ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (410)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (410)
Page Visitors: 11

 

    ਗੁਰਬਾਣੀ ਦੀ ਸਰਲ ਵਿਆਖਿਆ ਭਾਗ (410)       
     ਮ: 1
     ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
     ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
     ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
     ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
     ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥3
    ਦਸਾਂ ਸਾਲਾਂ ਦਾ ਜੀਵ, ਬਾਲਪਨ ਵਿਚ ਪੈਂਦਾ ਹੈ, ਵੀਹਾਂ ਵਰ੍ਹਿਆਂ ਦਾ ਹੋ ਕੇ, ਕਾਮ-ਚੇਸ਼ਠਾ ਵਾਲੀ ਅਵਸਥਾ ਵਿਚ ਅੱਪੜਦਾ ਹੈ, ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ। ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ, ਜੁਆਨੀ ਤੋਂ ਹੇਠਾਂ ਖਿਸਕਣ ਲੱਗ ਜਾਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ। ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲਗ ਜਾਂਦਾ ਹੈ ਤੇ ਅੱਸੀ ਸਾਲ ਦਾ, ਕੰਮ-ਕਾਰ ਜੋਗਾ ਨਹੀਂ ਰਹਿੰਦਾ। ਨੱਬੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ-ਆਪ ਵੀ ਨਹੀਂ ਸੰਭਾਲ ਸਕਦਾ।  ਹੇ ਨਾਨਕ, ਮੈਂ ਢੂੰਡਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲੱਸਤਰ ਕੀਤਾ ਹੋਇਆ ਮੰਦਰ ਹੈ, ਵੇਖਣ ਨੂੰ ਸੋਹਣਾ ਹੈ, ਪਰ ਹੈ ਧੂਂਏਂ ਦਾ, ਸਦਾ ਰਹਿਣ ਵਾਲਾ ਨਹੀਂ।3    
     ਪਉੜੀ ॥
     ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
     ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿiਧ ਭਾਤੀ ॥
     ਤੂੰ ਜਾਣਹਿ ਜਿiਨ ਉਪਾਈਐ ਸਭੁ ਖੇਲੁ ਤੁਮਾਤੀ ॥
     ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
     ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
     ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
     ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
     ਜੋ ਮਨਿ ਚਿiਤ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥1
    ਹੇ ਪ੍ਰਭੂ ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, ਫਿਰ ਵੀ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ, ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹ ਰਚਨਾ ਤੂੰ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਤਰੀਕਿਆਂ ਨਾਲ ਬਣਾਈ ਹੈ। ਜਗਤ ਦਾ ਇਹ ਸਾਰਾ
ਤਮਾਸ਼ਾ, ਤੇਰਾ ਹੀ ਬਣਾਇਆ ਹੋਇਆ ਹੈ, ਇਸ ਤਮਾਸ਼ੇ ਦੇ ਭੇਤ ਨੂੰ ਤੂੰ ਆਪ ਹੀ ਜਾਣਦਾ ਹੈਂ, ਜਿਸ ਨੇ ਖੇਲ ਬਣਾਇਆ ਹੋਇਆ ਹੈ। ਇਸ ਤਮਾਸ਼ੇ ਵਿਚ ਕਈ ਜੀਵ ਆ ਰਹੇ ਹਨ, ਕਈ ਤਮਾਸ਼ਾ ਵੇਖ ਕੇ ਤੁਰੇ ਜਾ ਰਹੇ ਹਨ, ਪਰ ਜੋ ਨਾਮ ਤੋਂ ਸੱਖਣੇ ਹਨ, ਤੇਰੀ ਰਜ਼ਾ ਤੋਂ ਅਣਜਾਣ ਹਨ, ਉਹ ਮਰ ਕੇ, ਦੁਖੀ ਹੋ ਕੇ ਜਾਂਦੇ ਹਨ। ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਪ੍ਰਭੂ ਦੇ ਪਿਆਰ ਵਿਚ ਗੂੜ੍ਹੇ ਲਾਲ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਵਿਚ ਰੰਗੇ ਹੋਏ ਹਨ।
   ਹੇ ਭਾਈ, ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਣ ਵਾਲਾ ਹੈ, ਸਦਾ-ਥਿਰ ਰਹਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ। ਹੇ ਪ੍ਰਭੂ ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ-ਕੁਝ ਜਾਨਣ ਵਾਲਾ ਹੈਂ, ਹੇ ਮੇਰੇ ਸੱਚੇ ਸਾਹਿਬ, ਜੋ ਤੈਨੂੰ ਮਨ ਲਾ ਕੇ, ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਹਾਂ।1
   ਚੰਦੀ ਅਮਰ ਜੀਤ ਸਿੰਘ   (ਚਲਦਾ)     

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.