ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (403)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (403)
Page Visitors: 21

    ਗੁਰਬਾਣੀ ਦੀ ਸਰਲ ਵਿਆਖਿਆ ਭਾਗ (403)        
     ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
     ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
     ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
     ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ ॥
     ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
     ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
     ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
     ਜਿਨਾ ਮਿiਲਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
     ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰ ਮਿਹਰਵਾਨੁ ॥12
      ਮਾਘ ਵਿਚ, ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿ ਤੀਰਥਾਂ ਤੇ ਇਸ਼ਨਾਨ ਕਰਨਾ, ਬੜਾ ਪੁੱਨ-ਕਰਮ ਸਮਝਦੇ ਹਨ, ਪਰ ਹੇ ਭਾਈ, ਤੂੰ ਗੁਰਮੁਖਾਂ ਦੀ ਸੰਗਤ ਵਿਚ ਬੈਠ, ਇਹੀ ਹੈ ਤੀਰਥਾਂ ਦਾ ਇਸ਼ਨਾਨ, ਉਨ੍ਹਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ, ਨਿਮ੍ਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ, ਓਥੇ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਨਾਮ ਦੀ ਇਹ ਦਾਤ ਵੰਡ, ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ, ਤੇਰੇ ਮਨ ਤੋਂ ਲਹਿ ਜਾਵੇਗੀ,
  
ਤੇਰੇ ਮਨ ਵਿਚੋਂ ਹਉਮੈ ਦੂਰ ਹੋ ਜਾਵੇਗੀ।   ਸਿਮਰਨ ਦੀ ਬਰਕਤ ਨਾਲ ਕਾਮ ਵਿਚ, ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਵੀ ਖਤਮ ਹੋ ਜਾਂਦਾ ਹੈ, ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਙ ਦਰ ਦਰ ਤੇ ਭਟਕਦਾ ਹੈ।
    ਇਸ ਸੱਚੇ ਰਸਤੇ ਤੇ ਤੁਰਿਆਂ ਜਗਤ ਵੀ ਸੋਭਾ ਕਰਦਾ ਹੈ।  ਅਠਾਹਠ ਤੀਰਥਾਂ ਦਾ ਇਸ਼ਨਾਨ, ਉਨ੍ਹਾਂ ਤੇ ਕੀਤੇ ਸਾਰੇ ਪੁੰਨ-ਕਰਮ ਸਾਰੇ ਪੂਰੇ ਹੋ ਜਾਂਦੇ ਹਨ, ਜੇ ਗਲਤ ਕੰਮਾਂ ਵਲੋਂ ਰੁਕ ਕੇ ਆਪਣੇ ਜੀਅ, ਆਪਣੇ ਮਨ ਤੇ ਦਇਆ ਕਰੇਂ, ਇਸ ਦਇਆ ਦਾ ਜਾਨਵਰਾਂ ਤੇ ਕੀਤੀ ਦਇਆ ਨਾਲ ਕੋਈ ਸੰਬੰਧ ਨਹੀਂ।
     ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦੇਂਦਾ ਹੈ, ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਹੋ ਜਾਂਦਾ ਹੈ।
     ਹੇ ਨਾਨਕ ਆਖ, ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਨ੍ਹਾਂ ਤੋਂ ਸਦਕੇ ਹਾਂ।
     ਮਾਘ ਮਹੀਨੇ ਵਿਚ ਸਿਰਫ ਉਹੀ ਬੰਦੇ ਸੁੱਚੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਗੁਰੂ ਮਿਹਰਬਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ।12।   
    ਚੰਦੀ ਅਮਰ ਜੀਤ ਸਿੰਘ  (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.