ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਮਾਘੀ ਮੇਲਾ ਬਣਨ ਲੱਗਾ ਰਾਜਸੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ
ਮਾਘੀ ਮੇਲਾ ਬਣਨ ਲੱਗਾ ਰਾਜਸੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ
Page Visitors: 2475

ਮਾਘੀ ਮੇਲਾ ਬਣਨ ਲੱਗਾ ਰਾਜਸੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ

Posted On 13 Jan 2016
6

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਦਾ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁੜ ਖਾਲਸਾ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਸੀ। ਇਸ ਸੱਚੀ-ਸੁੱਚੀ ਯਾਦ ਨੂੰ ਮਨਾਉਣ ਲਈ ਸਿੱਖ ਸਮਾਜ ਸਦੀਆਂ ਤੋਂ ਮਾਘੀ ਮੇਲੇ ਉਪਰ ਹੋਣ ਵਾਲੇ ਜੋੜ ਮੇਲੇ ਵਿਚ ਪੁੱਜਦਾ ਹੈ। ਸ਼ੁਰੂ ਵਿਚ ਮਾਘੀ ਮੇਲਾ ਪੂਰਨ ਰੂਪ ਵਿਚ 40 ਮੁਕਤਿਆਂ ਨੂੰ ਸਮਰਪਿਤ ਹੋਣ ਅਤੇ ਸਿੱਖ ਧਰਮ ਵਿਚ ਆਪਣੀ ਆਸਥਾ ਪ੍ਰਗਟ ਕਰਨ ਦੀ ਭਾਵਨਾ ਨਾਲ ਓਤ-ਪੋਤ ਹੋ ਕੇ ਮਨਾਇਆ ਜਾਂਦਾ ਰਿਹਾ ਹੈ। ਪਰ ਹੁਣ ਜਿਸ ਤਰ੍ਹਾਂ ਪਿਛਲੇ ਕੁਝ ਦਹਾਕਿਆਂ ਤੋਂ ਰਾਜਸੀ ਹਿਤਾਂ ਦੀ ਹੋੜ ਵਧ ਗਈ ਹੈ, ਤਾਂ ਵੱਖ-ਵੱਖ ਰਾਜਸੀ ਪਾਰਟੀਆਂ ਨੇ ਧਾਰਮਿਕ ਆਸਥਾ ਵਾਲੇ ਲਗਭਗ ਸਾਰੇ ਹੀ ਸਿੱਖ ਧਾਰਮਿਕ ਅਸਥਾਨਾਂ ਉਪਰ ਅਜਿਹੇ ਜੋੜ ਮੇਲਿਆਂ ਮੌਕੇ ਵੱਡੇ-ਵੱਡੇ ਰਾਜਸੀ ਸੰਮੇਲਨ ਕਰਨੇ ਆਰੰਭ ਦਿੱਤੇ ਹਨ। ਪਰ ਇਸ ਵਾਰ ਮਾਘੀ ਦੇ ਜੋੜ ਮੇਲੇ ਉਪਰ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਸ਼ਕਤੀ ਪ੍ਰਦਰਸ਼ਨ ਆਪਣੀ ਕਿਸਮ ਦਾ ਪਹਿਲਾ ਅਤੇ ਬੜਾ ਨਿਵੇਕਲਾ ਹੈ।
ਪੰਜਾਬ ਅੰਦਰ ਫਰਵਰੀ 2017 ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਵੇਂ ਅਜੇ ਇਕ ਸਾਲ ਦਾ ਸਮਾਂ ਬਾਕੀ ਹੈ। ਪਰ ਤਿੰਨਾਂ ਪ੍ਰਮੁੱਖ ਰਾਜਸੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਜੋੜ ਮੇਲੇ ਉਪਰ ਰਾਜਸੀ ਪ੍ਰਦਰਸ਼ਨ ਕਰਨ ਲਈ ਪੂਰੇ ਪੰਜਾਬ ਅੰਦਰ ਟਿੱਲ ਲਾ ਰੱਖਿਆ ਹੈ। ਅਸਲ ਵਿਚ ਰਾਜਸੀ ਪਾਰਟੀਆਂ ਇਨ੍ਹਾਂ ਕਾਨਫਰੰਸਾਂ ਵਿਚ ਆਪੋ-ਆਪਣੇ ਇਕੱਠ ਕਰਕੇ ਆਪਣੀ ਅਗਲੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੇ ਯਤਨ ਵਿਚ ਹਨ। ਅਕਾਲੀ ਦਲ ਇਸ ਵੇਲੇ ਇਕ ਵੱਡੇ ਰਾਜਸੀ ਅਤੇ ਧਾਰਮਿਕ ਸੰਕਟ ਵਿਚ ਫਸਿਆ ਹੋਇਆ ਹੈ। ਅਕਾਲੀ ਲੀਡਰਸ਼ਿਪ ਨੇ ਭਾਵੇਂ ਪਿਛਲੇ ਸਮੇਂ ਦੌਰਾਨ ਵੱਡੀਆਂ ਸਦਭਾਵਨਾ ਰੈਲੀਆਂ ਕਰਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਲੋਕਾਂ ਵਿਚ ਉਨ੍ਹਾਂ ਦੀ ਸਾਖ ਪਹਿਲਾਂ ਵਾਂਗ ਹੀ ਬਹਾਲ ਹੈ। ਪਰ ਲੱਗਦਾ ਹੈ ਕਿ ਲੀਡਰਸ਼ਿਪ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ ਹੈ ਕਿ ਜਿਸ ਤਰ੍ਹਾਂ ਦੀਆਂ ਪਿਛਲੇ ਦਿਨਾਂ ‘ਚ ਘਟਨਾਵਾਂ ਵਾਪਰੀਆਂ, ਉਨ੍ਹਾਂ ਨਾਲ ਅਕਾਲੀ ਦਲ ਦੀ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਲੋਕਾਂ ਤੋਂ ਬੁਰੀ ਤਰ੍ਹਾਂ ਨਿਖੜ ਕੇ ਰਹਿ ਗਈ ਹੈ। ਧਾਰਮਿਕ ਸੰਕਟ ਇੰਨਾ ਡੂੰਘਾ ਹੈ ਕਿ ਕਿਸੇ ਇਕ ਵੀ ਮਸਲੇ ਨੂੰ ਹੱਲ ਕਰਨ ਵਿਚ ਧਾਰਮਿਕ ਲੀਡਰਸ਼ਿਪ ਕਾਮਯਾਬ ਨਹੀਂ ਹੋਈ। ਸ਼੍ਰੋਮਣੀ ਕਮੇਟੀ ਇਸ ਵੇਲੇ ਸਿੱਖ ਧਾਰਮਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਗਈ ਹੈ। ਅਕਾਲੀ ਲੀਡਰਸ਼ਿਪ ਦਾ ਸ਼ੁਰੂ ਤੋਂ ਹੀ ਵਤੀਰਾ ਇਹ ਰਿਹਾ ਹੈ ਕਿ ਸਾਹਮਣੇ ਖੜ੍ਹੇ ਮਸਲਿਆਂ ਨੂੰ ਹੱਲ ਕਰਨ ਅਤੇ ਲੋਕਾਂ ਵਿਚ ਭਰੋਸਾ ਕਾਇਮ ਕਰਨ ਦੀ ਥਾਂ ਉਹ ਇਨ੍ਹਾਂ ਮਾਮਲਿਆਂ ਨੂੰ ਭੁੱਲ-ਭੁਲਾ ਕੇ ਇਕ ਅਜਿਹੀ ਬਦਲਵੀਂ ਸਰਗਰਮੀ ਕਰਨ ਦੇ ਰਾਹ ਪੈਂਦੀ ਆ ਰਹੀ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਲੋਕ ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਭੁੱਲ-ਭੁਲਾ ਜਾਣਗੇ ਅਤੇ ਅਕਾਲੀ ਦਲ ਦੀ ਬਦਲਵੀਂ ਸਰਗਰਮੀ ਜਿਵੇਂ ਪਹਿਲਾਂ ਸਦਭਾਵਨਾ ਰੈਲੀਆਂ ਕੀਤੀਆਂ, ਹੁਣ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਲਈ ਮੁਫਤ ਰੇਲ ਤੇ ਬੱਸ ਯਾਤਰਾਵਾਂ ਕਰਾਉਣ ਦਾ ਸਿਲਸਿਲਾ ਵਿੱਢਿਆ ਹੋਇਆ ਹੈ ਅਤੇ ਅਗਲੇ ਦਿਨਾਂ ਵਿਚ ਸਰਕਾਰ ਵੱਲੋਂ ਪਿੰਡਾਂ ਵਿਚ ਖੇਡ ਕਲੱਬ ਬਣਾ ਕੇ ਵੱਡੀ ਪੱਧਰ ‘ਤੇ ਪੈਸਾ ਸੁੱਟਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਮਾਘੀ ਮੇਲੇ ਉਪਰ ਵੀ ਇਸ ਵਾਰ ਵੱਡਾ ਪੰਡਾਲ ਲਗਾ ਕੇ ਮੁੜ ਫਿਰ ਇਹ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਨਾਲ ਲੋਕ ਪਹਿਲਾਂ ਵਾਂਗ ਹੀ ਖੜ੍ਹੇ ਹਨ। ਪਰ ਲੋਕਾਂ ਵਿਚ ਇਹ ਭਾਵਨਾ ਹੈ ਕਿ ਸਰਕਾਰੀ ਜ਼ੋਰ ‘ਤੇ ਇਕੱਠ ਕਰਨ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨਾ ਸੌਖਾ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਦੇਸ਼ ਕਾਂਗਰਸ ਦੀ ਕਮਾਂਡ ਸੰਭਾਲੇ ਜਾਣ ਬਾਅਦ ਬਠਿੰਡਾ ਵਿਖੇ ਵੱਡੀ ਅਤੇ ਕਾਮਯਾਬ ਰੈਲੀ ਕਰਨ ਤੋਂ ਬਾਅਦ ਹੁਣ ਮਾਘੀ ਮੇਲੇ ਉਪਰ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਮੁੜ ਉਭਰਨ ਲੱਗੀ ਹੈ। ਕੈਪਟਨ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਨੂੰ ਜੋ ਵੱਡਾ ਹੁਲਾਰਾ ਮਿਲਣ ਦੀ ਆਸ ਸੀ, ਉਹ ਅਸਲ ਵਿਚ ਨਹੀਂ ਮਿਲ ਰਿਹਾ, ਸਗੋਂ ਇਸ ਤੋਂ ਉਲਟ ਕੈਪਟਨ ਦੇ ਕਪਤਾਨੀ ਸੰਭਾਲਣ ਬਾਅਦ ਬਹੁਤ ਸਾਰੇ ਪਾਰਟੀ ਆਗੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਵੀ ਕਾਫੀ ਧੱਕਾ ਲੱਗ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਪਾਰਟੀ ਅੰਦਰ ਏਕਤਾ ਵਾਲਾ ਮਾਹੌਲ ਸਿਰਜਣ ਦੇ ਯਤਨ ਵਜੋਂ ਹੁਣ ਪਾਰਟੀ ਅੰਦਰਲੇ ਸਭ ਧੜਿਆਂ ਦੇ ਆਗੂਆਂ ਨਾਲ ਨਜ਼ਦੀਕੀ ਸੰਪਰਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਆਪਣੇ ਸਿਆਸੀ ਵਿਰੋਧੀ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਦੇ ਕਾਦੀਆਂ ਵਿਖੇ ਰਿਹਾਇਸ਼ ਉਪਰ ਦੁਪਹਿਰ ਦਾ ਖਾਣਾ ਖਾਣ ਜਾਣਾ ਉਨ੍ਹਾਂ ਦੀ ਇਸ ਨੀਤੀ ਦਾ ਹੀ ਸੰਕੇਤ ਸਮਝਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਜਿਹਾ ਕਰਕੇ ਇਹ ਦਿਖਾਉਣਾ ਚਾਹੁੰਦੇ ਹਨ ਕਿ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਉਨ੍ਹਾਂ ਦੇ ਨਾਲ ਚੱਲ ਰਹੀ ਹੈ। ਕਾਂਗਰਸ ਹਲਕਿਆਂ ਅੰਦਰ ਇਹ ਆਮ ਪ੍ਰਭਾਵ ਹੈ ਕਿ ਲੰਬੇ ਸਮੇਂ ਤੋਂ ਨਿਸਲ ਪਈ ਕਾਂਗਰਸ ਨੂੰ ਸਰਗਰਮ ਕਰਨ ਅਤੇ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਪਾਰਟੀ ਆਗੂਆਂ ਵਿਚਕਾਰ ਏਕਤਾ ਜ਼ਰੂਰੀ ਹੈ। ਕੈਪਟਨ ਨੇ ਇਹੀ ਦਾਅ ਖੇਡਦਿਆਂ ਮਾਘੀ ਮੇਲੇ ਉਪਰ ਸਮੁੱਚੀ ਪਾਰਟੀ ਲੀਡਰਸ਼ਿਪ ਨੂੰ ਇਕ ਮੰਚ ਉਪਰ ਖੜ੍ਹੇ ਕਰਨ ਦਾ ਪੱਤਾ ਖੇਡਣਾ ਸ਼ੁਰੂ ਕੀਤਾ ਹੈ। ਜੇਕਰ ਸ. ਬਾਜਵਾ ਅਤੇ ਮੁਕਤਸਰ ਦੇ ਆਗੂ ਜਗਮੀਤ ਸਿੰਘ ਬਰਾੜ ਨੂੰ ਉਹ ਮਾਘੀ ਮੇਲੇ ਦੀ ਕਾਨਫਰੰਸ ਵਿਚ ਆਪਣੇ ਅਗਲ-ਬਗਲ ਖੜ੍ਹਾ ਕਰਨ ‘ਚ ਕਾਮਯਾਬ ਹੋ ਜਾਂਦੇ ਹਨ, ਤਾਂ ਇਹ ਪਾਰਟੀ ਲਈ ਸ਼ੁੱਭ ਸੰਕੇਤ ਸਮਝਿਆ ਜਾਵੇਗਾ। ਕਾਂਗਰਸ ਨੇ ਵੀ ਮਾਘੀ ਮੇਲੇ ਵਿਚ ਵੱਡਾ ਇਕੱਠ ਕਰਨ ਲਈ ਪੂਰੇ ਪੰਜਾਬ ਵਿਚ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸਰਗਰਮ ਕੀਤਾ ਹੋਇਆ ਹੈ।
ਤੀਜੇ ਬਦਲ ਵਜੋਂ ਉਭਰ ਰਹੀ ਆਮ ਆਦਮੀ ਪਾਰਟੀ ਨੇ ਹੁਣ ਵੱਡੇ ਇਕੱਠ ਨਾ ਕਰਨ ਦਾ ਆਪਣਾ ਰਵਾਇਤੀ ਪੈਂਤੜਾ ਤਿਆਗ ਕੇ ਹੋਰ ਰਵਾਇਤੀ ਰਾਜਸੀ ਪਾਰਟੀਆਂ ਵਾਂਗ ਹੀ ਮਾਘੀ ਮੇਲੇ ਉਪਰ ਇਕੱਠ ਕਰਨ ਉਪਰ ਆਪਣੀ ਸਾਰੀ ਤਾਕਤ ਝੌਂਕ ਰੱਖੀ ਹੈ। ਉਨ੍ਹਾਂ ਵੱਲੋਂ ਪੂਰੇ ਪੰਜਾਬ ਵਿਚ ਪਿਛਲੇ ਇਕ ਮਹੀਨੇ ਤੋਂ ਸਰਗਰਮੀ ਵਿੱਢੀ ਹੋਈ ਹੈ। ਪਿੰਡਾਂ ਸ਼ਹਿਰਾਂ ਵਿਚ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨਾਂ ਵਿਚ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਐਲਾਨ ਹੋਏ ਹਨ। ਸਾਬਕਾ ਆਈ.ਏ.ਐੱਸ. ਅਧਿਕਾਰੀ ਜਸਬੀਰ ਸਿੰਘ ਬੀਰ ਵਰਗੇ ਸੂਝਵਾਨ ਲੋਕ ਵੀ ‘ਆਪ’ ਵੱਲ ਤੁਰੇ ਹਨ। ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ‘ਆਪ’ ਵਿਚ ਸ਼ਾਮਲ ਕੀਤੇ ਜਾਣ ਦਾ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ‘ਆਪ’ ਨੇ ਸ਼ੁਰੂ ਵਿਚ ਇਹ ਐਲਾਨ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਵਾਂਗ ਕੰਮ ਕਰਦਿਆਂ ਨਵੀਂ ਅਤੇ ਤਰੋ-ਤਾਜ਼ਗੀ ਵਾਲੀ ਲੀਡਰਸ਼ਿਪ ਲੋਕਾਂ ਨੂੰ ਮੁਹੱਈਆ ਕਰਵਾਏਗੀ। ਪਰ ਜਿਸ ਤਰ੍ਹਾਂ ਹੁਣ ਧੜਾਧੜ ਬਦਨਾਮ ਪਿਛੋਕੜ ਵਾਲੇ ਰਾਜਸੀ ਆਗੂਆਂ ਦੇ ਪਰਿਵਾਰਕ ਮੈਂਬਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲੱਗੇ ਹਨ, ਉਸ ਨੇ ਇਹ ਸ਼ੰਕੇ ਜ਼ਰੂਰ ਖੜ੍ਹੇ ਕੀਤੇ ਹਨ ਕਿ ਕਿਤੇ ‘ਆਪ’ ਨੂੰ ਇਹ ਰੁਝਾਨ ਆਪਣੇ ਕਲਾਵੇ ਵਿਚ ਤਾਂ ਨਹੀਂ ਲੈ ਡੁੱਬੇਗਾ। ਦੂਜੀ ਗੱਲ ਰਵਾਇਤੀ ਪਾਰਟੀਆਂ ਵਾਂਗ ਹੀ ਵੱਡੇ ਇਕੱਠ ਕਰਨ ਦੀ ਲਾਲਸਾ ਵੀ ਉਨ੍ਹਾਂ ਦੇ ਆਪਣੇ ਸਟੈਂਡ ਤੋਂ ਭਟਕਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਪਰ ਇਸ ਸਭ ਕੁੱਝ ਦੇ ਬਾਵਜੂਦ ਪੰਜਾਬ ਦੇ ਲੋਕ ਵੱਡੀ ਪੱਧਰ ‘ਤੇ ਆਮ ਆਦਮੀ ਪਾਰਟੀ ਵੱਲ ਉਲਰੇ ਦਿਖਾਈ ਦੇ ਰਹੇ ਹਨ। ਲੋਕ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਤੋਂ ਪੂਰੀ ਤਰ੍ਹਾਂ ਬਦਜਨ ਹਨ ਅਤੇ ਪੰਜਾਬ ਅੰਦਰ ਤੀਜੇ ਬਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਮਾਘੀ ਮੇਲੇ ਉਪਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਪੁੱਜ ਰਹੇ ਹਨ। ਇਸ ਕਰਕੇ ਸਮੁੱਚੀ ‘ਆਪ’ ਲੀਡਰਸ਼ਿਪ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿ ਉਹ ਇਸ ਮੇਲੇ ਵਿਚ ਸਭ ਤੋਂ ਵੱਡੀ ਰੈਲੀ ਕਰਕੇ ਆਪਣੀ ਜਿੱਤ ਦਾ ਝੰਡਾ ਇਸ ਮੇਲੇ ਵਿਚ ਗੱਡ ਦੇਣ। ਮਾਘੀ ਮੇਲੇ ਲਈ ਜਿਸ ਤਰ੍ਹਾਂ ਰੈਲੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਰਾਜਸੀ ਧਿਰਾਂ ਸ਼ਕਤੀ ਪ੍ਰਦਰਸ਼ਨ ਲਈ ਤਿਆਰੀਆਂ ਖਿੱਚ ਰਹੀਆਂ ਹਨ, ਉਸ ਤੋਂ ਤਾਂ ਇੰਝ ਲੱਗਦਾ ਹੈ, ਜਿਵੇਂ ਉਹ ਆਉਣ ਵਾਲੀ ਵਿਧਾਨ ਸਭਾ ਚੋਣ ਦਾ ਨਤੀਜਾ ਇਸੇ ਮੇਲੇ ਵਿਚ ਹੀ ਕੱਢ ਦੇਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.