ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(296)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(296)
Page Visitors: 2

 

    ਗੁਰਬਾਣੀ ਦੀ ਸਰਲ ਵਿਆਖਿਆ ਭਾਗ(296)  
     ਮਾਝ ਮਹਲਾ 5
     ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ ਸੁਖਦਾਈ ਦੂਖ ਬਿਡਾਰਨ ਹਰੀਆ ॥
     ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥1
      ਹੇ ਮਨ, ਜਿਹੜਾ ਪਰਮਾਤਮਾ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਤੇ ਜੀਵਾਂ ਦੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ ਰਹਿੰਦਾ ਹੈ। ਹੇ ਮਨ, ਦੁਨੀਆ ਦੇ ਪਦਾਰਥਾਂ ਦੇ ਹੋਰ ਸਾਰੇ ਸੁਆਦ ਮੈਂ ਚੱਖ ਕੇ ਦੇਖੇ ਲਏ ਹਨ, ਪਰਮਾਤਮਾ ਦੇ ਨਾਮ ਦਾ ਸਵਾਦ ਹੋਰ ਸਭ ਤੋਂ ਮਿੱਠਾ ਹੈ।1
     ਜੋ ਜੋ ਪੀਵੈ ਸੋ ਤ੍ਰਿਪਤਾਵੈ ॥ ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥
     ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥2
      ਹੇ ਭਾਈ, ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਨੂੰ ਆਤਮਕ ਮੌਤ ਕਦੇ ਵੀ ਪੋਹ ਨਹੀਂ ਸਕਦੀ। ਪਰ ਪ੍ਰਭੂ ਨਾਮ ਦੇ ਖਜ਼ਾਨੇ ਸਿਰਫ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ।2
   ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥ ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥
     ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥3
      ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ, ਉਸ ਦੀ ਮਾਇਆ ਵਾਲੀ ਭੁੱਖ ਪਿਆਸ ਮਿੱਟ ਗਈ ਹੈ, ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਿਆ ਹੈ, ਉਹ ਮਾਇਆ ਦੇ ਹੱਲਿਆਂ, ਵਿਕਾਰਾਂ ਦੇ ਹੱਲਿਆਂ ਦੇ ਸਾਮ੍ਹਣੇ ਕਦੇ ਵੀ ਨਹੀਂ ਡੋਲਦਾ। ਪਰ ਪਰਮਾਤਮਾ ਦਾ ਇਹ ਨਾਮ ਰਸ ਸਿਰਫ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਵੇ।3
     ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥ ਤਿਸੁ ਲਗਿ ਮੁਕਤੁ ਭਏ ਘਣੇਰੇ ॥
     ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥41522
      ਹੇ ਨਾਨਕ ਆਖ, ਜਦੋਂ ਇਹ ਹਰਿ-ਨਾਮ ਇਕ ਸ਼ਬਦ-ਗੁਰੂ ਦੇ ਹੱਥ ਵਿਚ ਆ ਜਾਂਦਾ ਹੈ ਤਾਂ ਉਸ ਗੁਰੂ ਪਾਸੋਂ ਅਨੇਕਾਂ ਬੰਦੇ ਲਾਭ ਉਠਾਂਦੇ ਹਨ, ਉਸ ਗੁਰੂ ਦੀ ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਇਹ ਨਾਮ ਖਜ਼ਾਨਾ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਵਿਰਲਿਆਂ ਨੇ ਹੀ ਇਸ ਇਸ ਨਾਮ ਖਜ਼ਾਨੇ ਦਾ ਦਰਸ਼ਨ ਕੀਤਾ ਹੈ।41522
               ਚੰਦੀ ਅਮਰ ਜੀਤ ਸਿੰਘ        (ਚਲਦਾ)      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.