ਗੁਰਬਾਣੀ ਦੀ ਸਰਲ ਵਿਆਖਿਆ ਭਾਗ(316)
ਮਾਝ ਮਹਲਾ 5 ॥
ਸਭੇ ਸੁਖ ਭਏ ਪ੍ਰਭ ਤੁਠੇ ॥ ਗੁਰ ਪੂਰੇ ਕੇ ਚਰਣ ਮਨਿ ਵੁਠੇ ॥
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥1॥
ਜਦੋਂ ਪ੍ਰਭੂ ਪ੍ਰਸੰਨ ਹੋਵੇ, ਤੇ ਉਸ ਦੀ ਮਿਹਰ ਨਾਲ ਪੂਰੇ ਗੁਰੂ, ਸ਼ਬਦ ਗੁਰੂ ਦੇ ਚਰਨ ਕਿਸੇ ਵਡਭਾਗੀ ਦੇ ਮਨ ਵਿਚ ਆ ਵੱਸਣ ਤਾਂ ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।ਪਰ ਉਸ ਅਨੰਦ ਨੂੰ ਉਹੀ ਮਨੁੱਖ ਸਮਝਦਾ ਹੈ, ਜਿਸ ਦੇ ਅੰਦਰ ਪ੍ਰਭੂ ਮਿਲਾਪ ਦੀ ਲਗਨ ਹੋਵੇ, ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਵੇ, ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ।1।
ਅਗਮ ਅਗੋਚਰੁ ਸਾਹਿਬੁ ਮੇਰਾ ॥ ਘਟ ਘਟ ਅੰਤਰਿ ਵਰਤੈ ਨੇਰਾ ॥
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥2॥
ਹੇ ਭਾਈ, ਮੇਰਾ ਮਾਲਕ-ਪ੍ਰਭੂ ਅਪਹੁੰਚ ਹੈ, ਗਿਆਨ ਇੰਦਰਿਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ, ਉੱੰਞ ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ, ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ, ਫਿਰ ਵੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਸਭ ਦੀ ਜਿੰਦ-ਜਾਨ ਹੈ, ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ, ਉਸ ਸਭ ਦੇ ਆਪੇ, ਪ੍ਰਭੂ ਨੂੰ ਕੋਈ ਵਿਰਲਾ ਮਨੁੱਖ ਹੀ ਪਛਾਣਦਾ ਹੈ।2।
ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥3॥
ਹੇ ਭਾਈ, ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਉਸ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਹ ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਣ ਵਾਲਾ ਹੁਕਮ ਸਮਝ ਲੈਂਦਾ ਹੈ, ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ।
ਜਿਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਤੀਤ ਕਰਦੇ ਹਨ ਤੇ ਤ੍ਰਿਸ਼ਨਾ ਵਲੋਂ ਸਦਾ ਰੱਜੇ ਰਹਿੰਦੇ ਹਨ।3।
ਹਥੀ ਦਿਤੀ ਪ੍ਰਭਿ ਦੇਵਣਹਾਰੈ ॥ ਜਨਮ ਮਰਣ ਰੋਗ ਸਭਿ ਨਿਵਾਰੇ ॥
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥4॥35॥42॥
ਪ੍ਰਭੂ ਦੀ ਸਿਫਤ-ਸਾਲਾਹ ਮਾਨੋ ਫੱਕੀ ਹੈ, ਦੇਣ ਵਾਲੇ ਪ੍ਰਭੂ ਨੇ ਇਸ ਇਆਣੇ-ਜੀਵ ਨੂੰ ਇਸ ਫੱਕੀ ਦੀ ਇਕ ਛੋਟੀ ਖੁਰਾਕ
ਦਿੱਤੀ, ਜਿਸ ਨਾਲ ਉਸ ਦੇ ਜਨਮ-ਮਰਨ ਦੇ ਗੇੜ ਵਿਚ ਪਾਉਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ। ਹੇ ਨਾਨਕ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ, ਉਹ ਪਰਮਾਤਮਾ ਦੀ ਸਿਫਤ-ਸਾਲਾਹ ਵਿਚ ਆਤਮਕ ਆਨੰਦ ਮਾਣਦੇ ਹਨ।4।35।42।
ਚੰਦੀ ਅਮਰ ਜੀਤ ਸਿੰਘ (ਚਲਦਾ)