ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 25)
ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥11॥
ਸ਼ਬਦ ਗੁਰੂ ਦਾ ਉਪਦੇਸ਼ ਸੁਣਨ ਨਾਲ ਸਾਧਾਰਨ ਮਨੁੱਖ ਵੀ ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ। ਸ਼ੇਖ, ਪੀਰ ਤੇ ਪਾਤਸ਼ਾਹ ਦੀ ਪਦਵੀ ਪਾ ਲੈਂਦੇ ਹਨ।
ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥
ਸ਼ਬਦ ਗੁਰੂ ਦਾ ਉਪਦੇਸ਼ ਸੁਣਨ ਦੇ ਨਾਲ ਗੁਰਮਤਿ ਤੋਂ ਅਗਿਆਨੀ ਮਨੁੱਖ ਵੀ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਹਨ। ਗੁਰੂ ਦਾ ਉਪਦੇਸ਼ ਸੁਣਨ ਦੇ ਆਸਰੇ, ਸਧਾਰਨ ਬੰਦੇ ਵੀ ਭਵ-ਸਾਗਰ ਦੀ ਥਾਹ ਪਾ ਲੈਂਦੇ ਹਨ।
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥11॥
ਹੇ ਨਾਨਕ, ਸ਼ਬਦ ਗੁਰੂ ਦਾ ਉਪਦੇਸ਼ ਸੁਣਨ ਵਾਲੇ ਸੰਤ-ਜਨਾ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, ਕਿਉਂਕਿ ਪਰਮਾਤਮਾ ਦੀ ਸਿਫਤ-ਸਾਲਾਹ ਸੁਣਨ ਅਤੇ ਕਰਨ ਵਾਲੇ ਭਗਤ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹ ਜਾਂਦਾ ਹੈ।11।
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥12॥
ਏਥੋਂ ਸ਼ੁਰੂ ਹੁੰਦਾ ਹੈ, ਸੁਣਨ ਵਾਲੀ ਪੌੜੀ ਦਾ ਦੂਸਰਾ ਡੰਡਾ, ਮੰਨਣ ਦਾ।
ਜਦੋਂ ਦਮਾਗ, ਸ਼ਬਦ ਗੁਰੂ ਦਾ ਉਪਦੇਸ਼, ਸੁਰਤ ਨਾਲ ਸੁਣਨ ਮਗਰੋਂ, ਉਸ ਸੁਣੇ ਨੂੰ ਮਨ ਕੋਲ ਮੰਨਣ ਲਈ ਭੇਜ ਦਿੰਦਾ ਹੈ, ਤਾਂ ਕੰਨ ਅਤੇ ਦਿਮਾਗ ਦਾ ਕੰਮ ਖਤਮ ਹੋ ਜਾਂਦਾ ਹੈ, ਮੰਨਣ ਦਾ ਕੰਮ, ਮਨ ਦਾ ਹੈ।
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਜਿਸ ਮਨੁੱਖ ਨੇ ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣਨ ਮਗਰੋਂ ਮੰਨਣਾ ਸ਼ੁਰੂ ਕਰ ਦਿੱਤਾ ਹੈ, ਉਸ ਦੀ ਹਾਲਤ ਬਾਰੇ, ਕੋਈ ਕੁਛ ਦੱਸ ਨਹੀਂ ਸਕਦਾ, ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਪਿੱਛੋਂ ਛਤਉਂਦਾ ਹੈ, ਕਿਉਂਕਿ ਉਸ ਹਾਲਤ ਬਾਰੇ ਉਹੀ ਦੱਸ ਸਕਦਾ ਹੈ, ਜਿਸ ਨੇ ਇਹ ਹਾਲਤ ਹੰਢਾਈ ਹੋਵੇ, ਜਿਸ ਬੰਦੇ ਨੇ ਇਹ ਹਾਲਤ ਹੰਢਾਈ ਨਹੀਂ, ਉਹ ਇਸ ਬਾਰੇ ਦੱਸ ਨਹੀਂ ਸਕਦਾ, ਜੇ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ, ਤਾਂ ਸੁਣਨ ਵਾਲੇ ਦੇ, ਕੁਝ ਪੱਲੇ ਨਹੀਂ ਪੈਂਦਾ, ਇਸ ਬਾਰੇ ਹੀ ਕਬੀਰ ਜੀ ਕਹਿੰਦੇ ਹਨ ਕਿ, ਜੇ ਮੈਂ ਦੱਸ ਵੀ ਦੇਵਾਂ ਕਿ ਜਿਸ ਦਾ ਆਕਾਰ ਇਹ ਤਿੰਨੋ ਸੰਸਾਰ (ਧਰਤੀ, ਆਕਾਸ਼ ਅਤੇ ਪਾਤਾਲ) ਹੈ, ਉਹ ਬੋੜ੍ਹ ਦੇ ਬੀਜ ਦੇ ਵਿਚ ਮੌਜੂਦ ਹੈ, ਤਾਂ ਉਸ ਦਾ ਕੀ ਫਾਇਦਾ ਹੈ, ਅਜਿਹੀ ਹੀ ਹਾਲਤ ਉਸ ਦੱਸਣ ਵਾਲੇ ਬੰਦੇ ਦੀ ਹੋਵੇਗੀ ਤੇ ਉਹ ਪਿਛੋਂ ਪਛਤਾਉਂਦਾ ਹੈ ਕਿ ਮੈਂ ਇਹ ਹੋਛਾ ਜਤਨ ਕਿਉਂ ਕੀਤਾ।
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
ਜੇ ਕੁਝ ਬੰਦੇ ਰਲ ਕੇ ਅਜਿਹੇ ਬੰਦੇ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਉਂਦੇ ਹਨ, ਪਰ ਕੋਈ ਬੰਦਾ ਵੀ ਕਾਗਜ਼ ਉਤੇ ਕਲਮ ਨਾਲ ਲਿਖਣ ਦੇ ਸਮਰੱਥ ਨਹੀਂ ਹੈ।
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥12॥
ਅਕਾਲ-ਪੁਰਖ ਦਾ ਨਾਮ, ਉਸ ਦਾ ਹੁਕਮ, ਉਸ ਦੀ ਰਜ਼ਾ, ਅਟੱਲ ਹੈ, ਇਸ ਨੂੰ ਮੰਨਣ ਵਾਲੇ ਦੀ ਆਤਮਕ ਅਵਸਥਾਂ ਵੀ ਬਹੁਤ ਉੱਚੀ ਹੋ ਜਾਂਦੀ ਹੈ, ਪਰ ਇਹ ਗੱਲ ਤਾਂ ਹੀ ਸਮਝ ਆਉਂਦੀ ਹੈ, ਜੇ ਕੋਈ ਮਨੁੱਖ ਆਪ ਮੰਨ ਕੇ ਵੇਖੇ।12।
ਅਮਰ ਜੀਤ ਸਿੰਘ ਚੰਦੀ (ਚਲਦਾ)