ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਸਿੰਘ ਮੰਡਿਆਣੀ
ਨਵੰਬਰ 84 ਦੇ ਸਿੱਖ ਕਤਲੇਆਮ ਦਾ ਵੀ ਪਤਾ ਹਫ਼ਤੇ ਮਗਰੋਂ ਹੀ ਲੱਗਣਾ ਸ਼ੁਰੂ ਹੋਇਆ...
ਨਵੰਬਰ 84 ਦੇ ਸਿੱਖ ਕਤਲੇਆਮ ਦਾ ਵੀ ਪਤਾ ਹਫ਼ਤੇ ਮਗਰੋਂ ਹੀ ਲੱਗਣਾ ਸ਼ੁਰੂ ਹੋਇਆ...
Page Visitors: 2448

ਨਵੰਬਰ 84 ਦੇ ਸਿੱਖ ਕਤਲੇਆਮ ਦਾ ਵੀ ਪਤਾ ਹਫ਼ਤੇ ਮਗਰੋਂ ਹੀ ਲੱਗਣਾ ਸ਼ੁਰੂ ਹੋਇਆ...
           (1 ਨਵੰਬਰ 2019)
  31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ 'ਤੇ ਜ਼ੁਲਮ ਦਾ ਜੋ ਝੱਖੜ ਝੁੱਲਿਆ ਉਹਨੂੰ ਵੱਖ-ਵੱਖ ਨਾਮ ਦਿੱਤੇ ਗਏ ਨੇ। ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਸ਼ਿੱਦਤ ਸਭ ਤੋਂ ਵੱਧ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸੀ।
   ਜਾਣਕਾਰੀ ਦਾ ਇੱਕੋ-ਇੱਕ ਜ਼ਰੀਆ ਸਰਕਾਰੀ ਰੇਡੀਓ ਅਤੇ ਦੂਰਦਰਸ਼ਨ ਸੀ। ਪ੍ਰਾਈਵੇਟ ਸਾਧਨ ਸਿਰਫ਼ ਅਖ਼ਬਾਰ ਸਨ। ਇਸ ਝੱੱਖੜ ਦੀ ਆਹਟ ਤਾਂ ਉਦੋਂ ਹੀ ਮਹਿਸੂਸ ਹੋ ਗਈ ਸੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਅਜੇ ਹਸਪਤਾਲ ਵਿਚ ਹੀ ਪਈ ਸੀ। ਉਸੇ ਸ਼ਾਮ ਤੋਂ ਸ਼ੁਰੂ ਹੋਇਆ ਇਹ ਝੱਖੜ ਸਿੱਖਾਂ ਦੀਆਂ ਜਾਨਾਂ 'ਤੇ ਹਨੇਰੀ ਬਣ ਕੇ ਦਿਨ-ਰਾਤ ਲੱਗਭੱਗ ਚਾਰ ਦਿਨ ਝੁੱਲਦਾ ਰਿਹਾ।  
  31 ਅਕਤੂਬਰ ਸ਼ਾਮ ਨੂੰ ਹੀ ਅਖ਼ਬਾਰਾਂ 'ਤੇ ਸਰਕਾਰ ਨੇ ਸੈਸਰਸ਼ਿੱਪ ਮੜ੍ਹ ਦਿੱਤੀ। ਸਾਰੇ ਮੁਲਕ ਵਿਚ ਚੱਲ ਰਹੇ ਸਿੱਖ ਕਤਲੇਆਮ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਾਪਣ 'ਤੇ ਸੈਸਰਸ਼ਿੱਪ ਦੀ ਆੜ ਹੇਠ ਪਾਬੰਦੀ ਸੀ। ਕਈ ਅਖ਼ਬਾਰਾਂ ਨੇ ਸੈਂਸਰ ਕੀਤੀਆਂ ਖ਼ਬਰਾਂ ਦੀ ਥਾਂ ਖਾਲ੍ਹੀ ਛੱਡ ਕੇ ਇੱਥੇ ਲਿਖ ਦਿੱਤਾ ਕਿ ਇਹ ਖ਼ਬਰ ਸੈਂਸਰ ਦੀ ਭੇਂਟ ਚੜ੍ਹ ਗਈ ਹੈ।
     ਅਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਤੇ ਦ ਟ੍ਰਿਬਿਊਨ ਦੇ ਲੱਗਭੱਗ ਕਈ ਪੇਜ਼ ਖ਼ਾਲੀ ਆਉਣ ਲੱਗੇ। ਉਥੇ ਅੰਗਰੇਜ਼ੀ ਵਿਚ ਇੱਕ ਲਫ਼ਜ ਲਿਖਿਆ ਆਉਂਦਾ ਸੀ 'ਸੈਂਸਰਡ'। ਰੇਡੀਓ ਤੇ ਟੈਲੀਵੀਜ਼ਨ ਨੇ ਤਾਂ ਖ਼ਬਰ ਦੇਣੀ ਹੀ ਕੀ ਸੀ। ਇੰਟਰਨੈੱਟ ਵਗੈਰਾ ਦਾ ਤਾਂ ਉਦੋਂ ਤੱਕ ਨਾਮ ਵੀ ਨਹੀਂ ਸੀ ਸੁਣਿਆ ਗਿਆ। ਏਸ ਕਰਕੇ ਇਸ ਕਤਲੇਆਮ ਦੀਆਂ ਖ਼ਬਰਾਂ ਪੰਜਾਬ ਜਾਂ ਦੇਸ਼ ਦੇ ਹੋਰ ਸ਼ਹਿਰਾਂ ਵਿਚ ਕਈ ਹਫ਼ਤਿਆਂ ਮਗਰੋਂ ਹੌਲੀ-ਹੌਲੀ ਮਿਲਣੀਆਂ ਸ਼ੁਰੂ ਹੋਈਆਂ। ਇਸ ਕਤਲੇਆਮ ਦਾ ਜਵਾਬੀ-ਅਮਲ ਪੰਜਾਬ ਰੋਕਣ ਖ਼ਾਤਰ ਕਈ ਇਤਿਆਦੀ ਕਦਮ ਚੁੱਕੇ ਗਏ । ਸਕੂਲ ਕਾਲਜ ਬੰਦ ਕੀਤੇ।ਸਾਰੇ ਬਜ਼ਾਰ ਸਰਕਾਰ ਨੇ ਖ਼ੁਦ ਲਗਭਗ ਹਫ਼ਤਾ-ਭਰ ਬੰਦ ਕਰਾਈ ਰੱਖੇ
  ਇਹਤੋਂ ਪਹਿਲਾਂ ਕਿਸੇ ਜੱਥੇਬੰਦੀ ਵੱਲੋਂ ਦਿੱਤੀ ਬੰਦ ਦੀ ਕਾਲ ਤੇ ਹੀ ਬਜ਼ਾਰ ਬੰਦ ਹੁੰਦੇ ਰਹੇ ਸੀ ਪਰ ਸਰਕਾਰ ਵੱਲੋਂ ਬਜਾਰ ਬੰਦ ਕਰਾਉਣੇ ਪਹਿਲੀ ਵਾਰ ਦਿਸੇ ।ਹੈਰਾਨੀ ਦੀ ਗੱਲ ਇਹ ਵੀ ਸੀ ਕੇ ਸਰਕਾਰ ਵੱਲੋਂ ਬਜਾਰ ਬੰਦੀ ਦਾ ਕੋਈ ਬਾਕਾਇਦਾ ਹੁਕਮ ਜਾਰੀ ਨਹੀਂ ਸੀ ਕੀਤਾ । ਬੱਸ ਪਹਿਲੀ ਨਵੰਬਰ ਨੂੰ ਸੀ.ਆਰ.ਪੀ. ਵਾਲ਼ਿਆਂ ਨੇ ਆ ਕੇ ਹੱਟੀਆਂ ਬੰਦ ਕਰਾਉਣੀਆਂ ਸ਼ੁਰੂ ਕੀਤੀਆਂ ।         ਇਕ ਹੋਰ ਗੱਲ ਕਾਬਿਲੇ-ਜ਼ਿਕਰ ਹੈ ਕਿ ਬਜ਼ਾਰ ਬੰਦੀ ਦੇ ਸਾਰੇ ਦਿਨਾਂ ਦੌਰਨ ਬਜਾਰਾਂ ਵਿਚ ਸਿਰਫ ਸੀ.ਆਰ.ਪੀ ਦੀ ਹੀ ਗਸ਼ਤ ਸੀ ਤੇ ਪੰਜਾਬ ਪੁਲਸ ਦੀ ਕੋਈ ਖ਼ਾਸ ਸਰਗਰਮੀ ਦੇਖਣ ਨੰੂ ਨਹੀਂ ਮਿਲੀ । ਇਹ ਹਾਲਾਤ ਪਟਿਆਲ਼ੇ ਸ਼ਹਿਰ ਦੇ ਸਨ ਜੋ ਮੈਂ ਖ਼ੁਦ ਦੇਖੇ । ਦਿੱਲੀ ਚ ਕੀ ਵਾਪਰ ਰਿਹਾ ਹੈ ਇਹਦੀ ਖ਼ਬਰ ਸਿਰਫ ਓਨੀ ਕੁ ਹੀ ਪਤਾ ਲੱਗ ਰਹੀ ਸੀ ਜਿੱਨੀ ਕੁ ਰੇਡੀਓ-ਟੀ ਵੀ ਤੇ ਆ ਰਹੀ ਸੀ ।
     ਦਿੱਲੀਤੋਂ ਬਾਅਦ ਕਤਲੇਆਮ ਦੀ ਸ਼ਿੱਦਤ ਕਾਨਪੁਰ ਅਤੇ ਸਟੀਲ ਸਿਟੀ ਬੋਕਾਰੋ ਵਿਚ ਸੀ। ਏਸ ਕਤਲੇਆਮ ਨੂੰ ਸਰਕਾਰ ਨੇ ਐਂਟੀ ਸਿੱਖ ਰਾਇਟਸ ਭਾਵ ਸਿੱਖ ਵਿਰੋਧੀ ਦੰਗਿਆਂ ਦਾ ਨਾਮ ਦਿੱਤਾ। ਅਖ਼ਬਾਰ ਵੀ ਸਰਕਾਰ ਦੇ ਕਹਿਣ ਮੁਕਾਬਿਕ ਏਹਨੂੰ ਸਿੱਖ ਵਿਰੋਧੀ ਦੰਗੇ ਲਿਖਦੇ ਰਹੇ। ਅਖ਼ਬਾਰਾਂ ਦੀ ਰੀਸੋ-ਰੀਸ ਸਿੱਖ ਲੀਡਰ ਅਤੇ ਜਥੇਬੰਦੀਆਂ ਵੀ ਏਹਨੂੰ ਸਿੱਖ ਵਿਰੋਧੀ ਦੰਗੇ ਹੀ ਕਹਿਣ ਲੱਗੇ। ਸਿੱਖਾਂ ਦੇ ਕਤਲੇਆਮ ਦਾ ਦਾਇਰਾ ਭਾਵੇਂ ਸਾਰਾ ਮੁਲਕ ਸੀ ਪਰ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਦਿੱਲੀ, ਕਾਨਪੁਰ ਅਤੇ ਬੋਕਾਰੋ ਸ਼ਹਿਰਾਂ ਵਿਚ ਕਤਲ ਕੀਤੇ ਗਏ। ਜੀਹਦੇ ਕਰਕੇ ਬਹੁਤ ਸਾਲ ਏਹਨੂੰ ਦਿੱਲੀ-ਕਾਨਪੁਰ-ਬੋਕਾਰੋ ਦੇ ਦੰਗੇ ਆਖਿਆ ਜਾਂਦਾ ਰਿਹਾ। ਕੁਝ ਵਰਿਆਂ ਮਗਰੋਂ ਏਹਨੂੰ ਸਿਰਫ਼ ਦਿੱਲੀ ਦੇ ਦੰਗੇ ਹੀ ਆਖਿਆ ਜਾਂਦਾ ਰਿਹਾ। ਏਹਦੀ ਪੜਤਾਲ ਲਈ ਜਿੰਨੇ ਵੀ ਕਮਿਸ਼ਨ ਅਤੇ ਕਮੇਟੀਆਂ ਬਣੀਆਂ ਉਨ੍ਹਾਂ ਦੀ ਪੜਤਾਲ ਸਿਰਫ਼ ਦਿੱਲੀ ਤੱਕ ਹੀ ਮਹਿਦੂਦ ਰਹੀ।
       ਸਿੱਖਾਂ ਨੇ ਸਿੱਖ ਵਿਰੋਧੀ ਦੰਗਿਆਂ ਵਾਲਾ ਨਾਮ ਸੋਧ ਕੇ ਭਾਵੇਂ ਸਿੱਖ ਕਤਲੇਆਮ ਕਰ ਦਿੱਤਾ ਹੈ ਪਰ ਬੋਲਚਾਲ ਵਿਚ ਉਹ ਏਹਦਾ ਦਾਇਰਾ ਦਿੱਲੀ ਤੱਕ ਹੀ ਰੱਖਦੇ ਨੇ। ਇਤਿਹਾਸਕਾਰੀ ਦਾ ਸੋਰਸ ਕਿਤਾਬਾਂ ਜਾਂ ਅਖ਼ਬਾਰ ਹੀ ਹੁੰਦੇ ਨੇ। ਨਵੰਬਰ 1984 ਵਿਚ ਸਿੱਖ ਕਤਲੇਆਮ ਦੀਆਂ ਖ਼ਬਰਾਂ ਬਲੈਕਆਊਟ ਹੋਣ ਕਾਰਣ ਇਹਦੀਆਂ ਖ਼ਬਰਾਂ ਅਖ਼ਬਰਾਂ 'ਚੋਂ ਨਹੀਂ ਮਿਲ ਸਕਦੀਆਂ। ਜੀਹਦੇ ਕਰਕੇ ਏਹਦਾ ਜ਼ਿਕਰ ਕਿਤਾਬਾਂ ਵਿਚ ਨਹੀਂ ਆ ਸਕਦਾ।
   ਹੁਣ ਤੱਕ ਇਸ ਬਾਬਤ ਜਿਨੀਆਂ ਕਿਤਾਬਾਂ ਜਾਂ ਲੇਖ ਲਿਖੇ ਗਏ ਨੇ ਉਨ੍ਹਾਂ ਵਿਚ ਲੱਗਭੱਗ ਇਕੱਲੀ ਦਿੱਲੀ ਦਾ ਹੀ ਜਿਕਰ ਆਉਂਦਾ ਹੈ। ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ 60 ਸਿੱਖਾਂ ਦੇ ਕਤਲ ਦੀਆਂ ਖ਼ਬਰਾਂ ਵੀ ਲੱਗਭੱਗ 30 ਵਰ੍ਹਿਆਂ ਮਗਰੋਂ ਸਾਹਮਣੇ ਆਈਆਂ। ਹਾਲਾਂਕਿ ਸਿੱਖਾਂ ਦੇ ਕਤਲ ਮੁਲਕ ਦੇ ਧੁਰ ਦੱਖਣੀ ਸੂਬੇ ਕੇਰਲ ਵਿਚ ਵੀ ਹੋਏ। ਸੜਕਾਂ ਅਤੇ ਰੇਲਾਂ ਵਿਚ ਸਫ਼ਰ ਕਰ ਰਹੇ ਸਿੱਖ ਵੀ ਕੋਹੇ ਗਏ।
  ਸਾਰੇ ਮੁਲਕ ਵਿਚ ਹੋਏ ਕਤਲੇਆਮ ਨੂੰ ਸਿਰਫ਼ ਦਿੱਲੀ ਤੱਕ ਹੀ ਲਿਮਟਿਡ ਕਰ ਦੇਣਾ ਸਿੱਖ ਲੀਡਰਸ਼ਿੱਪ ਦੀ ਬੱਜਰ ਅਣਗਹਿਲੀ ਦੱਸਦਾ ਹੈ। ਹਾਲੇ ਵੀ ਵਕਤ ਹੈ ਕਿ ਸਾਰੇ ਮੁਲਕ ਵਿਚ ਹੋਈਆਂ ਸਾਰੀਆਂ ਘਟਨਾਵਾਂ ਲਿਖ਼ਤਬੱਧ ਕੀਤੀਆਂ ਜਾਣ। ਇਸ ਲਈ ਵੱਡੇ ਸਿੱਖ ਅਦਾਰਿਆਂ ਨੂੰ ਮੂਹਰੇ ਆਉਣਾ ਚਾਹੀਦਾ ਹੈ। ਏਹਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਕਰੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਹਜ਼ੂਰ ਸਾਹਿਬ ਕਮੇਟੀ ਨੂੰ ਨਾਲ ਲਿਆ ਜਾਵੇ।
  ਪਾਰਲੀਮੈਂਟ ਅਤੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਸਵਾਲ ਪੁੱਛ ਕੇ ਜਾਣਕਾਰੀ ਲਈ ਜਾਵੇ। ਆਰ.ਟੀ.ਆਈ. ਵਰਗੇ ਜ਼ਰੀਏ ਵੀ ਅਜਮਾਉਣੇ ਚਾਹੀਦੇ ਨੇ। ਸਾਰੇ ਸਿੱਖਾਂ ਨੂੰ ਸੱਦਾ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਜਿਹੜੀ-ਜਿਹੜੀ ਘਟਨਾ ਦਾ ਪਤਾ ਹੋਵੇ ਉਹਦੀ ਜਾਣਕਾਰੀ ਦੇਣ। 
   ਇਹ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਤਲੇਆਮ ਦੇ ਖਿਲਾਫ਼ ਜਾਂ ਇਨਸਾਫ਼ ਦੇ ਹੱਕ ਵਿਚ ਅਵਾਜ਼ ਉਠਾਉਂਦੀਆਂ ਜਥੇਬੰਦੀਆਂ ਨੂੰ ਵੀ ਏਸ ਕੰਮ ਲਈ ਸ਼੍ਰੋਮਣੀ ਕਮੇਟੀ 'ਤੇ ਜ਼ੋਰਪਾਉਣਾ ਚਾਹੀਦਾ ਹੈ।

  •  
    • ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ ਤੇ ਲੇਖਕ
      gurpreetmandiani@gmail.com
      88726-64000

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.