ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(289)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(289)
Page Visitors: 4

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(289)
     ਮਾਝ ਮਹਲਾ 5
     ਦੁਖੁ ਤਦੇ ਜਾ ਵਿਸਰਿ ਜਾਵੈ ॥ ਭੁਖ ਵਿਆਪੈ ਬਹੁ ਬਿਧਿ ਧਾਵੈ ॥
     ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥1
      ਜੀਵ ਨੂੰ ਦੁੱਖ ਤਦ ਹੀ ਹੁੰਦਾ ਹੈ, ਜਦ ਉਸ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਨਾਮ ਤੋਂ ਖੁੰਝੇ ਹੋੲ ਜੀਵ ਉੱਤੇ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ, ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਨੂੰ ਨਾਮ ਦੀ ਦਾਤ ਦੇਂਦਾ ਹੈ, ਉਹ ਨਾਮ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ।1
     ਸਤਿਗੁਰ ਮੇਰਾ ਵਡ ਸਮਰਥਾ ॥ ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
     ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥2
      ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ, ਮੇਰਾ ਸੱਚਾ ਗੁਰੂ ਬੜੀ ਤਾਕਤ ਵਾਲਾ ਹੈ, ਉਸ ਦੀ ਮਿਹਰ ਨਾਲ ਜਦੋਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ, ਚਿੰਤਾ ਹਉਮੈ ਆਦਿ ਤੋਂ, ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ।2
     ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥
     ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥3
      ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਦਰ ਤੋਂ ਮੈਂ ਅਬੋਧ ਨਿਆਣੇ ਵਾਙ ਹਰੇਕ ਚੀਜ਼ ਮੰਗਦਾ ਹਾਂ, ਉਹ ਸਦਾ ਮੈਨੂੰ ਮੇਰੀਆਂ ਮੂੰਹ ਮੰਗੀਆਂ ਚੀਜ਼ਾਂ ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਵਲੋਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੀ ਤੋਟ ਨਹੀਂ ਆਉਂਦੀ। ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ।3
     ਹਉ ਬਲਿਹਾਰੀ ਸਤਿਗੁਰ ਪੂਰੇ ॥ ਜਿਨਿ ਬੰਧਨ ਕਾਟੇ ਸਗਲੇ ਮੇਰੇ ॥
     ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ 4815
      ਮੈਂ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਸ ਨੇ ਮੇਰੇ ਸਾਰੇ, ਮਾਇਆ ਦੇ ਬੰਧਨ ਤੋੜ ਦਿੱਤੇ ਹਨ
 ਹੇ ਨਾਨਕ, ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ।4815
               ਚਂਦੀ ਅਮਰ ਜੀਤ ਸਿੰਘ           (ਚਲਦਾ)    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.