ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੈਨੇਡਾ ‘ਚ ਸਿੱਖਾਂ ਨੇ ਗੱਡੇ ਸਿੱਖੀ ਸ਼ਾਨ ਦੇ ਝੰਡੇ
ਕੈਨੇਡਾ ‘ਚ ਸਿੱਖਾਂ ਨੇ ਗੱਡੇ ਸਿੱਖੀ ਸ਼ਾਨ ਦੇ ਝੰਡੇ
Page Visitors: 2597

ਕੈਨੇਡਾ ‘ਚ ਸਿੱਖਾਂ ਨੇ ਗੱਡੇ ਸਿੱਖੀ ਸ਼ਾਨ ਦੇ ਝੰਡੇ
ਸਿੱਖ ਭਾਵੇਂ ਦੁਨੀਆ ਵਿਚ ਗਿਣਤੀ ਪੱਖੋਂ ਬਹੁਤ ਛੋਟੀ ਜਿਹੀ ਕੌਮ ਹੈ, ਪਰ ਇਹ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ। ਸਿੱਖਾਂ ਦਾ ਪੰਜਾਬ ਤੋਂ ਬਾਹਰਲੇ ਮੁਲਕਾਂ ਵਿਚ ਵਸਣ ਦਾ ਸਿਲਸਿਲਾ ਤਾਂ ਭਾਵੇਂ ਪਿਛਲੀ ਕਰੀਬ 1 ਸਦੀ ਤੋਂ ਵੀ ਪਹਿਲਾਂ ਹੋ ਗਿਆ ਸੀ, ਪਰ ਵੱਡੀ ਗਿਣਤੀ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਹੀ ਆਈ ਹੈ। ਪਿਛਲੇ 40-50 ਸਾਲ ਦੇ ਸਮੇਂ ਵਿਚ ਸਿੱਖਾਂ ਵੱਲੋਂ ਬਾਹਰਲੇ ਮੁਲਕਾਂ ਵਿਚ ਆ ਕੇ ਕਾਰੋਬਾਰ ਕਰਨ ਅਤੇ ਸਥਾਪਿਤ ਹੋਣ ਦਾ ਬਹੁਤ ਹੀ ਨਿਵੇਕਲਾ ਯਤਨ ਹੈ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਤੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਵਿਚ ਪੁੱਜੇ ਸਿੱਖ ਕੋਈ ਵੱਡੇ ਪੂੰਜੀ ਨਿਵੇਸ਼ ਕਰਨ ਵਾਲੇ ਨਹੀਂ ਸਨ, ਸਗੋਂ ਆਮ ਕਰਕੇ ਵੱਡੀ ਗਿਣਤੀ ਪਿੰਡਾਂ ਵਿਚ ਖੇਤੀ ਜਾਂ ਹੋਰ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕ ਸਨ ਅਤੇ ਉਥੇ ਰੁਜ਼ਗਾਰ ਤੇ ਜੀਵਨ ਸੁਧਾਰਨ ਦੇ ਚੰਗੇ ਮੌਕੇ ਨਾ ਮਿਲਣ ਕਾਰਨ ਹੀ ਉਨ੍ਹਾਂ ਨੇ ਵਿਕਸਿਤ ਮੁਲਕਾਂ ਵੱਲ ਮੂੰਹ ਕੀਤਾ, ਵੱਡੀ ਗਿਣਤੀ ਲੋਕ ਅਜਿਹੇ ਵੀ ਹਨ, ਜਿਹੜੇ ਕੁਝ ਕੁ ਡਾਲਰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਜਹਾਜ਼ ਤੋਂ ਉਤਰੇ ਸਨ ਅਤੇ ਸਿੱਧੇ ਜਿਥੇ ਕਿਤੇ ਕੰਮ ਲੱਭਿਆ, ਉਥੇ ਮਜ਼ਦੂਰੀ ਕਰਨ ਲੱਗ ਪਏ। ਬੜੇ ਸਿਰੜ ਅਤੇ ਸਖ਼ਤ ਮਿਹਨਤ ਨਾਲ ਤਿੰਨ-ਚਾਰ ਦਹਾਕਿਆਂ ਵਿਚ ਹੀ ਪੰਜਾਬੀਆਂ ਨੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਯੂਰਪੀਅਨ ਮੁਲਕਾਂ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਰੁਜ਼ਗਾਰ ਦੀ ਭਾਲ ਅਤੇ ਚੰਗਾ ਜੀਊਣ ਲਈ ਵਿਦੇਸ਼ਾਂ ਵਿਚ ਪੁੱਜੇ ਪੰਜਾਬੀ ਅੱਜ ਅਨੇਕਾਂ ਖੇਤਰਾਂ ਵਿਚ ਵੱਡੀਆਂ ਮੱਲ੍ਹਾਂ ਮਾਰੀ ਬੈਠੇ ਹਨ। ਵਿਕਸਿਤ ਮੁਲਕਾਂ ਵਿਚ ਪੰਜਾਬੀਆਂ ਨੇ ਮਜ਼ਦੂਰੀ ਤੋਂ ਕੰਮ ਸ਼ੁਰੂ ਕਰਕੇ ਅੱਜ ਵੱਡੇ-ਵੱਡੇ ਕਾਰੋਬਾਰ, ਸਨਅੱਤਾਂ ਅਤੇ ਹੋਰ ਬਿਜ਼ਨਸ ਸਥਾਪਿਤ ਕਰ ਲਏ ਹਨ।
ਪਰ ਸਭ ਤੋਂ ਨਿਵੇਕਲੀ ਗੱਲ ਸਿੱਖਾਂ ਨੇ ਜੋ ਵਿਦੇਸ਼ਾਂ ਵਿਚ ਕਰ ਵਿਖਾਈ ਹੈ, ਉਹ ਹੈ ਕੁਝ ਦਹਾਕਿਆਂ ਵਿਚ ਹੀ ਕੈਨੇਡਾ ਦੀ ਪਾਰਲੀਮੈਂਟ ਅਤੇ ਵਜ਼ਾਰਤੀ ਮੰਡਲ ਵਿਚ ਵੱਡੀ ਪੱਧਰ ‘ਤੇ ਸ਼ਿਰਕਤ ਕਰਨਾ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕੈਨੇਡਾ ਦੀ ਸਿਆਸਤ ਵਿਚ ਪੰਜਾਬੀਆਂ ਨੇ ਸਰਗਰਮ ਹਿੱਸਾ ਲੈਣਾ ਸ਼ੁਰੂ ਕੀਤਾ। ਪਹਿਲਾਂ ਕਈ ਸੂਬਿਆਂ ਵਿਚ ਵਿਧਾਇਕ ਬਣੇ, ਫਿਰ ਕਈ ਮੰਤਰੀ ਵੀ ਬਣੇ। 2001 ਵਿਚ ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਮੂਲ ਦੇ ਉੱਜਲ ਦੋਸਾਂਝ ਪ੍ਰੀਮੀਅਰ ਬਣੇ। ਪਰ ਹੁਣ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਹੈ ਕਿ ਕੈਨੇਡਾ ਦੀ ਹੁਣੇ ਹੋ ਕੇ ਹਟੀਆਂ ਚੋਣਾਂ ਵਿਚ ਵਸੋਂ ਦੇ ਅਨੁਪਾਤ ਤੋਂ ਕਿਤੇ ਵੱਧ ਪੰਜਾਬੀ ਮੈਂਬਰ ਪਾਰਲੀਮੈਂਟ ਜਿੱਤੇ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ 18 ਪਾਰਲੀਮੈਂਟ ਮੈਂਬਰ ਬਣੇ। ਇਸ ਤੋਂ ਵੀ ਅੱਗੇ ਨਿਵੇਕਲੀ ਗੱਲ ਹੋਰ ਹੋਈ ਹੈ ਕਿ ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ 4 ਪੰਜਾਬੀ ਕੈਬਨਿਟ ਮੰਤਰੀ ਸ਼ਾਮਲ ਹੋਏ ਹਨ। ਇਨ੍ਹਾਂ ਵਿਚੋਂ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਪੂਰਨ ਗੁਰਸਿੱਖ ਹਨ। ਇਸ ਵੇਲੇ ਕੈਨੇਡਾ ਦੇ ਰੱਖਿਆ ਅਤੇ ਉਦਯੋਗ ਵਿਭਾਗ ਵਰਗੇ ਵੱਡੇ ਮੰਤਰਾਲੇ ਇਨ੍ਹਾਂ ਦੋਵਾਂ ਮੰਤਰੀਆਂ ਕੋਲ ਹਨ।
ਦੁਨੀਆ ਭਰ ਵਿਚ ਸ਼ਾਇਦ ਹੀ ਕਿਧਰੇ ਹੋਰ ਕੋਈ ਮਿਸਾਲ ਮਿਲਦੀ ਹੋਵੇ ਕਿ ਕੁਝ ਦਹਾਕਿਆਂ ਵਿਚ ਹੀ ਪ੍ਰਵਾਸ ਕਰਦੇ ਆਏ ਲੋਕ ਉਥੋਂ ਦੇ ਵਸਨੀਕਾਂ ਦਾ ਇੰਨਾ ਦਿਲ ਜਿੱਤ ਜਾਣ ਅਤੇ ਉਨ੍ਹਾਂ ਦਾ ਭਰੋਸਾ ਹਾਸਲ ਕਰ ਲੈਣ ਕਿ ਆਪਣੇ ਦੇਸ਼ ਦੀ ਵਾਗਡੋਰ ਹੀ ਉਨ੍ਹਾਂ ਦੇ ਹਵਾਲੇ ਕਰਨ ਦੇ ਰਾਹ ਪੈ ਜਾਣ। ਦੁਨੀਆ ਭਰ ‘ਚ ਵੱਸਦੇ ਸਿੱਖਾਂ ਲਈ ਸਬਕ ਸਿੱਖਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਸਿਆਸਤ ਵਿਚ ਜਿਸ ਤਰ੍ਹਾਂ ਸਾਡੇ ਪੰਜਾਬੀ ਭਾਈਚਾਰੇ ਨੇ ਦਿਲਚਸਪੀ ਦਿਖਾਈ, ਹੋਰਨਾਂ ਵਰਗਾਂ, ਕੌਮਾਂ ਅਤੇ ਧਰਮਾਂ ਦੇ ਲੋਕਾਂ ਨਾਲ ਆਪਣਾ ਨੇੜਲਾ ਰਿਸ਼ਤਾ ਕਾਇਮ ਕੀਤਾ, ਉਹ ਆਪਣੇ ਆਪ ਵਿਚ ਬੇਮਿਸਾਲ ਹੈ। ਕਿਸੇ ਬਿਗਾਨੇ ਮੁਲਕ ਵਿਚ ਵਸ ਕੇ ਉਥੋਂ ਦੇ ਮੂਲ ਨਿਵਾਸੀਆਂ ਦਾ ਭਰੋਸਾ ਹਾਸਲ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ, ਸਾਡੇ ਪ੍ਰਵਾਸੀ ਪੰਜਾਬੀਆਂ ਨੇ ਇਹ ਕਮਾਲ ਕਰ ਵਿਖਾਇਆ ਹੈ। ਅਮਰੀਕਾ ਵਸਦੇ ਪੰਜਾਬੀਆਂ ਨੂੰ ਵੀ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜਿਥੇ ਅਸੀਂ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਅਤੇ ਹੋਰ ਖੇਤਰਾਂ ਵਿਚ ਚੰਗਾ ਨਾਂ ਖੱਟਿਆ ਹੈ ਅਤੇ ਆਪਣੇ ਆਪ ਨੂੰ ਅਮਰੀਕਾ ਵਿਚ ਸਥਾਪਿਤ ਵੀ ਕਰ ਲਿਆ ਹੈ, ਉਥੇ ਸਾਨੂੰ ਇਥੋਂ ਦੇ ਰਾਜਨੀਤਿਕ ਅਤੇ ਸਮਾਜਿਕ ਭਾਈਚਾਰੇ ਵਿਚ ਆਪਣੀ ਜਗ੍ਹਾ ਬਣਾਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਸਾਰੇ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਈਏ। ਸਿਰਫ ਆਗੂ ਹੀ ਉਨ੍ਹਾਂ ਸਮਾਗਮਾਂ ਵਿਚ ਨਾ ਜਾਣ, ਸਗੋਂ ਆਮ ਲੋਕ ਵੀ ਇਥੋਂ ਦੇ ਸਮਾਜ ਨਾਲ ਆਪਣਾ ਨੇੜਲਾ ਰਿਸ਼ਤਾ ਬਣਾਉਣ ਦੇ ਯਤਨ ਕਰਨ। ਜੇਕਰ ਅਸੀਂ ਇਥੇ ਹੋਰ ਅੱਗੇ ਵਧਣਾ ਹੈ, ਤਾਂ ਲਾਜ਼ਮੀ ਹੀ ਸਾਨੂੰ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿਚ ਵੀ ਪੈਰ ਮਜ਼ਬੂਤ ਕਰਨੇ ਪੈਣਗੇ, ਤਾਂ ਹੀ ਸਰਕਾਰੇ-ਦਰਬਾਰੇ ਵੀ ਸਾਡੀ ਗੱਲ ਸੁਣੀ ਜਾਣ ਲੱਗੇਗੀ।
ਨਵੰਬਰ ਮਹੀਨਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਸਿੱਖ ਮਾਣ-ਸਨਮਾਨ ਵਜੋਂ ਮਨਾਇਆ ਜਾ ਰਿਹਾ ਹੈ। ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਅਸੀਂ ਇਸ ਸੰਬੰਧੀ ਵੱਖ-ਵੱਖ ਥਾਈਂ ਛੋਟੇ-ਵੱਡੇ ਸਮਾਗਮ ਕਰੀਏ ਅਤੇ ਇਨ੍ਹਾਂ ਸਮਾਗਮਾਂ ਵਿਚ ਸਥਾਨਕ ਭਾਈਚਾਰੇ ਦੀ ਸ਼ਮੂਲੀਅਤ ਵੀ ਯਕੀਨੀ ਬਣਾਈ ਜਾਵੇ। ਇਸ ਤਰ੍ਹਾਂ ਕਰਕੇ ਅਸੀਂ ਅਮਰੀਕੀ ਸਮਾਜ ਦੇ ਸਭ ਹਿੱਸਿਆਂ ਨਾਲ ਆਪਣਾ ਨੇੜਲਾ ਰਿਸ਼ਤਾ ਕਾਇਮ ਕਰਨ ਅਤੇ ਉਨ੍ਹਾਂ ਦਾ ਭਰੋਸਾ ਹਾਸਲ ਕਰਨ ਦੇ ਕਾਬਲ ਹੋ ਸਕਦੇ ਹਾਂ।
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.