ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖਾਂ ਵਿਰੁੱਧ ਨਸਲੀ ਵਿਤਕਰੇ ਚਿੰਤਾ ਦਾ ਵਿਸ਼ਾ
ਸਿੱਖਾਂ ਵਿਰੁੱਧ ਨਸਲੀ ਵਿਤਕਰੇ ਚਿੰਤਾ ਦਾ ਵਿਸ਼ਾ
Page Visitors: 2617

ਸਿੱਖਾਂ ਵਿਰੁੱਧ ਨਸਲੀ ਵਿਤਕਰੇ ਚਿੰਤਾ ਦਾ ਵਿਸ਼ਾ
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444
ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਵਿਚ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਵਿਰੁੱਧ ਨਸਲੀ ਵਿਤਕਰਿਆਂ ਵਿਚ ਹੋ ਰਿਹਾ ਵਾਧਾ ਵੱਡੀ ਚਿੰਤਾ ਦਾ ਵਿਸ਼ਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਕਈ ਮੁਲਕਾਂ ਵਿਚ ਸਿੱਖਾਂ ਨੂੰ ਆ ਕੇ ਵਸਿਆਂ ਭਾਵੇਂ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਸਿੱਖਾਂ ਨੇ ਇਨ੍ਹਾਂ ਮੁਲਕਾਂ ਵਿਚ ਅਨੇਕ ਖੇਤਰਾਂ ਵਿਚ ਵੱਡੀਆਂ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ। ਕੈਨੇਡਾ ਵਿਚ ਸਿਆਸੀ ਅਤੇ ਸਰਕਾਰੀ ਖੇਤਰ ਵਿਚ ਸਿੱਖਾਂ ਨੇ ਭਾਵੇਂ ਵੱਡੀਆਂ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਉਥੇ ਸਿੱਖਾਂ ਵਿਰੁੱਧ ਨਸਲੀ ਵਿਤਕਰੇ ਵਾਲੀ ਭਾਵਨਾ ਕਾਫੀ ਘੱਟ ਹੈ। ਪਰ ਇਕ ਸਿੱਖ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਦੇ ਕੈਨੇਡਾ ਦਾ ਰੱਖਿਆ ਮੰਤਰੀ ਬਣਨ ਬਾਅਦ ਇਕ ਗੋਰੇ ਫੌਜੀ ਵੱਲੋਂ ਕੀਤੀ ਨਸਲੀ ਟਿੱਪਣੀ ਇਸ ਗੱਲ ਦਾ ਸੰਕੇਤ ਜ਼ਰੂਰ ਹੈ ਕਿ ਅਹਿਮ ਪੁਜ਼ੀਸ਼ਨਾਂ ਮੱਲ੍ਹਣ ਦੇ ਬਾਵਜੂਦ ਸਿੱਖਾਂ ਵਿਰੁੱਧ ਨਸਲੀ ਵਿਤਕਰੇ ਵਾਲੀਆਂ ਭਾਵਨਾਵਾਂ ਉਥੇ ਵੀ ਅਜੇ ਖਤਮ ਨਹੀਂ ਹੋਈਆਂ। ਅਮਰੀਕਾ ਵਿਚ ਵਿਸਕਾਂਨਸਨ ਗੁਰਦੁਆਰੇ ਵਿਚ ਵਾਪਰੀ ਘਟਨਾ ਤੋਂ ਬਾਅਦ ਪਿਛਲੇ ਕੁਝ ਸਮੇਂ ਵਿਚ ਹੀ ਕੈਲੀਫੋਰਨੀਆ ਵਿਚ ਚਾਰ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਵਿਚ ਨਸਲਪ੍ਰਸਤ ਲੋਕਾਂ ਵੱਲੋਂ ਗੁਰਦੁਆਰੇ ਵਿਚ ਖੜ੍ਹੇ ਇਕ ਟਰੱਕ ਉਪਰ ਨਸਲੀ ਟਿੱਪਣੀਆਂ ਲਿਖੀਆਂ ਗਈਆਂ।
ਦੂਜੀ ਘਟਨਾ ਵਿਚ ਇਕ ਜਹਾਜ਼ ਵਿਚ ਸਫਰ ਕਰ ਰਹੇ ਸੁੱਤੇ ਪਏ ਸਿੱਖ ਦੀ ਵੀਡੀਓ ਬਣਾ ਕੇ ਇਕ ਗੋਰੇ ਵੱਲੋਂ ਵਾਇਰਲ ਕੀਤੀ ਗਈ ਤੇ ਇਸ ਉਪਰ ਲਿਖਿਆ ਗਿਆ ਕਿ ਇਹ ਓਸਾਮਾ ਬਿਨ ਲਾਦੇਨ ਹੈ। ਵਾਇਰਲ ਹੋਈ ਇਹ ਵੀਡੀਓ ਸੈਂਕੜੇ ਲੋਕਾਂ ਵੱਲੋਂ ਦੇਖੀ ਗਈ।
ਤੀਸਰੀ ਘਟਨਾ ਵਿਚ ਅਮਰੀਕਾ ਦੇ ਪਹਿਲੇ ਸਿੱਖ ਕੇਸਾਧਾਰੀ ਬਾਸਕਟਬਾਲ ਖਿਡਾਰੀ ਦਰਸ਼ ਸਿੰਘ ਨੂੰ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ।
ਚੌਥੀ ਘਟਨਾ ਵਿਚ ਸਾਨ ਡਿਆਗੋ ਵਿਖੇ ਹੋ ਰਹੇ ਫੁੱਟਬਾਲ ਮੈਚ ਵਿਚ 4 ਪੱਗੜੀਧਾਰੀ ਸਿੱਖਾਂ ਨੂੰ ਮੈਚ ਦੇਖਣ ਤੋਂ ਰੋਕਿਆ ਗਿਆ। ਇਸ ਤੋਂ ਇਲਾਵਾ ਮਿਸ਼ੀਗਨ ਸਟੇਟ ਵਿਚ ਇਕ ਸਟੋਰ ਕਲਰਕ ਨੂੰ ਗੋਲੀ ਮਾਰ ਕੇ ਸਖਤ ਜ਼ਖਮੀ ਕਰ ਦਿੱਤਾ ਗਿਆ। ਇਨ੍ਹਾਂ ਤੋਂ ਬਿਨਾਂ ਕੈਲੀਫੋਰਨੀਆ ਵਿਚ ਬਜ਼ੁਰਗ ਸਿੱਖਾਂ ਉਪਰ ਸੜਕਾਂ ‘ਤੇ ਕਿੰਨੀ ਵਾਰ ਹਮਲੇ ਹੋਏ ਹਨ ਅਤੇ ਅਨੇਕਾਂ ਵਾਰ ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।
ਇਹ ਆਮ ਦੇਖਣ ਵਿਚ ਆਇਆ ਹੈ ਕਿ ਨਸਲੀ ਵਿਤਕਰੇ ਦਾ ਸ਼ਿਕਾਰ ਹੋਣ ਵਾਲੇ ਸਿੱਖਾਂ ਨਾਲ ਵਿਤਕਰਾ ਸਿੱਖ ਹੋਣ ਦੀ ਬਜਾਏ ਬਿਨ-ਲਾਦੇਨ ਦੇ ਸਮਰੱਥਕ ਹੋਣ ਦੇ ਪਛਾਣ ਦੇ ਭੁਲੇਖੇ ਕਾਰਨ ਵਧੇਰੇ ਹੋ ਰਿਹਾ ਹੈ। ਲਗਭਗ ਹਰ ਘਟਨਾ ਵਿਚ ਨਸਲੀ ਟਿੱਪਣੀਆਂ ਕਰਨ ਵਾਲੇ ਜਾਂ ਹਮਲਾ ਕਰਨ ਵਾਲੇ ਲੋਕ ਸਿੱਖਾਂ ਬਾਰੇ ਇਹੀ ਕਹਿੰਦੇ ਸੁਣੇ ਗਏ ਹਨ ਕਿ ਇਹ ਓਸਾਮਾ-ਬਿਨ-ਲਾਦੇਨ ਦੇ ਹਮਾਇਤੀ ਹਨ। ਸਿੱਖਾਂ ਦੀ ਪਛਾਣ ਬਾਰੇ ਇਹ ਭੁਲੇਖਾ ਬਿਨ-ਲਾਦੇਨ ਦੀ ਸ਼ਕਲ ਨਾਲ ਮਿਲਦੇ ਹੋਣ ਕਰਕੇ ਪੈਂਦਾ ਹੈ। ਪਿਛਲੇ ਕਰੀਬ 15 ਸਾਲ ਤੋਂ ਸਿੱਖਾਂ ਨੂੰ ਆਪਣੀ ਪਛਾਣ ਬਾਰੇ ਖੜ੍ਹੇ ਹੋਏ ਇਸ ਭੁਲੇਖੇ ਕਾਰਨ ਹੀ ਵੱਡੀਆਂ-ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕੱਲਾ ਅਮਰੀਕਾ ਵਿਚ ਹੀ ਨਹੀਂ, ਇੰਗਲੈਂਡ ਵਿਚ ਵੀ ਨਸਲੀ ਟਿੱਪਣੀਆਂ ਜਾਂ ਵਿਤਕਰੇ ਬਾਰੇ ਇਕ ਛਪੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 10 ਮਹੀਨਿਆਂ ਵਿਚ ਇੰਗਲੈਂਡ ਵਿਚ ਸਿੱਖਾਂ ਦੇ ਖਿਲਾਫ ਨਸਲੀ ਟਿੱਪਣੀਆਂ, ਵਿਤਕਰਿਆਂ ਅਤੇ ਹਮਲਿਆਂ ਦੇ 326 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਸਿੱਖ ਭਾਈਚਾਰੇ ਲਈ ਵਿਕਸਿਤ ਮੁਲਕਾਂ ਵਿਚ ਹਮਲਿਆਂ ਕਾਰਨ ਕਾਫੀ ਸਹਿਮ ਹੈ ਅਤੇ ਇਸ ਗੱਲ ਦਾ ਉਨ੍ਹਾਂ ਦੇ ਕਾਰੋਬਾਰ ਉਪਰ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ। ਵਿਦੇਸ਼ਾਂ ਵਿਚ ਆ ਵਸੇ ਸਿੱਖ ਆਮ ਕਰਕੇ ਬੜੇ ਮਿਹਨਤੀ ਅਤੇ ਸਮਰਪਿਤ ਹੋ ਕੇ ਕੰਮ ਕਰਨ ਵਿਚ ਮੰਨੇ ਜਾਂਦੇ ਹਨ। ਹਾਲੇ ਤੱਕ ਕਿਸੇ ਵੀ ਮੁਲਕ ਵਿਚ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ, ਜਿਸ ਕਰਕੇ ਸਿੱਖ ਭਾਈਚਾਰੇ ਨੂੰ ਹੋਰਨਾਂ ਧਰਮਾਂ ਜਾਂ ਵਰਗਾਂ ਦੇ ਲੋਕਾਂ ਅੱਗੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਇਆ ਹੈ। ਸਗੋਂ ਹਰੇਕ ਮੁਲਕ ਵਿਚ ਹੀ ਸਿੱਖਾਂ ਵੱਲੋਂ ਚੈਰਿਟੀ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਹੋਰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣ ਦੇ ਕਿੱਸੇ ਆਮ ਸੁਣਾਈ ਦਿੰਦੇ ਹਨ।
ਵੱਖ-ਵੱਖ ਮੁਲਕਾਂ ਵਿਚ ਬਣੇ ਗੁਰੂਘਰਾਂ ਵੱਲੋਂ ਕੱਢੇ ਜਾਂਦੇ ਨਗਰ ਕੀਰਤਨ ਅਤੇ ਸਜਾਏ ਜਾਂਦੇ ਹੋਰ ਸਮਾਗਮ ਭਾਵੇਂ ਗੈਰ ਸਿੱਖ ਲੋਕਾਂ ਅੰਦਰ ਸਾਡੀ ਪਛਾਣ ਨੂੰ ਸਥਾਪਿਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਪਰ ਸਿੱਖ ਪਛਾਣ ਬਾਰੇ ਪਏ ਭੁਲੇਖੇ ਦੀ ਸਮੱਸਿਆ ਅਜੇ ਵੀ ਵੱਡਾ ਰੂਪ ਅਖਤਿਆਰ ਕਰੀਂ ਬੈਠੀ ਹੈ। ਇਸ ਤੋਂ ਇਲਾਵਾ ਘੱਟ ਗਿਣਤੀਆਂ ਬਾਰੇ ਨਸਲੀ ਵਿਤਕਰੇ ਅਤੇ ਹਮਲਿਆਂ ਦਾ ਰੁਝਾਨ ਵੀ ਲਗਾਤਾਰ ਵਧ ਹੀ ਰਿਹਾ ਹੈ। ਮੁਸਲਿਮ ਵਰਗ ਇਨ੍ਹਾਂ ਹਮਲਿਆਂ ਤੇ ਵਿਤਕਰਿਆਂ ਦਾ ਸ਼ਿਕਾਰ ਹੋ ਰਿਹਾ ਹੈ। ਪਿਛਲੇ ਦਿਨੀਂ ਕੈਲੀਫੋਰਨੀਆ ਵਿਚ ਇਕ ਮੁਸਲਿਮ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਨੂੰ ਵੀ ਨਸਲੀ ਭਾਵਨਾ ਤਹਿਤ ਕੀਤੀ ਘਟਨਾ ਦੱਸਿਆ ਜਾ ਰਿਹਾ ਹੈ। ਸਿੱਖ ਭਾਈਚਾਰੇ ਨੂੰ ਆਪਣੀ ਪਛਾਣ ਬਾਰੇ ਖੜ੍ਹੇ ਹੋਏ ਭੁਲੇਖੇ ਦੂਰ ਕਰਨ ਲਈ ਹੋਰ ਵਧੇਰੇ ਸਰਗਰਮੀ ਨਾਲ ਕੰਮ ਕਰਨਾ ਪਵੇਗਾ।
ਸਾਡੇ ਆਗੂਆਂ ਨੂੰ ਵੀ ਗੁਰੂਘਰਾਂ ਵਿਚ ਆਪਸੀ ਲੜਾਈ ਵਿਚ ਉਲਝੇ ਰਹਿਣ ਜਾਂ ਫਿਰ ਫੌਕੀ ਸ਼ੌਹਰਤ ਹਾਸਲ ਕਰਨ ਲਈ ਇਨ੍ਹਾਂ ਥਾਂਵਾਂ ਉਪਰ ਚੌਧਰ ਚਲਾਉਣ ਦੀ ਬਜਾਏ, ਸਿੱਖ ਭਾਈਚਾਰੇ ਅੱਗੇ ਖੜ੍ਹੀ ਇਕ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸੰਗਤ ਦੇ ਪੈਸੇ ਅਤੇ ਸਹਿਯੋਗ ਨਾਲ ਗੁਰੂ ਘਰ ਤਾਂ ਚੱਲਦੇ ਹੀ ਰਹਿਣਗੇ। ਪਰ ਸਿੱਖ ਪਛਾਣ ਬਾਰੇ ਪੈਦਾ ਹੋਏ ਭੁਲੇਖੇ ਨੂੰ ਦੂਰ ਕਰਨ ਲਈ ਯਤਨ ਆਰੰਭ ਹੋਰ ਤੇਜ਼ ਕਰਨਾ ਇਸ ਸਮੇਂ ਸਮੁੱਚੇ ਭਾਈਚਾਰੇ ਦੀ ਵੱਡੀ ਜ਼ਰੂਰਤ ਹੈ। ਸਿੱਖ ਭਾਈਚਾਰੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਗੈਰ ਸਿੱਖ ਗੋਰੇ ਅਤੇ ਹੋਰ ਨਸਲਾਂ ਦੇ ਲੋਕਾਂ ਨਾਲ ਆਪਸੀ ਸਹਿਚਾਰ ਵਧਾਉਣ। ਉਨ੍ਹਾਂ ਦੇ ਸਮਾਜਿਕ, ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ। ਇਸ ਤਰ੍ਹਾਂ ਕਰਨ ਨਾਲ ਜਿਥੇ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਸਿੱਖ ਧਰਮ, ਧਾਰਮਿਕ ਰੀਤੀ-ਰਿਵਾਜ਼ਾਂ, ਚਿੰਨ੍ਹਾਂ ਅਤੇ ਹੋਰ ਵਿਰਾਸਤੀ ਗੱਲਾਂ ਬਾਰੇ ਪਤਾ ਲੱਗੇਗਾ, ਉਥੇ ਸਿੱਖਾਂ ਦੀ ਉਦਾਰ ਸੋਚ ਅਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਬਾਰੇ ਵੀ ਉਹ ਜਾਗ੍ਰਿਤ ਹੋ ਸਕਣਗੇ।
ਸਮੁੱਚੀਆਂ ਸਿੱਖ ਧਾਰਮਿਕ, ਸਮਾਜਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮੁਲਕਾਂ ਵਿਚ ਹੁੰਦੇ ਗੈਰ ਸਿੱਖ ਕੌਮਾਂ ਤੇ ਧਰਮਾਂ ਦੇ ਹੁੰਦੇ ਸਮਾਗਮਾਂ ਵਿਚ ਸਮੂਹਿਕ ਤੌਰ ‘ਤੇ ਹਿੱਸਾ ਲੈਣਾ ਸ਼ੁਰੂ ਕਰਨ। ਅਜਿਹਾ ਹੋਣ ਨਾਲ ਸਿੱਖਾਂ ਦੀ ਪਛਾਣ ਬਾਰੇ ਗੈਰ ਸਿੱਖ ਅਮਰੀਕੀ ਲੋਕਾਂ ਨੂੰ ਵੀ ਸਿੱਖਾਂ ਬਾਰੇ ਵਧੇਰੇ ਜਾਣਕਾਰੀ ਮਿਲ ਸਕੇਗੀ। ਇਸੇ ਤਰ੍ਹਾਂ ਸਿੱਖ ਸੰਸਥਾਵਾਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਇਥੇ ਕੰਮ ਕਰ ਰਹੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਲੋਕਾਂ ਨਾਲ ਆਪਣਾ ਨੇੜਲਾ ਰਾਬਤਾ ਬਣਾਉਣ। ਉਨ੍ਹਾਂ ਦੇ ਆਗੂਆਂ ਨੂੰ ਸਾਰੇ ਸਮਾਗਮਾਂ ਵਿਚ ਸੱਦਿਆ ਜਾਵੇ ਅਤੇ ਇਸੇ ਤਰ੍ਹਾਂ ਉਨ੍ਹਾਂ ਦੇ ਹਰ ਸਮਾਗਮ ਵਿਚ ਸਿੱਖਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਯਤਨ ਕੀਤਾ ਜਾਵੇ। ਇਸ ਤਰ੍ਹਾਂ ਪਰਸਪਰ ਇਕ ਦੂਜੇ ਨਾਲ ਸੰਪਰਕ ਵਿਚ ਰਹਿਣ, ਇਕ ਦੂਜੇ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦਾ ਆਦਾਨ-ਪ੍ਰਦਾਨ ਹੋਣ ਨਾਲ ਸਿੱਖਾਂ ਬਾਰੇ ਲੋਕਾਂ ਦੇ ਭੁਲੇਖੇ ਦੂਰ ਹੋਣਗੇ।
ਜੇਕਰ ਅਸੀਂ ਅਜਿਹੇ ਕਦਮ ਵਧਾਉਂਦੇ ਹਾਂ, ਤਾਂ ਇਕ ਵੇਲਾ ਅਜਿਹਾ ਵੀ ਆ ਸਕਦਾ ਹੈ ਕਿ ਨਸਲੀ ਟਿੱਪਣੀਆਂ ਜਾਂ ਹਮਲੇ ਕਰਨ ਵਾਲੇ ਲੋਕਾਂ ਨੂੰ ਖੁਦ ਉਨ੍ਹਾਂ ਦੇ ਆਪਣੇ ਲੋਕ ਹੀ ਦਬੋਚਣ ਲੱਗ ਪੈਣ। ਅਸਲ ਵਿਚ ਨਸਲੀ ਵਿਤਕਰੇ ਅਤੇ ਹਮਲਿਆਂ ਵਿਚ ਖਤਰਨਾਕ ਗੱਲ ਇਹ ਹੁੰਦੀ ਹੈ ਕਿ ਅਜਿਹੀ ਭਾਵਨਾ ਅਤੇ ਹਮਲਿਆਂ ਨੂੰ ਉਸ ਵਰਗ ਦੇ ਆਮ ਲੋਕਾਂ ਦੀ ਆਮ ਹਮਾਇਤ ਹੁੰਦੀ ਹੈ। ਇਸੇ ਕਰਕੇ ਅਜਿਹੇ ਲੋਕ ਦੂਜਿਆਂ ਖਿਲਾਫ ਟਿੱਪਣੀਆਂ ਅਤੇ ਹਮਲਿਆਂ ਲਈ ਉਤਸ਼ਾਹਿਤ ਵੀ ਹੁੰਦੇ ਹਨ। ਜੇਕਰ ਨਸਲੀ ਟਿੱਪਣੀਆਂ ਜਾਂ ਹਮਲੇ ਕਰਨ ਵਾਲਿਆਂ ਦੇ ਹਮਾਇਤੀ ਹੀ ਘਟਾ ਦਿੱਤੇ ਜਾਣ, ਫਿਰ ਉਨ੍ਹਾਂ ਦੀ ਹਮਲੇ ਕਰਨ ਦੀ ਸ਼ਕਤੀ ਆਪਣੇ-ਆਪ ਹੀ ਖੁਰ ਜਾਂਦੀ ਹੈ।
ਇਕ ਵਾਰ ਜਦ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਦੇ ਆਪਣੇ ਹੀ ਵਰਗ ਦੇ ਲੋਕ ਉਨ੍ਹਾਂ ਨੂੰ ਫਿਟਕਾਰਣ ਲੱਗ ਪੈਣ, ਤਾਂ ਫਿਰ ਮੁੜ ਕਿਸੇ ਨਵੇਂ ਵਿਅਕਤੀ ਵੱਲੋਂ ਉੱਠ ਕੇ ਕੋਈ ਨਵੀਂ ਘਟਨਾ ਕਰਨ ਦੀ ਜ਼ੁਰਅੱਤ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਜਹਾਜ਼ ਵਿਚ ਸਫਰ ਕਰ ਰਹੇ ਇਕ ਸਿੱਖ ਦੀ ਵੀਡੀਓ ਬਣਾ ਕੇ ਜਦ ਵਾਇਰਲ ਕੀਤੀ ਗਈ, ਤਾਂ ਇਸ ਨੂੰ ਦੇਖਣ ਵਾਲੇ ਸੈਂਕੜੇ ਲੋਕਾਂ ਵਿਚੋਂ ਕਿਸੇ ਨੇ ਵੀ ਵਿਰੋਧ ਦੀ ਟਿੱਪਣੀ ਨਹੀਂ ਕੀਤੀ। ਇਸ ਤੋਂ ਹੀ ਸਪੱਸ਼ਟ ਹੈ ਕਿ ਗੋਰੀ ਵਸੋਂ ਵਿਚ ਸਿੱਖਾਂ ਬਾਰੇ ਪਛਾਣ ਦਾ ਵੱਡਾ ਭੁਲੇਖਾ ਹੈ ਅਤੇ ਨਸਲਪ੍ਰਸਤਾਂ ਨੂੰ ਗੋਰੀ ਵਸੋਂ ਦੀ ਆਮ ਹਮਾਇਤ ਹੈ। ਪਰ ਜੇਕਰ ਗੋਰੀ ਵਸੋਂ ਅੰਦਰ ਸਿੱਖਾਂ ਦੀ ਪਛਾਣ ਅਤੇ ਉਨ੍ਹਾਂ ਦੇ ਗੈਰਤ ਭਰੇ ਵਿਰਸੇ ਬਾਰੇ ਜਾਣਕਾਰੀ ਹੁੰਦੀ, ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਇਸ ਵਾਇਰਲ ਹੋਈ ਵੀਡੀਓ ਵਿਰੁੱਧ ਸਖਤ ਟਿੱਪਣੀਆਂ ਵੀ ਕਰਦੇ ਅਤੇ ਅਜਿਹੀ ਨਫਰਤ ਭਰੀ ਨਸਲੀ ਕਾਰਵਾਈ ਕਰਨ ਵਾਲੇ ਨੂੰ ਲਾਹਨਤ ਵੀ ਪਾਉਂਦੇ, ਤਾਂ ਲਾਜ਼ਮੀ ਹੀ ਇਸ ਦਾ ਉਲਟ ਪ੍ਰਭਾਵ ਪੈਣਾ ਸੀ ਅਤੇ ਅਜਿਹੇ ਨਸਲਪ੍ਰਸਤ ਲੋਕਾਂ ਦੇ ਹੌਂਸਲੇ ਪਸਤ ਹੋਣੇ ਸੀ।
ਸੋ ਇਸ ਘਟਨਾ ਤੋਂ ਹੀ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਨਸਲਪ੍ਰਸਤੀ ਤੋਂ ਬਚਣਾ ਹੈ, ਤਾਂ ਸਾਨੂੰ ਇਕੱਠੇ ਹੋ ਕੇ ਇਸ ਖਿਲਾਫ ਸੁਚੇਤ ਰੂਪ ਵਿਚ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਬਾਰੇ ਹੋਰਨਾਂ ਕੌਮਾਂ ਅਤੇ ਵਰਗਾਂ ਨੂੰ ਸੁਚੇਤ ਕਰਨ ਲਈ ਯਤਨ ਕਰਨੇ ਪੈਣਗੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.