ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਜੇ ਵੀ ਜਿਉਂ-ਦੇ-ਤਿਉਂ ਖੜੇ ਹਨ ਸਿੱਖ ਮਨਾਂ ਨੂੰ ਅਸ਼ਾਂਤ ਕਰਨ ਵਾਲੇ ਮਸਲ੍ਹੇ
ਅਜੇ ਵੀ ਜਿਉਂ-ਦੇ-ਤਿਉਂ ਖੜੇ ਹਨ ਸਿੱਖ ਮਨਾਂ ਨੂੰ ਅਸ਼ਾਂਤ ਕਰਨ ਵਾਲੇ ਮਸਲ੍ਹੇ
Page Visitors: 2749

ਅਜੇ ਵੀ ਜਿਉਂ-ਦੇ-ਤਿਉਂ ਖੜੇ ਹਨ ਸਿੱਖ ਮਨਾਂ ਨੂੰ ਅਸ਼ਾਂਤ ਕਰਨ ਵਾਲੇ ਮਸਲ੍ਹੇ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੰਜ ਸਿੰਘ ਸਾਹਿਬ ਵੱਲੋਂ ਡੇਰਾ ਸਿਰਸਾ ਮੁਖੀ ਬਾਰੇ ਲਏ ਫੈਸਲੇ ਅਤੇ ਉਸ ਤੋਂ ਬਾਅਦ ਸਿੱਖ ਸਮਾਜ ਵਿਚ ਫੈਲੇ ਰੋਸ ਦੌਰਾਨ ਵਾਪਰੀਆਂ ਹੋਰ ਅਨੇਕ ਘਟਨਾਵਾਂ ਕਾਰਨ ਪੈਦਾ ਹੋਏ ਮਸਲੇ ਅਜੇ ਜਿਉਂ ਦੀ ਤਿਉਂ ਹੀ ਖੜ੍ਹੇ ਹਨ। ਭਾਵੇਂ ਪੰਜਾਬ ਵਿਚ ਸੜਕਾਂ ਉਪਰ ਜਾਮ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਵੱਡੇ ਰੋਸ ਮੁਜ਼ਾਹਰੇ ਵੀ ਇਕ ਵਾਰ ਸ਼ਾਂਤ ਹੋ ਗਏ ਹਨ। ਪਰ ਇਸ ਦੌਰਾਨ ਸਾਹਮਣੇ ਆਈਆਂ ਮੰਗਾਂ ਅਤੇ ਮਸਲੇ ਉਵੇਂ ਦੀ ਉਵੇਂ ਖੜ੍ਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਤਖਤਾਂ ਦੇ ਸਨਮਾਨ ਨੂੰ ਲੱਗੀ ਢਾਅ ਕਾਰਨ ਪੂਰੀ ਦੁਨੀਆ ਵਿਚ ਵਸੇ ਸਿੱਖ ਖਾਸਕਰ ਪ੍ਰਵਾਸੀ ਸਿੱਖ ਬੇਹੱਦ ਚਿੰਤਾ ਅਤੇ ਗਹਿਰੇ ਦੁੱਖ ਵਿਚ ਗੁਜ਼ਰ ਰਹੇ ਹਨ। ਪੰਜਾਬ ਅੰਦਰ ਭਾਵੇਂ ਮੁਕਾਬਲਤਨ ਸ਼ਾਂਤੀ ਵਾਲਾ ਮਾਹੌਲ ਬਣ ਗਿਆ ਹੈ। ਪਰ ਮਸਲਾ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਇਸ ਕਰਕੇ ਵਕਤੀ ਤੌਰ ’ਤੇ ਸ਼ਾਂਤ ਹੋਏ ਮਾਹੌਲ ਕਾਰਨ ਹੁਕਮਰਾਨਾਂ ਨੂੰ ਤਸੱਲੀ ਦੇ ਮਾਹੌਲ ਵਿਚ ਨਹੀਂ ਪੈਣਾ ਚਾਹੀਦਾ, ਸਗੋਂ ਜਿਨ੍ਹਾਂ ਮਸਲਿਆਂ ਕਾਰਨ ਲੋਕਾਂ ਵਿਚ ਵੱਡਾ ਰੋਸ ਪੈਦਾ ਹੋਇਆ ਹੈ, ਉਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਵੱਡੀ ਗੱਲ ਇਹ ਹੈ ਕਿ ਅੱਜ ਸਿੱਖ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਤੋਂ ਸਿੱਖਾਂ ਦਾ ਭਰੋਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ।
   ਇਸੇ ਕਾਰਨ ਅੱਜ ਸਿੱਖਾਂ ਦੀਆਂ ਸਾਰੀਆਂ ਅਹਿਮ ਸੰਸਥਾਵਾਂ ਅਤੇ ਸ਼ਖਸੀਅਤਾਂ ਸੰਕਟ ਦੇ ਘੇਰੇ ਵਿਚ ਆਈਆਂ ਹੋਈਆਂ ਹਨ। ਪਿਛਲੇ ਮਹੀਨੇ ਪੰਜ ਸਿੰਘ ਸਾਹਿਬ ਵੱਲੋਂ ਅਚਾਨਕ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਐਲਾਨ ਨਾਲ ਪੂਰੀ ਦੁਨੀਆ ਦੇ ਲੋਕਾਂ ਵਿਚ ਵੱਡਾ ਗੁੱਸਾ ਫੈਲ ਗਿਆ। ਥਾਂ-ਥਾਂ ਲੋਕਾਂ ਨੇ ਰੋਸ ਪ੍ਰਗਟ ਕੀਤੇ। ਸਿੱਖ ਸਮਾਜ ਵੱਲੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਕਿ ਅਸਲ ਵਿਚ ਸਿਆਸੀ ਲੀਡਰਸ਼ਿਪ ਵੱਲੋਂ ਹੀ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਇਹ ਫੈਸਲਾ ਕਰਵਾਇਆ ਗਿਆ। ਸਿੱਖ ਸਿਆਸੀ ਲੀਡਰਸ਼ਿਪ ਵੀ ਧਾਰਮਿਕ ਲੀਡਰਸ਼ਿਪ ਨਾਲ ਹੀ ਇਸ ਤਰ੍ਹਾਂ ਲੋਕਾਂ ਦੇ ਰੋਹ ਦੇ ਨਿਸ਼ਾਨੇ ’ਤੇ ਆ ਗਈ। ਕੁਝ ਹੀ ਦਿਨਾਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਪਰੀ ਬੇਅਦਬੀ ਦੀ ਘਟਨਾ ਨੇ ਹਾਲਾਤ ਨੂੰ ਪਲੀਤਾ ਲਗਾਉਣ ਦਾ ਕੰਮ ਕੀਤਾ। ਰੋਹ ਏਨਾ ਵੱਧ ਗਿਆ ਕਿ ਸਿੰਘ ਸਾਹਿਬਾਨ ਸਰਕਾਰੀ ਸੁਰੱਖਿਆ ਘੇਰੇ ਹੇਠ ਬੰਦ ਹੋ ਕੇ ਘਰਾਂ ਵਿਚ ਹੀ ਵੜੇ ਰਹਿਣ ਲਈ ਮਜਬੂਰ ਹੋ ਗਏ।
   ਪੰਜਾਬ ਦੀਆਂ ਸੜਕਾਂ ਜਾਮ ਹੋ ਗਈਆਂ ਅਤੇ ਸਮੁੱਚਾ ਪੰਜਾਬ ਇਕ ਅਰਾਜਕਤਾ ਵਾਲੇ ਮਾਹੌਲ ਵਿਚੋਂ ਗੁਜ਼ਰਦਾ ਦਿਖਾਈ ਦੇ ਰਿਹਾ ਸੀ। ਸਿੰਘ ਸਾਹਿਬ ਨੇ ਪਹਿਲਾਂ ਵਾਂਗ ਹੀ ਫਿਰ ਬਿਨਾਂ ਕਿਸੇ ਨੂੰ ਭਰੋਸੇ ਵਿਚ ਲਏ ਅਤੇ ਸਲਾਹ-ਮਸ਼ਵਰਾ ਕੀਤੇ ਆਪਣਾ ਹੀ ਫੈਸਲਾ ਰੱਦ ਕਰ ਦਿੱਤਾ। ਇਸੇ ਦੌਰਾਨ ਬਹਿਬਲ ਕਲਾਂ ਵਿਖੇ ਦੋ ਸਿੱਖ ਨੌਜਵਾਨ ਪੁਲਿਸ ਗੋਲੀ ਨਾਲ ਸ਼ਹੀਦ ਕਰ ਦਿੱਤੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਇਸ ਨਾਲ ਲੋਕ ਮਨਾਂ ਅੰਦਰ ਹੋਰ ਵਧੇਰੇ ਅਸ਼ਾਂਤੀ ਫੈਲ ਗਈ। ਪੰਜਾਬ ਪੁਲਿਸ ਨੇ ਇਸ ਤੋਂ ਬਾਅਦ ਕੁੱਝ ਅਹਿਮ ਆਗੂਆਂ ਉਪਰ ਇਰਾਦਾ ਕਤਲ ਦੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜ ਕੇ ਖਿਲਾਰਣ ਦੇ ਦੋਸ਼ ਹੇਠ ਦੋ ਅੰਮ੍ਰਿਤਧਾਰੀ ਸਿੰਘ ਨੌਜਵਾਨਾਂ ਨੂੰ ਵੀ ਸਿੱਖ ਭਾਈਚਾਰੇ ਨੇ ਪ੍ਰਵਾਨ ਨਹੀਂ ਕੀਤਾ ਅਤੇ ਪੁਲਿਸ ਖੁਦ ਵੀ ਇਸ ਮਾਮਲੇ ਵਿਚ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ।
    ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਮੀਟਿੰਗ ਕਰਕੇ ਸਿੰਘ ਸਾਹਿਬਾਨ ਨੂੰ ਤਲਬ ਕਰ ਲਏ ਜਾਣ ਨੇ ਸਿੱਖ ਧਾਰਮਿਕ ਖੇਤਰ ਵਿਚ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਭਾਵੇਂ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ। ਪਰ ਇਸ ਦੇ ਬਾਵਜੂਦ ਵੀ ਪੰਜ ਪਿਆਰਿਆਂ ਨੇ ਮੀਟਿੰਗ ਕਰਕੇ ਪੰਜ ਸਿੰਘ ਸਾਹਿਬਾਨ ਨੂੰ ਬਰਖਾਸਤ ਕਰਨ ਦੇ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੇ। ਇਸ ਤਰ੍ਹਾਂ ਕਦਮ ਦਰ ਕਦਮ ਪਿਛਲੇ 20 ਕੁ ਦਿਨਾਂ ਵਿਚ ਇੰਨੇ ਮਸਲੇ ਖੜ੍ਹੇ ਹੋ ਗਏ ਕਿ ਇਨ੍ਹਾਂ ਨੇ ਸਿੱਖ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਨੂੰ ਵੱਡੇ ਸੰਕਟ ਵਿਚ ਪਾ ਦਿੱਤਾ ਹੈ।
    ਅਕਾਲੀ ਦਲ ਦੀ ਲੀਡਰਸ਼ਿਪ ਖਾਸਕਰ ਬਾਦਲ ਪਰਿਵਾਰ ਸਿੱਖ ਸੰਗਤਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਹੁਣ ਸਵਾਲ ਇਹ ਉ¤ਠ ਰਿਹਾ ਹੈ ਕਿ ਪਿਛਲੇ ਦਿਨਾਂ ਵਿਚ ਪਏ ਇੰਨੇ ਖਿਲਾਰੇ ਨੂੰ ਸਾਂਭਣ ਲਈ ਸਿੱਖ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਸਫਲ ਹੋ ਸਕੇਗੀ? ਦੂਜਾ ਸਵਾਲ ਇਹ ਉ¤ਠ ਰਿਹਾ ਹੈ ਕਿ ਇਸ ਵਰਤਾਰੇ ਦੌਰਾਨ ਨਵਾਂ ਪੈਦਾ ਹੋਇਆ ਪੰਥਕ ਜਥੇਬੰਦੀਆਂ ਦਾ ਧੜਾ ਕੀ ਆਪਣਾ ਏਕਤਾ ਵਾਲਾ ਵਜੂਦ ਕਾਇਮ ਰੱਖ ਸਕੇਗਾ? ਜਾਂ ਜੇ ਹੋਰ ਸਿੱਧੇ ਸ਼ਬਦਾਂ ਵਿਚ ਸਵਾਲ ਕਰਨਾ ਹੋਵੇਗਾ, ਤਾਂ ਕੀ ਪੰਥਕ ਜਥੇਬੰਦੀਆਂ ਦਾ ਬਣਿਆ ਇਹ ਧੜਾ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਅਕਾਲੀ ਦਲ ਦਾ ਬਦਲ ਬਣ ਸਕੇਗਾ? ਜਿੱਥੋਂ ਤੱਕ ਕਿ ਪਹਿਲੇ ਸਵਾਲ ਦਾ ਜਵਾਬ ਹੈ, ਉਹ ਅਸੀਂ ਇਸ ਮੌਕੇ ਬੜੀ ਸਪੱਸ਼ਟਤਾ ਨਾਲ ਕਹਿ ਸਕਦੇ ਹਾਂ ਕਿ ਮੌਜੂਦਾ ਲੀਡਰਸ਼ਿਪ ਅਤੇ ਧਾਰਮਿਕ ਹਸਤੀਆਂ ਪਿਛਲੇ ਦਿਨਾਂ ’ਚ ਉਪਰੋਥਲੀ ਪੈਦਾ ਹੋਏ ਮਸਲਿਆਂ ਵਿਚੋਂ ਕਿਸੇ ਨੂੰ ਵੀ ਹੱਲ ਕਰਨ ਵਿਚ ਕਾਮਯਾਬ ਨਹੀਂ ਰਹੀ। ਸਭ ਤੋਂ ਪਹਿਲਾ ਮਸਲਾ ਸੀ ਪਿੰਡ ਬੁਰਜ ਜਵਾਹਰਕੇ ਤੋਂ ਚੋਰੀ ਹੋਈ ਬੀੜ ਨੂੰ ਲੱਭਣ ਦਾ।
  ਇਸ ਮਾਮਲੇ ਵਿਚ ਪੂਰੇ ਪੰਜ ਮਹੀਨੇ ਬੀਤਣ ਅਤੇ ਹੁਣ ਏਡਾ ਵੱਡਾ ਬਵਾਲ ਖੜ੍ਹਾ ਹੋਣ ਦੇ ਬਾਵਜੂਦ ਵੀ ਬੀੜ ਅਜੇ ਤੱਕ ਨਹੀਂ ਲੱਭ ਸਕੀ। ਇਸੇ ਤਰ੍ਹਾਂ ਬਰਗਾੜੀ ਵਿਖੇ ਬੇਅਦਬੀ ਦੇ ਮਾਮਲੇ ਵਿਚ ਫੜੇ ਗਏ ਦੋ ਸਿੱਖ ਨੌਜਵਾਨਾਂ ਨੂੰ ਫੜੇ ਜਾਣ ਦਾ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਜਾਣ ਤੋਂ ਬਾਅਦ ਪੰਜਾਬ ਪੁਲਿਸ ਨਾ ਉਨ੍ਹਾਂ ਬਾਰੇ ਕੋਈ ਹੋਰ ਸਬੂਤ ਪੇਸ਼ ਕਰ ਸਕੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਫਾਈ ਦੇ ਸਕੀ ਹੈ, ਸਗੋਂ ਉਲਟਾ ਸਿੱਖ ਨੌਜਵਾਨਾਂ ਨੂੰ ਗਲਤ ਫਸਾਏ ਹੋਣ ਦਾ ਪ੍ਰਭਾਵ ਸਿੱਖਾਂ ਵਿਚ ਲਗਾਤਾਰ ਵਧ ਰਿਹਾ ਹੈ।
    ਇਸੇ ਤਰ੍ਹਾਂ ਬਹਿਬਲ ਕਲਾਂ ਵਿਖੇ ਚੱਲੀ ਪੁਲਿਸ ਗੋਲੀ ਲਈ ਪਹਿਲੇ ਦਿਨ ਸਿੱਖ ਆਗੂਆਂ ਉਪਰ ਹੀ ਇਰਾਦਾ ਕਤਲ ਦੇ ਕੇਸ ਮੜ ਦਿੱਤੇ ਗਏ, ਪਰ ਅੰਦੋਲਨ ਦੇ ਪ੍ਰਭਾਵ ਕਾਰਨ ਇਹ ਕੇਸ ਤਾਂ ਵਾਪਸ ਲੈ ਲਏ ਗਏ ਹਨ ਅਤੇ ਫਿਰ ਕਈ ਦਿਨ ਬਾਅਦ ਸਰਕਾਰ ਨੇ ਇਸ ਕਾਂਡ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਕਤਲ ਦੇ ਮੁਕੱਦਮੇ ਪੁਲਿਸ ਖਿਲਾਫ ਦਰਜ ਕਰਨ ਦਾ ਫੈਸਲਾ ਕੀਤਾ ਹੈ। ਪਰ ਨਾ ਕਿਸੇ ਅਧਿਕਾਰੀ ਜਾਂ ਕਰਮਚਾਰੀ ਦਾ ਨਾਂ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਧਾਰਮਿਕ ਤਖਤਾਂ ਦੇ ਜਥੇਦਾਰ ਹਾਲੇ ਤੱਕ ਵੀ ਸਖ਼ਤ ਸੁਰੱਖਿਆ ਹੇਠ ਘਰਾਂ ਵਿਚ ਹੀ ਸਮਾਂ ਲੰਘਾ ਰਹੇ ਹਨ ਅਤੇ ਉਹ ਲੋਕਾਂ ਵਿਚ ਵਿਚਰਨ ਦੇ ਅਜੇ ਵੀ ਕਾਬਿਲ ਨਹੀਂ ਹਨ। ਸਿੱਖ ਸੰਗਤਾਂ ਅੰਦਰ ਉਨ੍ਹਾਂ ਖਿਲਾਫ ਲਗਾਤਾਰ ਰੋਸ ਬਣਿਆ ਹੋਇਆ ਹੈ।
   ਅਕਾਲੀ ਲੀਡਰਸ਼ਿਪ ਪੰਜ ਪਿਆਰਿਆਂ ਵੱਲੋਂ ਉਨ੍ਹਾਂ ਨੂੰ ਬਰਖਾਸਤ ਕੀਤੇ ਜਾਣ ਦੇ ਆਦੇਸ਼ ਦਿੱਤੇ ਜਾਣ ਬਾਅਦ ਵੀ ਅਜੇ ਤੱਕ ਉਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਲੈ ਸਕੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਵਾਪਸ ਲੈਂਦਿਆਂ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਪਰ ਉਨ੍ਹਾਂ ਵੱਲੋਂ ਦਿੱਤੇ ਆਦੇਸ਼ ਬਾਰੇ ਕੋਈ ਵੀ ਮੂੰਹ ਨਹੀਂ ਖੋਲ੍ਹ ਰਿਹਾ।
ਪੰਜਾਬ ਸਰਕਾਰ ਨੇ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੂੰ ਸਿੱਖ ਮਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ। ਨਵੇਂ ਬਣੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਬਰਗਾੜੀ ਕਾਂਡ ਦੀ ਪਾਰਦਰਸ਼ੀ ਜਾਂਚ ਕਰਨ ਅਤੇ ਕਿਸੇ ਵੀ ਬੇਦੋਸ਼ੇ ਨੂੰ ਝੂਠੇ ਕੇਸ ਵਿਚ ਨਾ ਫਸਾਉਣ ਦਾ ਬਿਆਨ ਤਾਂ ਦਿੱਤਾ ਹੈ, ਪਰ ਅਜੇ ਤੱਕ ਇਸ ਉਪਰ ਅਮਲ ਹੋ ਰਿਹਾ ਨਜ਼ਰ ਨਹੀਂ ਆ ਰਿਹਾ। ਸੋ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਕਰੀਬ ਤਿੰਨ-ਚਾਰ ਹਫਤਿਆਂ ਦੌਰਾਨ ਪੈਦਾ ਹੋਏ ਅਤੇ ਉਭਰੇ ਮਸਲਿਆਂ ਵਿਚੋਂ ਕਿਸੇ ਵੀ ਗੱਲ ਦਾ ਹਾਲੇ ਤੱਕ ਹੱਲ ਨਹੀਂ ਹੋਇਆ। ਦੂਜੇ ਪਾਸੇ ਪੰਥਕ ਜਥੇਬੰਦੀਆਂ ਵਿਚ ਰਾਜਸੀ ਸੰਗਠਨਾਂ ਦੇ ਨਾਲ-ਨਾਲ ਸਿੱਖ ਪ੍ਰਚਾਰਕ, ਕਥਾਕਾਰ, ਰਾਗੀ-ਢਾਡੀ ਅਤੇ ਅਹਿਮ ਸ਼ਖਸੀਅਤਾਂ ਨੇ ਮਿਲ ਕੇ ਨਵਾਂ ਪੰਥਕ ਮੋਰਚਾ ਕਾਇਮ ਕੀਤਾ ਹੈ।    
      ਇਸ ਨਵੇਂ ਪੰਥਕ ਮੋਰਚੇ ਦੀ ਨਵੀਂ ਗੱਲ ਇਹ ਹੈ ਕਿ ਇਸ ਉਪਰ ਹਾਲ ਦੀ ਘੜੀ ਸਿਆਸੀ ਮੁਫਾਦ ਭਾਰੂ ਨਹੀਂ ਹਨ, ਸਗੋਂ ਇਸ ਦਾ ਸਾਰਾ ਦਾਰੋਮਦਾਰ ਸਿੱਖ ਧਾਰਮਿਕ ਮਸਲਿਆਂ ਵੱਲ ਵਧੇਰੇ ਰੁਚਿਤ ਹੈ। ਇਸ ਮੋਰਚੇ ਵੱਲੋਂ ਪਿਛਲੇ ਦਿਨੀਂ ਪਿੰਡ ਬਰਗਾੜੀ ਵਿਖੇ ਇਕ ਵੱਡਾ ਇਕੱਠ ਕਰਕੇ ਸੰਘਰਸ਼ ਦਾ ਜੋ ਐਲਾਨ ਕੀਤਾ ਗਿਆ ਹੈ, ਉਹ ਵੀ ਬੜਾ ਅਹਿਮ ਹੈ।
     ਨਵੇਂ ਕੀਤੇ ਐਲਾਨ ਵਿਚ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸੰਜਮ ਵਾਲੇ ਐਲਾਨੇ ਗਏ ਹਨ। ਜਿਸ ਤਰ੍ਹਾਂ 30 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਸਿਰਫ ਧਾਰਮਿਕ ਪ੍ਰਚਾਰਕ, ਰਾਗੀ-ਢਾਡੀ, ਗੰ੍ਰਥੀ ਸਿੰਘ ਅਤੇ ਅਹਿਮ ਧਾਰਮਿਕ ਸ਼ਖਸੀਅਤਾਂ ਹੀ ਮੁੱਖ ਮੰਤਰੀ ਨੂੰ ਮਿਲਣ ਲਈ ਚੰਡੀਗੜ੍ਹ ਜਾਣਗੀਆਂ, ਜਿਥੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਆਪਣਾ ਖੂਨ ਭੇਂਟ ਕੀਤਾ ਜਾਵੇਗਾ। ਇਹ ਮਾਰਚ ਭਾਵੇਂ ਕਿਸੇ ਨੂੰ ਹਲਕਾ ਜਿਹਾ ਹੀ ਲੱਗੇ, ਪਰ ਸੰਕੇਤਕ ਰੂਪ ਵਿਚ ਇਸ ਦਾ ਵੱਡਾ ਪ੍ਰਭਾਵ ਪਵੇਗਾ, ਕਿਉਂਕਿ ਪੂਰੀ ਦੁਨੀਆ ਵਿਚ ਇਹ ਗੱਲ ਜਾਵੇਗੀ ਕਿ ਸਿੱਖਾਂ ਨੂੰ ਇਸ ਸਮੇਂ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਹ ਮਜਬੂਰ ਹੋਏ ਖੂਨ ਦੇਣ ਤੱਕ ਵੀ ਜਾ ਰਹੇ ਹਨ।
    3 ਨਵੰਬਰ ਨੂੰ ਸਮੁੱਚੀ ਸਿੱਖ ਸੰਗਤ ਨੂੰ ਸ਼ਾਂਤਮਈ ਰਹਿ ਕੇ ਰੋਸ ਪ੍ਰਗਟਾਵਾ ਕਰਨ ਦੀ ਗੱਲ ਵੀ ਬੜੀ ਵੱਡੀ ਸਰਗਰਮੀ ਹੈ। ਇਸ ਤਰ੍ਹਾਂ ਇਸ ਸਰਗਰਮੀ ਨਾਲ ਲੋਕਾਂ ਨੂੰ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ, ਪਰ ਸਿੱਖ  ਭਾਈਚਾਰੇ ਦੀ ਸ਼ਮੂਲੀਅਤ ਵੱਡੀ ਹੋਵੇਗੀ। ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੇ ਜਾਣ ਵਿਰੁੱਧ ਮੰਤਰੀਆਂ, ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਸੋ ਸਰਕਾਰ ਅਤੇ ਸਿੱਖ ਲੀਡਰਸ਼ਿਪ ਲਈ ਅਜੇ ਵੀ ਇਹ ਮੌਕਾ ਹੈ ਕਿ ਉਹ ਪੰਥਕ ਮੋਰਚੇ ਦੇ ਆਗੂਆਂ ਨਾਲ ਰਾਬਤਾ ਬਣਾਵੇ ਅਤੇ ਲੋਕ ਮਨਾਂ ਨੂੰ ਅਸ਼ਾਂਤ ਕਰਨ ਵਾਲੇ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.