ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਵੱਡੀਆਂ ਰੈਲੀਆਂ ਪੈਦਾ ਕਰ ਰਹੀਆਂ ਨੇ ਬਦਲੇ ਦੀ ਭਾਵਨਾ
ਪੰਜਾਬ ‘ਚ ਵੱਡੀਆਂ ਰੈਲੀਆਂ ਪੈਦਾ ਕਰ ਰਹੀਆਂ ਨੇ ਬਦਲੇ ਦੀ ਭਾਵਨਾ
Page Visitors: 2594

ਪੰਜਾਬ ‘ਚ ਵੱਡੀਆਂ ਰੈਲੀਆਂ ਪੈਦਾ ਕਰ ਰਹੀਆਂ ਨੇ ਬਦਲੇ ਦੀ ਭਾਵਨਾ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਫਰਵਰੀ, 2017 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਵੇਂ ਪੂਰਾ ਇਕ ਸਾਲ ਤੇ 2 ਮਹੀਨੇ ਦਾ ਸਮਾਂ ਪਿਆ ਹੈ। ਪਰ ਪੰਜਾਬ ‘ਚ ਹੁਣੇ ਹੀ ਚੋਣ ਅਖਾੜਾ ਮੱਘਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਤੋਂ ਹੁਕਮਰਾਨ ਅਕਾਲੀ ਦਲ ਨੇ ਆਪਣੀ ਨਮੋਸ਼ੀ ਧੌਣ ਲਈ ਸਰਕਾਰੀ ਜ਼ੋਰ ‘ਤੇ ਸਦਭਾਵਨਾ ਰੈਲੀਆਂ ਕਰਕੇ ਵੱਡੇ-ਵੱਡੇ ਇਕੱਠ ਕਰਨ ਦਾ ਸਿਲਸਿਲਾ ਵਿੱਢਿਆ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਨ੍ਹਾਂ ਸਦਭਾਵਨਾ ਰੈਲੀਆਂ ਦਾ ਮਕਸਦ ਇਕੋ ਨਜ਼ਰ ਆ ਰਿਹਾ ਹੈ ਕਿ ਹੁਕਮਰਾਨ ਪਾਰਟੀ ਦੇ ਆਗੂ ਆਪਣੀ ਕਾਰਗੁਜ਼ਾਰੀ ਦੇ ਜ਼ੋਰ ਲੋਕਾਂ ਵਿਚ ਜਾਣ ਅਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਬਜਾਏ ਰੈਲੀਆਂ ਵਿਚ ਵੱਡੇ ਇਕੱਠ ਕਰਕੇ ਆਪਣੀ ਹਰਮਨਪਿਆਰਤਾ ਦਾ ਢਿੰਡੋਰਾ ਪਿੱਟ ਰਹੇ ਹਨ। ਹੁਕਮਰਾਨ ਪਾਰਟੀ ਦੇ ਪਿੱਛੇ ਤੁਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਹੁੰ ਚੁੱਕ ਸਮਾਗਮ ਬਠਿੰਡਾ ਵਿਖੇ ਇਕ ਵੱਡਾ ਇਕੱਠ ਕਰਕੇ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਵੱਲੋਂ ਹੁਕਮਰਾਨ ਪਾਰਟੀ ਨੂੰ ਰੈਲੀਆਂ ਦੇ ਇਕੱਠ ਰਾਹੀਂ ਵੱਡੀ ਚੁਣੌਤੀ ਦੇਣ ਲਈ ਪੂਰਾ ਜ਼ੋਰ ਲਾ ਰੱਖਿਆ ਹੈ। ਇਸੇ ਤਰ੍ਹਾਂ ਲੋਕਾਂ ਵਿਚ ਵਿਚਰਨ ਵਾਲੀ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਭਾਵੇਂ ਵੱਡੀਆਂ ਰੈਲੀਆਂ ਤੇ ਇਕੱਠ ਕਰਨ ਤੋਂ ਤਾਂ ਟਾਲਾ ਵੱਟਿਆ ਹੈ, ਪਰ ਉਨ੍ਹਾਂ ਨੇ ਵੀ 15 ਦਸੰਬਰ ਤੋਂ ਪੂਰੇ ਪੰਜਾਬ ਵਿਚ ਸੜਕਾਂ ‘ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਅਕਾਲੀ ਦਲ ਨੇ 15 ਦਸੰਬਰ ਨੂੰ ਕਾਂਗਰਸ ਦੇ ਵਿਰੋਧ ਵਿਚ ਪਟਿਆਲਾ ਵਿਖੇ ਸਦਭਾਵਨਾ ਰੈਲੀ ਰੱਖੀ ਹੈ ਅਤੇ ਇਸੇ ਹੀ ਦਿਨ ਬਠਿੰਡਾ ਵਿਖੇ ਕਾਂਗਰਸ ਦੀ ਰੈਲੀ ਵਿਚ ਨਵੇਂ ਬਣੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕਣਗੇ। ਅਸੀਂ ਵਿਕਸਿਤ ਮੁਲਕਾਂ ਵਿਚ ਦੇਖਦੇ ਹਾਂ ਕਿ ਇਥੇ ਵੀ ਸੂਬਾਈ, ਫੈਡਰਲ ਅਤੇ ਹੋਰ ਸੰਸਥਾਵਾਂ ਦੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਪਰ ਇਨ੍ਹਾਂ ਮੁਲਕਾਂ ਵਿਚ ਚੋਣ ਪ੍ਰਚਾਰ ਦੌਰਾਨ ਨਾ ਕਿਧਰੇ ਆਪਣੀ ਹੈਂਕੜ ਅਤੇ ਧੌਂਸ ਜਮਾਉਣ ਲਈ ਵੱਡੇ ਇਕੱਠ ਕੀਤੇ ਜਾਂਦੇ ਹਨ, ਨਾ ਰੌਲਾ-ਰੱਪਾ ਪਾ ਕੇ ਲੋਕਾਂ ਦੇ ਆਮ ਜਨਜੀਵਨ ਵਿਚ ਖਲਲ ਪਾਇਆ ਜਾਂਦਾ ਹੈ ਅਤੇ ਨਾ ਹੀ ਸਰਕਾਰੀ ਕੰਮਕਾਜ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਖੜ੍ਹੀ ਕੀਤੀ ਜਾਂਦੀ ਹੈ, ਸਗੋਂ ਇਥੇ ਚੋਣ ਪ੍ਰਚਾਰ ਦਾ ਅਮਲ ਏਨਾ ਸਹਿਜ ਹੁੰਦਾ ਹੈ ਕਿ ਕਈ ਵਾਰ ਤਾਂ ਆਮ ਲੋਕਾਂ ਨੂੰ ਵੋਟਾਂ ਕਦ ਪੈ ਗਈਆਂ, ਪਤਾ ਨਹੀਂ ਲੱਗਦਾ। ਸਾਰੀਆਂ ਹੀ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਲੋਕਾਂ ਨਾਲ ਈਮੇਲਾਂ, ਟੈਲੀਵਿਜ਼ਨ ਅਤੇ ਛੋਟੀਆਂ ਪਾਰਕ ਮੀਟਿੰਗਾਂ ਰਾਹੀਂ ਸਿੱਧਾ ਸੰਬੰਧ ਬਣਾਉਂਦੇ ਹਨ। ਉਥੇ ਉਹ ਆਪੋ-ਆਪਣੇ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਨਵੀਂ ਸਰਕਾਰ ਵਿਚ ਆਉਣ ‘ਤੇ ਲਾਗੂ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ। ਇਹ ਸਭ ਕੁਝ ਇੰਨਾ ਸ਼ਾਂਤਮਈ ਅਤੇ ਸਹਿਜ ਤਰੀਕੇ ਨਾਲ ਹੁੰਦਾ ਹੈ ਕਿ ਰੌਲੇ-ਰੱਪੇ ਜਾਂ ਭੜਕਾਹਟ ਵਾਲੀ ਗੱਲ ਕਿਧਰੇ ਨਜ਼ਰ ਨਹੀਂ ਆਉਂਦੀ। ਪਰ ਇਸ ਤੋਂ ਉਲਟ ਅਸੀਂ ਦੇਖਦੇ ਹਾਂ ਕਿ ਪੰਜਾਬ ਵਿਚ ਇਸ ਵੇਲੇ ਇਕ ਸਾਲ ਪਹਿਲਾਂ ਹੀ ਰਾਜਸੀ ਪਾਰਟੀਆਂ ਨੇ ਪੂਰਾ ਹੋ-ਹੱਲਾ ਖੜ੍ਹਾ ਕਰ ਰੱਖਿਆ ਹੈ। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੰਜਾਬ ਅੰਦਰ ਵਾਪਰੀਆਂ ਘਟਨਾਵਾਂ ਕਾਰਨ ਹੁਕਮਰਾਨ ਪਾਰਟੀ ਸਿਆਸੀ ਅਤੇ ਧਾਰਮਿਕ ਖੇਤਰ ਦੇ ਡੂੰਘੇ ਸੰਕਟ ਵਿਚ ਘਿਰੀ ਹੋਈ ਸੀ। ਸਰਕਾਰੀ ਧਰਨੇ ਇਸ ਸੰਕਟ ਨੂੰ ਖਤਮ ਕਰਨ ਲਈ ਲੋਕਾਂ ਦੇ ਮਸਲੇ ਹੱਲ ਕਰਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਅਤੇ ਲੋਕਾਂ ਦਾ ਭਰੋਸਾ ਮੁੜ ਹਾਸਲ ਕਰਨ ਲਈ ਕਦਮ ਚੁੱਕਣ ਦੀ ਬਜਾਏ, ਸਗੋਂ ਵਿਰੋਧੀਆਂ ਉਪਰ ਸਰਕਾਰੀ ਦਬਾਅ ਜਿਵੇਂ ਦੇਸ਼ ਧਰੋਹੀ ਵਰਗੇ ਮੁਕੱਦਮੇ ਦਰਜ ਕਰਨ ਅਤੇ ਜੇਲ੍ਹਾਂ ਵਿਚ ਡੱਕਣ ਦੇ ਨਾਲ-ਨਾਲ ਸਰਕਾਰੀ ਜ਼ੋਰ ਦੇ ਸਿਰ ‘ਤੇ ਵੱਡੇ ਇਕੱਠ ਕਰਕੇ ਵਿਰੋਧੀ ਧਿਰਾਂ ਨੂੰ ਲਲਕਾਰਨ ਦਾ ਰਾਹ ਫੜ ਲਿਆ ਹੈ। ਇਸ ਤਰ੍ਹਾਂ ਪੰਜਾਬ ਅੰਦਰ ਬਦਲੇ ਦੀ ਭਾਵਨਾ ਵਾਲੀ ਰਾਜਨੀਤੀ ਜ਼ੋਰ ਫੜਦੀ ਜਾ ਰਹੀ ਹੈ। ਹੁਕਮਰਾਨ ਪਾਰਟੀ ਦੇ ਆਗੂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਨਾਂ ਤਾਂ ਸਦਭਾਵਨਾ ਰੈਲੀਆਂ ਦਾ ਦੇ ਰਹੇ ਹਨ, ਪਰ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬਿਆਨ ਇਹ ਦੇ ਰਹੇ ਹਨ ਕਿ 15 ਦਸੰਬਰ ਦੀ ਪਟਿਆਲਾ ਰੈਲੀ ਕੈਪਟਨ ਦੇ ਸ਼ਾਹੀ ਕਿਲ੍ਹੇ ਦੀਆਂ ਕੰਧਾਂ ਹਿਲਾ ਦੇਵੇਗੀ। ਇਸ ਤੋਂ ਸਪੱਸ਼ਟ ਹੈ ਕਿ ਇਹ ਰੈਲੀਆਂ ਪੰਜਾਬ ਵਿਚ ਸਦਭਾਵਨਾ ਲਈ ਨਹੀਂ, ਸਗੋਂ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਕੀਤੀਆ ਜਾ ਰਹੀਆਂ ਹਨ। ਇਹ ਗੱਲ ਬੜੀ ਜੱਗ-ਜ਼ਾਹਿਰ ਹੋਈ ਹੈ ਕਿ ਰੈਲੀਆਂ ਲਈ ਟਰਾਂਸਪੋਰਟਰਾਂ ਤੋਂ ਧੱਕੇ ਨਾਲ ਬੱਸਾਂ ਲਈਆਂ ਜਾ ਰਹੀਆਂ ਹਨ, ਰੈਲੀ ਵਿਚ ਆਉਣ ਵਾਲੇ ਲੋਕਾਂ ਨੂੰ ਪੈਸੇ ਵੰਡੇ ਜਾਂਦੇ ਹਨ ਅਤੇ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜਿਨ੍ਹਾਂ ਬੱਸਾਂ ਵਿਚ ਲੋਕ ਲਿਆਂਦੇ ਜਾਂਦੇ ਹਨ, ਉਨ੍ਹਾਂ ਬੱਸਾਂ ਵਿਚ ਸਵੇਰੇ ਹੀ ਸ਼ਰਾਬ ਦੀਆਂ ਪੇਟੀਆਂ ਰੱਖ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਸਰਕਾਰੀ ਜ਼ੋਰ ਪੈਸੇ ਅਤੇ ਨਸ਼ੇ ਵੰਡ ਕੇ ਕੀਤੇ ਜਾ ਰਹੇ ਰੈਲੀਆਂ ਦੇ ਇਕੱਠ ਪੰਜਾਬ ਨੂੰ ਕਿੱਧਰ ਧੂਹ ਕੇ ਲਿਜਾ ਰਹੇ ਹਨ, ਇਸ ਗੱਲ ਨੂੰ ਸਮਝਣਾ ਕੋਈ ਔਖਾ ਨਹੀਂ।
ਚਾਹੀਦਾ ਤਾਂ ਇਹ ਸੀ ਕਿ ਹੁਕਮਰਾਨ ਪਾਰਟੀ ਨੂੰ ਜੇਕਰ ਇਹ ਲੱਗ ਰਿਹਾ ਹੈ ਕਿ ਉਹ ਸੱਚੀਮੁੱਚੀ ਪੰਜਾਬ ਹਿਤੈਸ਼ੀ ਅਤੇ ਪੰਜਾਬ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਪਿਛਲੇ 9 ਸਾਲਾਂ ਵਿਚ ਕੀਤੇ ਕੰਮ ਦਾ ਹਿਸਾਬ-ਕਿਤਾਬ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਅੱਗੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਣਾ ਚਾਹੀਦਾ ਹੈ। ਪਰ ਇਸ ਕੰਮ ਦੀ ਬਜਾਏ ਹੁਕਮਰਾਨ ਧਿਰ ਵੱਲੋਂ ਸਾਰੇ ਕੁਝ ਨੂੰ ਰੈਲੀਆਂ ਦੇ ਰੌਲੇ-ਰੱਪੇ ਵਿਚ ਰੋਲ ਕੇ ਦੁਨੀਆ ਸਾਹਮਣੇ ਦਿਖਾਉਣ ਲਈ ਇਹ ਜ਼ੋਰ ਲਗਾਉਣਾ ਕਿ ਪੰਜਾਬ ਦੇ ਲੋਕਾਂ ਵਿਚ ਉਹ ਪੂਰੀ ਤਰ੍ਹਾਂ ਹਰਮਨ ਪਿਆਰੇ ਹਨ, ਇਕ ਭਰਮ ਪਾਲਣ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਜ਼ੋਰ ਲਗਾ ਕੇ ਕਦੇ ਵੀ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਦੂਜੇ ਪਾਸੇ ਕਾਂਗਰਸ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਹੁਕਮਰਾਨ ਧਿਰ ਵੱਲੋਂ ਮਾਰੇ ਜਾ ਰਹੇ ਲਲਕਾਰਿਆਂ ਦਾ ਜਵਾਬ ਵਾਪਸੀ ਲਲਕਾਰਿਆਂ ਵਿਚ ਨਾ ਦੇਣ, ਸਗੋਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਆਪਣੀ ਗੱਲ ਲੋਕਾਂ ਵਿਚ ਲੈ ਕੇ ਜਾਣ। ਕਿਉਂਕਿ ਇਕ ਦੂਜੇ ਖਿਲਾਫ ਵੱਡੀਆਂ ਰੈਲੀਆਂ ਕਰਨ ਅਤੇ ਫਿਰ ਲਲਕਾਰੇ ਮਾਰਨ ਨਾਲ ਪੰਜਾਬ ਦਾ ਮਾਹੌਲ ਜ਼ਹਿਰੀਲਾ ਬਣਦਾ ਹੈ। ਆਗੂ ਤਾਂ ਤੱਤੀਆਂ ਗੱਲਾਂ ਕਰਕੇ ਅਤੇ ਲਲਕਾਰੇ ਮਾਰ ਕੇ ਘਰਾਂ ਨੂੰ ਚਲੇ ਜਾਂਦੇ ਹਨ, ਪਰ ਆਮ ਲੋਕ ਇਕ ਦੂਜੇ ਨਾਲ ਲਕੀਰਾਂ ਖਿੱਚ ਕੇ ਪਿੰਡਾਂ-ਸ਼ਹਿਰਾਂ ਵਿਚ ਲੜਦੇ ਰਹਿੰਦੇ ਹਨ। ਅਜਿਹੇ ਤਰੀਕਿਆਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਕਾਸ ਅਤੇ ਅਮਨ-ਸ਼ਾਂਤੀ ਲਈ ਸਾਜਗਾਰ ਮਾਹੌਲ ਨਹੀਂ ਉਸਰਦਾ, ਸਗੋਂ ਬਦਲੇ ਵਾਲੀ ਭਾਵਨਾ ਦੀ ਰਾਜਨੀਤੀ ਵੱਧਦੀ-ਫੁਲਦੀ ਹੈ ਅਤੇ ਇਸ ਤਰ੍ਹਾਂ ਸਮੁੱਚੇ ਰਾਜ ਅੰਦਰ ਇਕ ਰਾਜਸੀ ਟਕਰਾਅ ਵਾਲਾ ਮਾਹੌਲ ਪੈਦਾ ਹੁੰਦਾ ਹੈ। ਸਰਬੱਤ ਖਾਲਸਾ ਕਰਨ ਵਾਲੀਆਂ ਧਿਰਾਂ ਵੱਲੋਂ ਭਾਵੇਂ ਅਜਿਹੇ ਕੋਈ ਇਕੱਠ ਨਹੀਂ ਕੀਤੇ ਜਾ ਰਹੇ। ਇਸ ਦਾ ਵੱਡਾ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਧਿਰਾਂ ਦੇ ਲਗਭਗ ਸਾਰੇ ਆਗੂ ਦੇਸ਼ ਧਰੋਹ ਦੇ ਕੇਸਾਂ ਵਿਚ ਜੇਲ੍ਹਾਂ ਵਿਚ ਬੰਦ ਹਨ। ਸਿਰਫ ਸਿਮਰਨਜੀਤ ਸਿੰਘ ਮਾਨ ਹੀ ਇਸ ਵੇਲੇ ਜੇਲ੍ਹ ਤੋਂ ਬਾਹਰ ਹਨ।
ਆਮ ਆਦਮੀ ਪਾਰਟੀ ਸਾਫ-ਸੁਥਰੀ ਸਿਆਸਤ, ਭ੍ਰਿਸ਼ਟਾਚਾਰ ਅਤੇ ਵੀ.ਆਈ.ਪੀ. ਕਲਚਰ ਦੇ ਖਾਤਮੇ ਦਾ ਨਾਅਰਾ ਲੈ ਕੇ ਮੈਦਾਨ ਵਿਚ ਉੱਤਰੀ ਹੈ। ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਪ੍ਰਵਾਸੀ ਪੰਜਾਬੀ ਵੀ ਇਹ ਗੱਲ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਕਿ ਜਦ ਤੱਕ ਸਿਆਸਤ ਸਾਫ-ਸੁਥਰੀ ਨਹੀਂ ਹੁੰਦੀ, ਤਦ ਤੱਕ ਪੰਜਾਬ ਵਿਚੋਂ ਨਾ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਅਤੇ ਨਾ ਹੀ ਫੌਕੀ ਸ਼ੌਹਰਤ ਵਾਲਾ ਵੀ.ਆਈ.ਪੀ. ਕਲਚਰ। ਅਸੀਂ ਜਦ ਵੀ ਪੰਜਾਬ ਜਾਂਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਸਿਆਸੀ ਜਾਂ ਹੋਰ ਪਹੁੰਚ ਵਾਲੇ ਲੋਕ ਬੇਵਜ੍ਹਾ ਪੁਲਿਸ ਗਾਰਦ ਆਪਣੇ ਅੱਗੇ-ਪਿੱਛੇ ਲਾਈ ਫਿਰਦੇ ਹਨ। ਇਸ ਨਾਲ ਇਕ ਤਾਂ ਰਾਜ ਸਰਕਾਰ ਦੇ ਖਜ਼ਾਨੇ ਉਪਰ ਵਾਧੂ ਬੋਝ ਪੈਂਦਾ ਹੈ, ਦੂਜਾ ਸਮਾਜ ਅੰਦਰ ਬੇਲੋੜੀ ਦਹਿਸ਼ਤ ਅਤੇ ਅਸਮਾਨਤਾ ਦਾ ਮਾਹੌਲ ਪੈਦਾ ਹੁੰਦਾ ਹੈ। ਆਮ ਪਾਰਟੀ ਅੰਦਰ ਮੁੱਢ ਤੋਂ ਹੀ ਇਹ ਪੈਂਤੜਾ ਲਿਆ ਹੈ ਕਿ ਉਹ ਵੱਡੇ ਇਕੱਠ ਕਰਕੇ ਲੋਕਾਂ ਦਾ ਪੈਸਾ ਜਾਇਆ ਕਰਨ ਅਤੇ ਬੇਲੋੜੀ ਪ੍ਰੇਸ਼ਾਨੀ ਪੈਦਾ ਕਰਨ ਦੀ ਬਜਾਏ, ਆਮ ਲੋਕਾਂ ਦੇ ਛੋਟੇ ਇਕੱਠ ਕਰਕੇ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾਏਗੀ। ਇਸ ਪਾਰਟੀ ਵੱਲੋਂ ਹਾਲੇ ਤੱਕ ਇਹੀ ਕੁਝ ਕੀਤਾ ਜਾਂਦਾ ਰਿਹਾ ਹੈ। 15 ਦਸੰਬਰ ਤੋਂ ਸਰਗਰਮੀ ਵਿੱਢਣ ਦੇ ਐਲਾਨ ਵਿਚ ਵੀ ਹਾਲੇ ਤੱਕ ਇਹੀ ਗੱਲ ਸਾਹਮਣ ਆ ਰਹੀ ਹੈ ਕਿ ਉਹ ਵੱਡੇ ਇਕੱਠ ਕਰਨ ਦੀ ਬਜਾਏ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਲੋਕਾਂ ਤੱਕ ਪਹੁੰਚ ਕਰਕੇ ਆਪਣਾ ਪ੍ਰੋਗਰਾਮ ਉਨ੍ਹਾਂ ਕੋਲ ਲੈ ਕੇ ਜਾਣਗੇ। ਜੇਕਰ ਆਮ ਆਦਮੀ ਪਾਰਟੀ ਆਪਣੇ ਇਸ ਸਟੈਂਡ ਉਪਰ ਤਕੜੀ ਹੋ ਕੇ ਕਾਇਮ ਰਹਿੰਦੀ ਹੈ ਅਤੇ ਰਵਾਇਤੀ ਪਾਰਟੀਆਂ ਦੇ ਵੱਡੇ ਇਕੱਠਾਂ ਦੀ ਧੂਹ ਵਿਚ ਨਹੀਂ ਆਉਂਦੀ, ਤਾਂ ਸਾਡਾ ਵਿਚਾਰ ਹੈ ਕਿ ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਪ੍ਰਵਾਸੀ ਪੰਜਾਬੀ ਵੀ ਇਸ ਗੱਲ ਦੀ ਪ੍ਰਸ਼ੰਸਾ ਕਰਨਗੇ ਅਤੇ ਇਸ ਗੱਲ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਭਾਵ ਪੈਣ ਦੇ ਆਸਾਰ ਵੀ ਬਣਨਗੇ। ਸਾਡੀ ਪ੍ਰਵਾਸੀ ਪੰਜਾਬੀਆਂ ਨੂੰ ਵੀ ਅਪੀਲ ਹੈ ਕਿ ਉਹ ਆਉਂਦੀਆਂ ਚੋਣਾਂ ਵਿਚ ਜੇਕਰ ਆਪਣੇ ਪ੍ਰਭਾਵ ਨੂੰ ਵਰਤਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਹੀ ਰੁਝਾਨ ਅਤੇ ਲੋਕਾਂ ਪ੍ਰਤੀ ਸਮਰਪਿਤ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਮਾਇਤ ਕਰਨੀ ਚਾਹੀਦੀ ਹੈ। 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.