ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਸਿੱਖ ਅਤੇ ਅਖੰਡ-ਪਾਠ! (ਭਾਗ 2)
ਸਿੱਖ ਅਤੇ ਅਖੰਡ-ਪਾਠ! (ਭਾਗ 2)
Page Visitors: 13

 

   ਸਿੱਖ ਅਤੇ ਅਖੰਡ-ਪਾਠ! (ਭਾਗ 2)
   ਉਸ ਸਮੇ ਦੀ ਦੂਸਰੀ ਸੰਸਥਾਂ "ਉਦਾਸੀ" ਚੱਲੀ, ਜਿਸ ਨੇ ਨਾਨਕ ਜੋਤ ਵਲੋਂ ਸੰਸਾਰ ਦੀ ਜਾਗ੍ਰਤੀ ਲਈ ਕੀਤੇ, ਧਰਮ ਬਾਰੇ ਸੁਚੇਤ ਕਰਨ ਵਾਲੇ ਹਜ਼ਾਰਾਂ ਮੀਲਾਂ ਦੇ ਪੈਂਡੇ ਨੂੰ ਵੀ ਉਦਾਸੀਆਂ ਹੀ ਦੱਸਿਆ। ਇਹ ਨਾਨਕ ਜੀ ਦੇ ਆਪਣੇ ਪੁਤ੍ਰਾਂ ਵਲੋਂ ਚਲਾਈ ਲਹਿਰ ਹੈ, ਜਿਸ ਕਰ ਕੇ ਨਾਨਕ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੀ ਲਿਖਣਾ ਪਿਆ।
 ਇਨ੍ਹਾਂ ਨੇ ਮਿਥਹਾਸ ਦਾ ਆਸਰਾ ਲੈ ਕੇ, ਨਾਨਕ ਜੋਤ ਦੇ ਦਸਾਂ ਜਾਮਿਆਂ ਨੂੰ ਲਪੇਟ ਕੇ, ਦਸ਼ਰਥ ਪੁਤ੍ਰ ਰਾਮ ਚੰਦਰ ਦੇ ਪੁਤ੍ਰਾਂ "ਲਵ" ਅਤੇ "ਕੁਸ਼" ਦੀ ਸੰਤਾਨ ਸਿੱਧ ਕਰਨ ਤੋਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਨਾਨਕ ਦੀ ਗੋਤ "ਮਹਿਤਾ" ਤੋਂ "ਬੇਦੀ" ਬਣਾ ਕੇ ਸਿੱਖਾਂ ਵਿਚ ਇਕ ਨਵੀਂ ਘੁੱਸ-ਪੈਠ ਕਰ ਦਿੱਤੀ, ਜਦ ਕਿ ਇਹ ਬ੍ਰਾਹਮਣਾਂ ਦੇ ਗੋਤ ਹਨ, ਬ੍ਰਾਹਮਣਾਂ ਵਿਚ ਇਕ ਵੇਦ ਪੜ੍ਹੇ ਨੂੰ "ਬੇਦੀ", ਦੋ ਵੇਦ ਪੜ੍ਹੇ ਨੂੰ "ਦੁਵੇਦੀ" ਤਿੰਨ ਵੇਦ ਪੜ੍ਹੇ ਨੂੰ "ਤ੍ਰਿਵੇਦੀ" ਅਤੇ ਚਾਰ ਵੇਦ ਪੜ੍ਹੇ ਹੋਏ ਨੂੰ "ਚਤੁਰਵੇਦੀ" ਕਿਹਾ ਜਾਂਦਾ ਹੈ। ਸਿੱਖਾਂ ਵਿਚਲੇ ਇਨ੍ਹਾਂ ਬੇਦੀਆਂ ਨੇ ਸਿੱਖਾਂ ਨੂੰ ਰੱਜ ਕੇ ਲੁਟਿਆ, ਅਤੇ ਸਾਰੇ ਕੰਮ ਸਿੱਖੀ ਸਿਧਾਂਤ ਦੇ ਉਲਟ ਕਰਦੇ ਹਨ, ਮੂਰਤੀਆਂ ਵੀ ਪੂਜਦੇ ਹਨ।  ਆਪਣੀ ਹੀ ਸਿੱਖੀ-ਸੇਵਕੀ ਚਲਾਈ ਹੋਈ ਹੈ। ਅੱਜ ਵੀ ਇਹ ਬੇਦੀ ਆਪਣੇ-ਆਪ ਨੂੰ ਸਿੱਖਾਂ ਨਾਲੋਂ ਉੱਚਾ ਮੰਨਦੇ ਹਨ। ਇਨ੍ਹਾਂ ਬੇਦੀਆਂ ਨੇ ਸਿੱਖੀ ਦਾ ਬਹੁਤ ਘਾਣ ਕੀਤਾ ਹੈ, ਕਈ ਬੇਦੀ ਲੀਡਰਾਂ ਦੇ ਨਾਮ ਸਾਮ੍ਹਣੇ ਹਨ।  ਖੈਰ ਮੇਰਾ ਵਿਸ਼ਾ ਤਾਂ ਸਿੱਖ ਅਤੇ ਅਖੰਡ-ਪਾਠ ਹੈ, ਇਹ ਸਾਰੀਆਂ ਗੱਲਾਂ ਤਾਂ ਪਾਠਕਾਂ ਨਾਲ ਵਿਚਾਰ-ਸਾਂਝ ਵਿਚ ਹੀ ਹੋ ਗਈਆਂ।
 ਹੁਣ ਮੁੜਦੇ ਹਾਂ ਅਸਲ ਵਿਸ਼ੇ ਵੱਲ।
  ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਵੱਲ ਵੇਖਦੇ ਹਾਂ ਤਾਂ ਇਹ ਤੱਥ ਸਾਮ੍ਹਣੇ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤਾਂ ਪੜ੍ਹ ਕੇ ਅਟਕ ਕੇ, ਵਿਚਾਰ ਕੇ ਕਰਨ ਦਾ ਵਿਧਾਨ ਨਾਨਕ ਜੋਤ ਨੇ ਆਪ ਬਣਾਇਆ ਹੈ। ਹਰ ਸ਼ਬਦ ਦੇ ਵਿਚ ਇਕ ਤੁਕ ਵਾਧੂ ਦਿੱਤੀ ਹੈ, ਜਿਸ ਦਾ ਸ਼ਬਦ ਵਿਚਲੀ ਗਿਣਤੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਤੁਕਾਂ ਦੇ ਅੱਗੇ ਲਿਿਖਆ ਹੈ "ਰਹਾਉ" ਯਾਨੀ ਰੁਕੋ, ਵਿਚਾਰੋ, ਤੁਕ ਦਾ ਸਿਧਾਂਤ ਸਮਝੋ ਅਤੇ ਪੂਰੇ ਸ਼ਬਦ ਦਾ ਸਿਧਾਂਤ ਵੀ ਇਸ ਤੁਕ ਦੇ ਸਿਧਾਂਤ ਨਾਲ ਮੇਲ ਕੇ, ਉਸਨੂੰ ਸਮਝੋ ਅਤੇ ਉਸ ਅਨੁਸਾਰ ਜੀਵਨ ਢਾਲੋ। ਬੜੀ ਸਾਫ ਜਿਹੀ ਸੇਧ ਹੈ। ਜੇ ਅਸੀਂ ਗੁਰਬਾਣੀ ਤੋਂ ਸੇਧ ਲੈਣੀ ਹੈ ਤਾਂ ਸਾਨੂੰ ਗੁਰੂ ਦਾ ਹੁਕਮ ਮੰਨਣਾ ਹੀ ਪੈਣਾ ਹੈ, ਯਾਨੀ "ਰਹਾਉ" ਦੀ ਹਰ ਤੁਕ ਤੇ ਰੁਕ ਕੇ, ਉਸ ਨੂੰ ਵਿਚਾਰ ਕੇ, ਉਸ ਅਨੁਸਾਰ ਸ਼ਬਦ ਦਾ ਸਿਧਾਂਤ ਸਮਝ ਕੇ, ਉਸ ਅਨੁਸਾਰ ਜੀਵਨ ਢਾਲਣਾ ਪਵੇਗਾ।  
   ਇਸ ਤੋਂ ਸਾਫ ਹੈ ਕਿ ਜਿਹੜਾ ਵੀ ਸਿੱਖ, ਇਸ ਹੁਕਮ ਦੀ ਅਵੱਗਿਆ ਕਰਦਾ ਹੈ, ਉਹ ਸਿੱਖੀ ਦਾ ਹਿਤੈਸ਼ੀ ਨਹੀਂ ਹੋ ਸਕਦਾ। ਯਾਨੀ ਜਿਹੜਾ ਵੀ ਬੰਦਾ, ਰੁਕੇ ਬਗੈਰ ਚਲਦਾ ਹੈ ਉਹ ਗੁਰੂ ਦੇ ਹੁਕਮ ਦੀ ਅਵਹੇਲਨਾ ਕਰਦਾ ਹੈ, ਉਸ ਨੂੰ ਗੁਰੂ ਦਾ ਸਿੱਖ ਨਹੀਂ ਮੰਨਿਆ ਜਾ ਸਕਦਾ। ਇਹ ਸਾਰਾ ਕੁਝ ਸਿੱਖਾਂ ਦੇ ਸਾਰੇ ਗੁਰਦਵਾਰਿਆਂ ਵਿਚ ਹੁੰਦਾ ਹੈ। ਇਸ ਨੂੰ ਸੁਧਾਰਨ ਦੀ ਲੋੜ ਹੈ। ਜੇ ਸਿੱਖ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਹੀਂ ਮੰਨਣਗੇ ਤਾਂ ਇਨ੍ਹਾਂ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕੌਣ ਕਰੇਗਾ ? ਜਦ ਕਿ ਇਹ ਸਾਰਾ ਕੰਮ ਸਿੱਖਾਂ ਦੇ ਕਹੇ ਜਾਂਦੇ ਕੇਂਦਰੀ ਅਸਥਾਨ ਤੋਂ ਉਸ ਤੇ ਕਬਜ਼ਾ ਕੀਤੀ ਬੈਠੀ ਸੰਸਥਾਂ, "ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ" ਅਤੇ ਅਕਾਲ ਤਖਤ ਦੇ ਜਥੇਦਾਰ ਵਲੋਂ ਸਥਾਪਤ ਕੀਤੇ ਅਗਿਆਨਤਾ ਦੇ ਹਨੇਰੇ ਹੇਠ ਹੋ ਰਿਹਾ ਹੈ, ਅਤੇ ਸ਼੍ਰੋਣੀ ਕਮੇਟੀ ਇਸ ਵਪਾਰ ਵਿਚੋਂ ਹਰ ਸਾਲ ਖਰਬਾਂ ਰੁਪਏ ਦੀ ਖੱਟੀ ਕਰਦੀ ਹੈ।    
   ਪਾਠ ਸੁਣਨਾ ਤਾਂ ਦੂਰ, ਪਾਠ ਰੱਖਣ ਵੇਲੇ ਜਾਂ ਪਾਠ ਦੀ ਸੰਪੂਰਨਤਾ ਵੇਲੇ ਵੀ ਹਾਜ਼ਰੀ ਦੀ ਕੋਈ ਲੋੜ ਨਹੀਂ ਹੈ। ਫੋਨ ਤੇ ਪਾਠ ਬੁਕ ਕਰਵਾ ਦਿਉ ਅਤੇ ਘਰ ਬੈਠਿਆਂ ਨੂੰ ਫਲ ਮਿਲ ਜਾਵੇਗਾ।    ਅਲੱਗ ਅਲੱਗ ਥਾਂ ਕੀਤੇ ਜਾਂਦੇ ਅਖੰਡ ਪਾਠਾਂ ਦਾ ਅਲੱਗ-ਲ਼ੱਗ ਫਲ ਹੈ, ਸਧਾਰਨ ਕਮਰੇ ਵਿਚ ਸਧਾਰਨ ਬੀੜ ਤੋਂ ਕੀਤਾ ਅਖੰਡ-ਪਾਠ, ਤਿੰਨ-ਚਾਰ ਹਜ਼ਾਰ ਵਿਚ ਹੋ ਜਾਂਦਾ ਹੈ, ਜਦ ਕਿ ਮਾਨਤਾ-ਪ੍ਰਾਪਤ ਥਾਂ ਤੇ ਮਾਨਤਾ ਪ੍ਰਾਪਤ ਬੀੜ ਤੋਂ ਹੋਏ ਅਖੰਡਪਾਠ ਲਈ ਸਾਲਾਂ ਦੀ ਉਡੀਕ, ਸਿਫਾਰਸ਼ ਅਤੇ 15/20 ਹਜ਼ਾਰ ਭੇਟਾ ਹੁੰਦੀ ਹੈ। ਇਹ ਅਖੰਡ-ਪਾਠਾਂ ਵਿਚਲਾ ਫਰਕ ਸਿੱਖੀ ਦੇ ਕਿਸ ਸਿਧਾਂਤ ਅਨੁਸਾਰ ਹੋ ਰਿਹਾ ਹੈ ?
  ਕਈ ਪਾਠ ਰੱਖਣ ਲਈ ਦਸ ਸਾਲ ਮਗਰੋਂ ਦੀ ਤਾਰੀਖ ਮਿਲਦੀ ਹੈ। ਜੇ ਕੋਈ ਬੰਦਾ/ਬੀਬੀ ਪਾਠ ਹੋਣ ਤੋਂ ਪਹਿਲਾਂ ਹੀ ਚਲਾਣਾ ਕਰ ਜਾਵੇ ਤਾਂ, ਉਸ ਦੇ ਪਾਠ ਦੀ ਤਾਰੀਖ ਬਦਲੀ ਜਾਂਦੀ ਹੈ, ਤਾਂ ਜੋ ਉਹ ਧਰਮ ਰਾਜ ਸਾਮ੍ਹਣੇ ਅਖੰਡ-ਪਾਠ ਦੀ ਰਸੀਦ ਪੇਸ਼ ਕਰ ਸਕੇ। 
   ਇਨ੍ਹਾਂ ਪਾਠਾਂ ਦੇ ਬਦਲਣ ਦਾ ਕੰਮ ਵੀ ਬੜਾ ਸਵਾਦਲਾ ਹੈ, ਜਿਸ ਨੂੰ ਵੀ ਅਖੰਡ-ਪਾਠ ਦੀ ਰਸੀਦ ਚਾਹੀਦੀ ਹੋਵੇ, ਉਹ ਕਿਸੇ ਵਿਚੋਲੇ ਦੇ ਰਾਹੀਂ ਸ਼੍ਰੋਮਣੀ-ਕਮੇਟੀ ਦੇ ਕਿਸੇ ਸਿੰਘ-ਸਾਹਿਬ ਨਾਲ ਸੰਪਰਕ ਕਰਦਾ ਹੈ, ਫਿਰ ਸੌਦਾ ਹੁੰਦਾ ਹੈ, ਸੌਦਾ ਹੋ ਜਾਣ ਤੇ ਲੋੜ-ਵੰਦ ਨੂੰ ਇੰਟਰ-ਨੈਟ ਰਾਹੀਂ ਰਸੀਦ ਭੇਜ ਦਿੱਤੀ ਜਾਂਦੀ ਹੈ, ਤਾਂ ਜੋ ਰਸੀਦ ਪੱਛੜ ਨਾ ਜਾਵੇ।  ਸਿੰਘ-ਸਾਹਿਬ ਦਾ ਤਰਕ ਹੁੰਦਾ ਹੈ "ਸ਼ੁਕਰ ਕਰੋ ਇਕ ਪਾਠ ਅੱਜ ਹੀ ਪੂਰਾ ਹੋਇਆ ਹੈ, ਉਸ ਦੀ ਰਸੀਦ ਅਜੇ ਨਹੀਂ ਭੇਜੀ, ਉਹ ਤੁਹਾਨੂੰ ਘੱਲ ਦੇਂਦੇ ਹਾਂ,” ਜਿਸ ਦਾ ਪਾਠ ਹੈ, ਉਸ ਕੋਲ ਵੀ ਪਜਾਹ ਬਹਾਨੇ ਕਰਨੇ ਪੈਣਗੇ। ਇਹ ਅਦਲਾ-ਬਦਲੀ ਵੀ ਹਜ਼ਾਰਾਂ ਵਿਚ ਹੁੰਦੀ ਹੈ। ਫਿਰ ਸਵਾਦਲੀ ਗੱਲ ਇਹ ਹੈ ਕਿ ਲੋੜ-ਵੰਦ ਨੂੰ ਇਹ ਤਸਦੀਕ ਕਰਨ ਦੀ ਲੋੜ ਕਦੀ ਨਹੀਂ ਪਈ ਕਿ ਪਾਠ ਹੋਇਆ ਵੀ ਹੈ ਜਾਂ ਨਹੀਂ।
  ਧਰਮ-ਰਾਜ ਨੂੰ ਵੀ ਤਸਦੀਕ ਕਰਨ ਦੀ ਲੋੜ ਨਹੀਂ ਪੈਂਦੀ ਕਿ ਪਾਠ ਹੋਇਆ ਹੈ ਜਾਂ ਨਹੀਂ, ਉਸ ਦੇ ਸਾਮ੍ਹਣੇ "ਸਚਖੰਡ ਸ੍ਰੀ ਹਰਿਮੰਦਿਰ ਸਾਹਿਬ" ਦੀ ਰਸੀਦ ਪਈ ਹੁੰਦੀ ਹੈ, ਭਲਾ ਸੱਚ-ਖੰਡ ਤੋਂ ਆਈ ਰਸੀਦ ਗਲਤ ਕਿਵੇਂ ਹੋ ਸਕਦੀ ਹੈ ?" ਉਹ ਰਸੀਦ ਵਾਲੇ ਨੂੰ ਸਿੱਧਾ ਸਚਖੰਡ ਵਿਚ ਭੇਜ ਦਿੰਦਾ ਹੈ।
   ਸੰਸਾਰ ਵਿਚ ਸਿੱਖੀ ਦਾ ਪਰਚਾਰ ਕਰਨ ਵਾਲੇ ਲੱਖਾਂ ਸਿੰਘ-ਸਾਹਿਬ ਹਨ, ਉਹ ਕੀ ਪਰਚਾਰ ਕਰਦੇ ਹਨ ? ਇਹ ਵੀ ਪਾਠਕਾਂ ਤੋਂ ਲੁਕਿਆ ਨਹੀਂ। ਕੀ ਕਦੇ ਸਿੱਖ ਇਸ ਪਾਸੇ ਵੱਲ ਵੀ ਸੋਚਣਗੇ।   
    ਚੰਦੀ ਅਮਰ ਜੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.