ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(235)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(235)
Page Visitors: 2

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(235)       
     ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥
     ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥
     ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥
     ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥
     ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥
     ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥3
      ਹਰਿ-ਨਾਮ ਦਾ ਵਪਾਰ ਕਰਨ ਆਏ ਹੇ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ-ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ ਰੂਪ ਜ਼ਹਰ ਇਕੱਠਾ ਕਰਦਾ ਰਹਿੰਦਾ ਹੈ। ਪ੍ਰਾਣੀ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਪਰਮਾਤਮਾ ਕਦੀ ਉਸ ਦੇ ਚਿੱਤ ਵਿਚ ਨਹੀਂ ਆਉਂਦਾ। ਮਨੁੱਖ ਤਦੋਂ ਸਾਧ-ਸੰਗਤ ਨਾਲ ਮੇਲ-ਮਿਲਾਪ ਨਹੀਂ ਰੱਖਦਾ, ਆਖਰ ਕਈ ਜੂਨਾਂ ਵਿਚ ਭਟਕਦਾ ਦੁੱਖ ਸਹਾਰਦਾ ਹੈ।
 ਮਨੁੱਖ ਆਪਣੇ ਸਿਰਜਣਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇ ਜਿੰਨਾ ਸਮਾ ਵੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ। ਹੇ ਨਾਨਕ ਆਖ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਣ ਮਨੁੱਖ, ਆਤਮਕ ਮੌਤ ਲਿਆਉਣ ਵਾਲਾ ਧਨ ਰੂਪ ਜ਼ਹਰ ਹੀ ਇਕੱਠਾ ਕਰਦਾ ਰਹਿੰਦਾ ਹੈ।3                   
     ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ
     ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥
     ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
     ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥
     ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
     ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥4
      ਪ੍ਰਭੂ ਨਾਮ ਦਾ ਵਪਾਰ ਕਰਨ ਆਏ ਹੇ ਜੀਵ-ਮਿੱਤ੍ਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, ਜਦੋਂ ਏਥੋਂ ਕੂਚ ਕਰਨਾ ਹੁੰਦਾ ਹੈ। ਹੇ ਵਣਜਾਰੇ ਮਿੱਤ੍ਰ, ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਸਹਾਈ ਹੋਵੇਗਾ। ਹੇ ਪ੍ਰਾਣੀ ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖੀਰ ਸਮੇ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ, ਜਿਸ ਵਿਚ ਤੂੰ ਫਸਿਆ ਪਿਆ ਹੈਂ, ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। ਹੇ ਭਾਈ, ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ।  ਗੁਰੂ ਦੀ ਸਰਨ ਪਉ, ਤਾਂ ਜੋ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਵੇ।
  ਹੇ ਨਾਨਕ ਆਖ, ਹੇ ਪ੍ਰਾਣੀ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, ਜਦੋਂ ਏਥੋਂ ਚਲਣਾ ਹੁੰਦਾ ਹੈ।4  
     ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥
     ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
     ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥
     ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
     ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥
     ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥514
      ਹੇ ਹਰਿ ਨਾਮ ਦਾ ਵਪਾਰ ਕਰਨ ਆਏ ਜੀਵ-ਮਿੱਤ੍ਰ, ਜਦੋਂ ਕਰਤਾਰ ਵਲੋਂ ਲਿਖਿਆ ਹੋਇਆ ਮੌਤ ਦਾ ਪਰਵਾਨਾ ਆਉਂਦਾ ਹੈ, ਤਦੋਂ ਏਥੇ ਕਮਾਏ ਹੋਏ, ਚੰਗੇ-ਮੰਦੇ ਕਰਮਾਂ ਦੇ ਸੰਸਕਾਰ, ਜੀਵਾਤਮਾ ਦੇ ਨਾਲ ਤੁਰ ਪੈਂਦੇ ਹਨਉਸ ਵੇਲੇ ਉਨ੍ਹਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ-ਮਿੱਤ੍ਰ, ਉਹ ਰਤਾ ਭਰ ਵੀ ਸਮੇਂ ਦੀ ਢਿਲ-ਮੱਠ ਦੀ ਇਜਾਜ਼ਤ ਨਹੀਂ ਦੇਂਦੇ। ਜਦੋਂ ਕਰਤਾਰ ਵਲੋਂ ਮੌਤ ਦਾ ਲਿਖਿਆ ਹੋਇਆ ਹੁਕਮ ਆਉਂਦਾ ਹੈ, ਜਮ, ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ।
 ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਖੀ ਰਹਿੰਦੇ ਹਨ। ਜਿਨ੍ਹਾਂ ਨੇ ਪਰਮਾਤਮਾ ਦਾ ਆਸਰਾ ਲਈ ਰੱਖਿਆ, ਉਹ ਪ੍ਰਭੂ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ। ਹੇ ਵਣਜਾਰੇ ਜੀਵ, ਮਨੁੱਖਾ ਜੀਵਨ ਵਿਚ ਮਨੁੱਖ ਦਾ ਸਰੀਰ ਕਰਮ ਕਮਾਣ ਲਈ ਧਰਤੀ ਸਮਾਨ ਹੈ, ਜਿਸ ਵਿਚ ਜਿਹੋ-ਜਿਹਾ ਕੋਈ ਬੀਜਦਾ ਹੈ ਉਹੀ ਖਾਂਦਾ ਹੈ।   
  ਹੇ ਨਾਨਕ ਆਖ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।514
            ਚੰਦੀ ਅਮਰ ਜੀਤ ਸਿੰਘ      (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.