ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਸਿੱਖ ਅਤੇ ਅਖੰਡ-ਪਾਠ! (ਭਾਗ 1)
ਸਿੱਖ ਅਤੇ ਅਖੰਡ-ਪਾਠ! (ਭਾਗ 1)
Page Visitors: 6

 

    ਸਿੱਖ ਅਤੇ ਅਖੰਡ-ਪਾਠ! (ਭਾਗ 1)
   ਇਸ ਦਾ ਨਿਰਣਾ ਕਰਨ ਤੋਂ ਪਹਿਲਾਂ ਸਾਨੂੰ "ਪਾਠ" ਨੂੰ ਸਮਝਣਾ ਪਵੇਗਾ।
   "
ਪਾਠ" ਉਹ ਇਬਾਰਤ ਹੈ, ਜੋ ਪੜ੍ਹੀ ਜਾਣ ਵਾਲੀ ਹੋਵੇ, ਪੜ੍ਹਨ ਨੂੰ ਪਾਠ ਕਰਨਾ ਕਿਹਾ ਜਾਂਦਾ ਹੈ।
   "
ਅਖੰਡ-ਪਾਠ"  ਮਹਾਨਕੋਸ਼ ਅਨੁਸਾਰ 'ਉਹ ਪਾਠ' ਜੋ ਨਿਰੰਤਰ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਠ, ਜੋ 13 ਪਹਿਰਾਂ ਵਿਚ ਸਮਾਪਤ ਕੀਤਾ ਜਾਂਦਾ ਹੈ। ਇਸ ਵਿਚ ਚਾਰ ਜਾਂ ਪੰਜ ਪਾਠੀ ਵਾਰੀ ਵਾਰੀ ਰੌਲਾਂ ਲਾਉਂਦੇ ਹਨ। ਇਕ ਹੋਰ ਅਖੰਡ-ਪਾਠ ਦਾ ਜ਼ਿਕਰ ਹੈ, ਜਿਸ ਨੂੰ "ਅਤਿ ਅਖੰਡ ਪਾਠ" ਕਿਹਾ ਜਾਂਦਾ ਹੈ। ਇਸ ਵਿਚ ਇਕ ਹੀ ਬੰਦਾ ਨਿਰੰਤਰ ਪਾਠ ਕਰਦਾ ਹੈ ਅਤੇ ਨੌਂ ਪਹਿਰਾਂ ਵਿਚ ਮੁਕਾਂਦਾ ਹੈ। ਅਖੰਡ ਪਾਠ ਦੀ ਇਹ ਰੀਤ ਗੁਰੂ-ਕਾਲ ਵੇਲੇ ਨਹੀਂ ਹੁੰਦੀ ਸੀ। ਪਾਠ ਦੀ ਇਹ ਰੀਤ "ਬੁੱਢਾ ਦਲ" ਨੇ ਪੰਥ ਵਿਚ ਚਲਾਈ। ਆਪਾਂ ਤਾਂ ਇਹੀ ਵਿਚਾਰਨਾ ਹੈ ਕਿ ਪਾਠ ਕੀ ਹੈ ਅਤੇ ਸਿੱਖ ਕੀ ਕਰ ਰਹੇ ਹਨ ?
  ਨਾਨਕ ਜੋਤ ਨੇ ਸ਼ਬਦ ਗੁਰੂ ਦੇ ਸਿਧਾਂਤ ਅਨੁਸਾਰ ਧਰਮ ਕੀ ਹੈ ? ਉਜਾਗਰ ਕਰ ਕੇ ਦੁਨੀਆ ਵਿਚ ਚੱਲ ਰਹੇ ਅੱਡ ਅੱਡ ਟੋਲਿਆਂ ਵਲੋਂ ਧਰਮ ਦੇ ਨਾਮ ਤੇ ਗਿਣੇ-ਮਿਥੇ, ਕੀਤੇ ਜਾਂਦੇ ਕਰਮ-ਕਾਂਡ, ਸਾਡੇ ਸਾਮ੍ਹਣੇ ਉਜਾਗਰ ਕੀਤੇ। ਇਸ ਵਿਚ ਉਨ੍ਹਾਂ ਨੂੰ 239 ਸਾਲ ਤੋਂ ਕੁਝ ਵੱਧ ਸਮਾ ਲੱਗਾ,  ਉਸ ਸਮੇ ਵਿਚ ਸਿੱਖਾਂ ਨੂੰ ਧਰਮ ਦੇ ਸਿਧਾਂਤ ਬਾਰੇ ਤਾਂ ਜਾਣਕਾਰੀ ਸੀ, ਪਰ ਅਖੰਡ ਪਾਠ ਬਾਰੇ ਕੁਝ ਪਤਾ ਨਹੀਂ ਸੀ, ਕਿਉਂ ?
  ਕਿਉਂਕਿ ਸ਼ਬਦ ਗੁਰੂ, ਧਰਮ ਨੂੰ ਵਿਚਾਰਨ ਅਤੇ ਉਸ ਅਨੁਸਾਰ ਜੀਵਨ ਜਿਊਣ ਦੀ ਗਲ ਕਰਦਾ ਹੈ, ਉਸ ਦਾ ਢੰਗ ਸਮਝਾਉਂਦਾ ਹੈ। ਨਾ ਉਸ ਵਿਚ ਪੈਸੇ ਕਮਾਉਣ ਦੀ ਗੱਲ ਹੈ, ਨਾ ਹੀ ਉਸ ਦਾ ਢੰਗ ਦੱਸਦਾ ਹੈ।
 ਉਸ ਅਨੁਸਾਰ ਹੀ ਪੂਰਾ "ਗੁਰੂ ਗ੍ਰੰਥ ਸਾਹਿਬ ਲਿiਖਆ ਗਿਆ ਹੈ।  ਨਾਨਕ ਕਾਲ ਵੇਲੇ ਸਿੱਖ ਇਹੀ ਕੁਝ ਕਰਦੇ ਸੀ, ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝ ਸਮਝ ਕੇ ਭੱਠੇ ਵਿਚ ਪੱਕੀ ਇੱਟ ਵਰਗੇ ਪੱਕੇ ਹੁੰਦੇ ਸਨ।
 ਜਦੋਂ ਸਿੱਖ ਆਪਣੀ ਹੋਂਦ ਲਈ ਜੂਝ ਰਹੇ ਸਨ, ਦਲ ਬਣਿਆ,(ਬੁੱਢਾ ਦਲ ਅਤੇ ਤਰਨਾ ਦਲ) ਦੋਵੇਂ ਇਕੱਠੇ ਸਨ, ਫਿਰ ਦੋ ਬਣੇ, ਉਸ ਮਗਰੋਂ ਮਿਸਲਾਂ ਬਣੀਆਂ। ਉਸ ਵੇਲੇ ਗੁਰਦਵਾਰੇ ਸੰਭਾਲਣ ਲਈ ਦੋ ਸੰਸਥਾਵਾਂ ਪੈਦਾ ਹੋ ਗਈਆਂ, ਨਿਰਮਲੇ ਅਤੇ ਉਦਾਸੀ।
  ਨਿਰਮਲੇ :- ਇਤਿਹਾਸ ਅਨੁਸਾਰ ਦਸਵੇਂ ਨਾਨਕ ਜੀ ਨੇ ਪੰਜ ਸਿੱਖ ਬਨਾਰਸ ਘੱਲੇ ਸਨ। ਇਸ ਦੇ ਮਕਸਦ ਬਾਰੇ ਸਿੱਖ ਅੱਜ ਵੀ ਅਣਜਾਣ ਹਨ, ਕਿਉਂ ਜੋ ਉਸ ਵੇਲੇ ਮੁਤਾਬਕ ਇਨ੍ਹਾਂ ਦੋਵਾਂ ਸੰਸਥਾਵਾਂ ਨੈ ਸਿੱਖੀ ਸਿਧਾਂਤ ਨੂੰ ਛੱਡ ਕੇ ਆਪਣੀ ਸਵਾਰਥ-ਪੂਰਤੀ ਦੀ ਗੱਲ ਹੀ ਕੀਤੀ ਹੈ। ਉਨ੍ਹਾਂ ਮੁਤਾਬਕ ਦਸਵੇਂ ਨਾਨਕ ਜੀ ਨੇ ਸਿੱਖਾਂ ਨੂੰ ਸੰਸਕ੍ਰਿਤ ਸਿੱਖਣ ਲਈ ਭੇਜਿਆ ਸੀ। ਪਰ ਇਹ ਗੱਲ ਜਚਦੀ ਨਹੀਂ, ਕਿਉਂਕਿ ਉਸ ਵੇਲੇ ਦੇ ਹਿਸਾਬ, ਸਿੱਖਾਂ ਦਾ ਵਾਹ ਜਿਸ ਜੰਤਾ ਨਾਲ ਪੈਂਦਾ ਸੀ ਉਨ੍ਹਾਂ ਦੀ ਬੋਲੀ ਸੰਸਕ੍ਰਿਤ ਨਹੀਂ ਸੀ। ਖੇਤੀ-ਬਾੜੀ ਦੇ ਕੰਮ ਵਿਚ ਵੀ ਸੰਸਕ੍ਰਿਤ ਕਿਸੇ ਕੰਮ ਨਹੀਂ ਆਉੰਦੀ ਸੀ। ਵਪਾਰ ਵਿਚ ਵੀ ਸੰਸਕ੍ਰਿਤ ਕਿਸੇ ਕੰਮ ਨਹੀਂ ਆਉੰਦੀ ਸੀ ਕਿਉਂਕਿ ਵਪਾਰ ਮੁਸਲਮਾਨ ਮੁਲਕਾਂ ਨਾਲ ਹੀ ਹੁੰਦਾ ਸੀ ਅਤੇ ਉਨ੍ਹਾਂ ਦੀ ਬੋਲੀ ਫਾਰਸੀ ਸੀ। ਖੈਰ ਇਸ ਗੱਲ ਨੂੰ ਏਥੇ ਹੀ ਛੱਡ ਦੇਈਏ, ਕਿਉਂਕਿ ਇਸ ਵੇਲੇ ਸਾਡਾ ਮਕਸਦ ਸਿਰਫ ਏਨਾ ਹੀ ਹੈ ਕਿ ਉਹ ਸਿੱਖ ਦਸਵੇਂ ਨਾਨਕ ਜੀ ਨੇ ਭੇਜੇ ਸਨ ਅਤੇ ਉਨ੍ਹਾਂ ਸਿੱਖਾਂ ਨੇ ਕੀ ਕੀਤਾ ?  ਉਹ ਸਿੱਖ, ਹਾਲਾਤ ਅਨੁਸਾਰ ਕਰੀਬ ਇਕ ਸਦੀ ਬਨਾਰਸ ਵਿਚ ਹੀ ਟਿਕੇ ਰਹੇ। ਓਥੇ ਹੀ ਸਿੱਖ ਮਾਹੌਲ ਤੋਂ ਟੁੱਟ ਕੇ ਬ੍ਰਾਹਮਣੀ ਮਾਹੌਲ ਵਿਚ ਰਹੇ, ਵਿਆਹ ਕਰਵਾਏ ਅਤੇ ਚਾਰ ਪੀੜ੍ਹੀਆਂ ਮਗਰੋਂ ਉਹ ਵਾਪਸ ਮੁੜੇ ਅਤੇ ਹਰਦੁਆਰ ਵਿਚ ਡੇਰਾ ਲਾਇਆ।
  ਏਥੋਂ ਦੇ ਬ੍ਰਾਹਮਣਾ ਦੇ ਡੇਰੇ ਨਾਲ ਉਨ੍ਹਾਂ ਦੀ ਲੜਾਈ ਹੋਈ ਅਤੇ ਬ੍ਰਾਮਣਾਂ ਨੇ ਉਨ੍ਹਾਂ ਵਿਚੋਂ ਬਹੁਤ ਸਾਰੇ ਮਾਰ ਦਿੱਤੇ।
  ਉਨ੍ਹਾਂ ਨੇ ਆਪਣੀ ਹਿਫਾਜ਼ਤ ਦੇ ਹਿਸਾਬ ਨਾਲ ਫੂਲਕੀਆਂ ਮਿਸਲਾਂ ਨਾਲ ਸੰਪਰਕ ਕੀਤਾ, ਪਟਿਆਲਾ ਦੀ ਰਾਜਕੁਮਾਰੀ ਬੀਬੀ ਸਾਹਿਬ ਕੌਰ ਅਤੇ ਉਸ ਦੇ ਭਰਾ ਨੇ ਫੌਜੀ ਟੁਕੜੀ ਲਿਜਾ ਕੇ ਉਹ ਬ੍ਰਾਹਮਣ ਸਾਧ ਸੋਧੇ, ਇਵੇਂ ਉਹ ਹਰਦੁਆਰ ਵਿਚ ਹੀ ਪੱਕੇ ਟਿਕ ਗਏ। ਇਸ ਮਗਰੋਂ ਵੀ ਉਨ੍ਹਾਂ ਦਾ ਝੁਕਾਅ ਕਦੇ ਵੀ ਸਿੱਖੀ ਵੱਲ ਨਹੀਂ ਹੋਇਆ। (ਸਿੱਖਾਂ ਨੂੰ ਇਸ ਬਾਰੇ ਵੀ ਜਾਨਣ ਦੀ ਲੋੜ ਹੈ)
  ਗੁਰਦਵਾਰਿਆਂ ਤੇ ਕਬਜ਼ਾ ਕਰਨ ਮਗਰੋਂ, ਉਨ੍ਹਾਂ ਵਿਚੋਂ ਹੀ ਮਹੰਤ ਬਣੇ। ਉਨ੍ਹਾਂ ਦੀ ਦੇਣ ਏਨੀ ਹੀ ਹੈ ਕਿ ਸਨ 1800 ਈਸਵੀ ਵੇਲੇ ਦਰਬਾਰ ਸਾਹਿਬ ਵਿਚ ਸਭ ਬ੍ਰਾਹਮਣੀ ਰੀਤੀ-ਰਵਾਜ ਹੀ ਚਲਦੇ ਸਨ, ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਜੀ ਨੇ ਖਤਮ ਕੀਤਾ।
  ਇਸ ਮਗਰੋਂ ਵੀ ਇਹ ਪਿਰਤ ਖਤਮ ਨਹੀਂ ਹੋਈ ਅਤੇ ਸਨ 1900 ਈਸਵੀ ਵੇਲੇ ਦਰਬਾਰ ਸਾਹਬ ਵਿਚ ਬ੍ਰਾਹਮਣੀ ਰੀਤ-ਰਿਵਾਜਾਂ ਦੇ ਨਾਲ ਹੀ ਬ੍ਰਾਹਮਣੀ ਮੂਰਤੀਆਂ ਵੀ ਸਥਾਪਤ ਹੋ ਚੁੱਕੀਆਂ ਸਨ, ਜਿਨ੍ਹਾਂ ਨੂੰ ਅਕਾਲੀ ਲਹਿਰ ਵੇਲੇ ਸਾਫ ਕੀਤਾ ਗਿਆ, ਪਰ ਅੱਜ ਉਸ ਸਫਾਈ ਦੀ ਫਿਰ ਲੋੜ ਹੈ। ਅਜਿਹੇ ਮਾਹੌਲ਼ ਦੀਆਂ ਤਿੰਨ ਸਦੀਆਂ ਵਿਚ ਸਿੱਖਾਂ ਦੇ ਸਿਧਾਂਤਾਂ, ਤਾਰੀਖ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਕੀ ਕੁਝ ਗੜਬੜੀ ਹੋਈ ਹੈ, ਇਸ ਪਾਸਿਉਂ ਸਿੱਖ ਬਿਲਕੁਲ ਅਵੇਸਲੇ ਹਨ, ਜਦ ਕਿ ਇਕ ਸਦੀ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁਲ ਪਾਸੇ ਰੱਖ ਕੇ, ਸਾਰੇ ਗੁਰਦਵਾਰਿਆਂ ਵਿਚ ਚੂੜਾ-ਮਨੀ ਕਵੀ ਸੰਤੋਖ ਸਿੰਘ ਦੇ ਪੋਥੈ, "ਸੂਰਜ-ਪ੍ਰਕਾਸ਼" ਦੀ ਹੀ ਕਥਾ ਹੁੰਦੀ ਰਹੀ ਹੈ, ਇਸ ਦੌਰਾਨ ਹੀ ਅਖੰਡ-ਪਾਠ ਦਾ ਰਿਵਾਜ ਚੱਲਿਆ।
  ਉਸ ਸਮੇ ਦੇ ਲਿਖੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਸਰੀਕ 22/23 ਗ੍ਰੰਥ ਤਾਂ ਸਾਮ੍ਹਣੇ ਆ ਚੁੱਕੇ ਹਨ ਅਜੇ ਹੋਰ ਕਿੰਨੇ ਕੁ ਨਿਕਲਦੇ ਹਨ ?
 ਇਹ ਸਮਾ ਹੀ ਦੱਸੇਗਾ।
    ਚੰਦੀ ਅਮਰ ਜੀਤ ਸਿੰਘ  (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.