ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੈਂਡਾ ਅਜੇ ਬੜਾ ਲੰਮਾ ਹੈ ਅਕਾਲੀ ਲੀਡਰਸ਼ਿਪ ਲਈ
ਪੈਂਡਾ ਅਜੇ ਬੜਾ ਲੰਮਾ ਹੈ ਅਕਾਲੀ ਲੀਡਰਸ਼ਿਪ ਲਈ
Page Visitors: 2640

ਪੈਂਡਾ ਅਜੇ ਬੜਾ ਲੰਮਾ ਹੈ ਅਕਾਲੀ ਲੀਡਰਸ਼ਿਪ ਲਈ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444

ਪਿਛਲੇ ਸਮੇਂ ਤੋਂ ਬੇਹੱਦ ਤਿੱਖੀ ਬੇਭਰੋਸਗੀ ਅਤੇ ਸਖ਼ਤ ਗੁੱਸੇ ਦਾ ਸ਼ਿਕਾਰ ਅਕਾਲੀ ਲੀਡਰਸ਼ਿਪ ਨੇ ਲੋਕਾਂ ਦਾ ਭਰੋਸਾ ਹਾਸਲ ਕਰਨ ਅਤੇ ਲੋਕਾਂ ਵਿਚ ਆਪਣਾ ਆਧਾਰ ਮੁੜ ਕਾਇਮ ਕਰਨ ਲਈ ਆਰੰਭੇ ਗਏ ਯਤਨਾਂ ਵਜੋਂ 23 ਨਵੰਬਰ ਨੂੰ ਬਠਿੰਡਾ ਵਿਖੇ ਸਦਭਾਵਨਾ ਰੈਲੀ ਕੀਤੀ। ਇਸ ਵਿਚ ਇਕੱਠ ਕਰਨ ਲਈ ਅਕਾਲੀ ਦਲ ਨੇ ਸਰਕਾਰੀ ਮਸ਼ੀਨਰੀ ਦੀ ਦੱਬ ਕੇ ਵਰਤੋਂ ਕੀਤੀ ਅਤੇ ਲੋਕਾਂ ਨੂੰ ਇਕੱਠ ਵਿਚ ਲਿਆਉਣ ਲਈ ਹਰ ਜਾਇਜ਼-ਨਾਜਾਇਜ਼ ਤਰੀਕਿਆਂ ਦੀ ਵੀ ਵਰਤੋਂ ਕੀਤੀ ਗਈ। ਅਕਾਲੀ ਲੀਡਰਸ਼ਿਪ ਹੋਏ ਇਕੱਠ ਨੂੰ ਦੇਖ ਕੇ ਖੁਸ਼ੀ ਵਿਚ ਝੂਮ ਰਹੀ ਨਜ਼ਰ ਆ ਰਹੀ ਸੀ। ਇਸ ਰੈਲੀ ਵਿਚ 2 ਗੱਲਾਂ ਉਪਰ ਜ਼ੋਰ ਦਿੱਤਾ ਗਿਆ।
ਪਹਿਲਾ, ਅਕਾਲੀ ਲੀਡਰਸ਼ਿਪ ਦਾ ਮਨਭਾਉਂਦਾ ਨਾਅਰਾ ਹੈ ਪੰਜਾਬ ਵਿਚ ‘ਅਮਨ ਅਤੇ ਸ਼ਾਂਤੀ’ ਬਰਕਰਾਰ ਰੱਖਣਾ! ਅਤੇ
ਦੂਜਾ, ਪੰਜਾਬ ਵਿਚ ਵਿਕਾਸ ਕਰਨ ਦੀਆਂ ਟਾਹਰਾਂ ਮਾਰੀਆਂ ਗਈਆਂ।
ਅਕਾਲੀ ਆਗੂਆਂ ਖਾਸਕਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੜਾ ਠੋਕ-ਵਜਾ ਕੇ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਉਨ੍ਹਾਂ ਦੀ ਸਰਕਾਰ ਹੀ ਕਰ ਸਕਦੀ ਹੈ ਅਤੇ ਪੰਜਾਬ ਅੰਦਰ ਅਮਨ-ਸ਼ਾਂਤੀ ਕਾਇਮ ਰੱਖਣਾ ਵੀ ਉਨ੍ਹਾਂ ਦੇ ਹੀ ਜ਼ਿੰਮੇ ਆਇਆ ਹੈ। ਬਾਕੀ ਸਭਨਾਂ ਰਾਜਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੰਥਕ ਜਥੇਬੰਦੀਆਂ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਵਾਲੇ ਕਰਾਰ ਦਿੱਤਾ ਗਿਆ। ਰੈਲੀ ਵਿਚ ਇਕੱਠ ਕਰਕੇ ਅਕਾਲੀ ਲੀਡਰਸ਼ਿਪ ਮਹਿਸੂਸ ਕਰਦੀ ਨਜ਼ਰ ਆ ਰਹੀ ਹੈ ਕਿ ਉਸ ਨੇ ਲੋਕਾਂ ‘ਚ ਆਪਣੀ ਅਲਹਿਦਗੀ ਦਾ ਵਕਤ ਲੰਘਾ ਲਿਆ ਹੈ ਅਤੇ ਹੁਣ ਉਹ ਫਿਰ ਮੁੜ ਲੋਕਾਂ ਨੂੰ ਆਪਣੇ ਦੁਆਲੇ ਕੇਂਦਰਿਤ ਕਰ ਸਕਣਗੇ।
ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਤਾਂ ਬਾਂਹ ਖੜ੍ਹੀ ਕਰਕੇ ਇਥੋਂ ਤੱਕ ਵੀ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕਈ ਸਾਲ ਪਹਿਲਾਂ ਕਹੀ ਇਹ ਗੱਲ ਕਿ ਅਕਾਲੀ ਦਲ ਦਾ ਰਾਜ ਹੁਣ 25 ਸਾਲ ਰਹੇਗਾ, ਪੂਰੀ ਹੋਣ ਦੇ ਸਪੱਸ਼ਟ ਸੰਕੇਤ ਬਣ ਗਏ ਹਨ। ਇਸ ਤੋਂ ਲੱਗਦਾ ਹੈ ਕਿ ਅਕਾਲੀ ਲੀਡਰਸ਼ਿਪ ਪਿਛਲੇ ਦਿਨਾਂ ਅੰਦਰ ਜਿਨ੍ਹਾਂ ਗੱਲਾਂ ਕਰਕੇ ਲੋਕਾਂ ਵਿਚ ਦੇਸ਼-ਵਿਦੇਸ਼ ਵਿਚ ਵਸਦੇ ਲੋਕਾਂ ਅੰਦਰ ਭਾਰੀ ਰੋਸ ਅਤੇ ਗੁੱਸਾ ਫੈਲਿਆ ਸੀ, ਉਹ ਮਸਲੇ ਹੱਲ ਕਰਨ ਤੋਂ ਹੁਣ ਫਿਰ ਮੂੰਹ ਹੀ ਮੋੜ ਲਿਆ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਅਤੇ ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖਾਂ ਦੇ ਮਨ ਸਿਰਫ ਰੈਲੀ ਦੇ ਇਕੱਠ ਨਾਲ ਨਹੀਂ ਪਰਚਾਏ ਜਾ ਸਕਦੇ। ਅਕਾਲੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਕੁਝ ਅਜਿਹੇ ਠੋਸ ਕਦਮ ਉਠਾਉਣੇ ਪੈਣਗੇ, ਜਿਨ੍ਹਾਂ ਨਾਲ ਲੋਕਾਂ ਦੇ ਮਨਾਂ ਵਿਚ ਇਹ ਯਕੀਨ ਬਣੇ ਕਿ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਸਰਕਾਰ ਸਮਝਣ ਲੱਗੀ ਹੈ ਅਤੇ ਹੱਲ ਕਰਨ ਦੇ ਰਾਹ ਤੁਰ ਪਈ ਹੈ। ਇਸ ਤੋਂ ਵੀ ਵਧੇਰੇ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਸਮਝ ਕੇ ਉਸ ਨੂੰ ਸ਼ਾਂਤ ਕਨ ਲਈ ਵੀ ਬਹੁਤ ਸਾਰੇ ਕਦਮ ਚੁੱਕਣ ਦੀ ਲੋੜ ਹੈ। ਸਭ ਤੋਂ ਪਹਿਲਾ ਮਸਲਾ ਡੇਰਾ ਸਿਰਸਾ ਦੇ ਮੁਖੀ ਨੂੰ ਪੰਜ ਸਿੰਘ ਸਾਹਿਬ ਵੱਲੋਂ ਅਚਾਨਕ ਮੁਆਫ ਕਰ ਦਿੱਤੇ ਜਾਣ ਦਾ ਸੀ। ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਫੈਸਲਾ ਸਿੰਘ ਸਾਹਿਬ ਦਾ ਆਪਣਾ ਨਹੀਂ ਸੀ, ਸਗੋਂ ਸਿਆਸੀ ਮੁਫਾਦ ਕਾਰਨ ਅਕਾਲੀ ਲੀਡਰਸ਼ਿਪ ਵੱਲੋਂ ਦਬਾਅ ਪਾ ਕੇ ਕਰਵਾਇਆ ਗਿਆ ਸੀ। ਇਹੀ ਕਾਰਨ ਹੈ ਕਿ ਅਕਾਲੀ ਲੀਡਰਸ਼ਿਪ ਡੇਰਾ ਸਾਧ ਨੂੰ ਮੁਆਫ ਕਰਨ ਵਾਲੇ ਸਿੰਘ ਸਾਹਿਬ ਨੂੰ ਹਟਾਉਣ ਤੋਂ ਪਾਸਾ ਵੱਟ ਰਹੀ ਹੈ। ਹਾਲਾਂਕਿ ਇਨ੍ਹਾਂ ਸਿੰਘ ਸਾਹਿਬਾਨ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਵੀ ਧਾਰਮਿਕ ਸਮਾਗਮ ‘ਚ ਸ਼ਾਮਲ ਹੀ ਨਹੀਂ ਹੋ ਸਕੇ। ਸਿੱਖ ਸੰਗਤ ਵਿਚ ਅੰਦਰ ਉਨ੍ਹਾਂ ਖਿਲਾਫ ਬੇਹੱਦ ਨਫਰਤ ਤੇ ਰੋਸ ਹੈ। ਦੂਜਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਨਿਪਟਣ ਦਾ ਸੀ। ਪਹਿਲਾਂ ਪਹਿਲ ਤਾਂ ਇਨ੍ਹਾਂ ਘਟਨਾਵਾਂ ਨੂੰ ਕਦੇ ਵੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਜਦ ਬਰਗਾੜੀ ਘਟਨਾ ਨੂੰ ਲੈ ਕੇ ਲੋਕਾਂ ਵਿਚ ਵੱਡਾ ਰੋਸ ਜਾਗ ਉੱਠਿਆ ਅਤੇ ਸਿੱਖ ਸੰਗਤ ਧਰਨਿਆਂ ਉਪਰ ਆ ਬੈਠੀ, ਤਾਂ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਬਜਾਏ, ਉਨ੍ਹਾਂ ਉਪਰ ਲਾਠੀਆਂ ਅਤੇ ਗੋਲੀਆਂ ਵਰਾਉਣ ਦਾ ਰਸਤਾ ਅਖਤਿਆਰ ਕਰ ਲਿਆ। ਇਸ ਦੇ ਨਾਲ ਹੀ ਸਿੱਖਾਂ ਨੂੰ ਦੁਨੀਆ ਭਰ ਵਿਚ ਬਦਨਾਮ ਕਰਨ ਲਈ ਦੋ ਅੰਮ੍ਰਿਤਧਾਰੀ ਸਕੇ ਭਰਾਵਾਂ ਨੂੰ ਬਰਗਾੜੀ ਬੇਅਦਬੀ ਕਾਂਡ ਵਿਚ ਝੂਠੇ ਤੌਰ ‘ਤੇ ਫਸਾ ਲਿਆ ਅਤੇ ਐਲਾਨ ਕੀਤੇ ਗਏ ਕਿ ਇਨ੍ਹਾਂ ਲੋਕਾਂ ਵੱਲੋਂ ਵਿਦੇਸ਼ਾਂ ਵਿਚ ਬੈਠੇ ਕੁਝ ਸਿੱਖਾਂ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਗਈ ਹੈ। ਪਰ ਇਸ ਝੂਠੀ ਕਹਾਣੀ ਦਾ ਉਸੇ ਸਮੇਂ ਪਰਦਾਫਾਸ਼ ਹੋ ਗਿਆ ਅਤੇ ਸੰਗਤ ਦੇ ਭਾਰੀ ਦਬਾਅ ਅੱਗੇ ਸਰਕਾਰ ਨੂੰ ਝੁੱਕਣਾ ਪਿਆ ਅਤੇ ਇਹ ਦੋਵੇਂ ਭਰਾ ਰਿਹਾਅ ਕਰਨੇ ਪਏ। ਪਰ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਕਤਲਾਂ ਬਾਰੇ ਸਰਕਾਰ ਅਜੇ ਵੀ ਚੁੱਪ ਬੈਠੀ ਹੈ। ਭਾਵੇਂ ਲੋਕਾਂ ਦੇ ਦਬਾਅ ਹੇਠ ਅਣਪਛਾਤੇ ਪੁਲਿਸ ਮੁਲਾਜ਼ਮਾਂ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਗ ਕਿ ਪੁਲਿਸ ਅਧਿਕਾਰੀਆਂ ਦੇ ਨਾਂਵਾਂ ਹੇਠ ਪਰਚੇ ਦਰਜ ਹੋਣ ਅਤੇ ਗ੍ਰਿਫ਼ਤਾਰ ਕੀਤਾ ਜਾਵੇ, ਦੀ ਮੰਗ ਅਜੇ ਪੂਰੀ ਨਹੀਂ ਹੋਈ। ਫਿਰ ਸਰਬੱਤ ਖਾਲਸਾ ਪੁਰ-ਅਮਨ ਢੰਗ ਨਾਲ ਕਰਨ ਵਾਲੇ ਆਗੂਆਂ ਨੂੰ ਜੇਲ੍ਹਾਂ ਵਿਚ ਡੱਕਣਾ ਵੀ ਇਕ ਹੋਰ ਮਸਲਾ ਬਣ ਗਿਆ ਹੈ। ਪ੍ਰਵਾਸੀ ਸਿੱਖ ਇਸ ਗੱਲੋਂ ਬੇਹੱਦ ਚਿੰਤਤ ਅਤੇ ਰੋਸ ਵਿਚ ਹਨ ਕਿ ਅਮਰੀਕਾ ਤੋਂ ਸਰਬੱਤ ਖਾਲਸਾ ‘ਚ ਸ਼ਾਮਲ ਹੋਣ ਗਏ ਚਾਰ ਸਿੱਖਾਂ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਕ ਪ੍ਰਵਾਸੀ ਸਿੱਖ ਭੁਪਿੰਦਰ ਸਿੰਘ ਚੀਮਾ ਨੂੰ ਫੜ ਕੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਹਾਲਾਂਕਿ ਇਨ੍ਹਾਂ ਸਿੱਖਾਂ ਦਾ ਕੋਈ ਵੀ ਕਸੂਰ ਨਹੀਂ। ਇਨ੍ਹਾਂ ਸਿੱਖ ਆਗੂਆਂ ਨੇ ਨਾ ਤਾਂ ਭਾਰਤ ਵਿਚ ਜਾ ਕੇ ਕੋਈ ਦੰਗਾ-ਫਸਾਦ ਕੀਤਾ, ਨਾ ਕੋਈ ਭੜਕਾਊ ਗੱਲ ਕੀਤੀ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ। ਪਰ ਇਸ ਦੇ ਬਾਵਜੂਦ ਪੂਰੀ ਤਰ੍ਹਾਂ ਸ਼ਾਂਤਪੂਰਣ ਢੰਗ ਨਾਲ ਸਰਬੱਤ ਖਾਲਸਾ ਦੀ ਕਾਰਵਾਈ ਦੇਖਣ ਗਏ ਇਨ੍ਹਾਂ ਸਿੱਖ ਆਗੂਆਂ ਖਿਲਾਫ ਪਰਚੇ ਦਰਜ ਕਰਨ ਵਿਰੁੱਧ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੈਲੀ ਵਿਚ ਇਹ ਕਹਿਣ ਕਿ ਸਰਬੱਤ ਖਾਲਸਾ ਕਰਵਾਉਣ ਵਾਲੇ ਲੋਕ ਪਿਛਲੇ ਸਮੇਂ ਵਿਚ ਇਹ ਨਾਅਰੇ ਲਗਾਉਂਦੇ ਰਹੇ ਹਨ ਕਿ ‘ਪਹਿਲਾਂ ਵੱਢਾਂਗੇ ਮੋਨੇ, ਫਿਰ ਕੱਢਾਂਗੇ ਝੋਨੇ’, ਦਾ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਸ. ਬਾਦਲ ਨੇ ਅਜਿਹੀਆਂ ਗੱਲਾਂ ਕਰਕੇ ਪੰਜਾਬ ਦੇ ਹਿੰਦੂਆਂ ਅੰਦਰ ਤਾਂ ਭਾਵੇਂ ਆਪਣਾ ਵੋਟ ਬੈਂਕ ਤਾਂ ਥੋੜਾ ਵਧਾ ਲਿਆ ਹੋਵੇ, ਪਰ ਸਿੱਖਾਂ ਲਈ ਇਹ ਗੱਲਾਂ ਕੰਢੇ ਬੀਜਣ ਵਾਲੀਆਂ ਹਨ। ਅਕਾਲੀ ਦਲ ਨੇ ਇਹ ਰੈਲੀ ਪੰਜਾਬ ਅੰਦਰ ਸਦਭਾਵਨਾ ਬਣਾਉਣ ਦੇ ਨਾਂ ਹੇਠ ਰੱਖੀ ਸੀ, ਪਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅਤੇ ਭਾਸ਼ਨ ਰੈਲੀ ਵਿਚ ਕੀਤੇ ਗਏ, ਉਸ ਤੋਂ ਨਹੀਂ ਲੱਗਦਾ ਕਿ ਰੈਲੀ ਦੀ ਸੁਰ ਅਜਿਹੀ ਸੀ। ਰੈਲੀ ਵਿਚ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਪੰਥਕ ਧਿਰਾਂ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਭੜਾਸ ਕੱਢੀ ਗਈ ਅਤੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਇਹ ਸਾਰੇ ਮਿਲ ਕੇ ਪੰਜਾਬ ਅੰਦਰਲੇ ਸ਼ਾਂਤ ਮਾਹੌਲ ਨੂੰ ਵਿਗਾੜ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਕਿਹਾ ਕਿ ਉਹ ਇਨ੍ਹਾਂ ਤਾਕਤਾਂ ਨੂੰ ਕਿਸੇ ਵੀ ਤਰ੍ਹਾਂ ਰਾਜ ਅੰਦਰ ਸਿਰ ਨਹੀਂ ਚੁੱਕਣ ਦੇਣਗੇ। ਇਸ ਤਰ੍ਹਾਂ ਦੀ ਟਕਰਾਅ ਅਤੇ ਭੜਕਾਹਟ ਪੈਦਾ ਕਰਨ ਵਾਲੀ ਭਾਸ਼ਨਬਾਜ਼ੀ ਰਾਜ ਅੰਦਰ ਸਦਭਾਵਨਾ ਦਾ ਨਹੀਂ, ਸਗੋਂ ਆਪਸੀ ਟਕਰਾਅ ਦਾ ਮਾਹੌਲ ਸਿਰਜਣ ਦਾ ਰਾਹ ਹੀ ਖੋਲ੍ਹ ਸਕਦੀ ਹੈ। ਸਰਕਾਰ ਲਈ ਅਜੇ ਵੀ ਸਮਾਂ ਹੈ, ਜੇਕਰ ਉਹ ਲੋਕਾਂ ਦਾ ਭਰੋਸਾ ਹਾਸਲ ਕਰਨਾ ਚਾਹੁੰਦੀ ਹੈ ਅਤੇ ਮੁੜ ਆਪਣਾ ਆਧਾਰ ਕਾਇਮ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਮਹਿਜ਼ ਰੈਲੀਆਂ ਵਿਚ ਕੀਤੇ ਇਕੱਠ ਦੇ ਦਮਗੱਜੇ ਨਾਲ ਹੀ ਕੰਮ ਸਾਰਨ ਦੀ ਬਿਰਤੀ ਨੂੰ ਤਿਆਗਣਾ ਪਵੇਗਾ। ਇਸ ਦੇ ਉਲਟ ਕਿਸਾਨਾਂ ਦੇ ਮਸਲੇ ਹੱਲ ਕਰਨ, ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦੂਰ ਕਰਨ, ਸਿੱਖ ਧਾਰਮਿਕ ਅਦਾਰਿਆਂ ਉਪਰ ਅਕਾਲੀ ਦਲ ਦੀ ਬੇਲੋੜੀ ਅਜ਼ਾਰੇਦਾਰੀ ਖਤਮ ਕਰਨ, ਧਾਰਮਿਕ ਮਾਮਲਿਆਂ ‘ਚ ਸਿੱਧੇ ਦਖਲ ਤੋਂ ਸੰਕੋਚ ਕਰਨ ਵਰਗੇ ਅਹਿਮ ਕਦਮ ਪੁੱਟਣੇ ਪੈਣਗੇ। ਇਸ ਮਾਮਲੇ ਵਿਚ ਵਿਦੇਸ਼ੀ ਸਿੱਖਾਂ ਦਾ ਭਰੋਸਾ ਹਾਸਲ ਕਰਨ ਲਈ ਵੀ ਉਨ੍ਹਾਂ ਨੂੰ ਵਿਸ਼ੇਸ਼ ਕਦਮ ਉਠਾਉਣੇ ਪੈਣਗੇ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੂਹ ਸਿੱਖ ਸੰਗਤ ਦਾ ਕੇਂਦਰ ਰੱਖਣਾ ਹੈ ਅਤੇ ਸ਼੍ਰੋਮਣੀ ਕਮੇਟੀ ਸਮੂਹ ਸਿੱਖਾਂ ਦੀ ਪਾਰਲੀਮੈਂਟ ਬਣਾਉਣੀ ਹੈ, ਤਾਂ ਲਾਜ਼ਮੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਅਤੇ ਸ਼੍ਰੋਮਣੀ ਕਮੇਟੀ ਵਿਚ ਵਿਦੇਸ਼ੀ ਸਿੱਖਾਂ ਦੀ ਸ਼ਮੂਲੀਅਤ ਬਣਾਉਣੀ ਵੀ ਲਾਜ਼ਮੀ ਹੋਵੇਗੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.