ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵਿਦੇਸ਼ਾਂ ‘ਚ ਗੁਰਦੁਆਰਾ ਪ੍ਰਬੰਧਕਾਂ ਦੀ ਆਪਸੀ ਲੜਾਈ ਹੈ ਚਿੰਤਾ ਦਾ ਵਿਸ਼ਾ
ਵਿਦੇਸ਼ਾਂ ‘ਚ ਗੁਰਦੁਆਰਾ ਪ੍ਰਬੰਧਕਾਂ ਦੀ ਆਪਸੀ ਲੜਾਈ ਹੈ ਚਿੰਤਾ ਦਾ ਵਿਸ਼ਾ
Page Visitors: 2571

ਵਿਦੇਸ਼ਾਂ ‘ਚ ਗੁਰਦੁਆਰਾ ਪ੍ਰਬੰਧਕਾਂ ਦੀ ਆਪਸੀ ਲੜਾਈ ਹੈ ਚਿੰਤਾ ਦਾ ਵਿਸ਼ਾ
ਗੁਰਜਤਿੰਦਰ ਸਿੰਘ ਰੰਧਾਵਾ,
 ਸੈਕਰਾਮੈਂਟੋ, ਕੈਲੀਫੋਰਨੀਆ,
 916-320-9444
ਗੁਰੂ ਘਰ ਆਪਸੀ ਪ੍ਰੇਮ, ਸਮਾਜਿਕ ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਦੇ ਅਸਥਾਨ ਹਨ। ਇਨ੍ਹਾਂ ਅਸਥਾਨਾਂ ਤੋਂ ਗੁਰੂ ਸਾਹਿਬ ਦਾ ਉਪਦੇਸ਼ ਦੁਨੀਆਂ ਵਿਚ ਪਹੁੰਚਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਸਮਾਜਿਕ ਤਰੱਕੀ ਲਈ ਜਾਤ-ਪਾਤੀ ਸਮਾਜ ਖਤਮ ਕਰਨ ਅਤੇ ਸਭ ਕਿਸਮ ਦੀਆਂ ਧੜੇਬੰਦੀਆਂ ਖਤਮ ਕਰਕੇ ਇਕ ਦੂਜੇ ਨਾਲ ਮਿਲਜੁੱਲ ਕੇ ਰਹਿਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਪੈਗਾਮ ਦਿੱਤਾ ਸੀ। ਪਰ ਅੱਜ ਸਾਨੂੰ ਗੁਰਦੁਆਰਾ ਪ੍ਰਬੰਧਕਾਂ ਵਿਚ ਆਪਸੀ ਚੌਧਰ ਅਤੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਚੱਲ ਰਹੀਆਂ ਲੜਾਈਆਂ ਦੇਖ ਕੇ ਬੇਹੱਦ ਦੁੱਖ ਅਤੇ ਨਮੋਸ਼ੀ ਹੁੰਦੀ ਹੈ। ਅਮਰੀਕਾ ਦੇ ਬਹੁਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਧੜਿਆਂ ਵੱਲੋਂ ਇਕ ਦੂਜੇ ਖਿਲਾਫ ਅਦਾਲਤੀ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਅਦਾਲਤੀ ਮੁਕੱਦਮਿਆਂ ਕਾਰਨ ਜਿਥੇ ਸਿੱਖ ਸਮਾਜ ਦੀ ਖਿੱਲੀ ਤਾਂ ਉਡਦੀ ਹੀ ਹੈ, ਉਥੇ ਸੰਗਤ ਵੱਲੋਂ ਸਾਂਝੇ ਕਾਰਜਾਂ ਲਈ ਚਾੜ੍ਹਿਆ ਗਿਆ ਚੜ੍ਹਾਵਾ, ਜਦ ਅਦਾਲਤੀ ਮੁਕੱਦਮਿਆਂ ਦੀ ਚਾਰਾਜੋਈ ਵਿਚ ਖਰਚ ਹੁੰਦਾ ਹੈ, ਤਾਂ ਇਸ ਨੂੰ ਵੇਖ ਕੇ ਵੀ ਹਰ ਸੂਝਵਾਨ ਸਿੱਖ ਦਾ ਸਿਰ ਵੀ ਝੁੱਕਦਾ ਹੈ ਅਤੇ ਡਾਹਢਾ ਦੁੱਖ ਵੀ ਹੁੰਦਾ ਹੈ। ਪਿਛਲੇ ਦਿਨੀਂ ਸਿੱਖ ਟੈਂਪਲ ਟਾਇਰਾ ਬੁਆਇਨਾ, ਯੂਬਾ ਸਿਟੀ ਦੇ ਪ੍ਰਬੰਧ ਦੇ ਮਾਮਲੇ ਨੂੰ ਲੈ ਕੇ ਦੋ ਧੜਿਆਂ ਵਿਚ ਪੈਦਾ ਹੋਏ ਟਕਰਾਅ ਦਾ ਨਤੀਜਾ ਇਹ ਨਿਕਲਿਆ ਕਿ ਪੁਲਿਸ ਨੇ ਅਮਨ ਚੈਨ ਬਹਾਲ ਰੱਖਣ ਲਈ ਗੁਰੂ ਘਰ ਨੂੰ ਹੀ ਜਿੰਦਰਾ ਲਗਾ ਦਿੱਤਾ। ਕੁਝ ਦਿਨਾਂ ਬਾਅਦ ਹੁਣ ਭਾਵੇਂ ਗੁਰੂ ਘਰ ਸੰਗਤ ਲਈ ਖੋਲ੍ਹ ਤਾਂ ਦਿੱਤਾ ਗਿਆ ਹੈ, ਪਰ ਅਜੇ ਵੀ ਮੁੜ ਤਾਲਾਬੰਦੀ ਦੇ ਆਸਾਰ ਬਣੇ ਹੋਏ ਹਨ। ਗੁਰੂ ਘਰ ਨੂੰ ਤਾਲਾਬੰਦੀ ਕਿਸੇ ਬਾਹਰਲੇ ਦੇ ਦਖਲ ਨਾਲ ਨਹੀਂ ਹੋਈ, ਸਗੋਂ ਸਾਡੇ ਆਪਣੇ ਹੀ ਗੁਰਦੁਆਰਾ ਪ੍ਰਬੰਧਕਾਂ ਦੀ ਆਪਸੀ ਲੜਾਈ ਦਾ ਨਤੀਜਾ ਹੈ। ਗੁਰਦੁਆਰਾ ਪ੍ਰਬੰਧ ਜਮਹੂਰੀ ਤਰੀਕੇ ਨਾਲ ਚਲਾਏ ਜਾਂਦੇ ਹਨ। ਗੁਰਦੁਆਰਾ ਪ੍ਰਬੰਧਨ ਲਈ ਮੈਂਬਰ, ਡਾਇਰੈਕਟਰ ਅਤੇ ਅਹੁਦੇਦਾਰ ਚੁਣੇ ਜਾਂਦੇ ਹਨ। ਗੁਰਦੁਆਰਾ ਪ੍ਰਬੰਧ ਲਈ ਜਮਹੂਰੀ ਤੌਰ-ਤਰੀਕਾ ਅਪਣਾਇਆ ਜਾਣਾ ਕੋਈ ਗਲਤ ਕੰਮ ਨਹੀਂ। ਪਰ ਜਮਹੂਰੀ ਤਰੀਕੇ ਨਾਲ ਚੋਣ ਕਰਵਾਉਣ ਲਈ ਗੁਰੂ ਦਾ ਭੈਅ ਨਾ ਮੰਨਣਾ ਸਭ ਤੋਂ ਵੱਡਾ ਨੁਕਸਾਨ ਕਰ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਗੁਰੂ ਘਰ ਦੀਆਂ ਚੋਣਾਂ ਗੁਰੂ ਦੇ ਭੈਅ ਵਿਚ ਹੋਣ। ਇਨ੍ਹਾਂ ਚੋਣਾਂ ਵਿਚ ਪੂਰਨ ਇਮਾਨਦਾਰੀ ਅਤੇ ਪਾਰਦਰਸ਼ਿਤਾ ਹੋਵੇ। ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਗੁਰਦੁਆਰਿਆਂ ਉਪਰ ਕਬਜ਼ੇ ਦੀ ਹੋੜ ਸਾਡੇ ਪ੍ਰਬੰਧਕਾਂ ਵਿਚ ਇੰਨੀ ਵੱਧ ਗਈ ਹੈ ਕਿ ਉਹ ਹੁਣ ਆਪਣੇ-ਆਪ ਨੂੰ ਗੁਰਦੁਆਰਿਆਂ ਉਪਰ ਕਾਬਜ਼ ਰੱਖਣ ਲਈ ਕਿਸੇ ਵੀ ਤਰ੍ਹਾਂ ਦਾ ਤਰੀਕਾ ਵਰਤਣਾ ਜਾਇਜ਼ ਸਮਝਦੇ ਹਨ। ਯੂਬਾ ਸਿਟੀ ਗੁਰਦੁਆਰੇ ਵਿਚ ਵੀ ਇਹੀ ਹੋਇਆ ਹੈ। ਯੂਬਾ ਸਿਟੀ ਦਾ ਇਹ ਗੁਰਦੁਆਰਾ 1969 ਵਿਚ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਗੁਰਪੁਰਬ ਉਪਰ ਸਥਾਪਿਤ ਹੋਇਆ ਸੀ। ਉਸ ਸਮੇਂ ਤੋਂ ਹੀ ਇਥੇ ਹਰ ਸਾਲ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਸ ਗੁਰਦੁਆਰੇ ਵੱਲੋਂ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿਚ ਉਤਰੀ ਅਮਰੀਕਾ ਵਿਚੋਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਪਹੁੰਚਦੀ ਹੈ ਅਤੇ ਲੱਖਾਂ ਦਾ ਇਕੱਠ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਾ ਹੈ। ਇਸ ਪੱਖੋਂ ਸਿੱਖ ਟੈਂਪਲ ਟਾਇਰਾ ਬੁਆਇਨਾ, ਯੂਬਾ ਸਿਟੀ ਦੀ ਆਪਣੀ ਇਕ ਵਿਸ਼ੇਸ਼ ਮਹੱਤਤਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਅਮਰੀਕਾ ਵਿਚ ਸਿੱਖ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਵੀ ਇਕ ਵੱਡੀ ਚੁਣੌਤੀ ਬਣ ਗਈ ਹੈ। ਜੇ ਸਿੱਖ ਗੁਰੂ ਘਰਾਂ ਦੇ ਪ੍ਰਬੰਧਕ ਆਪਸੀ ਲੜਾਈ ਅਤੇ ਖਹਿਬਾਜ਼ੀ ਵਿਚ ਹੀ ਉਲਝੇ ਰਹੇ, ਤਾਂ ਇਥੇ ਰਹਿੰਦੀ ਸਿੱਖ ਕੌਮ ਦਾ ਮਿਆਰ ਹੋਰ ਡਿੱਗੇਗਾ। ਅਮਰੀਕੀ ਲੋਕ ਇਨ੍ਹਾਂ ਦੀਆਂ ਲੜਾਈਆਂ ਨੂੰ ਜਦੋਂ ਮੀਡੀਏ ਵਿਚ ਦੇਖਦੇ ਹਨ, ਤਾਂ ਉਹ ਇਸ ਕੌਮ ਨੂੰ ਤਾਲਿਬਾਨ ਜਿਹਾ ਸਮਝਦੇ ਹਨ। ਵਿਦੇਸ਼ਾਂ ‘ਚ ਸਿੱਖ ਕੌਮ ਤਾਂ ਪਹਿਲਾਂ ਹੀ ਆਪਣੀ ਸਿੱਖੀ ਪਛਾਣ ਬਣਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਪਰ ਗੁਰੂ ਘਰਾਂ ਦੇ ਬਹੁਤੇ ਆਗੂ ਆਪਣੀਆਂ ਕਰਤੂਤਾਂ ਕਰਕੇ ਇਥੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੀ ਕੈਲੀਫੋਰਨੀਆ ਅਤੇ ਕੁਝ ਇਕ ਹੋਰ ਥਾਵਾਂ ਵਿਚ ਸਿੱਖਾਂ ‘ਤੇ ਮਾਰੂ ਹਮਲੇ ਹੋਏ ਹਨ। ਫਰਿਜ਼ਨੋ ਵਿਚ ਹੋਈ ਅਜਿਹੀ ਵਾਰਦਾਤ ਲਈ ਸਥਾਨਕ ਪ੍ਰਸ਼ਾਸਨ ਨੇ ਸਿੱਖਾਂ ਦੀ ਪੂਰੀ ਹਮਾਇਤ ਕੀਤੀ ਹੈ ਅਤੇ ਉਸ ਨੂੰ ਨਸਲੀ ਵਿਤਕਰੇ ਦਾ ਹਮਲਾ ਕਰਾਰ ਦਿੱਤਾ ਹੈ। ਪਰ ਯੂਬਾ ਸਿਟੀ ਵਿਚ ਹੋਈ ਇਸ ਘਿਨੌਣੀ ਘਟਨਾ ਨਾਲ ਜਿਥੇ ਸਥਾਨਕ ਪ੍ਰਸ਼ਾਸਨ ਪ੍ਰੇਸ਼ਾਨ ਹੋਇਆ ਹੈ, ਉਥੇ ਸਿੱਖ ਕੌਮ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਗੁਰੂ ਦੇ ਦੁਆਰ ਹਰ ਕੌਮਾਂ ਲਈ ਖੁੱਲ੍ਹੇ ਰੱਖੇ ਜਾਂਦੇ ਹਨ, ਪਰ ਸ਼ਰਮਨਾਕ ਗੱਲ ਹੈ ਕਿ ਇਹ ਦੁਆਰ ਖੁਦ ਸਿੱਖ ਕੌਮ ਲਈ ਹੀ ਬੰਦ ਕਰ ਦਿੱਤੇ ਗਏ। ਇਸ ਦੇ ਲਈ ਸਿੱਖ ਕੌਮ ਦੇ ਵਿਚ ਭਾਰੀ ਰੋਸ ਪਾਇਆ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦਾ ਕਾਫੀ ਭੰਡੀਂ ਪ੍ਰਚਾਰ ਹੋਇਆ ਹੈ।
ਇਥੇ ਨਿਕਲਣ ਵਾਲਾ ਨਗਰ ਕੀਰਤਨ ਸਿੱਖਾਂ ਦੀ ਪਛਾਣ ਬਾਰੇ ਭੁਲੇਖੇ ਦੂਰ ਕਰਨ ਲਈ ਬੜਾ ਕਾਰਗਰ ਹਥਿਆਰ ਸਾਬਤ ਹੋਇਆ ਹੈ। ਪਰ ਹੁਣ ਜਦ ਇਸੇ ਗੁਰੂ ਘਰ ਬਾਰੇ ਇਹ ਖ਼ਬਰਾਂ ਆਉਣ ਕਿ ਇਥੋਂ ਦੇ ਪ੍ਰਬੰਧਕਾਂ ਦੀ ਲੜਾਈ ਕਾਰਨ ਗੁਰੂ ਘਰ ਨੂੰ ਹੀ ਤਾਲੇ ਲੱਗ ਗਏ ਹਨ, ਤਾਂ ਇਹ ਗੱਲ ਸਮਝਣ ‘ਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਕਿ ਹੁਣ ਇਸ ਘਟਨਾ ਨਾਲ ਸਿੱਖ ਸਮਾਜ ਬਾਰੇ ਹੋਰਨਾਂ ਲੋਕਾਂ ਵਿਚ ਕਿਹੋ ਜਿਹਾ ਪ੍ਰਭਾਵ ਬਣੇਗਾ।
ਵਿਦੇਸ਼ਾਂ ਵਿਚ ਗੁਰੂ ਘਰ ਸਿੱਖ ਸਮਾਜ ਲਈ ਆਪਸੀ ਤਾਲਮੇਲ ਦੇ ਵੱਡੇ ਕੇਂਦਰ ਬਣੇ ਹੋਏ ਹਨ। ਹਰ ਐਤਵਾਰ ਗੁਰੂ ਘਰਾਂ ਵਿਚ ਵੱਡੀ ਗਿਣਤੀ ਵਿਚ ਸੰਗਤ ਇਕੱਤਰ ਹੁੰਦੀ ਹੈ। ਇਹ ਇਕੱਤਰਤਾਵਾਂ ਧਾਰਮਿਕ ਦੇ ਨਾਲ-ਨਾਲ ਸੱਭਿਆਚਾਰਕ, ਸਮਾਜਿਕ ਅਤੇ ਰਾਜਨੀਤਿਕ ਸਰਗਰਮੀ ਦਾ ਕੇਂਦਰ ਵੀ ਬਣਦੀਆਂ ਹਨ। ਇਸ ਕਰਕੇ ਵਿਦੇਸ਼ਾਂ ਵਿਚ ਗੁਰੂ ਘਰਾਂ ਦੀ ਮਹੱਤਤਾ ਹੋਰ ਵੀ ਵਧੇਰੇ ਹੈ। ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਇਹ ਗੱਲ ਸਮਝ ਕੇ ਚੱਲਣੀ ਚਾਹੀਦੀ ਹੈ ਕਿ ਸੰਗਤ ਬੜੀ ਆਸਥਾ ਅਤੇ ਵਿਸ਼ਵਾਸ ਨਾਲ ਆਪਣੀ ਕਿਰਤ-ਕਮਾਈ ਵਿਚੋਂ ਇਥੇ ਚੜ੍ਹਾਵਾ ਚਾੜ੍ਹਦੀ ਹੈ। ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਪੈਸੇ ਮਾਨਵਤਾ ਦੇ ਭਲੇ ਦੀ ਥਾਂ ਵਕੀਲਾਂ ਤੇ ਹੋਰ ਅਦਾਲਤੀ ਖਰਚਿਆਂ ਉਪਰ ਖਰਚੇ ਜਾਣ। ਸੰਗਤ ‘ਚ ਇਹ ਵੀ ਸਵਾਲ ਉੱਠ ਰਹੇ ਹਨ ਕਿ ਗੁਰੂ ਘਰਾਂ ਦੇ ਪ੍ਰਬੰਧਕ ਕਾਹਦੇ ਲਈ ਲੜਦੇ ਹਨ? ਕੀ ਉਹ ਗੁਰੂ ਘਰਾਂ ਦਾ ਪ੍ਰਬੰਧ ਪਹਿਲੇ ਨਾਲੋਂ ਬਿਹਤਰ ਕਰਨਾ ਚਾਹੁੰਦੇ ਹਨ? ਜਾਂ ਫਿਰ ਆਪਸੀ ਚੌਧਰ ਜਾਂ ਗੋਲਕ ਲਈ ਤਾਂ ਨਹੀਂ ਅਜਿਹੀਆਂ ਲੜਾਈਆਂ ਲੜਦੇ? ਇਹ ਸਵਾਲ ਉਠਣੇ ਕੁਦਰਤੀ ਹਨ। ਕਿਉਂਕਿ ਜੇਕਰ ਗੁਰੂ ਘਰ ਦੇ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਦਾ ਮਸਲਾ ਹੈ, ਤਾਂ ਇਸ ਵਿਚ ਸਾਰਿਆਂ ਨੂੰ ਰਲ-ਮਿਲ ਕੇ ਕੰਮ ਕਰਨ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਸਗੋਂ ਸਾਰਿਆਂ ਦਾ ਸਾਥ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਪਰ ਜਦ ਧੜੇ ਬਣਾ ਕੇ ਗੁਰੂ ਘਰਾਂ ਉਪਰ ਆ ਕੇ ਕਬਜ਼ੇ ਕਰਨ ਅਤੇ ਉਨ੍ਹਾਂ ਦੇ ਤਾਲੇ ਤੋੜਨ ਤੱਕ ਦੀਆਂ ਨੌਬਤਾਂ ਆਉਂਦੀਆਂ ਹਨ, ਤਾਂ ਫਿਰ ਸਵਾਲ ਉੱਠਣੇ ਕੁਦਰਤੀ ਬਣ ਜਾਂਦੇ ਹਨ। ਆਮ ਲੋਕੀਂ ਇਹ ਵੀ ਸਮਝਦੇ ਹਨ ਕਿ ਚੌਧਰ ਜਾਂ ਗੋਲਕ ਉਪਰ ਕਬਜ਼ੇ ਤੋਂ ਬਿਨਾਂ ਪ੍ਰਬੰਧਕਾਂ ਦੀ ਹੋਰ ਕਿਹੜੀ ਅਜਿਹੀ ਮਜਬੂਰੀ ਹੈ, ਜਿਹੜੀ ਉਨ੍ਹਾਂ ਨੂੰ ਹਰ ਹੀਲੇ ਗੁਰੂ ਘਰਾਂ ਉਪਰ ਕਾਬਜ਼ ਰੱਖਣ ਲਈ ਪ੍ਰੇਰਦੀ ਹੈ ਅਤੇ ਅਸਫਲ ਰਹਿਣ ਦੀ ਹਾਲਤ ਵਿਚ ਉਹ ਅਦਾਲਤਾਂ ਤੱਕ ਵੀ ਚਲੇ ਜਾਂਦੇ ਹਨ।
ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸਾਡੀ ਸਨਿਮਰ ਬੇਨਤੀ ਹੈ ਕਿ ਉਹ ਆਪਸੀ ਧੜੇਬੰਦੀ ਅਤੇ ਲੜਾਈ ਝਗੜਿਆਂ ਨੂੰ ਗੁਰੂ ਘਰਾਂ ਤੋਂ ਬਾਹਰ ਰੱਖਣ। ਸਾਡੀ ਜਾਚੇ ਕਿਸੇ ਗੁਰੂ ਘਰ ਨੂੰ ਤਾਲੇ ਲੱਗ ਜਾਣਾ ਗੁਰੂ ਘਰ ਦੀ ਸਭ ਤੋਂ ਵੱਡੀ ਬੇਹੁਰਮਤੀ ਹੈ। ਜੇਕਰ ਇਹ ਬੇਹੁਰਮਤੀ ਸਾਡੇ ਆਪਣੇ ਹੀ ਆਗੂਆਂ ਦੇ ਕਿਸੇ ਕਰਮ ਨਾਲ ਹੁੰਦੀ ਹੈ, ਤਾਂ ਇਹ ਹੋਰ ਵੀ ਵਧੇਰੇ ਦੁਖਦਾਈ ਹੈ। ਸੰਗਤ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਘਰਾਂ ਦੀ ਬੇਹੁਰਮਤੀ ਤਾਂ ਹੀ ਰੁਕੇਗੀ, ਜੇ ਉਹ ਖੁਦ ਵੀ ਸੁਚੇਤ ਹੋ ਕੇ ਚੱਲਣਗੇ। ਗੁਰੂ ਘਰਾਂ ਦੀ ਬੇਹੁਰਮਤੀ ਕਰਨ ਜਾਂ ਕਰਵਾਉਣ ਵਾਲਿਆਂ ਨੂੰ ਸੰਗਤ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਾ ਚਾਹੀਦਾ। ਕਿਉਂਕਿ ਜੇਕਰ ਗੁਰੂ ਘਰਾਂ ਦੀ ਬੇਹੁਰਮਤੀ ਅਸੀਂ ਨਹੀਂ ਰੋਕ ਸਕਾਂਗੇ, ਤਾਂ ਫਿਰ ਸਾਡੀ ਆਪਣੇ ਧਰਮ ‘ਚ ਆਸਥਾ ਅਤੇ ਵਿਸ਼ਵਾਸ ਹੀ ਕਾਹਦਾ ਹੈ। ਜੇ ਸਾਨੂੰ ਆਪਣੇ ਧਰਮ ‘ਚ ਵਿਸ਼ਵਾਸ ਹੈ ਅਤੇ ਸਿੱਖ ਮਾਨਤਾਵਾਂ ਨਾਲ ਪਿਆਰ ਹੈ, ਤਾਂ ਸਾਨੂੰ ਗੁਰੂ ਘਰਾਂ ਦੀ ਅਜਿਹੀ ਬੇਹੁਰਮਤੀ ਖਿਲਾਫ ਡੱਟ ਕੇ ਖੜ੍ਹਾ ਹੋਣਾ ਹੋਵੇਗਾ। ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਸਾਡੀ ਇਹ ਅਪੀਲ ਹੈ ਕਿ ਉਹ ਗੁਰੂ ਘਰਾਂ ਦੀ ਬੇਹੁਰਮਤੀ ਲਈ ਜ਼ਿੰਮੇਵਾਰ ਘਟਨਾਵਾਂ ‘ਚ ਕਦੇ ਵੀ ਹਿੱਸੇਦਾਰ ਨਾ ਬਣਨ। ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਆਪਣਾ ਦਾਮਨ ਅਤੇ ਚਰਿੱਤਰ ਪੂਰੀ ਤਰ੍ਹਾਂ ਸਾਫ ਰੱਖਣਾ ਚਾਹੀਦਾ ਹੈ, ਤਾਂ ਹੀ ਸੰਗਤ ਉਨ੍ਹਾਂ ਤੋਂ ਸੇਧ ਅਤੇ ਅਗਵਾਈ ਲੈ ਸਕੇਗੀ। ਸਾਡੀ ਇਹ ਸਨਿਮਰ ਭਰੀ ਬੇਨਤੀ ਹੈ ਕਿ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਆਪੋ-ਆਪਣੇ ਗੁਰੂ ਘਰਾਂ ਵਿਚ ਇਕੱਠੇ ਹੋ ਕੇ ਬੈਠਣ ਅਤੇ ਅਦਾਲਤ ‘ਚ ਚੱਲ ਰਹੇ ਮਾਮਲਿਆਂ ਨੂੰ ਤੁਰੰਤ ਵਾਪਸ ਲੈਣ ਅਤੇ ਆਪਸੀ ਝਗੜੇ ਮਿਲ-ਬੈਠ ਕੇ ਹੱਲ ਕਰਨ। ਇਸੇ ਤਰ੍ਹਾਂ ਸੰਗਤ ਦਾ ਇਹ ਫਰਜ਼ ਬਣਦਾ ਹੈ ਕਿ ਉਹ ਗੁਰੂ ਘਰਾਂ ਦੇ ਮਾਮਲਿਆਂ ਨੂੰ ਲੈ ਕੇ ਅਦਾਲਤੀ ਝਮੇਲਿਆਂ ‘ਚ ਪਏ ਆਗੂਆਂ ਨੂੰ ਇਹ ਸਪੱਸ਼ਟ ਸੰਕੇਤ ਦੇਣ ਕਿ ਉਹ ਅਦਾਲਤੀ ਮੁਕੱਦਮਿਆਂ ਲਈ ਗੁਰੂ ਘਰਾਂ ਦੇ ਪੈਸਿਆਂ ਨੂੰ ਨਾ ਵਰਤਣ। ਜੇਕਰ ਕਿਸੇ ਨੇ ਅਦਾਲਤੀ ਮਾਮਲਾ ਝਗੜਨਾ ਹੀ ਹੈ, ਤਾਂ ਉਹ ਪੈਸੇ ਆਪਣੇ ਪੱਲਿਓਂ ਖਰਚੇ। ਇਸ ਨਾਲ ਘੱਟੋ-ਘੱਟ ਸੰਗਤ ਵੱਲੋਂ ਦਿੱਤੀ ਭੇਟਾਂ ਦੀ ਗਲਤ ਵਰਤੋਂ ਤਾਂ ਘਟੇਗੀ ਹੀ। ਸੋ ਸਾਡੀ ਇਹ ਜ਼ੋਰਦਾਰ ਸਿਫਾਰਸ਼ ਹੈ ਕਿ ਗੁਰੂ ਘਰਾਂ ਨੂੰ ਆਪਸੀ ਝਗੜਿਆਂ ਦਾ ਸਥਾਨ ਨਾ ਬਣਾਈਏ। ਗੁਰੂ ਘਰਾਂ ਦੀ ਸ਼ੋਭਾ ਵਧਾਈਏ। ਗੁਰੂ ਘਰਾਂ ਵਿਚ ਸਰਬੱਤ ਦੇ ਭਲੇ ਦਾ ਸੰਦੇਸ਼ ਹੋਵੇ। ਸਭ ਲਈ ਹੱਕ ਅਤੇ ਇਨਸਾਫ ਦੀ ਆਵਾਜ਼ ਇਸ ਤੋਂ ਉਠਦੀ ਰਹੇ। ਇਹੀ ਗੱਲ ਸਾਡੇ ਸਿੱਖ ਗੁਰੂਆਂ ਨੇ ਸਾਨੂੰ ਵਿਰਸੇ ਵਿਚ ਦਿੱਤੀ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.