ਗੁਰਬਾਣੀ ਦੀ ਸਰਲ ਵਿਆਖਿਆ ਭਾਗ(263)
ਸਲੋਕ ਮ: 3 ॥
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥ 1॥
ਝੂਠੀ ਮਾਨੋ ਜਾਂ ਖੋਟੀ, ਭੈੜੇ ਲੱਛਣਾ ਵਾਲੀ ਤੇ ਕਰੂਪ ਜੀਵ-ਇਸਤ੍ਰੀ, ਆਪਣੇ ਸਰੀਰ ਨੂੰ ਸ਼ਿੰਗਾਰਦੀ ਹੈ, ਪਰ ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, ਸਗੋਂ ਮੂਰਖ ਇਸਤ੍ਰੀ ਪਤੀ ਤੇ ਹੁਕਮ ਚਲਾਉਂਦੀ ਹੈ, ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ। ਜੋ ਜੀਵ-ਇਸਤ੍ਰੀ ਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਆਪਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ। ਪਰ ਕੁਲੱਖਣੀ ਦੇ ਕੀ ਵੱਸ ?
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ, ਰੱਬ ਨੇ ਜੋ ਧੁਰੋਂ ਸੰਸਕਾਰਾਂ ਦਾ ਲੇਖ, ਜੀਵਾਂ ਦੇ ਮੱਥੇ ਤੇ ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ। ਸੁਲੱਖਣੀ ਜੀਵ-ਇਸਤ੍ਰੀ ਆਪਣਾ ਤਨ-ਮਨ ਪਤੀ ਨੂੰ ਸੌਂਪ ਦੇਂਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ। ਹਿਰਦੇ ਵਿਚ ਵਿਚਾਰ ਕਰ ਕੇ ਵੇਖ ਵੀ ਲਵੋ, ਕਿ ਨਾਮ ਜਪਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ। ਹੇ ਨਾਨਕ, ਚੰਗੇ ਲੱਛਣਾ ਵਾਲੀ ਤੇ ਸੁੰਦਰ ਜੀਵ ਇਸਤ੍ਰੀ ਉਹੀ ਹੈ ਜਿਸ ਉੱਤੇ ਸਿਰਜਣਹਾਰ-ਪਤੀ ਨੇ ਮਿਹਰ ਕੀਤੀ ਹੈ।1।
ਮ: 3 ॥
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥2॥
ਮਾਇਆ ਦਾ ਮੋਹ ਪਿਆਰ ਨਿਰਾ ਹਨੇਰਾ ਹੈ, ਜਿਸ ਦਾ ਉਰਲਾ ਤੇ ਪਰਲਾ ਬੰਨਾ ਦਿਸਦਾ ਨਹੀਂ। ਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ, ਪ੍ਰਭੂ ਦਾ ਨਾਮ ਵਿਸਾਰ ਕੇ ਉਸ ਹਨੇਰੇ ਵਿਚ ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ, ਨਿੱਤ ਨਵੇਂ ਸੂਰਜ, ਨਾਮ ਤੋਂ ਬਿਨਾ ਹੋਰ ਬਥੇਰੇ ਕੰਮ ਕਰਦੇ ਹਨ, ਤੇ ਮਾਇਆ ਦੇ ਪਿਆਰ ਵਿਚ ਹੀ ਉਨ੍ਹਾਂ ਦੀ ਬਿਰਤੀ ਜੁੜੀ ਰਹਿੰਦੀ ਹੈ। ਜੋ ਜੀਵ, ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ ਮਾਇਆ ਦੇ ਮੋਹ ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।2।
ਪਉੜੀ ॥
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥ 16॥
ਪ੍ਰਭੂ ਜਲ ਵਿਚ, ਥੱਲ ਵਿਚ, ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ, ਪ੍ਰਭੂ ਆਪ ਹੀ ਬਹਿ ਕੇ, ਗਹੁ ਨਾਲ ਜੀਵਾਂ ਦੇ ਚੰਗੇ-ਮੰਦੇ ਕੀਤੇ ਕਰਮਾਂ ਦਾ ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ, ਸੱਚ ਦੇ ਵਪਾਰੀਆਂ ਨੂੰ ਆਦਰ ਬਖਸ਼ਦਾ ਹੈ, ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ। ਹੇ ਭਾਈ, ਸਾਰੇ ਪ੍ਰਭੂ ਦੀ ਸਿਫਤ-ਸਾਲਾਹ ਕਰੋ, ਜਿਸ ਨੇ ਸਦਾ ਗਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ, ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ।16।
ਚੰਦੀ ਅਮਰ ਜੀਤ ਸਿੰਘ (ਚਲਦਾ)