ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬੀ ਨੌਜਵਾਨਾਂ ‘ਚ ਵਿਦੇਸ਼ਾਂ ਨੂੰ ਆਉਣ ਦਾ ਜਨੂੰਨ ਮੰਦਭਾਗਾ
ਪੰਜਾਬੀ ਨੌਜਵਾਨਾਂ ‘ਚ ਵਿਦੇਸ਼ਾਂ ਨੂੰ ਆਉਣ ਦਾ ਜਨੂੰਨ ਮੰਦਭਾਗਾ
Page Visitors: 2490

ਪੰਜਾਬੀ ਨੌਜਵਾਨਾਂ ‘ਚ ਵਿਦੇਸ਼ਾਂ ਨੂੰ ਆਉਣ ਦਾ ਜਨੂੰਨ ਮੰਦਭਾਗਾ

Posted On 20 Jan 2016
By :
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

Panama Kandਪੰਜਾਬੀ ਨੌਜਵਾਨਾਂ ਵਿਚ ਕਿਸੇ ਵੀ ਤਰੀਕੇ ਵਿਦੇਸ਼ਾਂ ਨੂੰ ਆਉਣ ਦਾ ਜਨੂੰਨ ਅਜੇ ਵੀ ਇੰਨਾ ਭਾਰੂ ਹੈ ਕਿ ਇਸ ਕੰਮ ਲਈ ਉਹ ਆਪਣੀ ਜਾਨ ਵੀ ਦਾਅ ‘ਤੇ ਲਾ ਦਿੰਦੇ ਹਨ। ਇਸ ਗੱਲ ਦੀ ਤਾਜ਼ਾ ਮਿਸਾਲ ਕੁਝ ਦਿਨ ਪਹਿਲਾਂ ਕੋਲੰਬੀਆ ਤੋਂ ਅਮਰੀਕਾ ਜਾਣ ਲਈ ਇਕ ਕਿਸ਼ਤੀ ਦੇ ਡੁੱਬ ਜਾਣ ਕਾਰਨ 20 ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਡੁੱਬ ਮਰਨ ਦੇ ਪ੍ਰਗਟਾਏ ਜਾ ਰਹੇ ਖਦਸ਼ੇ ਤੋਂ ਜ਼ਾਹਿਰ ਹੋ ਰਹੀ ਹੈ। ਹੁਣ ਤੱਕ ਜੋ ਖ਼ਬਰਾਂ ਆਈਆਂ ਹਨ, ਉਨ੍ਹਾਂ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਕਿਸ਼ਤੀ ਪਲਟਣ ਨਾਲ ਡੁੱਬ ਮਰੇ ਨੌਜਵਾਨਾਂ ਵਿਚ ਬਹੁਤੇ ਪੰਜਾਬੀ, ਖਾਸਕਰ ਦੁਆਬਾ ਖੇਤਰ ਨਾਲ ਸੰਬੰਧਤ ਸਨ। ਇਨ੍ਹਾਂ ਵਿਚੋਂ 2 ਨੌਜਵਾਨਾਂ ਦੇ ਮਾਪਿਆਂ ਨੇ ਤਾਂ ਭੁਲੱਥ ਥਾਣੇ ਵਿਚ ਬਾਕਾਇਦਾ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ 2 ਏਜੰਟ ਗ੍ਰਿਫ਼ਤਾਰ ਵੀ ਕਰ ਲਏ ਗਏ ਹਨ। ਬਾਕੀਆਂ ਕੁਝ ਬਾਰੇ ਪਤਾ ਲੱਗ ਰਿਹਾ ਹੈ ਕਿ ਉਹ ਦੁਆਬੇ ਖੇਤਰ ਦੇ ਹੀ ਪਿੰਡਾਂ ਦੇ ਨੌਜਵਾਨ ਹਨ, ਇਨ੍ਹਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ 25-25 ਲੱਖ ਰੁਪਏ ਲੈ ਕੇ ਅਮਰੀਕਾ ਜਾਣ ਦਾ ਝਾਂਸਾ ਦਿੱਤਾ ਗਿਆ ਸੀ। ਕਈਆਂ ਨੌਜਵਾਨਾਂ ਨੇ 10-10 ਲੱਖ ਰੁਪਏ ਪੇਸ਼ਗੀ ਵੀ ਦੇ ਦਿੱਤੇ ਸਨ। ਹੁਣ ਤੱਕ ਸਾਹਮਣੇ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ ਅੱਧ ਵਿਚ ਇਹ ਨੌਜਵਾਨ ਪੰਜਾਬ ਤੋਂ ਅਮਰੀਕਾ ਜਾਣ ਲਈ ਤੁਰੇ ਸਨ। ਵੱਖ-ਵੱਖ ਥਾਂਵਾਂ ‘ਤੇ ਧੱਕੇ-ਧੋੜੇ ਖਾਂਦਿਆਂ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਕੋਲੰਬੀਆ ਦੇ ਟਰਬੋ ਸ਼ਹਿਰ ‘ਚ ਪੁੱਜੇ ਸਨ। ਇਕ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ 10 ਜਨਵਰੀ ਨੂੰ ਫੋਨ ਆਇਆ ਸੀ ਕਿ ਉਹ ਹੁਣ ਅਮਰੀਕਾ ਵੱਲ ਚਾਲੇ ਪਾ ਰਹੇ ਹਨ ਅਤੇ 10 ਕੁ ਦਿਨ ਵਿਚ ਅਮਰੀਕਾ ਪਹੁੰਚ ਜਾਣਗੇ। ਪਰ ਤੀਜੇ-ਚੌਥੇ ਦਿਨ ਭੋਗਪੁਰ ਲਾਗਲੇ ਪਿੰਡ ਲਡੋਈ ਦੇ ਇਕ ਨੌਜਵਾਨ ਦਾ ਫੋਨ ਆਉਣ ‘ਤੇ ਪਤਾ ਲੱਗਾ ਕਿ ਅਮਰੀਕਾ ਨੂੰ ਜਾਣ ਵਾਲੀ ਇਹ ਕਿਸ਼ਤੀ ਤਾਂ ਵਿਚਾਲੇ ਹੀ ਡੁੱਬ ਗਈ ਹੈ। ਹੁਣ ਤੱਕ ਇਹੀ ਸਮਝਿਆ ਜਾ ਰਿਹਾ ਹੈ ਕਿ ਡੁੱਬੇ ਨੌਜਵਾਨਾਂ ਵਿਚੋਂ ਸਿਰਫ ਇਕ-ਦੋ ਨੌਜਵਾਨ ਹੀ ਬਚੇ ਹਨ। ਵਿਕਸਿਤ ਮੁਲਕਾਂ ਵੱਲ ਪ੍ਰਵਾਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਮੁੱਢ ਕਦੀਂਮ ਤੋਂ ਹੀ ਅਜਿਹਾ ਪ੍ਰਵਾਸ ਚੱਲਦਾ ਆਇਆ ਹੈ। ਪਰ ਜੇਕਰ ਇਹ ਪ੍ਰਵਾਸ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਕੀਤਾ ਜਾਵੇ, ਤਾਂ ਇਸ ਵਰਗੀ ਕੋਈ ਰੀਸ ਨਹੀਂ। ਪਰ ਜਦ ਵਿਕਸਿਤ ਮੁਲਕਾਂ ਵੱਲ ਪ੍ਰਵਾਸ ਲਈ ਗੈਰ ਕਾਨੂੰਨੀ ਅਤੇ ਖਤਰਨਾਕ ਤਰੀਕੇ ਅਪਣਾਏ ਜਾਂਦੇ ਹਨ, ਤਾਂ ਇਸ ਦੇ ਨਤੀਜੇ ਹਮੇਸ਼ਾ ਭਿਆਨਕ ਹੀ ਨਿਕਲਦੇ ਹਨ। 25 ਦਸੰਬਰ 1996 ਨੂੰ ਇਸੇ ਤਰ੍ਹਾਂ ਦਾ ਹੀ ਮਾਲਟਾ ਕਾਂਡ ਵਾਪਰਿਆ ਸੀ। ਇਸ ਕਾਂਡ ਵਿਚ ਇਟਲੀ ਲਾਗੇ ਸਮੁੰਦਰ ਵਿਚ ਕਿਸ਼ਤੀ ਡੁੱਬਣ ਨਾਲ 150 ਤੋਂ ਵੱਧ ਪੰਜਾਬੀ ਨੌਜਵਾਨ ਮਾਰੇ ਗਏ ਸਨ। ਇਸ ਮਾਮਲੇ ‘ਚ ਮਾਰੇ ਗਏ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਵੀ ਨਹੀਂ ਸੀ ਹੋ ਸਕੀ। ਜਿਸ ਕਾਰਨ ਅਜਿਹੇ ਅਭਾਗੇ ਨੌਜਵਾਨਾਂ ਦੇ ਵਾਰਸਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਵੀ ਨਹੀਂ ਮਿਲ ਸਕਿਆ ਅਤੇ ਨਾ ਹੀ ਇਨ੍ਹਾਂ ਨੌਜਵਾਨਾਂ ਕੋਲੋਂ ਕਰੋੜਾਂ ਰੁਪਏ ਵਸੂਲ ਕੇ ਉਨ੍ਹਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਏਜੰਟਾਂ ਖਿਲਾਫ ਹੀ ਕੋਈ ਸਖਤ ਕਾਰਵਾਈ ਹੋ ਸਕੀ। ਮੌਜੂਦਾ ਕਾਂਡ ਵੀ ਲਗਭਗ ਉਸੇ ਤਰਜ ਦਾ ਹੈ। ਬੇਗਾਨੇ ਸਮੁੰਦਰ ਵਿਚ ਗੋਤੇ ਖਾ ਗਏ ਅਜਿਹੇ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਹੋ ਸਕਣੀ ਵੀ ਇੰਨਾ ਸੌਖਾ ਨਹੀਂ ਹੈ। ਬਾਹਰਲੇ ਮੁਲਕਾਂ ਸਮੇਤ ਭਾਰਤ ਵਿਚ ਮਾਲਟਾ ਕਾਂਡ ਵਾਪਰਨ ਸਮੇਂ ਗੈਰ ਕਾਨੂੰਨੀ ਢੰਗ ਨਾਲ ਦੂਸਰੇ ਮੁਲਕਾਂ ਨੂੰ ਆਉਣ ਸੰਬੰਧੀ ਕਾਫੀ ਹੋ-ਹੱਲਾ ਮੱਚਿਆ ਸੀ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀ ਦੇ ਅਜਿਹੇ ਧੰਦੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੇ ਦਾਅਵੇ ਵੀ ਕੀਤੇ ਗਏ ਸਨ, ਪਰ ਜਿਸ ਤਰ੍ਹਾਂ ਦੀਆਂ ਹੁਣ ਖ਼ਬਰਾਂ ਆ ਰਹੀਆਂ ਹਨ ਅਤੇ ਇਹ ਵੱਡਾ ਕਾਂਡ ਵਾਪਰ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਸਰਕਾਰਾਂ ਨੇ ਮਨੁੱਖੀ ਤਸਕਰੀ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਕੋਈ ਪਾਏਦਾਰ ਕਦਮ ਨਹੀਂ ਚੁੱਕਿਆ ਹੈ। ਮਨੁੱਖੀ ਤਸਕਰੀ ਦੇ ਇਸ ਗੈਰ ਕਾਨੂੰਨੀ ਧੰਦੇ ਵਿਚ ਜਿਥੇ ਸਥਾਨਕ ਏਜੰਟ ਹਨ, ਉਥੇ ਦਿੱਲੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਏਜੰਟਾਂ ਦਾ ਜਾਲ ਵਿਛਿਆ ਹੋਇਆ ਹੈ। ਹਰ ਨੌਜਵਾਨ ਤੋਂ ਲਏ 25-25 ਲੱਖ ਵਿੱਚੋਂ ਵੱਖ-ਵੱਖ ਪੱਧਰਾਂ ‘ਤੇ ਇਹ ਪੈਸੇ ਵੰਡੇ ਜਾਂਦੇ ਹਨ। ਪੁਲਿਸ ਵੱਲੋਂ ਆਮ ਕਰਕੇ ਲੋਕਲ ਏਜੰਟਾਂ ਖਿਲਾਫ ਹੀ ਕਾਰਵਾਈ ਕਰਕੇ ਸਾਰ ਦਿੱਤਾ ਜਾਂਦਾ ਹੈ, ਜਦਕਿ ਵੱਡੇ ਏਜੰਟ ਸਿਆਸੀ ਸਰਪ੍ਰਸਤੀ ਕਾਰਨ ਸਰਕਾਰੀ ਮਾਰ ਤੋਂ ਬੱਚ ਜਾਂਦੇ ਹਨ।
ਮਾਲਟਾ ਕਾਂਡ ਵੇਲੇ ਅਜਿਹਾ ਹੀ ਵਾਪਰਿਆ ਸੀ। ਹੁਣ ਵੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਮਨੁੱਖੀ ਤਸਕਰੀ ਵਿਚ ਪਏ ਲੋਕਾਂ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ, ਤਾਂਕਿ ਹੋਰ ਲੋਕ ਅਜਿਹਾ ਕਰਨ ਤੋਂ ਝਿਜਕਣ ਲੱਗਣ। ਆਮ ਤੌਰ ‘ਤੇ ਵੇਖਿਆ ਹੈ ਕਿ ਸਾਡੇ ਪੰਜਾਬੀ ਕਾਨੂੰਨੀ ਤੌਰ ‘ਤੇ ਵਿਦੇਸ਼ਾਂ ‘ਚ ਆਉਣ ਦਾ ਰਾਹ ਅਖਤਿਆਰ ਨਹੀਂ ਕਰਦੇ, ਸਗੋਂ ਲੱਖਾਂ ਰੁਪਏ ਦੇ ਕੇ ਸੌਖੇ ਢੰਗ ਨਾਲ ਵਿਦੇਸ਼ੀਂ ਜਾਣ ਦਾ ਰਾਹ ਅਖਤਿਆਰ ਕਰ ਲੈਂਦੇ ਹਨ। ਸ਼ੁਰੂ ਵਿਚ ਏਜੰਟਾਂ ਵੱਲੋਂ ਵੱਖ-ਵੱਖ ਰਸਤਿਆਂ ਵਿਚ ਆਉਣ ਵਾਲੀਆਂ ਔਖਿਆਈਆਂ ਅਤੇ ਖਤਰਨਾਕ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਹਨੇਰੇ ਵਿਚ ਰੱਖਿਆ ਜਾਂਦਾ ਹੈ। ਅਜਿਹੇ ਨੌਜਵਾਨਾਂ ਨੂੰ ਉਦੋਂ ਪਤਾ ਲੱਗਦਾ ਹੈ, ਜਦ ਉਨ੍ਹਾਂ ਨੂੰ ਬੀਆਬਾਨ ਜੰਗਲਾਂ ਅਤੇ ਡੂੰਘੇ ਸਮੁੰਦਰਾਂ ਵਿਚੋਂ ਗੁਜ਼ਰ ਕੇ ਅਗਲੀਆਂ ਮੰਜ਼ਿਲਾਂ ਵੱਲ ਜਾਣਾ ਪੈਂਦਾ ਹੈ। ਰਸਤਿਆਂ ਵਿਚ ਹੁਣ ਤੱਕ ਹਜ਼ਾਰਾਂ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਪਹਿਲਾਂ ਮੈਕਸੀਕੋ ਆਉਣੇ ਸਨ, ਤੇ ਉਥੋਂ ਟਰੱਕਾਂ ਰਾਹੀਂ ਅਮਰੀਕਾ ਦਾ ਬਾਰਡਰ ਲੰਘਣੇ ਸਨ। ਮੈਕਸੀਕੋ ਤੋਂ ਟਰੱਕਾਂ ਵਿਚ ਲੱਦ ਕੇ ਲਿਆਂਦੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਹਾਲ ਕਈ ਵਾਰ ਸਾਹਮਣੇ ਆ ਚੁੱਕਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਟਰੱਕਾਂ ਵਿਚ ਡੰਗਰਾਂ ਦੀ ਤਰ੍ਹਾਂ ਤੂੜ ਲਿਆ ਜਾਂਦਾ ਹੈ। ਕਈ ਵਾਰੀ ਇਹ ਲੋਕ ਬਾਰਡਰ ਲੰਘ ਆਉਂਦੇ ਹਨ ਅਤੇ ਕਈ ਵਾਰ ਉਥੇ ਹੀ ਫੜੇ ਜਾਂਦੇ ਹਨ ਅਤੇ ਕਾਫੀ ਸਮਾਂ ਜੇਲ੍ਹਾਂ ਦੀ ਹਵਾ ਫੱਕ ਕੇ ਵਾਪਸ ਭੇਜ ਦਿੱਤੇ ਜਾਂਦੇ ਹਨ। ਸਾਡੇ ਪੰਜਾਬੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਸ ਸਮੇਂ ਵਿਦੇਸ਼ਾਂ ਵਿਚ ਪ੍ਰਵਾਸ ਦੇ ਅਨੇਕਾਂ ਕਾਨੂੰਨੀ ਮੌਕੇ ਮੁਹੱਈਆ ਹਨ। ਲੋਕਾਂ ਨੂੰ ਇਨ੍ਹਾਂ ਕਾਨੂੰਨੀ ਮੌਕਿਆਂ ਨੂੰ ਹੀ ਬਾਹਰਲੇ ਮੁਲਕਾਂ ਵਿਚ ਆਉਣ ਲਈ ਵਰਤਣਾ ਚਾਹੀਦਾ ਹੈ। ਆਪਣੀ ਜਾਨ ਖਤਰੇ ਵਿਚ ਪਾ ਕੇ, ਆਪਣੀ ਖੂਨ-ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਰੋੜ੍ਹਨੇ ਅਤੇ ਵੱਡੀਆਂ ਮੁਸ਼ਕਿਲਾਂ ਸਹੇੜਨਾ ਕਿਸੇ ਵੀ ਤਰ੍ਹਾਂ ਦਰੁੱਸਤ ਨਹੀਂ ਹੈ।
ਪ੍ਰਵਾਸੀ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਕੇ-ਸੰਬੰਧੀਆਂ ਅਤੇ ਹੋਰ ਜਾਣ-ਪਹਿਚਾਣ ਵਾਲਿਆਂ ਨੂੰ ਇਸ ਸੰਬੰਧੀ ਸਹੀ ਜਾਣਕਾਰੀ ਦਿੰਦੇ ਰਹਿਣ, ਤਾਂਕਿ ਅਜਾਈਂ ਮੌਤੇ ਮਰ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ। ਪੰਜਾਬ ਵਿਚ ਇਹ ਬੜਾ ਵੱਡਾ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਯੂਰਪ, ਇੰਗਲੈਂਡ ਜਾਂ ਅਮਰੀਕਾ-ਕੈਨੇਡਾ ਜਾ ਕੇ ਚੰਦ ਦਿਨਾਂ ਵਿਚ ਹੀ ਧੜਾਧੜ ਵੱਡੀ ਪੱਧਰ ‘ਤੇ ਪੈਸੇ ਕਮਾਏ ਜਾ ਸਕਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ 25 ਲੱਖ ਰੁਪਏ ਦੇ ਕੇ ਗੈਰ ਕਾਨੂੰਨੀ ਢੰਗਾਂ ਨਾਲ ਆਉਣਾ ਕਿਸੇ ਵੀ ਤਰ੍ਹਾਂ ਅਕਲਮੰਦੀ ਨਹੀਂ। ਇਸ ਦਾ ਪਹਿਲਾ ਖਤਰਨਾਕ ਨਤੀਜਾ ਇਹ ਹੈ ਕਿ ਰਸਤੇ ਵਿਚ ਹੀ ਤੁਸੀਂ ਜਾਨ ਤੋਂ ਹੱਥ ਧੋ ਸਕਦੇ ਹੋ। ਦੂਜਾ, ਬਾਹਰਲੇ ਮੁਲਕਾਂ ‘ਚ ਆ ਕੇ ਇਸ ਵੇਲੇ ਕੰਮ ਕਰਨਾ ਕੋਈ ਆਸਾਨ ਗੱਲ ਨਹੀਂ ਹੈ ਅਤੇ ਤੀਜਾ, 25 ਲੱਖ ਰੁਪਏ ਕਮਾਉਣੇ ਵੀ ਇਥੇ ਆ ਕੇ ਹੁਣ ਖਾਲਾ ਜੀ ਦਾ ਵਾੜਾ ਨਹੀਂ ਹੈ। ਪਹਿਲੇ ਜ਼ਮਾਨੇ ਵਿਚ ਗੈਰ ਕਾਨੂੰਨੀ ਪ੍ਰਵਾਸ ਲਈ ਮੌਕੇ ਵਧੇਰੇ ਸਨ, ਕਿਉਂਕਿ ਉਸ ਸਮੇਂ ਵਿਕਸਿਤ ਮੁਲਕਾਂ ਵਿਚ ਆਉਂਦਿਆਂ ਹੀ ਪੰਜਾਬੀਆਂ ਨੂੰ ਸਿਆਸੀ ਸ਼ਰਨ ਮਿਲ ਜਾਂਦੀ ਸੀ ਅਤੇ ਪਿੱਛੇ ਏਜੰਟਾਂ ਨੂੰ ਪੈਸੇ ਵੀ ਬਹੁਤ ਘੱਟ ਦੇਣੇ ਪੈਂਦੇ ਸਨ। ਉਸ ਸਮੇਂ ਵਿਦੇਸ਼ਾਂ ਨੂੰ ਆਉਣ ਲਈ ਸਮੁੰਦਰਾਂ ਜਾਂ ਜੰਗਲਾਂ ਦਾ ਰਸਤਾ ਵੀ ਨਹੀਂ ਸੀ ਅਖਤਿਆਰ ਕੀਤਾ ਜਾਂਦਾ, ਸਗੋਂ ਹਵਾਈ ਜਹਾਜ਼ਾਂ ਰਾਹੀਂ ਹੀ ਇਕ-ਦੂਜੇ ਮੁਲਕ ਵਿਚ ਜਾਂਦੇ ਸਨ। ਪਰ ਹੁਣ ਹਾਲਾਤ ਬਦਲ ਚੁੱਕੇ ਹਨ।
ਹੁਣ ਹਵਾਈ ਜਹਾਜ਼ਾਂ ਦੀ ਥਾਂ ਬੇਹੱਦ ਖਤਰਨਾਕ ਰਸਤਿਆਂ ਤੋਂ ਗੁਜ਼ਰਨਾ ਪੈਂਦਾ ਹੈ ਅਤੇ ਅੱਗੇ ਵਿਕਸਿਤ ਮੁਲਕਾਂ ਵਿਚ ਰਾਜਸੀ ਸ਼ਰਨ ਮਿਲਣ ਦੀ ਗੁੰਜਾਇਸ਼ ਵੀ ਹੁਣ ਨਾ-ਮਾਤਰ ਹੀ ਹੈ। ਸਾਡਾ ਸੁਝਾਅ ਹੈ ਕਿ ਖੁਦ ਪੰਜਾਬੀ ਵੀ ਇਸ ਗੱਲ ਨੂੰ ਸਮਝਣ ਕਿ ਗੈਰ ਕਾਨੂੰਨੀ ਢੰਗ ਨਾਲ ਕੀਤਾ ਗਿਆ ਪ੍ਰਵਾਸ ਕਿਸੇ ਵੀ ਤਰ੍ਹਾਂ ਵਿਕਸਿਤ ਮੁਲਕਾਂ ਵਿਚ ਉਨ੍ਹਾਂ ਨੂੰ ਚੰਗਾ ਜੀਵਨ ਗੁਜ਼ਾਰਨ ਦਾ ਰਾਹ ਨਹੀਂ ਖੋਲ੍ਹ ਸਕੇਗਾ। ਇਸ ਦੇ ਉਲਟ ਸਗੋਂ ਪੜ੍ਹਾਈ, ਵਿਆਹ, ਵਰਕ ਪਰਮਿਟ, ਗੋਦ ਲੈਣ ਵਰਗੇ ਅਨੇਕ ਰਸਤੇ ਹਨ, ਜਿਨ੍ਹਾਂ ਰਾਹੀਂ ਚਾਹਵਾਨ ਨੌਜਵਾਨ ਵਿਦੇਸ਼ਾਂ ਵਿਚ ਆ ਸਕਦੇ ਹਨ ਅਤੇ ਚੰਗਾ ਜੀਵਨ ਗੁਜ਼ਾਰ ਸਕਦੇ ਹਨ। ਸੋ ਸਾਡੀ ਅਪੀਲ ਹੈ ਕਿ ਜਿਥੇ ਇਕ ਪਾਸੇ ਸਰਕਾਰਾਂ ਮਨੁੱਖੀ ਤਸਕਰੀ ਦਾ ਗੈਰ ਕਾਨੂੰਨੀ ਧੰਦਾ ਰੋਕਣ ਲਈ ਸਖ਼ਤ ਕਦਮ ਚੁੱਕਣ, ਉਥੇ ਲੋਕ ਖੁਦ ਵੀ ਅੱਖਾਂ ਖੋਲ੍ਹ ਕੇ ਹਕੀਕਤ ਨੂੰ ਪਛਾਨਣ ਅਤੇ ਅਜਿਹੇ ਗਲਤ ਰਾਹ ਪੈ ਕੇ ਪੈਸੇ ਅਤੇ ਜਾਨ ਦਾ ਖਤਰਾ ਮੁੱਲ ਨਾ ਲੈਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.