ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 3)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 3)
Page Visitors: 2511

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
                  (ਭਾਗ 3)              
                                  ਕਕਾ ਕਿਰਣਿ ਕਮਲ ਮਹਿ ਪਾਵਾ ॥
                                 ਸਸਿ ਬਿਗਾਸ ਸੰਪਟ ਨਹੀ ਆਵਾ ॥
                                 ਅਰੁ ਜੇ ਤਹਾ ਕੁਸਮ ਰਸੁ ਪਾਵਾ ॥
                                 ਅਕਹ ਕਹਾ ਕਹਿ ਕਾ ਸਮਝਾਵਾ
॥7॥
   ਜੇ ਮੈਂ ਪ੍ਰਭੂ ਦਾ ਗਿਆਨ ਰੂਪੀ ਚਾਨਣ (ਕਿਰਨ) ਆਪਣੇ ਮਨ ਵਿਚ ਸਾਂਭ ਲਵਾਂ, ਤਾਂ ਫਿਰ ਮੇਰੇ ਮਨ ਤੇ ਮਾਇਆ ਰੂਪੀ ਚਮਦਰਮਾ ਦੀ ਚਮਕ-ਦਮਕ ਦਾ ਕੋਈ ਅਸਰ ਨਹੀਂ ਪੈਂਦਾ। ਅਤੇ ਜਿਵੇਂ ਕੰਵਲ ਦੇ ਫੁੱਲ ਤੇ ਚੰਦਰਮਾ ਦੀ ਚਮਕ ਦਾ ਅਸਰ ਪੈਂਦਿਆਂ ਹੀ ਉਹ ਸੰਪਟ ਵਿਚ ਆ ਜਾਂਦਾ ਹੈ, ਸਿਮਟ ਜਾਂਦਾ ਹੈ, ਓਵੇਂ ਮੇਰਾ ਮਨ ਸਿਮਟਦਾ ਨਹੀਂ ਬਲਕਿ ਹਮੇਸ਼ਾ ਵਿਗਾਸ ਵਿਚ, ਖੇੜੇ ਵਿਚ ਰਹਿੰਦਾ ਹੈ। ਅਤੇ ਜੇ ਮੈਂ ਕਿਤੇ ਉਸ ਅਵਸਥਾ ਦਾ ਆਨੰਦ ਮਾਣ ਲਵਾਂ ਤਾਂ ਉਹ ਆਨੰਦ ਬਿਆਨ ਤੋਂ ਬਾਹਰੀ ਗੱਲ ਹੈ।(ਜਿਵੇਂ ਗੂਂਗੇ ਨੂੰ ਖਾਧੇ ਹੋਏ ਗੁੜ ਦਾ ਸਵਾਦ ਤਾਂ ਪਤਾ ਹੁੰਦਾ ਹੈ, ਪਰ ਉਹ ਉਸ ਸਵਾਦ ਨੂੰ ਦੱਸਣ ਦੇ ਸਮਰੱਥ ਨਹੀਂ ਹੁੰਦਾ) ਇਵੇਂ ਹੀ ਇਸ ਅਬੋਲ ਦੀ ਅਵੱਸਥਾ ਵਿਚ ਪਹੁੰਚਿਆ ਬੰਦਾ, ਉਸ ਅਵਸਥਾਂ ਬਾਰੇ ਕੁਝ ਵੀ ਦੱਸਣ ਦੇ ਸਮਰੱਥ ਨਹੀਂ ਹੁੰਦਾ। 
ਜੇ ਮੈਂ ਉਸ ਬਿਆਨ ਤੋਂ ਬਾਹਰ ਦੀ ਅਵਸਥਾਂ ਬਾਰੇ ਕੁਝ ਆਖਾਂ ਵੀ ਤਾਂ ਕਿਸੇ ਦੂਸਰੇ ਨੂੰ ਉਸ ਅਵਸਥਾਂ ਬਾਰੇ ਕੀ ਸਮਝਾਇਆ ਜਾ ਸਕਦਾ ਹੈ ?   
                                 ਖਖਾ ਇਹੈ ਖੋੜਿ ਮਨ ਆਵਾ ॥
                                 ਖੋੜੇ ਛਾਡਿ ਨ ਦਹ ਦਿਸ ਧਾਵਾ ॥
                                 ਖਸਮਹਿ ਜਾਣਿ ਖਿਮਾ ਕਰਿ ਰਹੈ ॥
                                 ਤਉ ਹੋਇ ਨਿਖਿਅਉ ਅਖੈ ਪਦੁ ਲਹੈ
॥8॥
   ਜਦੋਂ ਮਨ, ਇਸ ਅਬਸਥਾ ਵਿਚ ਪਹੁੰਚ ਕੇ, ਆਪਣੀ ਸਰੀਰ ਰੂਪੀ ਖੌੜ ਵਿਚ, ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਇਸ ਖੋੜ ਨੂੰ ਛੱਡ ਕੇ ਉਹ ਹੋਰ ਪਾਸਿਆਂ ਤੇ,(ਕਰਤਾਰ ਦੀ ਖੌਜ ਵਿਚ) ਪਹਾੜਾਂ, ਜੰਗਲਾਂ, ਬੀਆ-ਬਾਨਾਂ ਵਿਚ ਭਟਕਣੌਂ ਹਟ ਜਾਂਦਾ ਹੈ।ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਥ ਵਿਚ ਸਥਾਪਤ, ਸੰਤ, ਮਹਾਂਪੁਰਸ਼, ਬ੍ਰਹਮਗਿਆਨੀ ਰੂਪੀ ਡੇਰੇਦਾਰ ਆਤਮਕ ਤੱਲ ਤੇ ਕਿਸ ਅਵਸਥਾਂ ਵਿਚ ਵਿਚਰ ਰਹੇ ਹਨ ?
   ਅਜਿਹੀ ਅਵਸਥਾ ਵਿਚ ਮਨ, ਦਇਆ ਦੇ ਭੰਡਾਰ ਆਪਣੇ ਖਸਮ ਪ੍ਰਭੂ ਨਾਲ ਸਦਾ ਜੁੜਿਆ ਰਹਿੰਦਾ ਹੈ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਨਾਲ ਸਾਂਝ ਪਾ ਕੇ ਉਹ, ਉਸ ਪਦਵੀ ਨੂੰ ਪਾ ਲੈਂਦਾ ਹੈ, ਜੋ ਉਸ ਤੋਂ ਕਦੀ ਖੁਸਣੀ ਨਹੀਂ।
   ਇਸ ਅਵਸਥਾ ਬਾਰੇ ਹੀ ਗੁਰੂ ਸਾਹਿਬ ਕਹਿੰਦੇ ਹਨ,
                              ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥   (245)       

                                 ਘਘਾ ਗੁਰ ਕੈ ਬਚਨ ਪਛਾਨਾ ॥
                                 ਦੂਜੀ ਬਾਤ ਨ ਧਰਈ ਕਾਨਾ ॥
                                 ਰਹੈ ਬਿਹੰਗਮ ਕਤਹਿ ਨ ਜਾਈ ॥
                                 ਅਗਹ ਗਹੈ ਗਹਿ ਗਗਨ ਰਹਾਈ
॥9॥
     ਕਬੀਰ ਜੀ ਕਹਿੰਦੇ ਹਨ ਕਿ ਜਿਸ ਬੰਦੇ ਨੇ ਗੁਰੂ ਦੀ ਸਿਖਿਆ ਦੀ ਮਾਰਫਤ, ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਸ ਦੇ ਮਨ ਨੂੰ ਪ੍ਰਭੂ ਦੇ ਪਿਆਰ ਤੋਂ ਇਲਾਵਾ ਦੁਨੀਆ ਦੀ ਹੋਰ ਕੋਈ ਚੀਜ਼ ਵੀ ਮੋਹ ਨਹੀਂ ਪਾਂਦੀ। ਜਿਸ ਨਿਰਲੇਪ ਕਰਤਾ-ਪੁਰਖ ਤੇ ਮਾਇਆ ਦੇ ਪ੍ਰਭਾਵ ਦਾ ਕੋਈ ਅਸਰ ਨਹੀਂ ਹੈ, ਉਸ ਨਾਲ ਜੁੜ ਕੇ ਬੰਦਾ, ਉਸ ਨੂੰ ਆਪਣੇ ਹਿਰਦੇ ਵਿਚ ਵਸਾਅ ਲੈਂਦਾ ਹੈ। ਉਹ ਆਪਣੀ ਸੁਰਤ ਨੂੰ ਹਮੇਸ਼ਾ ਪ੍ਰਭੂ ਚਰਨਾਂ ਵਿਚ ਟਿਕਾਈ ਰੱਖਦਾ ਹੈ, ਉਸ ਦਾ ਮਨ ਮਾਇਆ ਵੱਲੋਂ ਨਿਰਲੇਪ ਹੋ ਕੇ ਉੱਚੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਕਿਸੇ ਪਾਸੇ ਵੀ ਭਟਕਦਾ ਨਹੀਂ।  
             ਅਮਰ ਜੀਤ ਸਿੰਘ ਚੰਦੀ           (ਚਲਦਾ)
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.