ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਬੇ-ਭਰੋਸਗੀ ਦੂਰ ਕਰਨ ਵੱਲ ਨਹੀਂ ਤੁਰ ਰਹੀ ਪੰਜਾਬ ਸਰਕਾਰ
ਬੇ-ਭਰੋਸਗੀ ਦੂਰ ਕਰਨ ਵੱਲ ਨਹੀਂ ਤੁਰ ਰਹੀ ਪੰਜਾਬ ਸਰਕਾਰ
Page Visitors: 2463

ਬੇ-ਭਰੋਸਗੀ ਦੂਰ ਕਰਨ ਵੱਲ ਨਹੀਂ ਤੁਰ ਰਹੀ ਪੰਜਾਬ ਸਰਕਾਰ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਇਹ ਸਾਬਤ ਕਰ ਰਹੀਆਂ ਹਨ ਕਿ ਅਕਾਲੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਪੰਜਾਬ ਸਰਕਾਰ ਨੇ ਇਸ ਹਕੀਕਤ ਨੂੰ ਸਮਝ ਕੇ ਲੋਕਾਂ ਦਾ ਭਰੋਸਾ ਹਾਸਲ ਕਰਨ ਲਈ ਕਦਮ ਚੁੱਕਣ ਦੀ ਬਜਾਏ, ਸਗੋਂ ਉਲਟਾ ਰਾਹ ਫੜਿਆ ਹੋਇਆ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿਚ ਕਈ ਦਿਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਜਾਮ ਕਰਦੇ ਰਹੇ। ਉਨ੍ਹਾਂ ਦੀ ਅਹਿਮ ਮੰਗ ਸੀ ਕਿ ਫਸਲਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਖਰੀਦੀਆਂ ਨਕਲੀਆਂ ਦਵਾਈਆਂ ਦੇ ਜ਼ਿੰਮੇਵਾਰ ਸਰਕਾਰੀ ਅਤੇ ਸਿਆਸੀ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿਚ ਸਮਝਿਆ ਜਾਂਦਾ ਹੈ ਕਿ ਘੱਟੋ-ਘੱਟ 10 ਹਜ਼ਾਰ ਕਰੋੜ ਰੁਪਏ ਦਾ ਘਾਟਾ ਸਿਰਫ ਨਰਮੇ ਦੀ ਫਸਲ ਤਬਾਹ ਹੋਣ ਕਾਰਨ ਕਿਸਾਨਾਂ ਨੂੰ ਝੱਲਣਾ ਪਿਆ ਹੈ। ਕਿਸਾਨ ਸਰਕਾਰ ਦੀ ਮਿਲੀਭੁਗਤ ਨਾਲ ਨਕਲੀ ਦਵਾਈਆਂ ਵੇਚਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮੰਗ ਰਹੇ ਸਨ। ਪਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀਆਂ ਮੰਗਾਂ ਦੀ ਥਾਂ ਤਸ਼ੱਦਦ ਦਾ ਰਾਹ ਫੜ ਲਿਆ
ਇਸੇ ਦਰਮਿਆਨ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਦਾ ਅਚਾਨਕ ਕੀਤਾ ਫੈਸਲਾ ਸਿੱਖਾਂ ਦੇ ਸਿਰ ਵਿਚ ਡਾਂਗ ਵਾਂਗ ਆ ਵੱਜਾ। ਇਸ ਨੇ ਪਿਛਲੇ ਕਰੀਬ 8-9 ਸਾਲ ਤੋਂ ਡੇਰਾ ਸਿਰਸਾ ਮੁਖੀ ਦੀਆਂ ਕਾਰਵਾਈਆਂ ਵਿਰੁੱਧ ਲੜਦੇ ਆ ਰਹੇ ਸਿੱਖਾਂ ਦੇ ਮਨਾਂ ਵਿਚ ਮਣਾਂਮੂੰਹੀਂ ਰੋਸ ਪੈਦਾ ਕਰ ਦਿੱਤਾ। ਲੋਕਾਂ ਵਿਚ ਆਮ ਪ੍ਰਭਾਵ ਇਹ ਗਿਆ ਕਿ ਅਕਾਲੀ ਲੀਡਰਸ਼ਿਪ ਨੇ ਆਪਣੀਆਂ ਵੋਟਾਂ ਖੜ੍ਹੀਆਂ ਕਰਨ ਲਈ ਡੇਰਾ ਸਾਧ ਨੂੰ ਮੁਆਫ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਕਾਰਨ ਲੋਕਾਂ ਵਿਚ ਰੋਸ ਵੱਧ ਗਿਆ। ਪਰ ਇਨ੍ਹਾਂ ਹੀ ਦਿਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਸਭ ਤੋਂ ਪਹਿਲੀ ਬਰਗਾੜੀ ਵਿਖੇ ਵਾਪਰੀ ਘਟਨਾ ਬਾਅਦ ਜਦ ਰੋਹ ‘ਚ ਆਈ ਸਿੱਖ ਸੰਗਤ ਨੇ ਕੋਟਕਪੁਰਾ ਵਿਖੇ ਧਰਨਾ ਮਾਰਿਆ, ਤਾਂ ਪੁਲਿਸ ਨੇ ਸਿੱਖ ਪ੍ਰਚਾਰਕਾਂ ਉਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਪਰ ਵਰ੍ਹਾਈਆਂ ਡਾਂਗਾਂ ਅਤੇ ਗੋਲੀਆਂ ਦੇ ਨਤੀਜੇ ਵਜੋਂ 2 ਸਿੱਖ ਨੌਜਵਾਨ ਮਾਰੇ ਗਏ ਅਤੇ 80 ਦੇ ਕਰੀਬ ਸਿੱਖ ਜ਼ਖਮੀ ਹੋਏ। ਇਨ੍ਹਾਂ ਘਟਨਾਵਾਂ ਨੇ ਬਲਦੀ ਉਪਰ ਤੇਲ ਪਾ ਦਿੱਤਾ ਅਤੇ ਪੂਰਾ ਪੰਜਾਬ ਕਈ ਦਿਨ ਜਾਮ ਹੋਇਆ ਰਿਹਾ।
ਫਿਰ ਮਾਰੇ ਗਏ ਦੋਹਾਂ ਨੌਜਵਾਨਾਂ ਦੇ ਭੋਗ ਸਮਾਗਮ ਮੌਕੇ ਇਕ ਵਿਸ਼ਾਲ ਪੰਥਕ ਕਾਨਫਰੰਸ ਹੋਈ, ਜਿਸ ਵਿਚ ਲੋਕਾਂ ਨੂੰ ਸ਼ਾਂਤਮਈ ਰਹਿ ਕੇ ਬਹਿਬਲ ਕਲਾਂ ਦੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਵਾਉਣ, ਬਰਗਾੜੀ ਬੇਅਦਬੀ ਕੇਸ ਦਾ ਝੂਠਾ ਦੋਸ਼ ਮੜ੍ਹ ਕੇ ਗ੍ਰਿਫ਼ਤਾਰ ਕੀਤੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪਰ ਸਰਕਾਰ ਨੇ ਲੋਕ ਮਨਾਂ ਵਿਚ ਪੈਦਾ ਹੋਏ ਰੋਸ ਅਤੇ ਬੇਭਰੋਸਗੀ ਨੂੰ ਖਤਮ ਕਰਨ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ। ਆਖਿਰ ਲੋਕਾਂ ਦੇ ਵੱਡੇ ਦਬਾਅ ਕਾਰਨ ਝੂਠੇ ਫੜੇ ਅੰਮ੍ਰਿਤਧਾਰੀ ਸਕੇ ਭਰਾਵਾਂ ਨੂੰ ਸਰਕਾਰ ਰਿਹਾਅ ਕਰਨ ਲਈ ਮਜਬੂਰ ਹੋਈ ਅਤੇ ਖਾੜਕੂ ਲਹਿਰ ਦਰਮਿਆਨ ਸਿੱਖ ਵਿਰੋਧੀ ਵਿਵਹਾਰ ਲਈ ਬਦਨਾਮ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੀ ਸਰਕਾਰ ਨੂੰ ਬਦਲਣਾ ਪਿਆ। ਪਰ ਇਨ੍ਹਾਂ ਗੱਲਾਂ ਦਾ ਸਿੱਖ ਮਨਾਂ ਉਪਰ ਕੋਈ ਖਾਸ ਅਸਰ ਨਹੀਂ ਪਿਆ। ਇਹੀ ਕਾਰਨ ਹੈ ਕਿ ਕੁਝ ਪੰਥਕ ਸੰਗਠਨਾਂ ਵੱਲੋਂ ਬੁਲਾਏ ਸਰਬੱਤ ਖਾਲਸਾ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਇਕੱਤਰ ਹੋਏ। ਹਾਲਾਂਕਿ ਇਸ ਇਕੱਠ ਨੂੰ ਰੋਕਣ ਲਈ ਸਰਕਾਰ ਨੇ ਪੂਰਾ ਟਿੱਲ ਲਾਇਆ।
ਪੰਜਾਬ ਸਰਕਾਰ ਨੇ ਲੋਕਾਂ ਦੇ ਇਸ ਰੋਸ ਅਤੇ ਗੁੱਸੇ ਨੂੰ ਸਮਝਣ ਅਤੇ ਸ਼ਾਂਤ ਕਰਨ ਲਈ ਕਦਮ ਚੁੱਕਣ ਦੀ ਬਜਾਏ, ਸਗੋਂ ਲੋਕਾਂ ਨੂੰ ਸਖਤ ਵਰਤ ਕੇ ਚੁੱਪ ਕਰਵਾਉਣ ਦਾ ਰਾਹ ਫੜ ਲਿਆ। ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ ਬੌਖਲਾਹਟ ‘ਚ ਆਈ ਸਰਕਾਰ ਨੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕਰ ਦਿੱਤੇ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਆਗੂਆਂ ਵਿਚ ਅਮਰੀਕਾ ਤੋਂ ਗਏ 4 ਸਿੱਖ ਆਗੂ ਵੀ ਹਨ। ਇਹ ਗੱਲ ਸਭ ਜਾਣਦੇ ਹਨ ਕਿ ਅਮਰੀਕਾ ਤੋਂ ਸਰਬੱਤ ਖਾਲਸਾ ਵਿਚ ਭਾਗ ਲੈਣ ਲਈ ਇਹ ਆਗੂ ਇਥੋਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਪ੍ਰਤੀਨਿੱਧ ਵਜੋਂ ਸ਼ਾਮਲ ਹੋਏ ਸਨ। ਭਾਰਤ ਵਿਚ ਜਾ ਕੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾ ਤਾਂ ਕੋਈ ਭੜਕਾਹਟ ਵਾਲੀ ਕਾਰਵਾਈ ਕੀਤੀ ਹੈ, ਨਾ ਕਿਸੇ ਨਾਲ ਲੜਾਈ-ਝਗੜਾ ਕੀਤਾ ਹੈ ਅਤੇ ਨਾ ਹੀ ਕੋਈ ਅਜਿਹੀ ਗੱਲ ਕੀਤੀ ਹੈ, ਜਿਹੜੀ ਕਾਨੂੰਨ ਦੀ ਉਲੰਘਣਾ ਕਰਦੀ ਹੋਵੇ। ਪਰ ਫਿਰ ਵੀ ਉਨ੍ਹਾਂ ਨੂੰ ਦੇਸ਼ ਧਰੋਹੀ ਵਰਗੇ ਬਦਨਾਮ ਦੋਸ਼ਾਂ ਹੇਠ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਸਗੋਂ ਵੱਡੇ-ਵੱਡੇ ਧਾਰਮਿਕ ਪ੍ਰਚਾਰਕਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ ਤਿੰਨ ਦਿਨਾਂ ਤੱਕ ਘਰਾਂ ਵਿਚ ਨਜ਼ਰਬੰਦ ਕਰੀਂ ਰੱਖਿਆ ਹੈ।
ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਅਕਾਲ ਨੇਤਾਵਾਂ ਅਤੇ ਸਰਕਾਰ ਦੇ ਮੰਤਰੀਆਂ ਦੇ ਜਾਣ ਸਮੇਂ ਲੋਕ ਕਾਲੀਆਂ ਝੰਡੀਆਂ ਲਹਿਰਾਉਂਦੇ ਆਪਣਾ ਰੋਸ ਪ੍ਰਗਟਾਉਂਦੇ ਹਨ। ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਰੋਸ ਪ੍ਰਗਟਾਉਣ ਵਾਲੇ ਲੋਕਾਂ ਉਪਰ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ ਅਤੇ ਇਕ ਪਿੰਡ ਦੇ ਵੱਡੀ ਗਿਣਤੀ ਕਿਸਾਨਾਂ ਉਪਰ ਗੰਭੀਰ ਧਾਰਾਵਾਂ ਹੇਠ ਕੇਸ ਵੀ ਦਰਜ ਕਰ ਲਏ ਹਨ। ਲੱਗਦਾ ਹੈ ਕਿ ਸਰਕਾਰ ਨੇ ਇਸ ਸਾਰੇ ਘਟਨਾਕ੍ਰਮ ਵਿਚ ਕੋਈ ਸਬਕ ਸਿੱਖਣ ਦਾ ਯਤਨ ਨਹੀਂ ਕੀਤਾ। ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਵਾਲੇ ਸਿੰਘ ਸਾਹਿਬਾਨ ਇਸ ਵੇਲੇ ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੇ ਹਨ। ਇਨ੍ਹਾਂ ਸਿੰਘ ਸਾਹਿਬਾਨ ਦੀ ਹਾਲਤ ਇਹ ਬਣ ਗਈ ਹੈ ਕਿ ਇਹ ਸ਼ਰੇਆਮ ਕਿਸੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵੀ ਨਹੀਂ ਜਾ ਸਕਦੇ ਅਤੇ ਨਾ ਹੀ ਆਪਣੇ ਰਿਹਾਇਸ਼ੀ ਘਰਾਂ ਵਿਚ ਖੁੱਲ੍ਹੇਆਮ ਰਹਿ ਸਕਦੇ ਹਨ, ਸਗੋਂ ਹਮੇਸ਼ਾ ਇਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਉਨ੍ਹਾਂ ਦੁਆਲੇ ਘੇਰਾ ਘੱਤੀ ਰੱਖਦੀ ਹੈ। ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਮੌਕੇ ਸਥਾਪਿਤ ਰਵਾਇਤ ਅਨੁਸਾਰ ਕੌਮ ਦੇ ਨਾਂ ਸੰਦੇਸ਼ ਨਹੀਂ ਪੜ੍ਹਨ ਦਿੱਤਾ ਗਿਆ ਅਤੇ ਨਾ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹ ਮੱਥਾ ਟੇਕਣ ਜਾ ਸਕੇ, ਸਗੋਂ ਉਲਟਾ ਉਥੇ ਖੜ੍ਹੀ ਸੰਗਤ ਦੇ ਕਾਲੀਆਂ ਝੰਡੀਆਂ ਦਿਖਾਉਣ ਅਤੇ ਸਖਤ ਰੋਸ ਪ੍ਰਗਟ ਕੀਤੇ ਜਾਣ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਘੇਰੇ ਵਿਚ ਉਥੋਂ ਬਾਹਰ ਨਿਕਲਣਾ ਪਿਆ। ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੌਮ ਦੇ ਨਾਂ ਸੰਦੇਸ਼ ਵੀ ਪੜ੍ਹਿਆ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਮੱਥਾ ਟੇਕੇ ਜਾਣ ਦੀ ਰਵਾਇਤ ਵੀ ਪੂਰੀ ਕੀਤੀ। ਚਾਹੀਦਾ ਤਾਂ ਇਹ ਸੀ ਕਿ ਲੋਕਾਂ ਦਾ ਪੂਰੀ ਤਰ੍ਹਾਂ ਭਰੋਸਾ ਗੁਆ ਚੁੱਕੇ ਇਨ੍ਹਾਂ ਜਥੇਦਾਰਾਂ ਨੂੰ ਤੁਰੰਤ ਸੇਵਾਮੁਕਤ ਕੀਤਾ ਜਾਂਦਾ। ਪਰ ਉਲਟਾ ਸਗੋਂ ਲੋਕਾਂ ਦੇ ਰੋਸ ਦੀ ਕੋਈ ਪ੍ਰਵਾਹ ਨਾ ਕਰਦਿਆਂ ਇਨ੍ਹਾਂ ਜਥੇਦਾਰਾਂ ਨੂੰ ਅਹੁਦਿਆਂ ਉਪਰ ਰੱਖ ਕੇ ਲੋਕਾਂ ਅੰਦਰ ਚਿੜ੍ਹ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਰਕਾਰ ਨੇ ਕਿਸਾਨਾਂ ਦੀ ਵੀ ਕੋਈ ਸਮੱਸਿਆ ਹੱਲ ਕਰਨ ਦਾ ਯਤਨ ਨਹੀਂ ਕੀਤਾ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਾਲ ਵੇਚੇ ਗੰਨੇ ਦੇ 200 ਕਰੋੜ ਦੇ ਕਰੀਬ ਬਕਾਏ ਅਜੇ ਤੱਕ ਵੀ ਨਹੀਂ ਦਿੱਤੇ ਗਏ। ਇਸੇ ਤਰ੍ਹਾਂ ਨਕਲੀ ਦਵਾਈਆਂ ਵੇਚਣ ਵਾਲੇ ਵੱਡੇ ਸਿਆਸੀ ਆਗੂਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਰਕਾਰੀ ਅਧਿਕਾਰੀਆਂ ਵੱਲ ਕਿਸੇ ਨੇ ਉਂਗਲ ਤੱਕ ਨਹੀਂ ਉਠਾਈ। ਬਹਿਬਲ ਕਲਾਂ ਵਿਖੇ ਮਾਰੇ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਵਿਚ ਵੀ ਬੇਪਛਾਣ ਲੋਕਾਂ ਖਿਲਾਫ ਪਰਚਾ ਦਰਜ ਕਰਕੇ ਹੀ ਸਾਰਿਆ ਜਾ ਰਿਹਾ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਨਾਂ ਨਾਮਜ਼ਦ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਹੱਦ ਤਾਂ ਇਹ ਹੋ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਏਜੰਸੀ ਸੀ.ਬੀ.ਆਈ. ਦੇ ਹਵਾਲੇ ਕਰਕੇ ਆਪ ਸੁਰਖਰੂ ਹੋਣ ਦਾ ਵਤੀਰਾ ਅਪਣਾਇਆ ਹੋਇਆ ਹੈ। ਸਭ ਤੋਂ ਖਤਰਨਾਕ ਅਤੇ ਚਿੰਤਾਜਨਕ ਇਹ ਗੱਲ ਹੈ ਕਿ ਅਕਾਲੀ ਲੀਡਰਸ਼ਿਪ ਅਤੇ ਸਰਕਾਰ ਨੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕਦਮ ਚੁੱਕਣ ਦੀ ਥਾਂ ਹੁਣ ਵੱਡੀਆਂ ਰੈਲੀਆਂ ਕਰਕੇ ਲੋਕਾਂ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਹੈ। ਉਪ ਮੁੱਖ ਮੰਤਰੀ ਬਿਆਨ ਦੇ ਰਹੇ ਹਨ ਕਿ ਅਕਾਲੀ ਨੇਤਾਵਾਂ ਖਿਲਾਫ ਹੱਥ ਚੁੱਕਣ ਵਾਲਿਆਂ ਨੂੰ ਖੰਘਣ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਹੋਰ ਸਾਰੇ ਸੰਘਰਸ਼ੀਲ ਲੋਕਾਂ ਨੂੰ ਪੰਥ ਤੇ ਪੰਜਾਬ ਵਿਰੋਧੀ ਐਲਾਨਿਆ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਪੰਜਾਬ ਵਿਚ ਅਮਨ-ਸ਼ਾਂਤੀ ਭੰਗ ਕਰਨ ਦਾ ਯਤਨ ਕਰ ਰਹੇ ਹਨ। ਪ੍ਰਵਾਸੀ ਪੰਜਾਬੀ ਵੀ ਪੰਜਾਬ ਸਰਕਾਰ ਅਤੇ ਅਕਾਲੀ ਲੀਡਰਸ਼ਿਪ ਦੇ ਅਜਿਹੇ ਵਤੀਰੇ ਤੋਂ ਬੇਹੱਦ ਚਿੰਤਤ ਅਤੇ ਪ੍ਰੇਸ਼ਾਨ ਹਨ। ਪਿਛਲੇ ਸਾਲਾਂ ਦੌਰਾਨ ਵੀ ਪੰਜਾਬ ਅੰਦਰ ਜਦੋਂ ਹਾਲਾਤ ਖਰਾਬ ਸਨ, ਤਾਂ ਪ੍ਰਵਾਸੀ ਪੰਜਾਬੀਆਂ ਨੂੰ ਬੜੀਆਂ ਵੱਡੀਆਂ ਮੁਸ਼ਕਿਲਾਂ ਵਿਚੋਂ ਲੰਘਣਾ ਪਿਆ ਹੈ। ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਪੁਲਿਸ ਨੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਬਾਰੇ ਵੀ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਅੰਦਰ ਭੇਜੇ ਜਾਣ ਵਾਲੇ ਪੈਸਿਆਂ ਦੀ ਜਾਂਚ ਵੀ ਕਰਵਾਈ ਜਾਵੇਗੀ। ਜੇਕਰ ਇਹ ਸਿਲਸਿਲਾ ਮੁੜ ਸ਼ੁਰੂ ਹੋ ਜਾਂਦਾ ਹੈ, ਤਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਪਿਛਲੇ ਸਾਲਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਲੁੱਟਣ ਵਿਚ ਕਿਸ ਤਰ੍ਹਾਂ ਸਭ ਤੋਂ ਮੂਹਰੇ ਰਹੀ ਹੈ, ਉਸੇ ਤਰ੍ਹਾਂ ਦੇ ਹਾਲਾਤ ਮੁੜ ਉਸਰ ਸਕਦੇ ਹਨ। ਅਜੇ ਵੀ ਲੋੜ ਹੈ ਕਿ ਅਕਾਲੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਸਾਰੇ ਹਾਲਾਤ ਨੂੰ ਸ਼ਾਂਤ ਮਨ ਨਾਲ ਸਮਝੇ ਅਤੇ ਪ੍ਰਵਾਸੀ ਪੰਜਾਬੀਆਂ ਸਮੇਤ ਸਾਰੇ ਪੰਜਾਬੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਰਾਜ ਅੰਦਰ ਹਾਲਾਤ ਠੀਕ ਕਰਨ ਲਈ ਯਤਨ ਕੀਤੇ ਜਾਣ। 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.