ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ ੧)
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ
ਸਿਰੀ ਰਾਗੁ ਮਹਲਾ 3 ਘਰ 1 ੴ ਸਤਿ ਗੁਰ ਪ੍ਰਸਾਦਿ ॥
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥1॥
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥1॥ਰਹਾਉ॥
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥2॥
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥3॥
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥4॥1॥34॥
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥1॥ਰਹਾਉ॥
ਹੇ ਮੇਰੇ ਮਨ, ਪਰਮਾਤਮਾ ਦੇ ਨਾਮ ਵਾਲਾ ਸਵਾਦ ਚੱਖ, ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਵੇਖ, ਤੇਰੀ ਤ੍ਰਿਸ਼ਨਾ ਮੁੱਕ ਜਾਵੇਗੀ, ਇਸ ਤੋਂ ਇਲਾਵਾ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਹੋਰ ਕੋਈ ਢੰਗ ਨਹੀਂ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਿਖਿਆ ਅਨੁਸਾਰ ‘ਹਰਿ ਰਸ’ ਪ੍ਰਭੂ ਦੀ ਨੇੜਤਾ ਦਾ ਸਵਾਦ ਮਾਣਿਆ ਹੈ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਮਾਇਆ ਦੀਆਂ ਲਹਿਰਾਂ ਕਾਰਨ ਡੋਲਦੇ ਨਹੀਂ।
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥1॥
ਮੈਂ ਮਨੋ ਸਤਿਗੁਰੁ, ਪਰਮਾਤਮਾ ਦੀ ਸੇਵਾ ਕਰਦਾ ਹਾਂ। (ਸਤਿਗੁਰ, ਸ਼ਬਦ ਦੀ ਸੇਵਾ ਤਾਂ “ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223) ਅਤੇ ਸਤਿਗੁਰੁ, ਕਰਤਾਰ ਦੀ ਸੇਵਾ ਉਸ ਦੀ ਰਜ਼ਾ ਵਿਚ ਚੱਲਣਾ ਹੈ “ ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥” (50) ) ਸਤਿਗੁਰੁ, ਕਰਤਾਰ ਹੀ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਤੀਰਥ ਹੈ, ਪਰ ਇਹ ਸੋਝੀ ਉਸ ਨੂ ਹੀ ਆਉਂਦੀ ਹੈ, ਜਿਸ ਨੂੰ ਪ੍ਰਭੂ ਆਪ ਹੀ ਸੋਝੀ ਬਖਸ਼ੇ। ਉਸ ਦੇ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ, ਇੱਛਾ ਮੁਤਾਬਕ ਫੱਲ ਵੀ ਹਾਸਲ ਕਰ ਲੈਂਦਾ ਹੈ। ਕਰਤਾਰ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਰਜ਼ਾ ਵਿਚ ਚੱਲਣ ਦੀ ਤੌਫੀਕ ਹੀ ਮੰਗਣੀ ਚਾਹੀਦੀ ਹੈ, ਉਸ ਦੀ ਰਜ਼ਾ ਵਿਚ ਟਿਕਿਆ ਮਨੁੱਖ, ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਮਨ ਦੀ ਭਟਕਣਾ ਮੁੱਕ ਜਾਂਦੀ ਹੈ ।
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥2॥
ਜਿਨ੍ਹਾਂ ਬੰਦਿਆਂ ਨੇ ਸਤਿਗੁਰੁ ਦੀ ਸੇਵਾ ਕੀਤੀ ਹੈ, ਉਸ ਦੇ ਹੁਕਮ ਵਿਚ ਚੱਲੇ ਹਨ, ਉਨ੍ਹਾਂ ‘ਨਾਮੁ ਨਿਧਾਨੁ’ ਹੁਕਮ ਦਾ ਖਜ਼ਾਨਾ, ਹੁਕਮ ਦਾ ਮਾਲਕ ਪਰਾਪਤ ਕਰ ਲਿਆ ਹੈ, ਉਨ੍ਹਾਂ ਦੇ ਹਿਰਦੇ ਵਿਚ, ਪ੍ਰਭੂ ਦੀ ਹੁਕਮ ਰੂਪੀ ਰਜ਼ਾ ਸਮਾ ਗਈ ਹੈ, ਮਨ ਵਿਚੋਂ ਹੰਕਾਰ ਦੂਰ ਹੋ ਗਿਆ ਹੈ। ਉਨ੍ਹਾਂ ਦਾ ਹਿਰਦਾ, ਕਉਲ ਫੁੱਲ ਵਾਙ ਖਿੜ ਗਿਆ ਹੈ। ਉਨ੍ਹਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।(ਗੁਰਬਾਣੀ ਵਿਚ ਕਉਲ ਫੁੱਲ਼ ਦੀ ਹੀ ਤਸ਼ਬੀਹ ਕਿਉਂ ਦਿੱਤੀ ਗਈ ਹੈ ? ਕਿਉਂਕਿ ਕਉਲ ਫੁੱਲ ਚਿੱਕੜ ਵਿਚ ਉੱਗ ਕੇ ਵੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ) ਇਵੇਂ ਹੀ ਜੋ ਮਨ, ਜੋ ਹਿਰਦੇ ਮਾਇਆ ਰੂਪੀ ਚਿੱਕੜ ’ਪੰਕਜ ਮੋਹ’ ਵਿਚ ਵਿਚਰਦਿਆਂ ਵੀ ਉਸ ਤੋਂ ਨਿਰਲੇਪ ਰਹਿੰਦੇ ਹਨ ਉਹ ਕਉਲ ਫੁੱਲ ਨਿਆਈ ਹੀ ਹੁੰਦੇ ਹਨ। ਅਜਿਹੇ ਮਨ ਹਰ ਵੇਲੇ ਕਰਤਾਰ ਦਾ ਨਾਮ ਸਿਮਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿਚ ਆਦਰ ਮਿਲਦਾ ਹੈ।
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥3॥
ਸਿਰਫ ਸਤਿਗੁਰੁ, ਕਰਤਾਰ ਦੀ ਸੇਵਾ ਕਰਨ ਵਾਲੇ ਬੰਦੇ, ਇਸ ਸੰਸਾਰ ਵਿਚ ਬਹੁਤ ਹੀ ਵਿਰਲੇ ਹੁੰਦੇ ਹਨ,
(ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥ (1427) ) ਕ੍ਰੋੜਾਂ ਵਿਚੋਂ ਕੋਈ । (ਜਦ ਕਿ ਅੱਜ ਦੇ ਕੁਰਾਹੇ ਪਏ ਸਿੱਖਾਂ ਲਈ, ਪੰਜਾਬ ਵਿਚ ਹੀ ਹਜ਼ਾਰਾਂ ਅਜਿਹੇ ਹਨ, ਜਿਨ੍ਹਾਂ ਨੂੰ ਸਿੱਖ, ਰੱਬ ਤੋਂ ਵੀ ਵੱਧ ਸਮਰੱਥ ਮੰਨਦੇ ਹਨ) ਜਿਹੜੇ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਕੇ, ਉਸ ਵਿਚ ਪ੍ਰਭੂ ਨੂੰ ਟਿਕਾਂਦੇ ਹਨ।
ਮੈਂ ਉਨ੍ਹਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਦਾ ਪਰਮਾਤਮਾ ਦੀ ਰਜ਼ਾ ਨਾਲ ਹੀ ਪ੍ਰੇਮ ਬਣਿਆ ਰਹਿੰਦਾ ਹੈ। ਹਮੇਸ਼ਾ ਉਹੀ ਬੰਦੇ ਸੁਖੀ ਰਹਿੰਦੇ ਹਨ, ਜਿਨ੍ਹਾਂ ਦਾ ਕਦੀ ਨਾ ਖਤਮ ਹੋਣ ਵਾਲੇ, ਕਰਤਾਰ ਦੇ ਹੁਕਮ ਨਾਲ ਪਿਆਰ ਬਣਿਆ ਰਹਿੰਦਾ ਹੈ ।
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥4॥1॥34॥
ਗੁਰ, ਸ਼ਬਦ ਗੁਰੂ ਨੂੰ ਮਿਲਣ ਨਾਲ ਹੀ, ਸ਼ਬਦ ਦੀ ਵਿਚਾਰ ਆਸਰੇ ਹੀ, ਪਰਮਾਤਮਾ ਦੇ ਨਾਮ, ਉਸ ਦੀ ਰਜ਼ਾ ਬਾਰੇ ਸੋਝੀ ਹੁੰਦੀ ਹੈ, ਮਾਇਆ ਦੇ ਮੋਹ ਤੋਂ ਖਲਾਸੀ ਹੁੰਦੀ ਹੈ। ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਘਰ ਗ੍ਰਿਹਸਤੀ ਦੇ ਕੰਮ ਕਰਦਿਆਂ ਵੀ, ਉਨ੍ਹਾਂ ਦੀ ਪਕੜ ਤੋਂ ਨਿਰਲੇਪ ਰਹਿੰਦਾ ਹੈ।
ਮੈਂ ਉਨ੍ਹਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ, ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਦੀ ਰਜ਼ਾ ਭਾਉਣ ਲੱਗ ਗਈ ਹੈ, ਚੰਗੀ ਲੱਗਣ ਲੱਗ ਗਈ ਹੈ।
ਹੇ ਨਾਨਕ, ਪ੍ਰਭੂ ਦੀ ਮਿਹਰ ਸਦਕਾ ਹੀ, ਪਰਮਾਤਮਾ ਦੇ ਹਮੇਸ਼ਾ ਕਾਇਮ ਰਹਣ ਵਾਲੇ ਗੁਣਾਂ ਦੇ ਖਜ਼ਾਨੇ ਨਾਮ, ਹੁਕਮ ਅਨੁਸਾਰ ਚੱਲਣ ਦੀ ਸਮਰਥਾ ਹਾਸਲ ਹੁੰਦੀ ਹੈ।
ਅਮਰ ਜੀਤ ਸਿੰਘ ਚੰਦੀ