ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(261)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(261)
Page Visitors: 5

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(261)                  
     ਸਲੋਕ ਮ: 3
     ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
     ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ
     ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ
     ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥
     ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
     ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥
     ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥1
      ਮਨੁੱਖਾ ਜਨਮ ਹਾਸਲ ਕਰ ਕੇ ਵੀ ਜਿਨ੍ਹਾਂ ਜੀਵਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਹਰੀ-ਨਾਮ ਦੀ ਵਿਚਾਰ ਨਹੀਂ ਕੀਤੀ, ਤੇ ਇਸ ਤਰ੍ਹਾਂ ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ ਜਿਊਂਦਾ ਦਿਸਦਾ ਵੀ ਮੋਇਆਂ ਬਰਾਬਰ ਹੈ, ਚੌਰਾਸੀ ਲੱਖ ਜੂਨਾਂ ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ-ਮੁੜ ਜੰਮਦਾ-ਮਰਦਾ ਤੇ ਖੁਆਰ ਹੁੰਦਾ ਹੈ। ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਵੇ, ਉਹੀ ਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ। ਗੁਰੂ ਦੇ ਕੋਲ ਨਾਮ-ਖਜ਼ਾਨਾ ਹੈ, ਜੋ ਪ੍ਰਭੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ। ਜੋ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਨ੍ਹਾਂ ਦੀ ਬਿਰਤੀ ਸਦਾ ਇਕ-ਤਾਰ ਰਹਿੰਦੀ ਹੈ। ਹੇ ਨਾਨਕ, ਜਿਸ ਨੂੰ ਇਕ ਵਾਰੀ ਮੇਲ ਲੈਂਦਾ ਹੈ, ਉਹ ਕਦੀ ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ।1
     ਮ: 3
     ਸੋ ਭਗਉਤੀ ਜੁੋ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥
     ਧਾਵਤੁ ਰਾਖੈ ਇਕਤੁ ਘਰਿ ਆਣੈ ॥ ਜੀਵਤੁ ਮਰੈ ਹਰਿ ਨਾਮੁ ਵਖਾਣੈ ॥
     ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥2
      ਭਗਉਤੀ, ਸੱਚਾ ਭਗਤ ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ, ਪ੍ਰਭੂ ਨਾਲ ਡੂੰਘੀ ਸਾਂਝ ਪਾਉਂਦਾ ਹੈ, ਤੇ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਸਿਖਿਆ ਲੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਵਾਸ਼ਨਾ ਵੱਲ ਦੌੜਦੇ ਮਨ ਨੂੰ ਸਾਂਭ ਰੱਖਦਾ ਹੈ, ਇਕ ਟਿਕਾਣੇ ਤੇ ਲਿਆਉਂਦਾ ਹੈ, ਅਤੇ ਜਿਊਂਦਾ ਹੋਇਆ ਹੀ ਮਾਇਆ ਵਲੋਂ ਮਰਦਾ ਹੈ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ। ਇਹੋ ਜਿਹਾ ਭਗਉਤੀ, ਭਗਤ ਉੱਤਮ ਹੁੰਦਾ ਹੈ, ਹੇ ਨਾਨਕ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।2  
     ਮ: 3
     ਅੰਤਰਿ ਕਪਟੁ ਭਗਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
     ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
     ਸਤਸੰਗਤਿ ਸਿਉ ਬਾਦੁ ਰਚਾਏ ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
     ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
     ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥3
      ਜੋ ਮਨੁੱਖ, ਹਿਰਦੇ ਵਿਚ ਖੋਟ ਰੱਖੇ, ਪਰ ਆਪਣੇ ਆਪ ਨੂੰ ਭਗਉਤੀ, ਸੱਚਾ ਭਗਤ ਅਖਵਾਏ, ਉਹ ਇਸ ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਜੀਵ ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ, ਤੇ ਬਾਹਰੋਂ ਸਰੀਰ ਦੀ ਮੈਲ ਇਸ਼ਨਾਨ ਆਦਿ ਨਾਲ ਧੋਂਦਾ ਰਹੇ, ਇਸ ਤਰ੍ਹਾਂ ਮਨ ਦੀ ਜੂਠ ਦੂਰ ਨਹੀਂ ਹੁੰਦੀ। ਜੋ ਮਨੁੱਖ ਸਤ-ਸੰਗਤ, ਸੰਤ-ਜਨਾਂ ਨਾਲ ਝਗੜਾ ਪਾਈ ਰੱਖਦਾ ਹੈ, ਜਿਸ ਨੂੰ ਸਤ-ਸੰਗ ਚੰਗਾ ਨਹੀਂ ਲਗਦਾ, ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ। ਹਰੀ-ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ-ਕਾਂਡ ਕਰਦਾ ਰਹੇ ਇਸ ਤਰ੍ਹਾਂ ਪਹਿਲਾਂ ਕੀਤੇ ਕਰਮਾਂ ਦੇ ਚੰਗੇ-ਮੰਦੇ ਸੰਸਕਾਰ ਜੋ ਮਨ ਤੇ ਲਿਖੇ ਗਏ ਹਨ, ਤੇ ਜਨਮ-ਜਨਮ ਵਿਚ ਭਵਾਉਂਦੇ ਰਹਿੰਦੇ ਹਨ, ਮਿਟ ਨਹੀਂ ਸਕਦੇ। ਹੇ ਨਾਨਕ, ਸੱਚ ਤਾਂ ਇਹ ਹੈ ਕਿ ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ, ਮਾਇਆ ਦੇ ਮੋਹ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ।3         
     ਪਉੜੀ ॥
     ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
     ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥                         
     ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ                        
     ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
     ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥14
      ਜਿਨ੍ਹਾਂ ਨੇ ਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ, ਕਿਉਂਕਿ ਜਿਨ੍ਹਾਂ ਨੇ ਗੁਰੂ ਦਾ ਧਿਆਨ ਧਰਿਆ ਹੈ ਉਹ ਦੁਨੀਆ ਦੇ ਪਦਾਰਥਾਂ ਵਲੋਂ, ਪੂਰਨ ਤੌਰ ਤੇ ਰੱਜੇ ਰਹਿੰਦੇ ਹਨ, ਇਸ ਵਾਸਤੇ ਉਨ੍ਹਾਂ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ। ਗੁਰੂ ਦੀ ਸਰਨੀ ਵੀ ਉਹੀ ਲੱਗਦੇ ਹਨ, ਜਿਨ੍ਹਾਂ ਉੱਤੇ ਹਰੀ ਆਪ ਤੁਠਦਾ ਹੈ, ਉਹ ਦੋਹੀਂ ਜਹਾਨੀਂ ਸੁਰਖਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ ਵੀ ਵਡਿਆਏ ਜਾਂਦੇ ਹਨ ।14
           ਚੰਦੀ ਅਮਰ ਜੀਤ ਸਿੰਘ       (ਚਲਦਾ)    

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.