ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਪ੍ਰਭੂ ਦਾ ਹੁਕਮ ਜਾਂ ਬੱਝਵੇਂ ਨਿਯਮ :-
-: ਪ੍ਰਭੂ ਦਾ ਹੁਕਮ ਜਾਂ ਬੱਝਵੇਂ ਨਿਯਮ :-
Page Visitors: 2758

  -: ਪ੍ਰਭੂ ਦਾ ਹੁਕਮ ਜਾਂ ਬੱਝਵੇਂ ਨਿਯਮ :-
ਚਮਕੌਰ ਸਿੰਘ ਬਰਾੜ:-
 “ ੴ ਸਤਿਗੁਰ ਪ੍ਰਸਾਦਿ ॥ ਗੂਜਰੀ ਮਹਲਾ ੪ ਘਰੁ ੩ ॥
 ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
 ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
 ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥
 ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
 ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥
 ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥ {ਪੰਨਾ 494}”
ਇਸ ਸ਼ਬਦ ਵਿਚ ਰਹਾਉ ਵਾਲੀ ਪੰਗਤੀ ਦੇਖੋ । ਇਹ ਹਰੀ ਦੀਆ ਦਾਤਾ ਬਾਬਤ ਹੈ। ਇਹ ਸਾਰਾ ਕੁਝ ਹਰੀ ਦੇ ਹੁਕਮ ਦੀ ਵਿਧੀ ਵਿਚ ਹੋਇਆ ਹੈ।ਇਸ ਤੋਂ ਕੋਈ ਮੁਨਕਰ ਨਹੀਂ। ਪਰ ਕੀ ਇਹ ਰਬ ਦੀ ਚੁਆਇਸ ਸੀ। ਨਹੀਂ ਸਾਡੀ ਆਪਣੀ ਚੁਆਇਸ ਸੀ। ਭਾਵੇਂ ਮਾੜੀ ਚੰਗੀ ਚੁਆਇਸ ਸੀ ਪਰ ਸੀ ਉਸ ਦੀ ਹੁਕਮ ਵਿਧੀ ਵਿਚ।
 ਹੁਣ ਬੱਚੇ ਦੀ ਜੰਮਣ ਦੀ ਗਲ ਲੈ ਲਵੋ। ਇਹ ਇੱਕ ਹੁਕਮ ਦੀ ਵਿਧੀ ਹੈ। ਏਸੇ ਤਰੀਕੇ ਨਾਲ ਹੀ ਜਨਮ ਹੋਣਾ ਹੈ। ਕਬੀਰ ਦਾ ਸ਼ਬਦ ( ਆਨੁ ਬਾਟਿ ਕਾਹੇ ਨਹੀਂ ਆਇਆ ) ਪਰ ਦੇਖੋ ਅੱਜ ਤੋਂ 50-60 ਸਾਲ ਪਹਿਲਾਂ 8-8 ਬਚੇ ਹੁੰਦੇ ਸੀ। ਹੁਣ ਅਸੀਂ ਵੀ 2- 2 ਤੱਕ ਸੀਮਤ ਰਹਿ ਗਏ। ਕੀ ਰਬ ਨੇ ਬਚੇ ਪੈਦਾ ਕਰਨੋਂ ਹਟਾਏ ਜਾਂ ਮਨੁਖ ਨੇ ਆਪ ਬਚੇ ਪੈਦਾ ਕਰਨੋਂ ਹਟ ਗਏ। ਓਸ ਵੇਲੇ ਬਚੇ ਪੈਦਾ ਹੋਣ ਦੀ ਵਿਧੀ ਜਾਂ ਹੁਕਮ ਦਾ ਨਹੀਂ ਸੀ ਪਤਾ। ਪਰ ਹੁਣ ਉਸ ਹੁਕਮ ਨੂੰ ਬੁਝ ਲਇਆ ਗਿਆ ਹੈ। ਜਿਸਨੇ ਬੁਝਿਆ ਹੈ ਉਹ ਸਚਿਆਰ ਹੋਇਆ ਕਿ ਜਿਹੜਾ ਸਿਰਫ ਏਥੋਂ ਤਕ ਸੀਮਤ ਹੈ ਕਿ ਇਹ ਤਾ ਰਬ ਦੀ ਦੇਣ ਹੈ ਅਤੇ ਲਾਈਨਾ ਲਾਈ ਜਾਂਦਾ ਹੈ। ਜਿਸ ਨੇ ਹੁਕਮ ਨੂੰ ਬੁਝਿਆ ਅਤੇ ਨਾਲ ਹੀ ਮਹਾਂਵਾਰੀ ਸਾਈਕਲ ਨੂੰ ਬੁਝਿਆ, ਕੰਟਰਾ ਸੈਪਟਿਵ ਬਣਾਈਆ, ਟੁਬੈਕਟਮੀ ਜਾ ਸਲਫੈਕਟਮੀ ਆਦਿ ਬਣਾਈਆ ਅਤੇ ਬਚੇ ਬਣਨ ਦੀ ਗਿਣਤੀ ਘਟਾਈ। ਭਾਵੇਂ ਹੋਇਆ ਸਾਰਾ ਕੁਝ ਹੁਕਮ ਵਿਚ ਹੀ ਹੈ ਪਰ ਚੁਆਇਸ ਤਾਂ ਸਾਡੀ ਹੈ। ਸੋ ਏਸੇ ਤਰਾਂ ਰਬ ਦੇ ਹੁਕਮ ਵਿਚ ਰਿਸਤੇ ਬਣੇ ਉਸਦੇ ਹੁਕਮ ਵਿਚ ਹੀ ਹਨ ਪਰ ਚੁਆਇਸ ਸਾਡੀ ਹੈ।
ਜਸਬੀਰ ਸਿੰਘ ਵਿਰਦੀ:-
 ਚਮਕੌਰ ਸਿੰਘ ਬਰਾੜ ਜੀ! ਕੁੱਝ ਕੁ ਗੱਲਾਂ ਹਨ ਜਿਹਨਾਂ ਬਾਰੇ ਤੁਹਾਡੇ ਸਮਝਾਉਣ ਵਿੱਚ ਕੋਈ ਕਮੀਂ ਹੈ, ਜਾਂ ਮੇਰੇ ਸਮਝਣ ਵਿੱਚ ਕੋਈ ਕਮੀਂ ਹੈ। ਆਓ ਆਪਾਂ ਸੁਹਿਰਦਤਾ ਨਾਲ ਪਹਿਲਾਂ ਇਹਨਾਂ ਬਾਰੇ ਵਿਚਾਰ ਕਰ ਲਈਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਗੱਲ ਨੂੰ ਬਹੁਤ ਸੋਹਣੇ, ਸੌਖੇ ਅਤੇ ਵਿਗਿਆਨਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜੋ ਸਮਝਾ ਰਹੇ ਹੋ ਅਤੇ ਹੁਣ ਤੱਕ ਸਮਝਾਉਂਦੇ ਆ ਰਹੇ ਹੋ ਮੈਂ ਤੁਹਾਡੀ ਸਾਰੀ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਹਾਂ। ਇਸੇ ਲਈ ਮੈਂ ਸਮਝ ਰਿਹਾ ਹਾਂ ਕਿ ਤੁਹਾਡੀ ਅਤੇ ਮੇਰੀ ਸੋਚ ਵਿੱਚ, ਸੋਚਣ-ਨਜ਼ਰੀਏ ਵਿੱਚ, ਵਿਚਾਰਾਂ ਵਿੱਚ ਕਿੱਥੇ ਅਤੇ ਕਿਵੇਂ ਫਰਕ ਹੈ। ਜਿੱਥੋਂ ਤੱਕ ਮੈਂ ਫਰਕ ਸਮਝਿਆ ਹੈ, ਉਹ ਇਹ ਹੈ ਕਿ ਤੁਸੀਂ ਇਸ ਸੰਸਾਰਕ ਖੇਡ ਨੂੰ ਕੁਦਰਤ ਅਤੇ ਕੁਦਰਤੀ ਨਿਯਮਾਂ ਤੱਕ ਹੀ ਸੀਮਿਤ ਸਮਝਦੇ ਹੋ। ਤੁਸੀਂ ਸਮਝਦੇ ਹੋ ਕਿ ਜੋ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ, ਬੱਸ ਇਹੀ ਸਭ ਕੁਝ ਹੈ।
ਪਰ ਮੈਂ ਸਮਝਦਾ ਹਾਂ ਕਿ ਦਿਸਦੇ ਸੰਸਾਰ ਤੋਂ ਉਪਰ ਵੀ ਅਣ-ਦਿਸਦੀ ਕੋਈ ਹਸਤੀ ਹੈ ਜਿਸ ਦੇ ਹੁਕਮ ਨਾਲ ਸਭ ਕੁਝ ਚੱਲ ਰਿਹਾ ਹੈ।
ਮੈਂ ਵੀ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ:-
ਭੌਤਿਕ ਦਿਸਦੇ ਸੰਸਾਰ ਵਿੱਚ ਸੂਖਮ ਰੂਪ ਵਿੱਚ ਉਹ ਇਸ ਤਰ੍ਹਾਂ ਵਿਚਰ ਰਿਹਾ ਹੈ, ਜਿਵੇਂ ਆਪਣੇ ਸਰੀਰ ਵਿੱਚ ਅਸੀਂ ਵਿਚਰ ਰਹੇ ਹਾਂ। ਇਹ ਭੌਤਿਕ ਦਿਸਦਾ ਸਰੀਰ ਸਾਡਾ ਜਰੂਰ ਹੈ ਪਰ ਦਿਮਾਗ਼ ਸਮੇਤ ਸਿਰਫ ਇਹ ਦਿਸਦਾ ਸਰੀਰ ਅਸੀਂ ਨਹੀਂ ਹਾਂ। ਇਹ ਭੌਤਿਕ ਸਰੀਰ ਤਾਂ ਭੌਤਿਕ ਸੰਸਾਰ ਵਿੱਚ ਵਿਚਰਨ ਦਾ ਇੱਕ ਜ਼ਰੀਆ ਮਾਤਰ ਹੈ। ਇਸ ਸਰੀਰ, ਇਸ ਦਿਮਾਗ਼ ਤੋਂ ਉਪਰ ਅਸੀਂ ਖੁਦ ਬੈਠੇ ਆਪਣੇ ਫੈਸਲੇ ਕਰਕੇ ਆਪਣੇ ਦਿਮਾਗ਼ ਨੂੰ ਪ੍ਰੇਰਿਤ ਕਰਕੇ ਸਰੀਰ ਤੋਂ ਕੰਮ ਲੈ ਰਹੇ ਹਾਂ। ਉਸੇ ਤਰ੍ਹਾਂ ਇਹ ਜੋ ਵਿਸ(ਵਿਸ਼ਵ) ਸੰਸਾਰ ਆਪਾਂ ਦੇਖਦੇ ਹਾਂ ਸਿਰਫ ਇਹ ਦਿਸਦਾ ਸੰਸਾਰ ਹੀ ਪ੍ਰਭੂ ਨਹੀਂ ਬਲਕਿ ਇਸ ਦਿਸਦੇ ਸੰਸਾਰ ਵਿੱਚ ਉਹ ਨਿਰਾਕਾਰ ਪ੍ਰਭੂ ਆਸਣ ਲਗਾ ਕੇ ਬੈਠਾ ਹੋਇਆ ਹੈ (ਕਰਿ ਆਸਣੁ ਡਿਠੋ ਚਾਉ)।
ਇਸ ਗੱਲ ਨੂੰ ਹੋਰ ਵਧੇਰੇ ਸਮਝਣ ਦੀ ਕੋਸ਼ਿਸ਼ ਕਰੀਏ-- ਕਿਸੇ ਨੂੰ ਇਹ ਚੰਗਾ ਲੱਗਦਾ ਹੈ ਕਿ ਆਪਣੇ ਦੋ ਹੀ ਬੱਚੇ ਹੋਣ। ਇਹ ਫੈਸਲਾ ਬੰਦੇ ਵਿਚਲੇ ਸੂਖਮ ਰੂਪ ਆਪੇ ਨੇ ਕੀਤਾ ਅਤੇ ਕੁਦਰਤੀ ਨਿਯਮਾਂ ਅਧੀਨ ਦਿਮਾਗ਼ ਅਤੇ ਸਰੀਰ ਦੇ ਜ਼ਰੀਏ ਆਪਣੀ ਸੋਚ, ਆਪਣੀ ਇੱਛਾ ਨੂੰ ਨੇਪਰੇ ਚਾੜ੍ਹ ਦਿੱਤਾ (*ਕੋਈ ਕੁਦਰਤੀ ਨਿਯਮ* ਭੰਗ ਨਹੀਂ ਹੋਇਆ)।
ਇਸੇ ਤਰ੍ਹਾਂ ਕੋਈ ਸੋਚਦਾ ਹੈ ਕਿ ਸਾਡੇ ਅੱਠ ਬੱਚੇ ਹੋਣੇ ਚਾਹੀਦੇ ਹਨ।ਇਹ ਫੈਸਲਾ ਵੀ ਮਨੁੱਖ ਦੇ ਸੂਖਮ ਰੂਪ ਆਪੇ, ਆਪਣੇ ਮਨ ਨੇ ਕੀਤਾ, ਦਿਮਾਗ਼ ਅਤੇ ਸਰੀਰ ਦੇ ਜ਼ਰੀਏ ਆਪਣੀ ਸੋਚ ਨੂੰ ਨੇਪਰੇ ਚਾੜ੍ਹ ਦਿੱਤਾ। ਇਸ ਕਿਰਿਆ ਵਿੱਚ ਵੀ *ਕੁਦਰਤ ਦਾ ਕੋਈ ਨਿਯਮ ਭੰਗ ਨਹੀਂ ਹੋਇਆ*।
ਜਿਵੇਂ ਦੋ ਬੱਚੇ ਚਾਹੀਦੇ ਹਨ ਜਾਂ ਅੱਠ, ਇਸ ਪਿਛੇ ਮੁਖ ਰੋਲ ਤਾਂ ਸਾਡੀ ਸੋਚ ਦਾ ਹੈ। ਸਾਡਾ ਦਿਮਾਗ਼ ਘੱਟ ਵਿਕਸਿਤ ਹੋਇਆ ਹੈ ਜਾਂ ਵੱਧ, ਦਿਮਾਗ਼ ਤਾਂ ਉਹੀ ਇਕ ਹੀ ਹੈ। ਪਰ ਦੋ ਬੱਚੇ ਚਾਹੀਦੇ ਹਨ ਜਾਂ ਅੱਠ, ਇਹ ਦੋ ਵੱਖ ਵੱਖ ਫੈਸਲੇ (ਦਿਮਾਗ਼ ਦੀ ਸਹਾਇਤਾ ਨਾਲ) ਅਸੀਂ ਖੁਦ ਕਰਨੇ ਹਨ, ਕਿਸੇ ਕੁਦਰਤੀ ਨਿਯਮ ਨੇ ਨਹੀਂ (ਨੋਟ:- ਸਾਡੇ ਫੈਸਲੇ ਅਨੁਸਾਰ ਸਰੀਰ ਤੋਂ ਕੰਮ ਕਰਵਾਉਣ ਲਈ, ਦਿਮਾਗ਼ ਸਹਾਇਕ ਹੈ, ਖੁਦ ਫੈਸਲੇ ਨਹੀਂ ਕਰਦਾ)।ਅੱਗੋਂ ਕੁਦਰਤੀ ਨਿਯਮਾਂ ਅਧੀਨ ਅਸੀਂ ਆਪਣੀ ਸੋਚ ਨੂੰ ਨੇਪਰੇ ਚਾੜਦੇ ਹਾਂ। ਉਸੇ ਤਰ੍ਹਾਂ ਦਿਸਦੇ ਸੰਸਾਰ ਨੂੰ ਚਲਾਉਣ ਵਾਲੇ ਪ੍ਰਭੂ ਦੇ ਸੂਖਮ-ਰੂਪ ਆਪੇ ਦਾ ਜਿਸ ਤਰ੍ਹਾਂ ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਭੌਤਿਕ ਸੰਸਾਰ ਚੱਲਦਾ ਹੈ।
ਇਥੇ ਹੁਣ ਤੁਹਾਡਾ ਕਹਿਣਾ ਹੈ ਕਿ ਚੁਆਇਸ ਤਾਂ ਸਾਡੀ ਆਪਣੀ ਹੀ ਹੁੰਦੀ ਹੈ, (ਇਸ ਵਿੱਚ ਪ੍ਰਭੂ ਕਿੱਥੋਂ ਆ ਗਿਆ?) ਬਰਾੜ ਜੀ! ਬੇਸ਼ੱਕ ਲੱਗਦਾ ਤਾਂ ਇਹੀ ਹੈ ਕਿ ਚੁਆਇਸ ਸਾਡੀ ਆਪਣੀ ਹੀ ਹੈ। ਪਰ ਦਰਅਸਲ ਇਸ ਤਰ੍ਹਾਂ ਹੈ ਨਹੀਂ। ਫੈਸਲਾ ਸਾਡਾ ਨਹੀਂ, ਉਸੇ ਦਾ ਹੀ ਹੈ। ਸਾਡੀ ਸੋਚ ਵੀ ਉਸੇ ਦੀ ਪਰੇਰੀ ਹੋਈ ਉਸ ਤਰ੍ਹਾਂ ਸੋਚਦੀ ਹੈ।
ਇਕ ਮਿਸਾਲ ਦਿੰਦਾ ਹਾਂ-- ਕੁਝ ਸਾਲ ਪਹਿਲਾਂ ਦੀ ਸਾਡੇ ਸ਼ਹਰ ਦੀ ਹੀ ਗੱਲ ਹੈ, ਇਕ ਬਜੁਰਗ ਆਪਣੀ ਸ਼ੌਪ ਦੇ ਬਾਹਰ ਟਹਿਲ ਰਿਹਾ ਸੀ ਕਿ ਕੁਝ ਕਦਮਾਂ ਤੇ ਉਸ ਨੂੰ ਡਿੱਗਾ ਹੋਇਆ ਕਿਸੇ ਦਾ ਪਰਸ ਨਜ਼ਰ ਆਇਆ। ਉਸ ਨੇ ਏਧਰ ਓਧਰ ਦੇਖਿਆ, ਕੋਈ ਦੇਖ ਨਹੀਂ ਸੀ ਰਿਹਾ। ਉਸਨੇ ਚੁਪ ਚੁਪੀਤੇ ਪਰਸ ਆਪਣੀ ਜੇਬ ਵਿੱਚ ਪਾ ਕੇ ਵਾਪਸ ਆ ਗਿਆ। ਜਿੱਥੋਂ ਪਰਸ ਮਿਲਿਆ ਸੀ, ਉਸ ਦੁਕਾਨਦਾਰ ਨੇ ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਿਆ ਕਿ ਇਸ ਬਜੁਰਗ ਕੋਲ ਪਰਸ ਹੈ। ਪੁੱਛਣ ਤੇ ਬਜੁਰਗ ਮੁਕਰ ਗਿਆ (ਉਸ ਨੂੰ ਨਹੀਂ ਸੀ ਪਤਾ ਕਿ ਕੈਮਰੇ ਵਿੱਚ ਉਸ ਦੀ ਫੋਟੋ ਆ ਗਈ ਹੈ)।(ਇਹ ਸੱਚੀ ਕਹਾਣੀ ਹੈ, ਕਿਉਂ ਕਿ ਮੇਰੇ ਭਤੀਜੇ ਨੂੰ ਕੋਰਟ ਵਿੱਚ ਇੰਟਰਪ੍ਰੇਟਰ ਵਜੋਂ ਬੁਲਾਇਆ ਗਿਆ ਸੀ, ਉਸ ਨੇ ਇਹ ਕਹਾਣੀ ਦੱਸੀ ਹੈ) ਜਦੋਂ ਕੋਰਟ ਵਿੱਚ ਉਸ ਬਜੁਰਗ ਨੂੰ ਫੁਟੇਜ ਦਿਖਾ ਕੇ ਪੁਛਿਆ ਗਿਆ ਕਿ ਤੇਰੇ ਕੋਲ ਪੈਸਿਆਂ ਦੀ ਕੋਈ ਕਮੀਂ ਨਹੀਂ ਪਰ ਫੇਰ ਵੀ ਤੂੰ ਇਸ ਤਰ੍ਹਾਂ ਕਿਉਂ ਕੀਤਾ, ਤਾਂ ਉਸ ਦਾ ਜਵਾਬ ਸੀ--
*ਮੇਰੀ ਮੱਤ ਮਾਰੀ ਗਈ ਸੀ*
(“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥”)।
ਸੋ ਬਰਾੜ ਜੀ! ਉਸ ਦਾ ਹੁਕਮ ਸਾਡੇ ਜਰੀਏ, ਸਾਡੀ ਸੋਚ ਨੂੰ ਪਰੇਰਿਤ ਕਰਕੇ ਚੱਲਦਾ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਸੋਚ ਰਹੇ ਹਾਂ। ਦਰਅਸਲ ਸਾਡੀ ਸੋਚ ਵੀ ਉਸੇ ਦੀ ਪਰੇਰੀ ਹੋਈ ਫੈਸਲੇ ਕਰਦੀ ਹੈ। ਸਾਨੂੰ ਲੱਗਦਾ ਹੈ ਕਿ ਵਿਆਹ-ਸ਼ਾਦੀ ਦੇ ਫੈਸਲੇ ਅਸੀਂ ਆਪਣੀ ਸੂਝ ਬੂਝ ਨਾਲ ਕਰਦੇ ਹਾਂ। ਜਦਕਿ ਅਸਲੀਅਤ ਇਹ ਹੈ ਕਿ ਅਸੀਂ ਜੋ ਵੀ ਫੈਸਲੇ ਕਰਦੇ ਹਾਂ ਉਸ ਦੇ ਪਰੇਰੇ ਹੋਏ ਕਰਦੇ ਹਾਂ।
ਪ੍ਰਭੂ ਦੇ ਹੁਕਮ ਨਾਲ ਪ੍ਰੇਰਿਤ ਹੋਈ ਸਾਡੀ ਸੋਚ ਚੱਲਦੀ ਹੈ ਅਤੇ ਸਾਡੀ ਸੋਚ ਮੁਤਾਬਕ ਸਾਡਾ ਸਰੀਰ ਚੱਲਦਾ ਹੈ। ਇਸ ਤਰ੍ਹਾਂ ਮੁੱਖ ਤੌਰ ਤੇ ਹੁਕਮ ਉਸ ਦਾ ਹੀ ਚੱਲਦਾ ਹੈ।
ਪਤਾ ਨਹੀਂ ਤੁਸੀਂ ਮੇਰੇ ਇਹਨਾਂ ਵਿਚਾਰਾਂ ਨਾਲ ਕੁਝ ਸਹਿਮਤ ਹੋਏ ਹੋ ਜਾਂ ਨਹੀਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੁਝਕੁ ਪਰਸੈਂਟ ਵੀ ਸਹਿਮਤ ਹੋਏ ਹੋਵੋਗੇ। ਇਸ ਲਈ ਮੈਂ ਤੁਹਾਡੇ ਵਿਚਾਰ ਜਾਣਨੇ ਚਾਹਾਂਗਾ ਕਿ ਤੁਹਾਡੇ ਮੁਤਾਬਕ ਪ੍ਰਭੂ ਦਾ ਹੁਕਮ ਕੁਦਰਤ ਦੇ ਬੱਝਵੇਂ ਨਿਯਮਾਂ ਦੇ ਰੂਪ ਵਿੱਚ ਹੀ ਚੱਲਦਾ ਹੈ ***ਜੋ ਉਸ ਨੇ ਸੰਸਾਰ-ਰਚਨਾ ਵੇਲੇ ਹੀ ਬਣਾ ਦਿੱਤੇ ਹਨ***, ਜਾਂ ਸਾਡੇ ਚੰਗੇ ਮਾੜੇ ਕੰਮਾਂ ਦੇ ਮੁਤਾਬਕ ਹੁਣ ਵੀ ਫੈਸਲੇ ਕਰਦਾ ਹੈ?
ਤੁਸੀਂ ਲਿਖਿਆ ਹੈ- “ਭਾਵੇਂ ਹੋਇਆ ਸਾਰਾ ਕੁਝ ਹੁਕਮ ਵਿਚ ਹੀ ਹੈ ਪਰ ਚੁਆਇਸ ਤਾਂ ਸਾਡੀ ਹੈ।”
ਬਰਾੜ ਜੀ! “ਹੁਕਮ ਉਸ ਦਾ” ਅਤੇ “ਚੁਆਇਸ ਸਾਡੀ” ਇਹ ਗੱਲ ਜ਼ਰਾ ਠੀਕ ਤਰ੍ਹਾਂ ਸਮਝਾਉਣ ਦੀ ਖੇਚਲ ਕਰਨੀ ਜੀ। ਮਿਸਾਲ ਦੇ ਤੌਰ ਤੇ-
ਕਿਸੇ ਦੀ ਸ਼ਾਦੀ ਹੁੰਦੀ ਹੈ ਅਤੇ ਮਹੀਨੇ ਬਾਅਦ ਸ਼ਾਦੀ ਟੁੱਟ ਜਾਂਦੀ ਹੈ।
ਇਸ ਵਿੱਚ ਪ੍ਰਭੂ ਦੇ ਹੁਕਮ ਦਾ ਕੋਈ ਰੋਲ ਹੈ ਜਾਂ ਨਹੀਂ?
 ਜੇ ਹੈ ਤਾਂ ਕੀ?
(ਮੇਰੇ ਮੁਤਾਬਕ ਉਸ ਦੀ ਪਰੇਰਣਾ ਨਾਲ ਹੀ ਅਸੀਂ ਰਿਸਤਾ ਸਵਿਕਾਰ ਕਰ ਲੈਂਦੇ ਹਾਂ। ਉਸ ਦੇ ਹੁਕਮ ਨਾਲ ਹੀ ਰਿਸਤਾ ਟੁੱਟ ਜਾਂਦਾ ਹੈ)।
ਤੁਸੀਂ ਜਿਹੜੀ 2-2 ਬੱਚੇ ਅਤੇ 8-8 ਬੱਚਿਆਂ ਵਾਲੀ ਉਦਾਹਰਣ ਦਿੱਤੀ ਹੈ, ਇਸ ਵਿੱਚ ਪ੍ਰਭੂ ਦੇ ਹੁਕਮ ਦਾ ਕੋਈ ਰੋਲ ਹੈ ਜਾਂ ਸਭ ਕੁਦਰਤੀ ਨਿਯਮਾਂ ਅਧੀਨ ਹੋਈ ਜਾ ਰਿਹਾ ਹੈ?
 ਜਾਂ ਫੇਰ ਕੁਦਰਤੀ ਨਿਯਮਾਂ ਨੂੰ ਹੀ ਤੁਸੀਂ ਰੱਬੀ ਹੁਕਮ ਕਹਿੰਦੇ ਹੋ?
 ਇਹ ਗੱਲ ਜ਼ਰਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰਨੀ ਜੀ।
ਤੁਸੀਂ ਮੈਡੀਕਲ ਸਾਇੰਸ ਬਾਰੇ ਕਾਫੀ ਡੂੰਘੀ ਜਾਣਕਾਰੀ ਦਿੰਦੇ ਰਹਿੰਦੇ ਹੋ। ਇਹ ਤੁਹਾਡਾ ਕਿੱਤਾ ਹੈ, ਇਸ ਬਾਰੇ ਤੁਹਾਨੂੰ ਖੂਬ ਜਾਣਕਾਰੀ ਹੈ। ਸਾਡੇ ਵਰਗੇ ਅਨਪੜ੍ਹਾਂ ਦੇ ਉਪਰੋਂ ਦੀ ਇਹ ਗੱਲਾਂ ਲੰਘ ਜਾਂਦੀਆਂ ਹਨ। ਜਿਹਨਾਂ ਦੇ 2-2 ਬੱਚੇ ਹਨ ਇਹ ਜਰੂਰੀ ਨਹੀਂ ਕਿ ਉਹਨਾਂ ਸਭ ਨੇ ਤੁਹਾਡੇ ਜਿੰਨੀ ਮੈਡੀਕਲ ਸਾਇੰਸ ਪੜ੍ਹੀ ਹੋਵੇ ਤਾਂ ਹੀ 2-2 ਬੱਚੇ ਸੀਮਿਤ ਰੱਖਣ ਦੇ ਕਾਬਲ ਹੋਏ ਹੋਣ। ਇਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਇਹਨਾਂ ਲਫਜ਼ਾਂ ਦੇ ਨਾਮ ਵੀ ਨਹੀਂ ਸੁਣੇ ਹੋਣੇ ਜਿਹੜੇ ਭਾਰੀ ਭਰਕਮ ਨਾਮ ਤੁਸੀਂ ਲਿਖੇ ਹਨ। ਨਾ ਹੀ ਗੁਰਮਤਿ ਵਿਚਾਰ ਵਟਾਂਦਰੇ ਪੱਖੋਂ ਇਹ ਕੋਈ ਬਹੁਤੀ ਵਡੀ ਉਪਲਭਦੀ ਜਾਂ ਆਪਣੇ ਆਪ ਨੂੰ (ਗੁਰਮਤਿ ਪੱਖੋਂ) ਅਨਜਾਣ ਜਾਂ ਹੀਣ ਸਮਝਣ ਵਾਲੀ ਗੱਲ ਹੈ। ਮੈਡੀਕਲ ਸਾਇੰਸ ਵੀ ਹੋਰ ਸਬਜੈਕਟਾਂ ਦੀ ਤਰ੍ਹਾਂ (ਗੁਰਮਤਿ ਤੋਂ ਵੱਖਰਾ) ਇਕ ਸਬਜੈਕਟ ਹੈ। ਜਿਹੜੀ ਮੈਡੀਕਲ ਟਰਮਜ਼ ਦੀ ਤੁਸੀਂ ਅਕਸਰ ਹੀ ਏਥੇ ਜਾਣਕਾਰੀ ਦਿੰਦੇ ਰਹਿੰਦੇ ਹੋ, ਉਸ ਦੀ ਇਥੇ ਕੋਈ ਖਾਸ ਜਰੂਰਤ ਵੀ ਨਹੀਂ ਹੈ, ਕਿਉਂਕਿ ਇਸ ਦਾ ਗੁਰਮਤਿ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ।
ਦੂਸਰਾ, ਤੁਸੀਂ ਸਿਰਫ ਮੈਡੀਕਲ ਟਰਮਜ਼ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ, ਪਰ ਉਸ ਦੀ ਕੁਦਰਤ ਸਿਰਫ ਮੈਡੀਕਲ ਸਾਇੰਸ ਤੱਕ ਹੀ ਸੀਮਿਤ ਨਹੀਂ , ਬਹੁਤ-ਬਹੁਤ-ਬਹੁਤ ਬੇਅੰਤ ਹੈ। ਉਸ ਦੀ ਰਚੀ ਕੁਦਰਤ ਦੇ ਹੋਰ ਬਹੁਤ ਸਾਰੇ ਪੱਖ ਹਨ।
ਮੇਰੇ ਵਿਚਾਰ ਅਨੁਸਾਰ ਬਾਕੀ ਦੇ ਨੁਕਤੇ ਹਾਲੇ ਛੱਡਕੇ, ਪਹਿਲਾਂ ‘ਹੁਕਮ’ ਅਤੇ ‘ਚੁਆਇਸ’ ਬਾਰੇ ਭੁਲੇਖੇ ਦੂਰ ਕਰ ਲਈਏ, ਤਾਂ ਕਿ ਵਿਚਾਰ ਵਟਾਂਦਰਾ ਉਲਝ ਕੇ ਨਾ ਰਹਿ ਜਾਵੇ।
(ਨੋਟ:- ਚਮਕੌਰ ਸਿੰਘ ਬਰਾੜ ਨੇ “ਸਚਿਆਰ” ਦੀ ਪਰਿਭਾਸ਼ਾਂ ਕੁਝ ਇਸ ਤਰ੍ਹਾਂ ਬਿਆਨ ਕੀਤੀ ਹੈ:-
“ਪਰ ਦੇਖੋ ਅੱਜ ਤੋਂ 50-60 ਸਾਲ ਪਹਿਲਾਂ 8-8 ਬਚੇ ਹੁੰਦੇ ਸੀ। ਹੁਣ ਅਸੀਂ ਵੀ 2- 2 ਤੱਕ ਸੀਮਤ ਰਹਿ ਗਏ। ਕੀ ਰਬ ਨੇ ਬਚੇ ਪੈਦਾ ਕਰਨੋਂ ਹਟਾਏ ਜਾਂ ਮਨੁਖ ਨੇ ਆਪ ਬਚੇ ਪੈਦਾ ਕਰਨੋਂ ਹਟ ਗਏ। ਓਸ ਵੇਲੇ ਬਚੇ ਪੈਦਾ ਹੋਣ ਦੀ ਵਿਧੀ ਜਾਂ ਹੁਕਮ ਦਾ ਨਹੀਂ ਸੀ ਪਤਾ। ਪਰ ਹੁਣ ਉਸ ਹੁਕਮ ਨੂੰ ਬੁਝ ਲਇਆ ਗਿਆ ਹੈ। *** ਜਿਸਨੇ ਬੁਝਿਆ ਹੈ ਉਹ ਸਚਿਆਰ ਹੋਇਆ*** ਕਿ ਜਿਹੜਾ ਸਿਰਫ ਏਥੌਂ ਤਕ ਸੀਮਤ ਹੈ ਕਿ ਇਹ ਤਾ ਰਬ ਦੀ ਦੇਣ ਹੈ ਅਤੇ ਲਾਈਨਾ ਲਾਈ ਜਾਂਦਾ ਹੈ। ਜਿਸ ਨੇ ਹੁਕਮ ਨੂੰ ਬੁਝਿਆ ਅਤੇ ਨਾਲ ਹੀ ਮਹਾਂਵਾਰੀ ਸਾਈਕਲ ਨੂੰ ਬੁਝਿਆ, ਕੰਟਰਾ ਸੈਪਟਿਵ ਬਣਾਈਆ, ਟੁਬੈਕਟਮੀ ਜਾ ਸਲਫੈਕਟਮੀ ਆਦਿ ਬਣਾਈਆ ਅਤੇ ਬਚੇ ਬਣਨ ਦੀ ਗਿਣਤੀ ਘਟਾਈ। ਭਾਵੇਂ ਹੋਇਆ ਸਾਰਾ ਕੁਝ ਹੁਕਮ ਵਿਚ ਹੀ ਹੈ ਪਰ ਚੁਆਇਸ ਤਾਂ ਸਾਡੀ ਹੈ। ਸੋ ਏਸੇ ਤਰਾਂ ਰਬ ਦੇ ਹੁਕਮ ਵਿਚ ਰਿਸਤੇ ਬਣੇ ਉਸਦੇ ਹੁਕਮ ਵਿਚ ਹੀ ਹਨ ਪਰ ਚੁਆਇਸ ਸਾਡੀ ਹੈ।”
ਵਿਚਾਰ ਵਟਾਂਦਰਾ ਉਲਝ ਕੇ ਨਾ ਰਹਿ ਜਾਏ ਇਸ ਲਈ ਇਸ “ਸਚਿਆਰਾ” ਵਾਲੇ ਨੁਕਤੇ ਅਤੇ ਪੰਨਾ 494 ਵਾਲੀ ਉਪਰ ਦਿੱਤੀ ਗੁਰਬਾਣੀ ਉਦਾਹਰਣ ਦੇ ਅਰਥਾਂ ਵਾਲੇ ਨੁਕਤੇ ਨੂੰ ਹਾਲੇ ਨਹੀਂ ਛੇੜਿਆ ਗਿਆ)
ਜਸਬੀਰ ਸਿੰਘ ਵਿਰਦੀ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.