ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
ਗੁਰੂ ਸਾਹਿਬਾਨਾਂ ਦੇ ਨਾਮ
ਗੁਰੂ ਸਾਹਿਬਾਨਾਂ ਦੇ ਨਾਮ
Page Visitors: 2413

ਗੁਰੂ ਸਾਹਿਬਾਨਾਂ ਦੇ ਨਾਮ
 ਪ੍ਰੋ. ਕਸ਼ਮੀਰਾ ਸਿੰਘ USA
    ਪਹਿਲੇ ਸਤਿਗੁਰੂ ਜੀ ਦੇ 550ਵੇਂ ਪ੍ਰਕਾਸ਼ ਦਿਨ ਸੰਬੰਧੀ, ਬਹੁਤ ਸਾਰੇ ਟੀ. ਵੀ. ਚੈਨਲ, ਸ਼੍ਰੋ. ਕਮੇਟੀ ਅਤੇ ਸਰਕਾਰ ਦੇ ਬੁਲਾਰੇ, ਪ੍ਰਕਾਸ਼ ਦਿਹਾੜੇ ਬਾਰੇ ਸੂਚਨਾ ਦੇਣ ਸਮੇਂ ਪਹਿਲੇ ਸਤਿਗੁਰੂ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਦੀ ਥਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ । ਕੀ ਅਜਿਹਾ ਵਰਤਾਰਾ ਠੀਕ ਹੈ? ਕੀ ਕਿਸੇ ਦਾ ਨਾਂ ਬਦਲ ਕੇ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਦੇਖਣ ਦੀ ਲੋੜ ਹੈ ਅਤੇ ਹੋਰ ਪ੍ਰਵਾਨਤ ਸ੍ਰੋਤਾਂ ਨੂੰ ਵੀ ਘੋਖਣ ਦੀ ਲੋੜ ਹੈ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੀ ਹਨ । ਛੇ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਅਤੇ 4 ਨਾਂ ਬਾਹਰ ਦੀਆਂ ਪ੍ਰਵਾਨਤ ਰਚਨਾਵਾਂ ਵਿੱਚੋਂ ਦੇਖਣੇ ਬਣਦੇ ਹਨ ।
    ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਪਾਤਿਸ਼ਾਹਾਂ ਦੇ ਨਾਂ ਪ੍ਰਤੱਖ ਤੌਰ ਉੱਤੇ ਲਿਖੇ ਮਿਲ਼ਦੇ ਹਨ । ਭੱਟ ਕਵੀਆਂ ਨੇ ਪਹਿਲੇ ਪੰਜ ਗੁਰੂ ਪਾਤਿਸ਼ਾਹਾਂ ਦੀ ਸਿਫ਼ਤਿ ਵਿੱਚ ਸਵੱਯੇ ਉੱਚਾਰਨ ਕਰਦਿਆਂ ਉਨ੍ਹਾਂ ਦੇ ਨਾਂ ਵਰਤੇ ਹਨ । ਪੰਜਵੇਂ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਬੇਟੇ ਦਾ ਨਾਂ ਵਰਤਿਆ ਹੈ ਜੋ ਛੇਵੇਂ ਗੁਰੂ ਜੀ ਬਣੇ । ਸੱਚੇ ਸ੍ਰੋਤ ਤੋਂ ਮਿਲ਼ਦੀ ਏਨੀ ਸਪੱਸ਼ਟ ਜਾਣਕਾਰੀ ਦੇ ਹੁੰਦਿਆਂ ਵੀ ਸ਼੍ਰੋ. ਕਮੇਟੀ ਸਿੱਖ ਜਗਤ ਨੂੰ ਗੁਰੂ ਪਾਤਿਸ਼ਾਹਾਂ ਦੇ ਠੀਕ ਨਾਵਾਂ ਬਾਰੇ ਅੱਜ ਤਕ ਕੋਈ ਸੇਧ ਨਹੀਂ ਦੇ ਸਕੀ ।
    ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ਼ਦੀ ਜਾਣਕਾਰੀ ਅਨੁਸਾਰ ਕਿਸੇ ਵੀ ਗੁਰੂ ਪਾਤਿਸ਼ਾਹ ਦੇ ਨਾਂ ਨਾਲ਼ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ । ਗੁਰਬਾਣੀ ਅਤੇ ਹੋਰ ਪ੍ਰਮਾਣਕ ਸਾਹਿਤ ਵਿੱਚੋਂ ਕੁੱਝ ਪ੍ਰਮਾਣਾਂ ਦੀ ਰੌਸ਼ਨੀ ਵਿੱਚ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਸੰਬੰਧੀ ਵਿਚਾਰ ਕਰਨੀ ਇੱਸ ਲੇਖ ਦਾ ਪ੍ਰਯੋਜਨ ਹੈ ।
    1. ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਸੰਬੰਧੀ ਪ੍ਰਮਾਣ:
        ੳ). ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
        ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥
        ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
        ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥
        ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
॥4॥
        (ਗਗਸ ਪੰਨਾਂ 1399)
        ਚੰਦੁ- ਗਿਆਨ ਦੀ ਰੌਸ਼ਨੀ ਵੰਡਣ ਵਾਲ਼ਾ
        ਅ). ਇਕ ਮਨਿ ਪੁਰਖੁ ਧਿਆਇ ਬਰਦਾਤਾ॥ ਸੰਤ ਸਹਾਰੁ ਸਦਾ ਬਿਖਿਆਤਾ॥
            ਤਾਸੁ ਚਰਨ ਲੇ ਰਿਦੈ ਬਸਾਵਉ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ
॥1॥ (ਗਗਸ ਪੰਨਾਂ 1378)
        ੲ). ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿ ਆਵੈ॥ (ਗਗਸ ਪੰਨਾਂ 1396)
        ਵਿਚਾਰ: ਉੱਪਰੋਕਤ ਪ੍ਰਮਾਣਾ ਵਿੱਚ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਨਾਲ਼ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਮਿਲ਼ਦੀ । ਕੀਰਤਨ ਤੋਂ ਪਹਿਲਾਂ ਕਈ ਜਥੇ ‘ਧੰਨੁ ਗੁਰੂ ਨਾਨਕ’ ਦਾ ਜਾਪ ਕਰਦੇ ਹਨ ਜੋ ਠੀਕ ਹੈ ਕਿਉਂਕਿ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ । ਕਥਾ ਵਿੱਚ ਕੁੱਝ ਸੱਜਣ ਪਹਿਲੇ ਗੁਰੂ ਜੀ ਨੂੰ ‘ਮੇਰੇ ਧੰਨੁ ਗੁਰੂ ਨਾਨਕ’ ਕਹਿੰਦੇ ਹਨ ਜੋ ਨਾਂ ਅਨੁਸਾਰ ਠੀਕ ਹੈ । ਕਈ ਕਥਾਕਾਰ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਹੀ ਵਰਤਦੇ ਹਨ ਜੋ ਠੀਕ ਹੈ । ਕਈ ਸੱਜਣ ਗੁਰੂ ਵਿਅੱਕਤੀਆਂ ਦੇ ਨਾਵਾਂ ਨਾਲ਼ ‘ਪਾਤਿਸ਼ਾਹ’ ਜਾਂ ‘ਸਾਹਿਬ ਪਾਤਿਸ਼ਾਹ’ ਵੀ ਵਰਤਦੇ ਹਨ ਜੋ ਬਿਲਕੁਲ ਠੀਕ ਹੈ।
 ‘ਦੇਵ’ ਸ਼ਬਦ ਦੀ ਵਰਤੋਂ ਦਾ ਰਿਵਾਜ਼ ਵੀ ਚੱਲ ਚੁੱਕਾ ਹੈ ਜੋ ਗੁਰਬਾਣੀ ਅਨੁਸਾਰ ਯੋਗ ਨਹੀਂ ਹੈ ।
  ਅੰਮ੍ਰਿਤਸਰ ਯੂਨੀਵਰਸਿਟੀ ਦਾ ਰੱਖਿਆ ਨਾਂ ਪਹਿਲਾਂ ‘ਗੁਰੂ ਨਾਨਕ ਯੂਨੀਵਰਸਿਟੀ’ ਠੀਕ ਹੀ ਸੀ ਜੋ ਬਾਅਦ ਵਿੱਚ ਬਦਲ ਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਰੱਖ ਦਿੱਤਾ ਗਿਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ‘ਗੁਰੂ ਨਾਨਕ ਦੇਵ’ ਨਾਂ ਨਹੀਂ ਹੈ ।
  ਸ਼੍ਰੋ. ਕਮੇਟੀ ਨੂੰ ਠੀਕ ਨਾਂ ਪ੍ਰਚਾਰਨੇ ਚਾਹੀਦੇ ਸਨ ਪਰ ਉਸ ਦੇ ਮੁਲਾਜ਼ਮ ਆਪ ਹੀ ‘ਦੇਵ’ ਸ਼ਬਦ ਦੀ ਵਰਤੋਂ ਕਰਨ ਤੋਂ ਨਹੀਂ ਹਟਦੇ । ਟੀ.ਵੀ. ਚੈਨਲਾਂ ਰਾਹੀਂ ਖ਼ਬਰਾਂ ਪੜ੍ਹਨ ਵਾਲ਼ਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਅਨੁਸਾਰ ਹੀ ਗੁਰੂ ਪਾਤਿਸ਼ਾਹਾਂ ਦੇ ਨਾਂ ਬੋਲਣ, ਭਾਵ, ਦੇਵ ਦੀ ਥਾਂ ਸਾਹਿਬ ਜਾਂ ਪਾਤਿਸ਼ਾਹ ਸ਼ਬਦ ਦੀ ਵਰਤੋਂ ਕਰਨ ।
   2. ਪੰਜਵੇਂ ਗੁਰੂ ਜੀ ਦੇ ਨਾਂ ਬਾਰੇ ਪ੍ਰਮਾਣ:
        ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ॥ ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ॥
        ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ
॥3॥
        ਵਿਚਾਰ: ਭੱਟਾਂ ਦੇ ਸਵੱਯਾਂ ਵਿੱਚ 20 ਵਾਰੀ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜੁਨ ਹੀ ਲਿਖਿਆ ਗਿਆ ਹੈ ਪਰ ਬੋਲਣ ਵਾਲ਼ੇ ਪਤਾ ਨਹੀਂ ‘ਅਰਜਨ’ ਸ਼ਬਦ ਜੋੜ ਕਿਉਂ ਵਰਤਦੇ ਹਨ । ਬਹੁਤੇ ਰਾਗੀ ਸੱਜਣ ਵੀ ਕੀਰਤਨ ਵਿੱਚ ‘ਅਰਜੁਨ’ ਸ਼ਬਦ ਦੀ ਥਾਂ ‘ਅਰਜਨ’ ਸ਼ਬਦ ਹੀ ਬੋਲਦੇ ਹਨ ਜੋ ਗੁਰਬਾਣੀ ਅਨੁਸਾਰ ਠੀਕ ਨਹੀਂ ਹੈ । ਭਾਸ਼ਾ ਅਨੁਸਾਰ ‘ਅਰਜਨ’ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ- ਖੱਟਣਾ ਜਾਂ ਕਮਾਉਣਾ । ‘ਅਰਜੁਨ’ ਵੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ- ਇੱਕ ਸਦਾ ਬਹਾਰ ਮਜ਼ਬੂਤ ਰੁੱਖ । ਪੜ੍ਹਨ ਸਮੇਂ ਫ਼ੈਸਲਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਠੀਕ ਹੁੰਦਾ ਹੈ ।
        ਭਾਈ ਸੱਤੇ ਅਤੇ ਭਾਈ ਬਲਵੰਡ ਦੀ ਲਿਖੀ ‘ਰਾਮਕਲੀ ਕੀ ਵਾਰ’ ਵਿੱਚ ਪੰਜਵੇਂ ਗੁਰੂ ਜੀ ਦੇ ਨਾਂ ਲਈ ‘ਅਰਜਨ’ ਸ਼ਬਦ ਜੋੜ ਵਰਤੇ ਗਏ ਹਨ । ਗੁਰਬਾਣੀ ਸ਼ਬਦ-ਜੋੜਾਂ ਦੀ ਖੋਜ ਦੇ ਮਾਹਰ ਭਾਈ ਹਰਜਿੰਦਰ ਸਿੰਘ ਘੜਸਾਣਾ ਗੰਗਾਨਗਰ ਦੇ ਵਿਚਾਰਾਂ ਅਨੁਸਾਰ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜਨ ਸਾਹਿਬ ਹੀ ਚਾਹੀਦਾ ਹੈ । ਭਾਈ ਘੜਸਾਣਾ ਨੇ ਤਰਕ ਦਿੱਤਾ ਹੈ ਕਿ ‘ਅਰਜੁਨ’ ਸ਼ਬਦ ਸੰਸਕ੍ਰਿਤ ਸ਼ੈਲੀ ਅਨੁਸਾਰ ਲਿਖਿਆ ਗਿਆ ਹੈ ਅਤੇ ‘ਅਰਜਨ’ ਸ਼ਬਦ ਲਹਿੰਦੀ ਪੰਜਾਬੀ ਅਨੁਸਾਰ ਲਿਖਿਆ ਗਿਆ ਹੈ ਜਿਸ ਲਈ ਪੰਜਾਬੀ ਨਾਂ ਗੁਰੂ ਅਰਜਨ ਸਾਹਿਬ ਹੀ ਰੱਖਣਾ ਚਾਹੀਦਾ ਹੈ । ਪੜ੍ਹਨ ਸਮੇਂ ‘ਅਰਜੁਨ’ ਸ਼ਬਦ ਨੂੰ /ਜੁ/ ਧੁਨੀ ਨਾਲ਼ ਹੀ ਬੋਲਿਆ ਜਾਵੇਗਾ ।
    3. ਛੇਵੇਂ ਗੁਰੂ ਜੀ ਦਾ ਨਾਂ ਗੁਰਬਾਣੀ ਵਿੱਚ:
        ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥
        ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ
॥1॥ (ਗਗਸ ਪੰਨਾਂ 500/17)
    4. ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਂ:
        ੳ). ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿਰਾਇ।
            ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ
। 87। (ਤੌਸੀਫ਼ੋ ਸਨਾ ਵਿੱਚੋਂ)
    ਅਰਥ: - ਗੁਰੂ ਹਰਿ ਰਾਇ ਜੀ ਹੱਕ ਦੇ ਪਾਲਣ ਅਤੇ ਸੱਚ ਦੇ ਮਜ਼ਹਬ ਵਾਲ਼ੇ ਹਨ ਜੋ ਬਾਦਿਸ਼ਾਹ ਅਤੇ ਦਰਵੇਸ਼ ਵੀ ਹਨ ।
 ਅ). ਹਮੂ ਹਰਿਕ੍ਰਿਸ਼ਨ ਆਮਦਹ ਸਰਬੁਲੰਦ।
     ਅਜ਼ੋ ਹਾਸਿਲ ਉਮੀਦਿ ਹਰ ਮੁਸਤਮੰਦ
। 25 । (ਜੋਤਿ ਬਿਗਾਸ ਵਿੱਚੋਂ, ਭਾਈ ਨੰਦਲਾਲ)
        ਵਿਚਾਰ: ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਵਿੱਚ ‘ਹਰਿ’ ਸ਼ਬਦ ਦੀ ਵਰਤੋਂ ਉੱਪਰੋਕਤ ਪ੍ਰਮਾਣਾ ਵਿੱਚ ਮਿਲ਼ਦੀ ਹੈ । ਦੇਖਿਆ ਗਿਆ ਹੈ ਕਿ ਬੋਲਣ ਅਤੇ ਲਿਖਣ ਵਿੱਚ ‘ਹਰਿ’ ਸ਼ਬਦ ਦੀ ਥਾਂ ‘ਹਰ’ ਸ਼ਬਦ ਹੀ ਪ੍ਰਚੱਲਤ ਕਰ ਦਿੱਤਾ ਗਿਆ ਹੈ ਜੋ ਇੱਕ ਧੋਖਾ ਹੈ ਕਿਉਂਕਿ ਦੁਨੀਆਂ ਵਿੱਚ ਕਿਸੇ ਵੀ ਵਿਅੱਕਤੀ ਦਾ ਸਹੀ ਨਾਂ ਬਦਲਿਆ ਨਹੀਂ ਜਾ ਸਕਦਾ ਹੈ । ਕੀ ਕੋਈ ਸਿਮਰਨ ਸਿੰਘ ਨੂੰ ਸਮਰਨ ਸੰਘ ਕਹਿ ਕੇ ਬੁਲਾ ਸਕਦਾ ਹੈ?
 ਕੀ ਸਿਮਰਨ ਸਿੰਘ ਅਜਿਹੇ ਵਤੀਰੇ ਨੂੰ ਸਹਾਰ ਸਕੇਗਾ?
 ਕੀ ਕੋਈ ਹਰਿਤਿੱਕ ਨੂੰ ਹਰੱਤਕ ਕਹਿ ਕੇ ਬੁਲਾ ਸਕਦਾ ਹੈ?
 ਜੇ ਨਹੀਂ ਤਾਂ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਨੂੰ ਬਦਲ ਕੇ ਬੋਲਣ ਅਤੇ ਲਿਖਣ ਦਾ ਕਿੱਸ ਨੂੰ ਹਕ ਹੈ?
 ਕੀ ਇਹ ਸਿਆਣਪ ਹੈ ਕਿ ਬੇਸਮਝੀ?
 ਅੰਗ੍ਰੇਜ਼ੀ ਵਿੱਚ ਨਾਂ ਲਿਖਣ ਵਾਲ਼ੇ ‘ਹਰਿ =Hari’ ਨੂੰ ‘ਹਰ =Har’ ਲਿਖ ਰਹੇ ਹਨ ਜੋ ਗ਼ਲਤ ਪਰਪਾਟੀ ਹੈ । ਇਸ ਵਿੱਚ ਗੁਰਬਾਣੀ ਨੂੰ ਗ਼ਲਤ ਪੜ੍ਹਨ ਵਾਲ਼ਿਆਂ ਦਾ ਵੀ ਕਸੂਰ ਹੈ ਕਿਉਂਕਿ ਬਹੁਤੇ ਪਾਠੀ ਗੁਰਬਾਣੀ ਦੇ ‘ਹਰਿ’ ਸ਼ਬਦ ਨੂੰ ‘ਹਰ’ ਹੀ ਪੜ੍ਹ ਰਹੇ ਹਨ ਜਦੋਂ ਕਿ ਇਨ੍ਹਾਂ ਸ਼ਬਦਾਂ ਦੇ ਜੋੜ ਅਤੇ ਅਰਥ ਗੁਰਬਾਣੀ ਵਿੱਚ ਵੱਖ-ਵੱਖ ਹਨ ।
    5. ਨੌਵੇਂ ਅਤੇ ਦਸਵੇਂ ਗੁਰੂ ਜੀ ਦੇ ਨਾਂ:
  ੳ). ਮਹਾਨ ਕੋਸ਼ ਵਿੱਚ ਨੌਵੇਂ ਗੁਰੂ ਜੀ ਨੂੰ ਸਤਿਗੁਰੂ ਤੇਗ਼ ਬਹਾਦੁਰ ਕਰ ਕੇ ਲਿਖਿਆ ਗਿਆ ਹੈ । ਮਹਾਨ ਕੋਸ਼ ਵਿੱਚੋਂ ਫ਼ੋਟੋ ਕਾਪੀਆਂ ਦੇਖੋ:
    ਵਿਚਾਰ: ‘ਤੇਗ਼’ ਸ਼ਬਦ ਫ਼ਾਰਸੀ ਦਾ ਹੈ ਜਿਸ ਵਿੱਚ /ਗ਼/ ਦੀ ਵਰਤੋਂ ਹੁੰਦੀ ਹੈ ਅਤੇ ‘ਬਹਾਦੁਰ’ ਸ਼ਬਦ ਵੀ ਫ਼ਾਰਸੀ ਦਾ ਹੈ । ‘ਬਹਾ’ ਦਾ ਅਰਥ ਹੈ- ਰੌਸ਼ਨੀ ਦੇਣ ਵਾਲ਼ਾ ਜਾਂ ਚਮਕੀਲਾ । ‘ਦੁਰ’ ਦਾ ਅਰਥ ਹੈ- ਮੋਤੀ । ਜਦੋਂ ‘ਦੁਰ’ ਸ਼ਬਦ ਨੂੰ ਅਗੇਤਰ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਦੁਰਬਚਨ, ਦੁਰਗਮ ਆਦਿਕ ਤਾਂ ਓਦੋਂ ਇਹ ਫ਼ਾਰਸੀ ਦਾ ਸ਼ਬਦ ਨਾ ਹੋ ਕੇ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ । ਉਦਾਹਰਣ ਵਜੋਂ ਕਰਮ ਸ਼ਬਦ ਸੰਸਕ੍ਰਿਤ ਦਾ ਵੀ ਹੈ ਅਤੇ ਫ਼ਾਰਸੀ ਦਾ ਵੀ । ਜਦੋਂ ‘ਕਰਮ’ ਸ਼ਬਦ ਦਾ ਅਰਥ ਕੀਤੇ ਗਏ ਕੰਮ ਹੋਣ ਤਾਂ ਇਹ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ । ਜੇ ‘ਕਰਮ’ ਸ਼ਬਦ ਦੀ ਵਰਤੋਂ ਬਖ਼ਸ਼ਸ਼ ਦੇ ਰੂਪ ਵਿੱਚ ਹੁੰਦੀ ਹੈ ਤਾਂ ਇਹ ਸ਼ਬਦ ਫ਼ਾਰਸੀ ਦਾ ਹੁੰਦਾ ਹੈ । ‘ਨੀਚ ਕਰਮ’ ਵਿੱਚ ‘ਕਰਮ’ ਸ਼ਬਦ ਦੇ ਅਰਥ ਸੰਸਕ੍ਰਿਤ ਵਾਲ਼ੇ ਹਨ ਅਤੇ ‘ਕਰਮ ਖੰਡ’ ਵਿੱਚ ‘ਕਰਮ’ ਸ਼ਬਦ ਦੇ ਅਰਥ ਫ਼ਾਰਸੀ ਵਾਲ਼ੇ ਹਨ । ‘ਦਰ’ ਸ਼ਬਦ ਵੀ ਫ਼ਾਰਸੀ ਦਾ ਹੁੰਦਾ ਹੈ ਜਿਸ ਦਾ ਅਰਥ ਦਰਵਾਜ਼ਾ ਹੁੰਦਾ ਹੈ । ਨੌਵੇਂ ਗੁਰੂ ਜੀ ਦਾ ਸਹੀ ਨਾਂ ਗੁਰੂ ਤੇਗ਼ ਬਹਾਦੁਰ ਹੀ ਸਹੀ ਬਣਦਾ ਹੈ ਜਿਸ ਨੂੰ ਪ੍ਰਚਾਰ ਵਿੱਚ ਲਿਆਉਣ ਦੀ ਲੋੜ ਹੈ ।
   ਅ). ‘ਜੋਤਿ ਵਿਗਾਸ’ ਪੰਜਾਬੀ ਕ੍ਰਿਤ ਭਾਈ ਨੰਦ ਲਾਲ ਸਿੰਘ ਵਿੱਚ ਵੀ ਇਹੀ ਸ਼ਬਦ ਜੋੜ ਹਨ, ਜਿਵੇਂ:
        ਸੋ ਤੇਗ਼ ਬਹਾਦੁਰ ਸਤਿ ਸਰੂਪਨਾ।
        ਸੋ ਗੁਰੁ ਗੋਬਿੰਦ ਸਿੰਘ ਹਰਿ ਕਾ ਰੂਪਨਾ
। ੩੦ ।
    ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੌਣ ਪ੍ਰਚੱਲਤ ਕਰੇ?
 ਇਹ ਸਵਾਲ ਉੱਠਣਾ ਜ਼ਰੂਰੀ ਹੈ । ਕ੍ਰੋੜਾਂ ਰੁਪਇਆਂ ਤੋਂ ਵੀ ਵੱਧ ਬੱਜਟ ਵਾਲ਼ੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਦਾ ਮੁਢਲਾ ਫ਼ਰਜ਼ ਸੀ ਕਿ ਉਹ ਇਸ ਸੰਦਰਭ ਵਿੱਚ ਸਿੱਖਾਂ ਦੀ ਯੋਗ ਅਗਵਾਈ ਕਰਦੀ, ਪਰ ਅਜਿਹਾ ਨਹੀਂ ਹੋ ਸਕਿਆ । ਕੀ ਹੁਣ ਇਸ ਕਮੇਟੀ ਤੋਂ ਕੋਈ ਅਜਿਹੀ ਸੋਚ ਦੀ ਆਸ ਰੱਖੀ ਜਾ ਸਕਦੀ ਹੈ?
 ਆਸ ਤਾਂ ਜ਼ਰੂਰ ਹੈ, ਪਰ ਉੱਤਰ ਨਾਂਹ ਵਿੱਚ ਹੀ ਲੱਗਦਾ ਹੈ । ਸਿੱਖ ਰਹਤ ਮਰਯਾਦਾ ਬਣਾਉਣ ਤੋਂ ਹੁਣ ਤਕ ਸਿੱਖੀ ਦੇ ਮਸਲਿਆਂ ਵਿੱਚ ਜੋ ਸ਼੍ਰੋ. ਕਮੇਟੀ ਨੇ ਜੋ ਕੀਤਾ ਹੈ ਉਹ ਸੱਭ ਸਿੱਖ ਜਗਤ ਦੇ ਸਾਮ੍ਹਣੇ ਹੈ ।
    ਫਿਰ ਕੀ ਕੀਤਾ ਜਾਵੇ?
    ਹਰ ਇੱਕ ਸਿੱਖ ਨੂੰ ਹੰਭਲ਼ਾ ਮਾਰਨਾ ਪਵੇਗਾ । ਭਾਵੇਂ ਕੋਈ ਪ੍ਰਚਾਰਕ ਹੈ, ਗੁਰਦੁਆਰਾ ਕਮੇਟੀ ਵਿੱਚ ਅਹੁਦੇਦਾਰ ਹੈ, ਕੋਈ ਆਪਣਾ ਰੇਡੀਓ ਚਲਾਉਂਦਾ ਹੈ, ਕੋਈ ਕਿਸੇ ਟੀ. ਵੀ. ਚੈਨਲ਼ ਰਾਹੀਂ ਖ਼ਬਰਾਂ ਦਿੰਦਾ ਹੈ, ਕੋਈ ਅਖ਼ਬਾਰ ਛਾਪਦਾ ਹੈ, ਗੁਰਦੁਆਰੇ ਜਾ ਕੇ ਸ਼੍ਰੋਤਾ ਬਣਦਾ ਹੈ ਭਾਵ ਕਿ ਹਰ ਸਿੱਖ ਨੂੰ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ, ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਲੈਣੇ ਚਾਹੀਦੇ ਹਨ ਅਤੇ ਆਪਣੇ ਪਰਿਵਾਰਾਂ ਵਿੱਚ ਹਰ ਇੱਕ ਨੂੰ ਇਹ ਸਹੀ ਨਾਂ ਪੱਕੇ ਕਰਾਉਣੇ ਚਾਹੀਦੇ ਹਨ ।
    ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
.......................
ਟਿੱਪਣੀ:- ਬਹੁਤ ਯੋਗ ਸੁਝਾਅ ਹੈ, ਸਭ ਲਈ ਸਹਿਯੋਗ ਕਰਨਾ ਉਨ੍ਹਾਂ ਦਾ ਬਹੁਤ ਜ਼ਰੂਰੀ ਫਰਜ਼ ਹੈ।
 ਇਸ ਦੇ ਨਾਲ ਹੀ ਇਕ ਬੇਨਤੀ ਹੋਰ ਹੈ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਆਮ ਪੰਜਾਬੀ ਲਿਖਤਾਂ ਤੋਂ ਅਲੱਗ ਕਰਨ ਲਈ, ਇਸ ਵਿਚ ਪੂਰਨ ਵਿਸ਼੍ਰਾਮ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ ਹੈ, ਪੁੰਜਾਬੀ ‘ਚ ਪੂਰਨ ਵਿਸ਼੍ਰਾਮ ਲਈ, ਇਕ ਡੰਡੀ ਹੀ ਵਰਤੀ ਜਾਂਦੀ ਹੈ। ਇਸ ਲਈ ਲਿਖਾਰੀਆਂ ਅਤੇ ਛਾਪਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲਿਖਣ ਅਤੇ ਛਾਪਣ ਵੇਲੇ, ਸਿਰਫ ਗੁਰਬਾਣੀ ਵਿਚ ਹੀ, ਵਿਸ਼੍ਰਾਮ ਲਈ ਦੋ ਡੰਡੀਆਂ ਦੀ ਵਰਤੋਂ ਕਰਨ, ਤਾਂ ਜੋ ਗੁਰਬਾਣੀ ਨੂੰ ਸਪੱਸ਼ਟ ਰੂਪ ਵਿਚ ਅਲੱਗ ਕਰ ਕੇ ਪੜ੍ਹਿਆ ਜਾਵੇ।  
       ਅਤੀ ਧੰਨਵਾਦੀ ਹੋਵਾਂਗੇ।       ਅਮਰ ਜੀਤ ਸਿੰਘ ਚੰਦੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.