ਘੜੀ !
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
   916-320-9444
ਪੂਰੀ ਦੁਨੀਆ ਵਿਚ ਵਸਦਾ ਸਿੱਖ ਕੌਮ ਇਸ ਵੇਲੇ ਡੂੰਘੀ ਚਿੰਤਾ ਵਿਚੋਂ ਗੁਜ਼ਰ ਰਿਹਾ ਹੈ। ਸਿੱਖੀ ਵਿਚ ਨਿਘਾਰ ਅਤੇ ਵਧ ਰਹੇ ਪਤਿਤਪੁਣੇ ਕਾਰਨ ਦੁਨੀਆ ਅੰਦਰ ਪਹਿਲਾਂ ਹੀ ਸਿੱਖਾਂ ਵਿਚ ਚਿੰਤਾ ਪਾਈ ਜਾ ਰਹੀ ਸੀ। ਪਰ ਹੁਣ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਵੱਲੋਂ ਅਚਾਨਕ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਅਤੇ ਫਿਰ ਦੁਨੀਆ ਭਰ ਦੇ ਲੋਕਾਂ ਵੱਲੋਂ ਸਖਤ ਵਿਰੋਧ ਕੀਤੇ ਜਾਣ ਕਾਰਨ ਫਿਰ ਇਸ ਫੈਸਲੇ ਨੂੰ ਅਚਾਨਕ ਹੀ ਵਾਪਸ ਲਏ ਜਾਣ ਨੇ ਸਿੱਖ ਧਾਰਮਿਕ ਆਗੂਆਂ ਪ੍ਰਤੀ ਵੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਸਿੰਘ ਸਾਹਿਬ ਦੇ ਵਤੀਰੇ ਵਿਰੁੱਧ ਲੋਕਾਂ ਅੰਦਰ ਫੈਲਿਆ ਹੋਇਆ ਰੋਸ ਅਜੇ ਠੰਡਾ ਵੀ ਨਹੀਂ ਸੀ ਹੋਇਆ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪਿਛਲੇ 4 ਮਹੀਨਿਆਂ ਤੋਂ ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਿੰਡ ਦੀਆਂ ਗਲੀਆਂ ਵਿਚ ਖਿਲਰੇ ਮਿਲੇ।    
   ਇਸ ਘਟਨਾ ਨੇ ਸਿੱਖ ਸਮਾਜ ਨੂੰ ਡੂੰਘਾ ਸਦਮਾ ਦਿੱਤਾ। ਇਸ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਲਈ ਥਾਂ-ਥਾਂ ਧਰਨੇ ਤੇ ਮੁਜ਼ਾਹਰੇ ਹੋਏ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਦੋਸ਼ੀਆਂ ਨੂੰ ਫੜਨ ਅਤੇ ਸਜ਼ਾਵਾਂ ਦੇਣ ਵੱਲ ਵਧਣ ਦੀ ਬਜਾਏ ਧਰਨੇ ਦੇਣ ਵਾਲੀ ਸਿੱਖ ਸੰਗਤ ਉਪਰ ਹੀ ਡਾਂਗਾਂ ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਦੋ ਸਿੰਘ ਮਾਰੇ ਗਏ ਅਤੇ 80 ਤੋਂ ਵੱਧ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ। ਇਸ ਘਟਨਾ ਨੇ ਪੂਰੀ ਦੁਨੀਆ ਅੰਦਰ ਲੋਕਾਂ ਅੰਦਰ ਹੋਰ ਵੀ ਵੱਡੇ ਰੋਸ ਅਤੇ ਗੁੱਸੇ ਨੂੰ ਪੈਦਾ ਕੀਤਾ। ਅੱਜ ਪੂਰੀ ਦੁਨੀਆ ਵਿਚ ਵਸਦਾ ਸਿੱਖ ਸਮਾਜ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ ਅਤੇ ਅਕਾਲੀ ਤੇ ਸਿੱਖ ਧਾਰਮਿਕ ਲੀਡਰਸ਼ਿਪ ਪੂਰੀ ਤਰ੍ਹਾਂ ਸਿੱਖਾਂ ਵਿਚੋਂ ਅਲੱਗ-ਥਲੱਗ ਹੋ ਕੇ ਰਹਿ ਗਈਆਂ ਹਨ। ਪੰਜਾਬ ਅੰਦਰ ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਅਤੇ ਕੀਤੇ ਜਾ ਰਹੇ ਮੁਜ਼ਾਹਰਿਆਂ ‘ਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਆਗੂ ਜਾਂ ਮੈਂਬਰ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ।
   ਇਸ ਵੇਲੇ ਹਾਲਾਤ ਇਹ ਹਨ ਕਿ ਪੂਰੀ ਦੁਨੀਆ ਵਿਚ ਵਸੀ ਸਿੱਖ ਸੰਗਤ ਦਾ ਨਿਸ਼ਾਨਾ ਇਸ ਵੇਲੇ ਅਕਾਲੀ ਲੀਡਰਸ਼ਿਪ ਹੀ ਬਣੀ ਹੋਈ ਹੈ। ਸ਼ਾਇਦ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਇੰਨੇ ਵੱਡੇ ਨਿਖੇੜੇ ਅਤੇ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁਦ ਅਕਾਲੀ ਦਲ ਦੇ ਘਾਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਹੁਣ ਇਹ ਗੱਲ ਮੰਨ ਗਏ ਹਨ ਕਿ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਉਹ ਕਹਿ ਰਹੇ ਹਨ ਕਿ ਜੇ ਕੋਈ ਗਲਤੀ ਹੋ ਗਈ ਹੈ, ਤਾਂ ਸਜ਼ਾ ਸਾਨੂੰ ਦਿਓ, ਪਰ ਪੰਜਾਬ ਦੇ ਹਾਲਾਤ ਖਰਾਬ ਨਾ ਕੀਤੇ ਜਾਣ। ਸਿੰਘ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਵਾਪਸ ਲੈਣ ਅਤੇ ਧਰਨਾਕਾਰੀਆਂ ਵਿਰੁੱਧ ਦਰਜ ਮੁਕੱਦਮੇ ਵਾਪਸ ਕਰਨ ਦੇ ਸਰਕਾਰ ਦੇ ਐਲਾਨਾਂ ਦਾ ਵੀ ਲੋਕਾਂ ਉਪਰ ਕੋਈ ਅਸਰ ਹੋਇਆ ਨਜ਼ਰ ਨਹੀਂ ਆ ਰਿਹਾ। ਪੰਜਾਬ ਅੰਦਰ ਧੜਾਧੜ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ‘ਚ ਪਾਰਟੀ ਤੋਂ ਅਸਤੀਫੇ ਦੇ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੇਢ ਦਰਜਨ ਤੋਂ ਵੱਧ ਮੈਂਬਰ ਅਸਤੀਫਿਆਂ ਦਾ ਐਲਾਨ ਕਰ ਚੁੱਕੇ ਹਨ। ਵੱਡੀ ਗੱਲ ਇਹ ਨਜ਼ਰ ਆ ਰਹੀ ਹੈ ਕਿ ਅਕਾਲੀ ਦਲ ਦਾ ਕੋਈ ਵੀ ਆਗੂ ਲੋਕਾਂ ਵਿਚ ਵਿਚਰਨ ਦੀ ਜ਼ੁਰੱਅਤ ਹੀ ਨਹੀਂ ਕਰ ਰਿਹਾ। ਇਸੇ ਤਰ੍ਹਾਂ ਪੰਜ ਸਿੱਖ ਤਖਤਾਂ ਦੇ ਜਥੇਦਾਰ ਭਾਰੀ ਪੁਲਿਸ ਫੋਰਸ ਨਾਲ ਆਪਣੇ ਘਰਾਂ ਵਿਚ ਦੜ ਵੱਟ ਕੇ ਸਮਾਂ ਕੱਟ ਰਹੇ ਹਨ।
   ਇਸੇ ਤਰ੍ਹਾਂ ਵਿਦੇਸ਼ਾਂ ਵਿਚ ਵੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ। ਅਕਾਲੀ ਦਲ ਬਾਦਲ ਦੇ ਆਗੂ ਬੁਰੀ ਤਰ੍ਹਾਂ ਨਿਖੜ ਕੇ ਹੀ ਨਹੀਂ ਰਹਿ ਰਹੇ, ਸਗੋਂ ਬਹੁਤ ਸਾਰੇ ਆਗੂ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ। ਪਿੱਛੇ ਜਿਹੇ ਅਕਾਲੀ ਦਲ ਵੱਲੋਂ ਅਮਰੀਕਾ ਵਿਚ ਬਣਾਏ ਨਵੇਂ ਯੂਨਿਟ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਹੋਰ ਕਈ ਸਾਥੀ ਪਾਰਟੀ ਤੋਂ ਅਸਤੀਫੇ ਦੇ ਗਏ ਹਨ। ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆਂ ਨੇ ਮਤੇ ਪਾ ਕੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ ਆਗੂਆਂ ਅਤੇ ਇਨ੍ਹਾਂ ਦੀ ਹਮਾਇਤ ਕਰਨ ਵਾਲੇ ਪ੍ਰਚਾਰਕਾਂ ਤੇ ਰਾਗੀ, ਢਾਡੀਆਂ ਨੂੰ ਵੀ ਗੁਰਦੁਆਰਿਆਂ ਵਿਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿਛਲੇ ਦਿਨੀਂ ਕੈਲੀਫੋਰਨੀਆ ਵਿਚ ਗਦਰੀ ਬਾਬਿਆਂ ਦੇ ਇਤਿਹਾਸ ਅਸਥਾਨ ਗੁਰਦੁਆਰਾ ਸਟਾਕਟਨ ਵਿਖੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਹੋਏ ਇਕ ਵੱਡੇ ਇਕੱਠ ਵਿਚ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਗੁਰਦੁਆਰਿਆਂ ‘ਚ ਬੋਲਣ ਜਾਂ ਸਨਮਾਨਿਤ ਕਰਨ ਉਪਰ ਰੋਕ ਲਗਾਉਣ ਦਾ ਫੈਸਲਾ ਕੀਤਾ। ਅਕਾਲੀ ਲੀਡਰਸ਼ਿਪ ਖਿਲਾਫ ਰੋਸ ਅਤੇ ਨਫਰਤ ਹੁਣ ਸਿਰਫ ਸਿੱਖ ਧਾਰਮਿਕ ਸੰਸਥਾਵਾਂ ਤੱਕ ਹੀ ਸੀਮਤ ਨਹੀਂ ਰਹੀ। ਵਿਦੇਸ਼ਾਂ ਵਿਚ ਬਣੀਆਂ ਕਬੱਡੀ ਫੈਡਰੇਸ਼ਨਾਂ ਅਤੇ ਕਬੱਡੀ ਕਲੱਬਾਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਵਿਚ ਭਾਗ ਲੈਣ ਲਈ ਜਾਣ ਤੋਂ ਹੀ ਕੋਰਾ ਜਵਾਬ ਦੇ ਦਿੱਤਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਇਕੱਠਿਆਂ ਫੈਸਲਾ ਕਰਕੇ ਵਰਲਡ ਕਬੱਡੀ ਕੱਪ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
      ਇਸੇ ਤਰ੍ਹਾਂ ਵਿਦੇਸ਼ਾਂ ਵਿਚ ਵਸਦੇ ਲੋਕਾਂ ਦੀਆਂ ਹੋਰ ਅਨੇਕ ਧਾਰਮਿਕ ਅਤੇ ਸਮਜਿਕ ਸੰਸਥਾਵਾਂ ਨੇ ਵੀ ਸਿੱਖ ਧਾਰਮਿਕ ਆਗੂਆਂ ਵੱਲੋਂ ਡੇਰਾ ਮੁਖੀ ਦੇ ਮਾਮਲੇ ਵਿਚ ਨਿਭਾਏ ਰੋਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖਤ ਰੋਸ ਪ੍ਰਗਟਾਉਂਦਿਆਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਸਖ਼ਤ ਵਿਰੋਧ ਕੀਤਾ ਹੈ। ਪ੍ਰਵਾਸੀ ਪੰਜਾਬੀ ਪਹਿਲਾਂ ਹੀ ਲੰਮੇ ਸਮੇਂ ਤੋਂ ਅਕਾਲੀ-ਭਾਜਪਾ ਸਰਕਾਰ ਦੀ ਇਸ ਪੱਖੋਂ ਨੁਕਤਾਚੀਨੀ ਕਰਦੇ ਆਏ ਹਨ ਕਿ ਸਰਕਾਰ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਗੱਲਾਂ ਤਾਂ ਬਥੇਰੀਆਂ ਕਰਦੀ ਹੈ, ਪਰ ਅਮਲ ਵਿਚ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ। ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨ-ਜਾਇਦਾਦ ਦੇ ਮਸਲਿਆਂ, ਵਿਆਹ-ਸ਼ਾਦੀਆਂ ਦੇ ਝਗੜਿਆਂ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਹੁੰਦੇ ਹੋਰ ਧੱਕਿਆਂ ‘ਚ ਇਨਸਾਫ ਲੈਣ ਲਈ ਪ੍ਰਵਾਸੀ ਪੰਜਾਬੀਆਂ ਨੂੰ ਥਾਂ-ਥਾਂ ਧੱਕੇ ਖਾਣ ਬਾਰੇ ਪਹਿਲਾਂ ਹੀ ਬੜਾ ਰੋਸ ਸੀ, ਪਰ ਨਵੀਆਂ ਘਟਨਾਵਾਂ ਨੇ ਤਾਂ ਲੋਕਾਂ ਨੂੰ ਮਾਨਸਿਕ ਤੌਰ ‘ਤੇ ਵੀ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।
        ਵਰਣਨਯੋਗ ਹੈ ਕਿ ਪੰਜਾਬ ਵਿਚ ਵਾਪਰਦੀ ਹਰ ਘਟਨਾ ਦਾ ਪ੍ਰਵਾਸੀ ਪੰਜਾਬੀਆਂ ਉਪਰ ਸਿੱਧਾ ਅਸਰ ਪੈਂਦਾ ਹੈ। ਅੱਜ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਦੀ ਹਰ ਘਰ ਵਿਚ ਚਰਚਾ ਹੈ। ਜੇਕਰ ਪੰਜਾਬ ਸਰਕਾਰ ਨੇ ਹਾਲਾਤ ਨੂੰ ਸੁਧਾਰਨ ਵੱਲ ਕੋਈ ਕਦਮ ਨਾ ਚੁੱਕਿਆ, ਤਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਤੋਂ ਮੂੰਹ ਮੋੜ ਲੈਣ ਦੇ ਰੁਝਾਨ ਨੂੰ ਹੋਰ ਵਧੇਰੇ ਬਲ ਮਿਲ ਸਕਦਾ ਹੈ। ਅੱਜ ਦੁਨੀਆ ਭਰ ਵਿਚ ਲੱਖਾਂ ਸਿੱਖ ਵਸਦੇ ਹਨ, ਜਿਹੜੇ ਪੰਜਾਬ ਵਿਚ ਵਾਪਰਦੀ ਹਰ ਧਾਰਮਿਕ ਘਟਨਾ ਤੇ ਸਰਗਰਮੀ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੇ ਹਨ। ਪੰਜਾਬ ਦੀ ਅਕਾਲੀ ਅਤੇ ਧਾਰਮਿਕ ਲੀਡਰਸ਼ਿਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਜਗਤ ਨਾਲ ਸੰਬੰਧਤ ਕਿਸੇ ਵੀ ਮਾਮਲੇ ‘ਤੇ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਜਾਂ ਫੈਸਲੇ ਲਈ ਪ੍ਰਵਾਸੀ ਸਿੱਖਾਂ ਨੂੰ ਭਰੋਸੇ ਵਿਚ ਲੈਣਾ ਬੇਹੱਦ ਜ਼ਰੂਰੀ ਹੈ। ਜੇਕਰ ਪ੍ਰਵਾਸੀ ਸਿੱਖਾਂ ਦੇ ਵੱਡੇ ਹਿੱਸੇ ਨੂੰ ਪੰਜਾਬ ਵਿਚ ਬੈਠੀ ਸਿੱਖ ਅਤੇ ਧਾਰਮਿਕ ਲੀਡਰਸ਼ਿਪ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਨਾਲ ਜੋੜ ਕੇ ਨਾ ਰੱਖਿਆ ਅਤੇ ਆਪਣੇ ਹਰ ਫੈਸਲੇ ਵਿਚ ਪ੍ਰਵਾਸੀ ਸਿੱਖਾਂ ਨੂੰ ਭਾਈਵਾਲ ਨਾ ਬਣਾਇਆ, ਤਾਂ ਇਸ ਦੇ ਆਉਣ ਵਾਲੇ ਸਮੇਂ ਵਿਚ ਗੰਭੀਰ ਸਿੱਟੇ ਵੀ ਨਿਕਲ ਸਕਦੇ ਹਨ।
   ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਅੱਜ ਪੰਜਾਬ ਨਾਲੋਂ ਵਿਦੇਸ਼ਾਂ ਵਿਚ ਸਿੱਖੀ ਵਧੇਰੇ ਪ੍ਰਫੁਲਿਤ ਹੋ ਰਹੀ ਹੈ। ਨਵੀਂ ਸਿੱਖ ਪੀੜ੍ਹੀ ਸਿੱਖੀ ਸਿਧਾਂਤਾਂ, ਫਲਸਫੇ ਅਤੇ ਰਵਾਇਤਾਂ ਪ੍ਰਤੀ ਵਧੇਰੇ ਸੁਚੇਤ ਅਤੇ ਦ੍ਰਿੜ੍ਹ ਹੈ। ਇਸ ਦੇ ਉਲਟ ਪੰਜਾਬ ਵਿਚ ਨਸ਼ਿਆਂ ਅਤੇ ਪਤਿਤਪੁਣੇ ਦਾ ਦਰਿਆ ਚੱਲ ਰਿਹਾ ਹੈ। ਸੋ ਅੱਜ ਲੋੜ ਇਹ ਹੈ ਕਿ ਪੰਜਾਬ ਵਿਚ ਵੀ ਸਿੱਖੀ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰਨ, ਨਸ਼ਿਆਂ ਦੀ ਗਲਤਾਨ ਵਿਚੋਂ ਬਾਹਰ ਨਿਕਲਣ ਅਤੇ ਸਿੱਖ ਜਜ਼ਬੇ ਨੂੰ ਕਾਇਮ ਰੱਖਣ ਲਈ ਪ੍ਰਵਾਸੀ ਸਿੱਖਾਂ ਦੀ ਮਦਦ ਲੈਣਾ ਸਗੋਂ ਵਧੇਰੇ ਜ਼ਰੂਰੀ ਹੈ। ਪਰ ਇਕ ਗੱਲ ਅਸੀਂ ਪੂਰੀ ਸ਼ਿੱਦਤ ਨਾਲ ਕਹਿਣਾ ਚਾਹੁੰਦੇ ਹਾਂ ਕਿ ਹਾਲਾਤ ਭਾਵੇਂ ਕਿੰਨੇ ਵੀ ਚਿੰ ਤਾਜਨਕ ਕਿਉਂ ਨਾ ਹੋਵੇ, ਸਾਡੇ ਲੋਕਾਂ ਨੂੰ ਸੰਜਮ ਅਤੇ ਸਬਰ ਨੂੰ ਨਹੀਂ ਤਿਆਗਣਾ ਚਾਹੀਦਾ। ਆਪਣੇ ਕਿਸੇ ਵੀ ਕਰਮ ਨਾਲ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਣਾ ਚਾਹੀਦਾ। ਪਿਛਲੇ ਲੰਮੇਂ ਸਮੇਂ ਤੋਂ ਪੰਜਾਬ ਨੇ ਵੱਡਾ ਸੰਤਾਪ ਭੋਗਿਆ ਹੈ, ਸਾਨੂੰ ਉਸ ਤਜ਼ਰਬੇ ਤੋਂ ਸਿੱਖ ਕੇ ਇਨਸਾਫ ਅਤੇ ਹੱਕ ਲੈਣ ਪੂਰੀ ਤਰ੍ਹਾਂ ਜ਼ਬਤਬੱਧ ਅਤੇ ਸਹੀ ਢੰਗ-ਤਰੀਕੇ ਅਪਣਾ ਕੇ ਚੱਲਣਾ ਚਾਹੀਦਾ ਹੈ।


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.