ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(313)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(313)
Page Visitors: 1

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(313)
     ਮਾਝ ਮਹਲਾ 5
     ਮੀਹੁ ਪਇਆ ਪਰਮੇਸਰਿ ਪਾਇਆ ॥ ਜੀਅ ਜੰਤ ਸਭਿ ਸੁਖੀ ਵਸਾਇਆ ॥
     ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥1
      ਜਿਵੇਂ ਜਦੋਂ ਮੀਂਹ ਪਿਆ, ਜਦੋਂ ਪਰਮੇਸ਼ਰ ਨੇ ਮੀਂਹ ਪਾਇਆ ਤਾਂ ਉਸ ਨੇ ਸਾਰੇ ਜੀਅ-ਜੰਤ ਸੁਖੀ ਵਸਾ ਦਿੱਤੇ, ਤਿਵੇਂ ਜਿਉਂ ਜਿਉਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਮੇਰੇ ਅੰਦਰੋਂ ਦੁੱਖ ਕਲੇਸ਼ ਖਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ।1। 
     ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
     ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥2
      ਜਿਵੇਂ ਮੀਂਹ ਪਾ ਕੇ ਪਾਰਬ੍ਰਹਮ ਪ੍ਰਭੂ ਉਨ੍ਹਾਂ ਸਾਰੇ ਜੀਅ-ਜੰਤਾਂ ਦੀ ਪਾਲਣਾ ਕਰਦਾ ਹੈ, ਜੋ ਉਸ ਦੇ ਪੈਦਾ ਕੀਤੇ ਹੋਏ ਹਨ, ਸਭਨਾਂ
ਦਾ ਰਾਖਾ ਬਣਦਾ ਹੈ, ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ ਸੇਵਾ-ਭਗਤੀ ਦੀ ਮਿਹਨਤ ਸਿਰੇ ਚੜ੍ਹ ਗਈ।2
     ਸਰਬ ਜੀਆ ਕਉ ਦੇਵਣਹਾਰਾ ॥ ਗੁਰ ਪਰਸਾਦੀ ਨਦਰਿ ਨਿਹਾਰਾ ॥
     ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥3
      ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰਥਾ ਰੱਖਦਾ ਹੈ, ਜਿਸ ਦੀ ਕਿਰਪਾ ਨਾਲ ਪਾਣੀ, ਥਰਤੀ ਤੇ ਉਸ ਦੇ ਉਪਰਲੇ ਪੁਲਾੜ ਦੇ ਸਾਰੇ ਜੀਅ-ਜੰਤ ਉਸ ਦੀਆਂ ਦਾਤਾਂ ਨਾਲ ਰੱਜ ਰਹੇ ਹਨ, ਉਸ ਪ੍ਰਭੂ ਨੇ, ਗੁਰੂ ਦੀ ਕਿਰਪਾ ਨਾਲ ਮੈਨੂੰ ਵੀ ਮਿਹਰ ਦੀ
ਨਿਗਾਹ ਨਾਲ ਤੱਕਿਆ ਤੇ ਮੇਰੇ ਹਿਰਦੇ ਵਿਚ ਨਾਮ ਦੀ ਵਰਖਾ ਕਰ ਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ। ਤਾਂ ਹੀ ਮੈਂ ਗੁਰੂ ਦੇ ਚਰਨ ਧੋਂਦਾ ਹਾਂ।3। 
     ਮਨ ਕੀ ਇਛ ਪੁਜਾਵਣਹਾਰਾ ॥ ਸਦਾ ਸਦਾ ਜਾਈ ਬਲਿਹਾਰਾ ॥
     ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥43239
      ਪਰਮਾਤਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ, ਮੈਂ ਉਸ ਤੋਂ ਸਦਾ ਹੀ, ਸਦਾ ਹੀ ਸਦਕੇ ਜਾਂਦਾ ਹਾਂ।
 
ਹੇ ਨਾਨਕ, ਜੀਵਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ੀ, ਉਹ ਉਸ ਸਾਰੇ ਰਸਾਂ ਦੇ ਮਾਲਕ, ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ।43239
         ਚੰਦੀ ਅਮਰ ਜੀਤ ਸਿੰਘ         (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.