ਕੈਟੇਗਰੀ

ਤੁਹਾਡੀ ਰਾਇ



ਹਰਪ੍ਰੀਤ ਸਿੰਘ ਜਵੰਦਾ
ਦਸਮ ਪਿਤਾ ਦਾ ਜਰਨੈਲ
ਦਸਮ ਪਿਤਾ ਦਾ ਜਰਨੈਲ
Page Visitors: 2377

 

 ਦਸਮ ਪਿਤਾ ਦਾ ਜਰਨੈਲ
ਹਰਪ੍ਰੀਤ ਸਿੰਘ ਜਵੰਦਾ 
ਨਿੱਕੇ ਹੁੰਦੇ ਮਾਂ ਦੀ ਖਵਾਹਿਸ਼ ਹੁੰਦੀ ਸੀ ਕੇ ਮੇਰਾ ਪੁੱਤ ਫੌਜ ਦਾ ਜਰਨੈਲ ਬਣੇ..ਪਰ ਕਿਸਮਤ ਮੈਨੂੰ ਕਨੇਡਾ ਲੈ ਆਈ..!
  ਕਨੇਡਾ ਮੇਰੇ ਨਾਲ ਕਾਲਜ ਪੜਦੀ ਉਹ ਕੁੜੀ ਅਫ਼੍ਰੀਕਨ ਮੁਲਖ ਇਥੋਪੀਆ ਤੋਂ ਸੀ..ਲੰਚ ਬ੍ਰੇਕ ਤੇ ਅਕਸਰ ਹੀ ਕੋਲ ਆ ਜਾਂਦੀ..!

ਫੇਰ ਕਿੰਨੀਆਂ ਗੱਲਾਂ ਕਰਦੀ..ਕਿੰਨਾ ਕੁਝ ਦੱਸਦੀ..ਪੁੱਛਦੀ..ਕਦੇ ਹੱਸ ਪੈਂਦੀ ਤੇ ਕਦੇ ਉਦਾਸ ਹੋ ਜਾਂਦੀ..ਮੈਂ ਹੈਰਾਨ ਸਾਂ ਕੇ ਕੋਰਸ ਵਿਚ ਹੋਰ ਵੀ ਤੇ ਕਿੰਨੇ ਸਾਰੇ ਨੇ ਪਰ ਮੈਂ ਹੀ ਕਿਓਂ?
ਇੱਕ ਦਿਨ ਹੱਸਦੀ ਹੋਈ ਨੇ ਅਚਾਨਕ ਆਖ ਦਿੱਤਾ ਜੇ ਮੈਂ ਤੇਰੀ ਪੱਗ ਤੇ ਮੁਕਾ ਮਾਰ ਦੇਵਾਂ ਤਾਂ ਇਹ ਲੋਟਣੀਆਂ ਖਾਂਦੀ ਥੱਲੇ ਟਾਰਾਂਟੋ ਦੇ ਡਾਊਨ ਟਾਊਨ ਦੀ ਕਿਸੇ ਸੜਕ 'ਤੇ ਜਾ ਡਿੱਗੇਗੀ..!
ਮੈਂ ਵੀ ਅੱਗਿਓਂ ਏਨੀ ਗੱਲ ਆਖਣ ਵਿਚ ਰੱਤੀ ਭਰ ਵੀ ਦੇਰ ਨਾ ਲਾਈ ਕੇ ਜੇ ਇਹ ਥੱਲੇ ਡਿੱਗੀ ਤਾਂ ਇਸਨੂੰ ਲਾਹੁਣ ਵਾਲਾ ਵੀ ਇਸਦੇ ਨਾਲ ਨਾਲ ਹੀ ਥੱਲੇ ਜਾਵੇਗਾ..!
ਪਰ ਉਸ ਨੇ ਗੁੱਸਾ ਨਾ ਕੀਤਾ..ਆਖਣ ਲੱਗੀ ਕੇ ਮੈਨੂੰ ਪਤਾ ਸੀ..ਤੂੰ ਇੰਝ ਹੀ ਆਖੇਂਗਾ..ਇਹ ਵੀ ਪਤਾ ਸੀ ਕੇ ਇਹ ਤੇਰੇ ਲਈ ਜਾਨ ਤੋਂ ਵੀ ਵੱਧ ਪਿਆਰੀ ਏ!
ਆਖਿਆ ਜੇ ਪਤਾ ਹੀ ਸੀ ਤਾਂ ਫੇਰ ਏਨੀ ਗੱਲ ਆਖੀ ਹੀ ਕਿਓਂ?
ਆਖਣ ਲੱਗੀ ਕੇ ਬੱਸ ਇਸ ਗੱਲ ਦੀ ਪੁਸ਼ਟੀ ਕਰਨੀ ਸੀ ਕੇ ਜੋ ਸੁਣਿਆਂ ਉਹ ਸੱਚ ਹੈ ਵੀ ਕੇ ਨਹੀਂ..!
ਫੇਰ ਆਪਣੀ ਕਹਾਣੀ ਦੱਸਣ ਲੱਗੀ..!
ਅਖ਼ੇ ਭ੍ਰਿਸ਼ਟਾਚਾਰ ਅਤੇ ਹੇਰਾਫੇਰੀ ਦਾ ਮਾਰਿਆ ਸਾਡਾ ਗਰੀਬ ਮੁਲਖ.. ਕਦੇ ਵੀ ਸਥਿਰ ਸਰਕਾਰ ਨਹੀਂ ਰਹੀ..ਅਕਸਰ ਯੂ.ਐੱਨ.ਓ ਦੀ ਸ਼ਾਂਤੀ ਸੈਨਾ ਸੱਦਣੀ ਪੈਂਦੀ.. ਉਸ ਸ਼ਾਂਤੀ ਸੈਨਾ ਵਿਚ ਕਿੰਨੇ ਸਾਰੇ ਦੇਸ਼ਾਂ ਦੇ ਫੌਜੀ ਹੁੰਦੇ..ਪਰ ਇੱਕ ਦੋ ਸਿੱਖ ਜਰਨੈਲ ਵੀ ਹੁੰਦੇ ਸਨ.. ਨੀਲੀ ਫੌਜੀ ਵਰਦੀ ਪਾਏ ਉਹ ਲੋਕ ਹਮੇਸ਼ਾਂ ਖਿੱਚ ਦਾ ਕਾਰਨ ਬਣਦੇ.. ਆਸਮਾਨੀ ਰੰਗ ਦੀ ਪਗੜੀ ਬੰਨੀ ਉਹ ਜਿਥੇ ਵੀ ਜਾਂਦੇ ਲੋਕ ਆਖਦੇ ਨੀਲੇ ਆਸਮਾਨ ਵਿਚੋਂ ਜੀਸਸ ਕਰਾਈਸਟ ਉੱਤਰ ਆਇਆ..!️
ਅਦੀਸ ਅਬਾਬਾ ਦੇ ਕੋਲ ਸਾਡੇ ਪੂਰੇ ਇਲਾਕੇ ਵਿਚ ਚਾਅ ਚੜ ਜਾਂਦਾ..
ਸਥਾਨਿਕ ਅਧਿਕਾਰੀ ਵੀ ਐਨ ਸਿਧੇ ਹੋ ਜਾਂਦੇ..ਅਜੀਬ ਜਿਹੀ ਖਿੱਚ ਹੁੰਦੀ ਓਹਨਾ ਦੀ ਸਖਸ਼ਿਅਤ ਵਿਚ..ਬਹੁਤ ਘੱਟ ਬੋਲਣ ਵਾਲੇ ਉਹ ਬਹਾਦੁਰ ਲੋਕ..ਹਮੇਸ਼ਾਂ ਆਪਣੇ ਧਾਰਮਿਕ ਗ੍ਰੰਥ ਵਿਚੋਂ ਕੁਝ ਨਾ ਕੁਝ ਪੜਦੇ ਰਹਿੰਦੇ..ਫੇਰ ਅਖੀਰ ਵਿਚ ਉਚੀ ਸਾਰੀ ਕੁਝ ਐਸਾ ਬੋਲਦੇ..ਜਿਸਦੀ ਬਿਲਕੁਲ ਵੀ ਸਮਝ ਨਾ ਆਉਂਦੀ ਪਰ ਲੂ ਕੰਢੇ ਜਰੂਰ ਖੜੇ ਹੋ ਜਾਂਦੇ..!
ਮੈਨੂੰ ਅੰਗਰੇਜੀ ਵੀ ਇੱਕ ਸਿੱਖ ਜਰਨੈਲ ਨੇ ਹੀ ਪੜਾਈ ਸੀ..ਹੋਰ ਵੀ ਕਿੰਨਾ ਕੁਝ ਸਿਖਾਇਆ..!
ਮੈਂ ਕਨੇਡਾ ਵੀ ਓਸੇ ਸਿੱਖ ਜਰਨੈਲ ਦੀ ਬਦੌਲਤ ਹੀ ਆ ਸਕੀ..ਫੇਰ ਉੱਚੇ ਚਰਿੱਤਰ ਵਾਲਾ ਉਹ ਇਨਸਾਨ ਜਦੋਂ ਵਾਪਿਸ ਪਰਤਣ ਲੱਗਾ ਤਾਂ ਸਾਰਾ ਇਲਾਕਾ ਰੋ ਰਿਹਾ ਸੀ..ਸਾਰੇ ਆਖ ਰਹੇ ਜੀਸਸ ਕਰਾਈਸਟ ਅੱਜ ਵਾਪਿਸ ਜਾ ਰਿਹਾ ਏ..ਉਹ ਸਾਨੂੰ ਵੀ ਮਿਲਣ ਆਇਆ ਪਰ ਮੈਂ ਓਸ ਦਿਨ ਘਰ ਵਿਚ ਨਹੀਂ ਸਾਂ..ਜਦੋਂ ਘਰੇ ਆਈ ਤਾਂ ਬੜਾ ਰੋਈ..!
  ਕਨੇਡਾ ਆ ਕੇ ਜਦੋਂ ਤੈਨੂੰ ਪਹਿਲੀ ਵੇਰ ਵੇਖਿਆ ਤਾਂ ਇੰਝ ਲੱਗਿਆ ਪੱਗ ਵਾਲਾ ਉਹ ਫੌਜੀ ਜਰਨੈਲ ਇੱਕ ਵੇਰ ਫੇਰ ਮਿਲ ਪਿਆ ਹੋਵੇ..!

ਅਖੀਰ ਵਿਚ ਮੈਨੂੰ ਆਖਣ ਲੱਗੀ ਕੇ ਤੂੰ ਓਹੀ ਗੱਲ ਇੱਕ ਵੇਰ ਫੇਰ ਉਚੀ ਸਾਰੀ ਆਖ ਸਕਦਾ ਏਂ ਜੋ ਉਹ ਲੋਕ ਆਪਣੇ ਗ੍ਰੰਥ ਪੜਨ ਦੇ ਅਖੀਰ ਵਿਚ ਅਕਸਰ ਹੀ ਆਖਿਆ ਕਰਦੇ ਸਨ..!
ਉਸਦੀ ਕਹਾਣੀ ਸੁਣ ਮੇਰਾ ਤਾਂ ਅੱਗੇ ਹੀ ਜੀ ਕਰ ਰਿਹਾ ਸੀ..ਫੇਰ ਆ ਵੇਖਿਆ ਨਾ ਤਾ..ਉਚੀ ਸਾਰੀ ਜੈਕਾਰਾ ਛੱਡ ਦਿੱਤਾ..ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ..ਆਸੇ ਪਾਸੇ ਗੋਰੇ ਗੋਰਿਆਂ ਹੈਰਾਨ ਹੋ ਕੇ ਪੁੱਛਣ ਲੱਗੇ ਮਿਸਟਰ ਸਿੰਘ ਕੀ ਹੋਇਆ?
ਆਖਿਆ ਖੁਸ਼ੀ ਮਨਾਈ..ਪੁੱਛਦੇ ਕਾਹਦੀ..ਆਖਿਆ ਅੱਜ ਮੇਰੀ ਮਾਂ ਦੀ ਖਵਾਹਿਸ਼ ਪੂਰੀ ਹੋ ਗਈ..ਮੈਂ ਜਰਨੈਲ ਬਣ ਗਿਆ ਹਾਂ..ਪੁੱਛਦੇ ਕਿਹੜਾ ਜਰਨੈਲ ਮਿਲਟਰੀ ਵਾਲਾ?
  ਆਪ ਮੁਹਾਰੇ ਹੀ ਆਖਿਆ ਗਿਆ.. ਨਹੀਂ
 ਦਸਮ ਪਿਤਾ  ਗੁਰੂ ਗੋਬਿੰਦ ਸਿੰਘ ਦਾ..!

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.