ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸਿੱਖਾ ਤੂੰ ਕਦੀ ਗੁਰੂ ਦੇ ਕੀਤੇ ਅਹਿਸਾਨਾਂ ਵੱਲ ਧਿਆਨ ਦੇਵੇਂਗਾ ?
ਸਿੱਖਾ ਤੂੰ ਕਦੀ ਗੁਰੂ ਦੇ ਕੀਤੇ ਅਹਿਸਾਨਾਂ ਵੱਲ ਧਿਆਨ ਦੇਵੇਂਗਾ ?
Page Visitors: 2405

ਸਿੱਖਾ ਤੂੰ ਕਦੀ ਗੁਰੂ ਦੇ ਕੀਤੇ ਅਹਿਸਾਨਾਂ ਵੱਲ ਧਿਆਨ ਦੇਵੇਂਗਾ ?
 ਪ੍ਰੋ. ਦਰਸ਼ਨ ਸਿੰਘ ਖਾਲਸਾ
     ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
     ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ
॥1॥
    ਸਿੱਖਾ ਤੂੰ ਕਦੀ ਗੁਰੂ ਦੇ ਕੀਤੇ ਅਹਿਸਾਨਾਂ ਵੱਲ ਧਿਆਨ ਦੇਵੇਂਗਾ? ਗੁਰੂ ਕਿਸ ਤਰ੍ਹਾਂ ਸਿੱਖ ਲਈ ਦਿਆਲਤਾ ਦਾ ਖਜ਼ਾਨਾ ਹੈ, ਹਮੇਸ਼ਾਂ ਸਿੱਖ ਦੀ ਪਿ੍ਤਪਾਲਣਾ ਕਰਦਾ ਹੈ, ਗੁਰਮਤਿ ਸਿਖਿਆ ਨਾਲ ਦੁਰਮਤਿ ਦੀ ਮੈਲ ਕੱਟ ਕੇ ਨਿਰਮਲ ਕਰਦਾ ਹੈ, ਸਿੱਖ ਦੇ ਗੁਲਾਮੀ ਦੇ ਸੰਗਲ ਕੱਟ ਕੇ ਜੀਵਨ ਮੁਕਤ ਕਰਦਾ ਹੈ। ਗੁਰੂ ਦੀ ਗੋਦੀ ਵਿੱਚ ਹੋਦਿਆਂ ਸਿੱਖ ਦੇ ਵਿਕਾਰ ਕੱਟੇ ਜਾਂਦੇ ਹਨ, ਗੁਰੂ ਸਿੱਖ ਨੂੰ ਨਾਮ ਧਨ ਬਖਸ਼ਦਾ ਹੈ। ਵੱਡੇ ਭਾਗਾਂ ਵਾਲਾ ਹੈ ਗੁਰੂ ਦਾ ਸਿੱਖ ਜਿਸ ਦਾ ਲੋਕ ਪਰਲੋਕ ਗੁਰੂ ਸਵਾਰਦਾ ਅਤੇ ਸਿੱਖ ਨੂੰ ਆਪਣੀ ਜਾਨ ਨਾਲ ਸੰਭਾਲ ਕੇ ਰੱਖਦਾ ਹੈ। ਸਿੱਖਾ ਸੋਚ ਸੁਖਮਨੀ ਦੀ ਇਹ ਪੳੜੀ ਪੜ੍ਹਨ ਤੇ ਸਮਝਣ ਤੋਂ ਬਾਹਦ ਤੈਨੂੰ ਕਿਸੇ ਤਿ੍ਰਆ ਚਰਿਤਰੀ ਚੌਪਈ ਵਿਚਲੀ ਰੱਖਿਆ ਦੀ ਲੋੜ ਹੈ?
    ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਰਾਜ ਭਾਗ ਸੁਖ ਅਰਾਮ ਪ੍ਰਵਾਰ ਬੱਚੇ ਸਭ ਕੁੱਛ ਤੇਰੇ ਤੋਂ ਵਾਰ ਦਿਤਾ। ਆਪ ਅਨੰਦਪੁਰ ਛੱਡ ਕੇ ਮਾਛੀਵਾੜੇ ਦੇ ਕੰਡਿਆਲੇ ਰਾਹਾਂ 'ਤੇ ਤੁਰ ਕੇ ਤੇਰੇ ਗਾਡੀ ਰਾਹਾਂ ਦੇ ਕੰਡੇ ਚੁਗਦਾ ਰਿਹਾ। ਸਿੱਖਾ ਤੂੰ ਕਿੱਡਾ ਅਹਿਸਾਨ ਫਰਾਮੋਸ਼ ਨਾਸ਼ੁਕਰਾ ਹੈਂ, ਉਸ ਗੁਰੂ ਦੀ ਇੱਕ ਗੱਲ ਨਹੀਂ ਮੰਨ ਸਕਦਾ ਕਿ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤੇਰਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹੈ, ਜੋ ਕੁੱਛ ਗੁਰਮਤਿ ਅਨਸਾਰ ਮੈਨੂੰ ਪਰਵਾਣ ਸੀ ਉਹ ਮੈਂ ਇਸੇ ਵਿੱਚ ਰੱਖ ਦਿੱਤਾ ਹੈ, ਹੁਣ ਇਸਤੋਂ ਬਾਹਰ ਹੋਰ ਤੇਰੇ ਲਈ ਕੁਛ ਨਹੀਂ।
    ਪਰ ਤੂੰ ਤਾਂ ਗੁਰੂ ਨਾਲ ਗ਼ੱਦਾਰੀ ਕਰ ਰਿਹਾ ਹੈਂ, ਕਿਸ ਮੂੰਹ ਨਾਲ ਗੁਰੂ ਸਾਹਮਣੇ ਜਾਵੇਂਗਾ ਗੁਰੂ ਨਾਲ ਗ਼ੱਦਾਰੀ, ਦਸਮ ਪਿਤਾ ਦੇ ਦਾਮਨ 'ਤੇ ਚਿਕੜ ਦੇ ਛਿੱਟੇ ਨਾ ਪਾ। ਰਾਤ ਦੇ ਅਧੇਰੇ ਵਿੱਚ ਭਗਉਤੀ ਦਾ ਮੰਤਰ ਸਿੱਖਣ ਲਈ ਵੇਸਵਾਵਾਂ ਦੇ ਘਰ ਜਾਣਾ, ਲੋਕਾਂ ਦੀਆਂ ਪੱਗਾਂ ਲਾਹਕੇ ਸਿਰਪਾਓ ਦੇਣੇ ਤੇ ਬਾਕੀ ਵੇਚਣੀਆਂ ਤਿ੍ਰਆਚਰਿਤਰਾਂ, ਕ੍ਰਿਸ਼ਨਾ ਅਵਤਾਰ ਦੀਆਂ ਝੂਠੀਆਂ ਕਹਾਣੀਆ ਅਤੇ ਅੱਤ ਅਸ਼ਲੀਲ ਲਿਖਤਾਂ ਗੁਰੂ ਨਾਲ ਜੋੜਨੀਆਂ "ਏਕੋ ਜਪੁ ਏਕੋ ਸਲਾਹ" ਕਹਿਣ ਵਾਲੇ ਗੁਰੂ ਨੂੰ ਸ਼ਰਾਬੀ ਮਾਹਕਾਲ ਅਤੇ ਖੂਨ ਪੀਣੀ ਕਾਲਕਾ ਦਾ ਉਪਾਸ਼ਕ ਕਹਿਣਾ ਕੀ ਇਹ ਗੁਰੂ ਨਾਲ ਗ਼ੱਦਾਰੀ ਨਹੀਂ?
    ਓ ਵੀਰਾ ਤੂੰ ਮੈਨੂੰ ਗਾਲਾਂ ਕੱਢ ਕੇ ਕੋਈ ਇਲਜ਼ਾਮ ਲਾ ਕੇ ਅਪਣਾ ਦਿਲ ਹਲਕਾ ਕਰ ਲੈ, ਪਰ ਜੇ ਤੈਨੂੰ ਕਦੀ ਸਮਝ ਆ ਜਾਵੇ, ਤਾਂ ਵਿਸ਼ਵਾਸ਼ ਕਰ ਮੇਰਾ ਗੁਰੂ ਦਸਮ ਪਿਤਾ ਕਦੀ ਐਸਾ ਨਹੀਂ ਹੋ ਸਕਦਾ।
    ਪਿਤਾ ਹਮਾਰੋ ਵਡ ਗੋਸਾਈ ॥ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥   (476)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.