ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਚੋਣਾਂ ‘ਚ ਇਸ ਵਾਰ ਹੋਣਗੇ ਬਹੁ-ਕੋਨੇ ਮੁਕਾਬਲੇ
ਪੰਜਾਬ ਚੋਣਾਂ ‘ਚ ਇਸ ਵਾਰ ਹੋਣਗੇ ਬਹੁ-ਕੋਨੇ ਮੁਕਾਬਲੇ
Page Visitors: 2606

ਪੰਜਾਬ ਚੋਣਾਂ ‘ਚ ਇਸ ਵਾਰ ਹੋਣਗੇ ਬਹੁ-ਕੋਨੇ ਮੁਕਾਬਲੇ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444
ਫਰਵਰੀ, 2017 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਵੇਂ ਇਕ ਸਾਲ ਤੋਂ ਵੱਧ ਸਮਾਂ ਪਿਆ ਹੈ, ਪਰ ਰਾਜਸੀ ਸਰਗਰਮੀ ਹੁਣੇ ਤੋਂ ਆਰੰਭ ਹੋ ਗਈ ਹੈ। ਪੰਜਾਬ ‘ਚ ਨਵੇਂ ਉੱਭਰ ਰਹੇ ਰਾਜਸੀ ਸਮੀਕਰਨ ਇਸ ਗੱਲ ਦਾ ਸਪੱਸ਼ਟ ਸੰਕੇਤ ਦੇ ਰਹੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਬਹੁਕੋਨੇ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ ਤੇ ਇਹ ਚਹੁੰਕੋਨੀ ਟੱਕਰ ਏਨੀ ਫਸਵੀਂ ਬਣਦੀ ਜਾ ਰਹੀ ਹੈ ਕਿ ਪੰਜਾਬ ਦੇ ਵੋਟਰ ਤਲਵਾਰ ਦੀ ਧਾਰ ਉੱਪਰ ਤੁਰਦੇ ਨਜ਼ਰ ਆਉਣਗੇ। ਬੇਹੱਦ ਤਿਲਕਵੇਂ ਬਣ ਰਹੇ ਅਜਿਹੇ ਹਾਲਾਤ ਵਿਚ ਹਾਲ ਦੀ ਘੜੀ ਪੱਕ ਨਾਲ ਕਿਸੇ ਇਕ ਧਿਰ ਦੇ ਹੱਕ ‘ਚ ਹਵਾ ਦਾ ਰੁਖ਼ ਹੋਣ ਦਾ ਦਾਅਵਾ ਕਰਨਾ ਮੁਸ਼ਕਿਲ ਜਾਪ ਰਿਹਾ ਹੈ। ਵੱਖ-ਵੱਖ ਰਾਜਸੀ ਧਿਰਾਂ ਦੇ ਆਗੂਆਂ ਅਤੇ ਚੋਣ ਰੁਝਾਨਾਂ ਬਾਰੇ ਦਿਲਚਸਪੀ ਰੱਖਣ ਵਾਲੇ ਲੋਕਾਂ ‘ਚ ਆਮ ਚਰਚਾ ਹੈ ਕਿ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਡੂੰਘੇ ਰਾਜਸੀ-ਧਾਰਮਿਕ ਸੰਕਟ ‘ਚ ਘਿਰੀ ਅਕਾਲੀ ਲੀਡਰਸ਼ਿਪ ਸਦਭਾਵਨਾ ਰੈਲੀਆਂ ਦੇ ਸਹਾਰੇ ਲੋਕਾਂ ‘ਚ ਖੜ੍ਹਨ ਜੋਗੀ ਹੋਈ ਹੈ ਅਤੇ ਡਾਵਾਂਡੋਲ ਹੋਏ ਆਪਣੇ ਪਾਰਟੀ ਕੇਡਰ ਦਾ ਮਨੋਬਲ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਪਰ ਇਸ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਅਜੇ ਵੀ ਸੰਕਟ ਮੁਕਤ ਨਹੀਂ ਹੋਈ ਹੈ। ਪਿਛਲੇ ਸਮੇਂ ਦੌਰਾਨ ਉੱਭਰ ਕੇ ਆਏ ਸਾਰੇ ਮਸਲੇ ਅਕਾਲੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਣ ਲਈ ਮੂੰਹ ਅੱਡੀ ਖੜ੍ਹੇ ਹਨ। ਲਗਾਤਾਰ ਸੜਕਾਂ ‘ਤੇ ਧਰਨੇ ਮਾਰੀਂ ਬੈਠੇ ਰਹੇ ਪੰਜਾਬ ਦੇ ਕਿਸਾਨਾਂ ਦਾ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਵਾਲੇ ਸਿੰਘ ਸਾਹਿਬ ਬਾਰੇ ਵੀ ਕੋਈ ਫੈਸਲਾ ਲੈਣ ਤੋਂ ਅਕਾਲੀ ਲੀਡਰਸ਼ਿਪ ਟਾਲਾ ਹੀ ਨਹੀਂ ਵੱਟ ਗਈ, ਸਗੋਂ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਬਚਾਉਣ ਦੇ ਰਾਹ ਤੁਰ ਪਈ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਅਜੇ ਤੱਕ ਕੋਈ ਬਾਵਕਾਰ ਅਤੇ ਤਸੱਲੀਬਖਸ਼ ਜਵਾਬ ਵੀ ਸਾਹਮਣੇ ਨਹੀਂ ਆਇਆ। ਇਸ ਘਟਨਾ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੇ ਲੋਕਾਂ ਉਪਰ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਦੋਸ਼ੀ ਪੁਲਿਸ ਵਾਲੇ ਵੀ ਅਜੇ ਤੱਕ ਨਾ ਨਾਮਜ਼ਦ ਕੀਤੇ ਹਨ, ਅਤੇ ਨਾ ਹੀ ਗ੍ਰਿਫ਼ਤਾਰ ਕੀਤੇ ਹਨ। ਉੱÎਭਰੇ ਹੋਏ ਮਸਲੇ ਹੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਸ਼ਾਂਤ ਕਰਨ ਅਤੇ ਪੂਰੀ ਦੁਨੀਅ ਵਿਚ ਵਸਦੇ ਸਿੱਖਾਂ ਦਾ ਭਰੋਸਾ ਹਾਸਲ ਕਰਨ ਦੀ ਬਜਾਏ ਅਕਾਲੀ ਲੀਡਰਸ਼ਿਪ ਨੇ ਤੇਜ਼-ਤਰਾਰ ਵਿੱਢੀ ਰਾਜਸੀ ਸਰਗਰਮੀ ਰਾਹੀਂ ਪੰਜਾਬ ਦੀ ਰਾਜਸੀ ਫ਼ਿਜ਼ਾ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਅਤੇ ਤਕੜਾਈ ਦਾ ਪ੍ਰਗਟਾਵਾ ਕਰਨ ਦਾ ਜ਼ੋਰਦਾਰ ਯਤਨ ਵਿੱਢ ਰੱਖਿਆ ਹੈ।
ਅਕਾਲੀ ਲੀਡਰਸ਼ਿਪ, ਖਾਸਕਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਰਾਜਸੀ ਟਕਰਾਅ ਵਰਗਾ ਮਾਹੌਲ ਕਾਇਮ ਕੀਤਾ ਹੋਇਆ ਹੈ। ਇਕ ਪਾਸੇ ਸੋਸ਼ਲ ਮੀਡੀਆ ‘ਚ ਸਰਗਰਮ ਲੋਕਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦਾ ਮੂੰਹ ਬੰਦ ਕਰਨ ਦੇ ਯਤਨ ਹੋ ਰਹੇ ਹਨ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨਗੀ ਅਹੁਦੇ ਦੀ ਸਹੁੰ ਚੁੱਕਣ ਲਈ ਬਠਿੰਡਾ ਵਿਖੇ ਸਮਾਗਮ ਰੱਖਣ ਤੋਂ ਭੜਕਾਹਟ ਵਿਚ ਆ ਕੇ ਸੁਖਬੀਰ ਵੱਲੋਂ ਪਟਿਆਲਾ ਵਿਖੇ ਉਸੇ ਦਿਨ ਲੱਖਾਂ ਦਾ ਇਕੱਠ ਕਰਨ ਦੇ ਦਮਗੱਜੇ ਮਾਰੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਤਿੱਖੇ ਟਕਰਾਅ ਵਾਲੀ ਰਾਜਨੀਤੀ ਵਿਚ ਜਾ ਦਾਖਲ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਨਾਲ ਪਾਰਟੀ ਨੂੰ ਤਕੜਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਜਿਥੇ ਹਾਈ ਕਮਾਨ ਦੇ ਇਸ ਫ਼ੈਸਲੇ ਨਾਲ ਪਾਰਟੀ ਅੰਦਰ ਇਕਸੁਰਤਾ ਦਾ ਮਾਹੌਲ ਪਨਪ ਰਿਹਾ ਹੈ, ਉਥੇ ਹੇਠਲੇ ਪੱਧਰ ਤੱਕ ਦੇ ਵਰਕਰਾਂ ‘ਚ ਨਵੀਂ ਉਮੀਦ ਜਾਗੀ ਹੈ, ਜੋ ਪਾਰਟੀ ਦੀ ਕਾਰਗੁਜ਼ਾਰੀ ਸੁਧਾਰਨ ‘ਚ ਅਹਿਮ ਰੋਲ ਅਦਾ ਕਰ ਸਕਦੀ ਹੈ। ਰਾਜਸੀ ਹਲਕਿਆਂ ‘ਚ ਇਹ ਆਮ ਪ੍ਰਭਾਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਨਾ ਹੁੰਦਿਆਂ ਵੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਲਗਾਤਾਰ ਮੜਿਕਦੇ ਰਹੇ ਹਨ। ਉਨ੍ਹਾਂ ਵੱਲੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੁਆਰਾ ਬਠਿੰਡਾ ਵਿਖੇ ਬਰਾਬਰ ਦੀ ਰੈਲੀ ਕਰਨ ਦੀ ਚੁਣੌਤੀ ਨੂੰ ਕਬੂਲ ਕਰਕੇ ਦਸੰਬਰ ਮਹੀਨੇ ‘ਚ ਬਠਿੰਡਾ ਵਿਖੇ ਵੱਡੀ ਰੈਲੀ ਕਰਕੇ ਸਹੁੰ ਚੁੱਕ ਰਸਮ ਅਦਾ ਕਰਨ ਦਾ ਦਿੱਤਾ ਚੈਲੰਜ ਕੈਪਟਨ ਦੀ ਕਾਰਜ ਸ਼ੈਲੀ ਦਾ ਰਵਾਇਤੀ ਅੰਦਾਜ਼ ਹੈ। 2003 ਦੀਆਂ ਚੋਣਾਂ ਤੋਂ ਪਹਿਲਾਂ ਵੀ ਕੈਪਟਨ ਅਕਾਲੀ ਲੀਡਰਸ਼ਿਪ ਨੂੰ ਇਸੇ ਅੰਦਾਜ਼ ਵਿਚ ਟਕਰਦੇ ਰਹੇ ਹਨ ਤੇ ਕੈਪਟਨ ਦੇ ਇਸੇ ਅੰਦਾਜ਼ ਦੀ ਹੀ ਪੇਂਡੂ ਵਸੋਂ ਵਧੇਰੇ ਮੁਰੀਦ ਹੈ। ਕੈਪਟਨ ਦੇ ਪ੍ਰਧਾਨਗੀ ਸੰਭਾਲਣ ਨਾਲ ਇਸ ਗੱਲ ਉੱਪਰ ਹਰ ਕੋਈ ਸਹਿਮਤ ਹੈ ਕਿ ਹੁਣ ਪਾਰਟੀ ਖੋਰੇ ਦੀ ਥਾਂ ਅੱਗੇ ਵਧਣ ਦੇ ਰਾਹ ਪੈ ਗਈ ਹੈ। ਬੁਝੇ ਦਿਲ ਲਈ ਬੈਠੇ ਕਾਂਗਰਸੀਆਂ ਦੇ ਚਿਹਰਿਆਂ ਉੱਪਰ ਆਇਆ ਖੇੜਾ, ਪਾਰਟੀ ਅੰਦਰ ਜਾਗੀ ਨਵੀਂ ਉਮੀਦ ਦਾ ਪ੍ਰਤੱਖ ਸਬੂਤ ਹੈ।
ਆਮ ਆਦਮੀ ਪਾਰਟੀ ਨੇ 2014 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਪਹਿਲੇ ਸੱਟੇ ਹੀ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਜਿੱਤ ਕੇ ਅਤੇ ਉਸ ਸਮੇਂ ਪੰਜਾਬ ਦੇ 43 ਵਿਧਾਨ ਸਭਾ ਹਲਕਿਆਂ ‘ਚ ਬੜਤ ਬਣਾ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਪੰਜਾਬ ਅੰਦਰ ਪਾਰਟੀ ਪੂਰੀ ਸਾਬਤ ਕਦਮੀ ਨਾਲ ਚੱਲਣ ਦੇ ਯੋਗ ਹੋ ਗਈ ਹੈ। ਬਾਅਦ ‘ਚ ਪਾਰਟੀ ਅੰਦਰ ਲੀਡਰਸ਼ਿਪ ਦੇ ਖਿੰਡਾਅ, ਨਵੀਂ ਲੀਡਰਸ਼ਿਪ ਨਾ ਉਭਰਨ ਅਤੇ ਪੰਜਾਬ ਪੱਧਰ ‘ਤੇ ਕਿਸੇ ਆਕਰਸ਼ਤ ਆਗੂ ਦੀ ਅਣਹੋਂਦ ਨੇ ਭਾਵੇਂ ਪਾਰਟੀ ਬਾਰੇ ਬੜੇ ਸੁਆਲੀਆ ਚਿੰਨ੍ਹ ਲਗਾਏ ਹਨ, ਪਰ ‘ਆਪ’ ਵੱਲੋਂ ਸਿਆਸਤ ਨੂੰ ਸਾਫ਼-ਸੁਥਰੀ ਬਣਾਉਣ, ਭ੍ਰਿਸ਼ਟਾਚਾਰ ਖ਼ਤਮ ਕਰਨ ਤੇ ਆਮ ਆਦਮੀ ਦੀ ਜੂਨ ਸੁਧਾਰਨ ਦੇ ਆਦਰਸ਼ ਨਾ ਸਿਰਫ ਆਮ ਲੋਕਾਂ ਸਗੋਂ ਦਰਮਿਆਨੀ ਪੱਧਰ ਦੇ ਮੁਲਾਜ਼ਮ ਤੇ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਤਕੜਾ ਹੁੰਗਾਰਾ ਮਿਲ ਰਿਹਾ ਹੈ।
ਇਹੀ ਵੀ ਚਰਚਾ ਹੈ ਕਿ ਭਾਜਪਾ ‘ਚ ਤੇਜ਼-ਤਰਾਰ ਆਗੂ ਵਜੋਂ ਜਾਣ ਜਾਂਦੇ ਰਹੇ ਸਾਬਕਾ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ‘ਚ ਮੁੱਖ ਪਾਰਲੀਮਾਨੀ ਸਕੱਤਰ ਉਨ੍ਹਾਂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ‘ਆਪ’ ਵਿਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਨ। ਸ. ਸਿੱਧੂ ਆਪ ਤਾਂ ਇਸ ਵੇਲੇ ਭਾਵੇਂ ਸਰਗਰਮ ਸਿਆਸਤ ਤੋਂ ਬਾਹਰ ਹਨ, ਪਰ ਉਨ੍ਹਾਂ ਦੀ ਪਤਨੀ ਅਕਾਲੀ-ਭਾਜਪਾ ਗਠਜੋੜ ਨੂੰ ਰਗੜੇ ਲਗਾਉਣ ਵਿਚ ਸਰਗਰਮ ਹਨ। ਇਨ੍ਹਾਂ ਆਗੂਆਂ ਦੇ ਪਾਰਟੀ ਵਿਚ ਆਉਣ ਨਾਲ ‘ਆਪ’ ਨੂੰ ਤਕੜਾ ਹੁਲਾਰਾ ਮਿਲ ਸਕਦਾ ਹੈ।
ਸਰਬੱਤ ਖਾਲਸਾ ਰਾਹੀਂ ਨਵਾਂ ਹੁਲਾਰਾ ਲੈਣ ਵਾਲੀਆਂ ਪੰਥਕ ਜਥੇਬੰਦੀਆਂ ਵੀ ਇਸ ਵਾਰ ਚੋਣ ਮੈਦਾਨ ਵਿਚ ਤਕੜੇ ਹੋ ਕੇ ਨਿੱਤਰਣਗੀਆਂ। ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਉਨ੍ਹਾਂ ਨੂੰ ਤਕੜੀ ਹਿਮਾਇਤ ਮਿਲਣ ਦੀ ਆਸ ਹੈ। ਅਕਾਲੀ ਦਲ ਅੰਮ੍ਰਿਤਸਰ ਅਤੇ ਸਾਂਝਾ ਅਕਾਲੀ ਦਲ ਸਮੇਤ ਉਨ੍ਹਾਂ ਨਾਲ ਜੁੜੇ ਹੋਰ ਸੰਗਠਨ ਇਸ ਵੇਲੇ ਪੰਜਾਬ ਸਰਕਾਰ ਦੇ ਨਿਸ਼ਾਨੇ ‘ਤੇ ਹਨ ਅਤੇ ਇਨ੍ਹਾਂ ਦੇ ਬਹੁਤੇ ਆਗੂ ਇਸ ਵੇਲੇ ਜੇਲ੍ਹਾਂ ਵਿਚ ਡੱਕੇ ਹੋਏ ਹਨ। ਸਰਕਾਰੀ ਜ਼ਬਰ ਦਾ ਸ਼ਿਕਾਰ ਅਜਿਹੇ ਆਗੂਆਂ ਪ੍ਰਤੀ ਲੋਕਾਂ ਵਿਚ ਹਮਦਰਦੀ ਵੀ ਵਧ ਸਕਦੀ ਹੈ।
ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ‘ਚ ਮੁੱਖ ਮੰਤਰੀ ਦਾ ਉਮੀਦਵਾਰ ਸ. ਸੁਖਬੀਰ ਸਿੰਘ ਬਾਦਲ ਨੂੰ ਬਣਾਏ ਜਾਣ ਦੀ ਚਰਚਾ ਵਧੇਰੇ ਹੈ। ਇਸ ਵੇਲੇ ਸ. ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਅਤੇ ਪਾਰਟੀ ਨੀਤੀਆਂ ਅੰਦਰ ਉਨ੍ਹਾਂ ਦੀ ਹੀ ਵਧੇਰੇ ਪੁਗਤ ਹੈ। ਕਾਂਗਰਸ ਵੱਲੋਂ ਭਾਵੇਂ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਬਣਨ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ। ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਆਗੂ ਦਾ ਨਾਂ ਸਾਹਮਣੇ ਨਹੀਂ ਆ ਰਿਹਾ, ਪਰ ਪਾਰਟੀ ਆਗੂਆਂ ਦਾ ਇਹ ਸਪੱਸ਼ਟ ਕਹਿਣਾ ਹੈ ਕਿ ਉਹ ਦੂਸਰੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਆਗੂਆਂ ਦੀ ‘ਆਪ’ ਵਿਚ ਭਰਮਾਰ ਨਹੀਂ ਹੋਣ ਦੇਣਗੇ। ਸਗੋਂ ਇਸ ਤੋਂ ਉਲਟ ਬਹੁਤੇ ਉਮੀਦਵਾਰ ਨਵੇਂ ਨੌਜਵਾਨ ਅਤੇ ਸੰਘਰਸ਼ਸ਼ੀਲ ਤਬਕਿਆਂ ਵਿਚੋਂ ਲਏ ਜਾਣਗੇ। ਬਾਹਰਲੇ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਵੀ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖਦਾ ਦਿਖਾਈ ਦੇ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਪ੍ਰਵਾਸੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ ਸੀ। ਪਰ ਇਸ ਵਾਰ ਅਕਾਲੀ ਦਲ ਨੂੰ ਪ੍ਰਵਾਸੀ ਪੰਜਾਬੀਆਂ ਵਿਚੋਂ ਕਿਸੇ ਤਰ੍ਹਾਂ ਦਾ ਵੀ ਹੁੰਗਾਰਾ ਮਿਲਣ ਦੀ ਆਸ ਨਹੀਂ, ਸਗੋਂ ਉਸ ਵੱਲੋਂ ਹੁਣ ਲਗਾਤਾਰ ਅਪਣਾਈਆਂ ਜਾ ਰਹੀਆਂ ਨੀਤੀਆਂ ਅਤੇ ਚੁੱਕੇ ਜਾ ਰਹੇ ਕਦਮ ਰੋਸ ਹੋਰ ਵਧਾਉਣ ਵਾਲੇ ਹਨ।
ਸਰਬੱਤ ਖਾਲਸਾ ‘ਚ ਭਾਗ ਲੈਣ ਗਏ ਅਮਰੀਕੀ ਸਿੱਖ ਨਾਗਰਿਕਾਂ ਖਿਲਾਫ ਕੇਸ ਦਰਜ ਕਰਨੇ ਅਤੇ ਹੁਣ ਕੈਨੇਡਾ ‘ਚ ਰਹਿੰਦੇ ਸੋਸ਼ਲ ਮੀਡੀਆ ‘ਚ ਸਰਗਰਮ ਇਕ ਸਿੱਖ ਨੌਜਵਾਨ ਅਤੇ ਭਾਰਤ ਰਹਿੰਦੇ ਉਸ ਦੇ ਪਿਤਾ ਅਤੇ ਸਾਲੇ ਖਿਲਾਫ ਕੇਸ ਦਰਜ ਕਰਨ ਨਾਲ ਪ੍ਰਵਾਸੀ ਪੰਜਾਬੀਆਂ ਵਿਚ ਰੋਸ ਹੋਰ ਵਧਿਆ ਹੈ। ਅਜਿਹੀਆਂ ਗੱਲਾਂ ਕਰਕੇ ਸਰਕਾਰ ਲੋਕਾਂ ਦੇ ਮਨਾਂ ਵਿਚ ਰੋਸ ਵਧਾ ਰਹੀ ਹੈ।
ਸੋ ਸਮੁੱਚੇ ਹਾਲਾਤ ‘ਚੋਂ ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਪੰਜਾਬ ਵਿਚ ਇਸ ਵਾਰ ਬਹੁਕੋਨੇ ਮੁਕਾਬਲੇ ਹੋਣਗੇ। ਪ੍ਰਵਾਸੀ ਪੰਜਾਬੀਆਂ ਨੂੰ ਇਸ ਵਾਰ ਹੋਰ ਵਧੇਰੇ ਚੌਕੰਨੇ ਹੋ ਕੇ ਚੱਲਣਾ ਪਵੇਗਾ, ਕਿਉਂਕਿ ਕਿਸੇ ਇਕ ਧਿਰ ਦੀ ਹਿਮਾਇਤ ਦੂਜੀ ਧਿਰ ਲਈ ਲਾਭ ਵਾਲੀ ਸਥਿਤੀ ਵੀ ਪੈਦਾ ਕਰ ਸਕਦੀ ਹੈ। ਕਈ ਪਾਸੀਂ ਵੋਟਾਂ ਦੇ ਵੰਡੇ ਜਾਣ ਨਾਲ ਹੁਕਮਰਾਨ ਪਾਰਟੀ ਨੂੰ ਵੀ ਸ਼ਾਇਦ ਸਾਹ ਲੈਣ ਦਾ ਮੌਕਾ ਮਿਲ ਸਕਦਾ ਹੈ। ਸੋ ਅਜਿਹੀ ਹਾਲਤ ਪ੍ਰਤੀ ਅਸੀਂ ਸਮਝਦੇ ਹਾਂ ਕਿ ਪ੍ਰਵਾਸੀ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.