ਗੁਰਬਾਣੀ ਦੀ ਸਰਲ ਵਿਆਖਿਆ ਭਾਗ (395)
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭਿ ਕੀਤੇ ਆਪਣੇ ਸੇਇ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥4॥
ਜਿਸ ਹਰੀ ਦੇ ਅੱਗੇ ਸਭ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ, ਉਸ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ।
ਜੇ ਹਰੀ-ਸੱਜਣ ਦੇ ਲੜ ਲਗ ਰਹੀਏ, ਤਾਂ ਉਹ ਕਿਸੇ ਜਮ ਆਦਿ ਨੂੰ ਆਗਿਆ ਨਹੀਂ ਦੇਂਦਾ ਕਿ ਉਹ ਜੀਵ ਨੂੰ ਅੱਗੇ ਲਾ ਲਵੇ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ।
ਲੋਕ, ਹੀਰੇ, ਮੋਤੀ, ਲਾਲ ਆਦਿ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ।
ਪਰਮਾਤਮਾ ਦਾ ਨਾਮ, ਹੀਰੇ, ਮੋਤੀ, ਲਾਲ ਆਦਿ ਤੋਂ ਕਿਤੇ ਵੱਧ ਕੀਮਤੀ ਅਜਿਹਾ ਧਨ ਹੈ ਜਿਸ ਨੂੰ ਚੁਰਾਇਆ ਨਹੀਂ ਜਾ ਸਕਦਾ।
ਪਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਹਨ, ਨਾਮ-ਧਨ ਦੀ ਬਰਕਤ ਨਾਲ ਉਹ ਸਾਰੇ ਮਨ ਵਿਚ ਪਿਆਰੇ ਲਗਦੇ ਹਨ।
ਇਹ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ, ਜੋ ਉਸ ਪ੍ਰਭੂ ਨੂੰ ਚੰਗਾ ਲਗਦਾ ਹੈ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਫਤ-ਸਾਲਾਹ ਦੀ ਦਾਤ ਦੇ ਕੇ ਆਪਣਾ ਬਣਾ ਲਿਆ ਹੈ, ਉਨ੍ਹਾਂ ਨੂੰ ਹੀ ਜਗਤ ਵਿਚ ਸ਼ਾਬਾਸ਼ ਮਿਲਦੀ ਹੈ।
ਪਰ ਪਰਮਾਤਮਾ, ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ, ਜੇ ਜੀਵਾਂ ਦੇ ਆਪਣੇ ਉੱਦਮ ਨਾਲ
ਮਿਲ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੁੜ ਕੇ ਦੁਖੀ ਕਿਉਂ ਹੋਣ ?
ਹੇ ਨਾਨਕ, ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਮਨੁੱਖ ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਵੇ।
ਜਿਸ ਮਨੁੱਖ ਦੇ ਮੱਥੇ ਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਣਾ ਲਗਦਾ ਹੈ, ਓਸੇ ਨੂੰ ਹੀ ਪ੍ਰਭੂ ਮਾਲਕ ਮਿਲਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)