ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਦਾੜੀ ਹੋਈ ਭੂਰ’ ਲੇਖ ਬਾਰੇ :-
-: ‘ਦਾੜੀ ਹੋਈ ਭੂਰ’ ਲੇਖ ਬਾਰੇ :-
Page Visitors: 3245

-: ‘ਦਾੜੀ ਹੋਈ ਭੂਰ’ ਲੇਖ ਬਾਰੇ :-
 ਇਹ ਲੇਖ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਅਰਥਾਂ ਸੰਬੰਧੀ ਹੈ, ਜਿਸ ਬਾਰੇ ਸਨ 2012 ਵਿੱਚ ਫੇਸ ਬੁੱਕ ਤੇ ਵਿਚਾਰ ਵਟਾਂਦਰਾ ਹੋਇਆ ਸੀ। ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਦੇ ਪ੍ਰਿ:ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੀ ਸੋਚ ਅਨੁਸਾਰ ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ।  ਇਸ ਲਈ ਉਹ ਗੁਰਬਾਣੀ ਅਰਥ ਜਾਂ ਭਾਵਾਰਥ ਕਰਨ ਲੱਗਿਆਂ ਹਰ ਸ਼ਬਦ ਦੇ ਅਰਥ ਆਪਣੀ ਬਣੀ ਸੋਚ ਮੁਤਾਬਕ ਹੀ ਕਰਦੇ ਹਨ ਕਿ ਜੀਵ ਨੇ ਜਨਮ ਲਿਆ ਇੱਥੇ ਵਿਚਰਿਆ।  ਅਖੀਰ ਜੀਵਨ-ਅਵਧੀ ਮੁੱਕਣ ਤੇ, ਮੌਤ ਆਈ ਤੇ ਬੰਦਾ ਮਰ ਗਿਆ।  ਅਤੇ ਕਰਮਾਂ ਸੰਬੰਧੀ ਸਭ ਲੇਖੇ ਵੀ ਨਾਲ ਹੀ ਖਤਮ ਹੋ ਗਏ।  ਆਪਣੀ ਇਸੇ ਸੋਚ ਅਨੁਸਾਰ ਗੁਰਬਚਨ ਸਿੰਘ ਜੀ ਨੇ ਫ਼ਰੀਦ ਜੀ ਦੇ ਇੱਕ ਸਲੋਕ ਦੀ ਵਿਆਖਿਆ ਕੀਤੀ ਹੈ। ਸਲੋਕ ਇਸ ਪ੍ਰਕਾਰ ਹੈ:
 “ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ॥        
 ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ
॥ 9॥” (ਪੰਨਾ- 1378)
   (ਇਸ ਸਲੋਕ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਹਨ:-
 ਅਰਥ:- ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ, ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ।9।)
 ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਇਸ ਸਲੋਕ ਦੇ ਭਾਵਾਰਥ ਲਿਖੇ ਹਨ:-
 ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ, ਇੱਕ ਤਬਦੀਲੀ ਆ ਗਈ ਹੈ- ‘ਦਾੜੀ ਹੋਈ ਭੂਰ’ ਅਰਥਾਤ ਆਤਮਕ ਸੂਝ ਆ ਗਈ ਹੈ। … ਗੁਰ ਗਿਆਨ ਦੁਆਰਾ ਆਤਮਕ ਸੂਝ ਆਉਂਦਿਆਂ ਹੀ ਮਨੁੱਖ ਵਿਕਾਰਾਂ ਵੱਲੋਂ ਪਾਸਾ ਵੱਟ ਜਾਂਦਾ ਹੈ। ਮੰਨ ਲਓ ਕਿਸੇ ਆਦਮੀ ਨੇ ਦਿੱਲੀ ਤੋਂ ਅੰਮ੍ਰਿਤਸਰ ਵੱਲ ਨੂੰ ਜਾਣਾ ਹੈ।   ਉਹ ਜਿਵੇਂ ਜਿਵੇਂ ਦਿੱਲੀ ਵੱਲੋਂ ਅੰਮ੍ਰਿਤਸਰ ਵੱਲ ਨੂੰ ਜਾਏਗਾ ਤਿਵੇਂ ਤਿਵੇਂ ਦਿੱਲੀ ਦੂਰ ਹੁੰਦੀ ਜਾਏਗੀ ਤੇ ਅੰਮ੍ਰਿਤਸਰ ਨੇੜੇ ਆਉਂਦਾ ਜਾਏਗਾ।  ਏਸੇ ਤਰ੍ਹਾਂ ਹੀ ਦਾੜੀ ਹੋਈ ਭੂਰ ਸ਼ੁਭ, ਗੁਣਾਂ ਵਾਲੀ ਅਕਲ ਜਨਮ ਲੈਂਦੀ ਹੈ ਤਾਂ ਵਿਕਾਰਾਂ ਵੱਲੋਂ ਦੂਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਦੂਰੀ ਨੂੰ ਸ਼ੇਖ ਫਰੀਦ ਜੀ ਆਖਦੇ ਹਨ- ਅਗਹੁ ਨੇੜਾ ਆਇਆ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ ਆਇਆ ਹੈ ਤੇ ਵਿਕਾਰਾਂ ਵਾਲੀ ਸੋਚ ਹੁਣ ਦੂਰ ਹੁੰਦੀ ਜਾ ਰਹੀ ਹੈ। ‘ਪਿੱਛਾ ਰਹਿਆ ਦੂਰਿ’ ਵਿਕਾਰੀ, ਈਰਖਾਲੀ, ਨਿੰਦਿਆ, ਕ੍ਰੋਧ ਤੇ ਚੁਗਲੀ ਵਾਲੀ ਸੋਚ ਨੂੰ ਹਮੇਸ਼ਾਂ ਲਈ ਤਿਆਗ ਪੱਤਰ ਦੇ ਦਿੱਤਾ ਹੈ।
 ਭਾਵ- ਜਦੋਂ ਆਤਮਕ ਸੂਝ ਦਾ ਜਨਮ ਹੁੰਦਾ ਹੈ ਤਾਂ ਓਦੋਂ ਸਚਾਈ ਵਾਲੀ ਨਵੀਂ ਸੋਚ ਜਨਮ ਲੈਂਦੀ ਹੈ ਜਿਸ ਨਾਲ ਵਿਕਾਰਾਂ ਦਾ ਪਿੱਛਾ ਛੱਡਦਿਆਂ ਹੋਇਆਂ ਇਹਨਾਂ ਵੱਲੋਂ ਜਿੱਥੇ ਦੂਰੀ ਬਣਦੀ ਹੈ ਓਥੇ ਸੇਵਾ ਭਾਵਨਾ ਵੱਲ ਨੂੰ ਨੇੜਤਾ ਵੱਧਦੀ ਹੈ”।
 ਵਿਚਾਰ (ਜਸਬੀਰ ਸਿੰਘ ਵਿਰਦੀ) :- ਗੁਰਬਚਨ ਸਿੰਘ ਮੁਤਾਬਕ, ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ ਇੱਕ ਤਬਦੀਲੀ ਆ ਗਈ ਹੈ- ‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ। ਅਰਥਾਤ ਫਰੀਦ ਜੀ ਨੂੰ ਦਾੜੀ ਦਾ (ਚਿੱਟਾ) ਰੰਗ ਦੇਖ ਕੇ ਅਹਿਸਾਸ ਹੋ ਗਿਆ ਹੈ ਕਿ ਹੁਣ ਉਸ ਨੂੰ ਆਤਮਕ ਸੂਝ ਆ ਗਈ ਹੈ।  ਉਹਨਾਂ ਮੁਤਾਬਕ ਜਿਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਮੁਸਾਫ਼ਿਰ ਨੇਂ ਕੋਈ ਉਚੇਚ ਨਹੀਂ ਕਰਨਾ ਬੱਸ ਆਰਾਮ ਨਾਲ ਆਪਣੀ ਸੀਟ ਤੇ ਬੈਠ ਜਾਣਾ ਹੈ।  ਬੱਸ ਨੇਂ ਦਿੱਲੀ ਤੋਂ ਅੰਮ੍ਰਿਤਸਰ ਆਪੇ ਪੁਚਾ ਹੀ ਦੇਣਾ ਹੈ।   ਉਸੇ ਤਰ੍ਹਾਂ ਮਨੁੱਖ ਨੂੰ ਵੀ ਕੋਈ ਉਚੇਚ ਕਰਨ ਦੀ ਜਰੂਰਤ ਨਹੀਂ (ਆਪਣੀ ਮੌਜ ਮਸਤੀ ਦੀ ਜ਼ਿੰਦਗੀ ਬਸਰ ਕਰੇ) ਜਿਵੇਂ ਜਿਵੇਂ ਦਾੜ੍ਹੀ ਚਿੱਟੀ ਹੁੰਦੀ ਜਾਏਗੀ (ਉਮਰ ਵਧਦੀ ਜਾਂਦੀ ਹੈ) ਵਿਕਾਰੀ ਗੁਣ ਆਪੇ ਛੁੱਟਦੇ ਜਾਂਦੇ ਹਨ ਅਤੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ (‘ਦਾੜੀ ਹੋਈ ਭੂਰ’ ਅਰਥਾਤ ਆਤਮਕ ਸੂਝ ਆ ਗਈ ਹੈ। )
 ਸਵਾਲ ਪੈਦਾ ਹੁੰਦਾ ਹੈ ਕਿ:- ਚਿੱਟੀ ਦਾੜੀ ਹੋਣ ਨਾਲ (ਉਮਰ ਦੇ ਵਧਣ ਨਾਲ) ਕੀ ਜਰੂਰੀ ਹੈ ਕਿ ਬੰਦੇ ਵਿੱਚ ਸ਼ੁਭ ਗੁਣ ਵੀ ਆ ਜਾਣ?   ਜੇ ਕਿਸੇ ਵਿੱਚ ਸ਼ੁਭ ਗੁਣ ਆਉਣੇ ਹਨ ਤਾਂ ਬਚਪਨ ਜਾਂ ਜਵਾਨੀ ਵਿੱਚ ਵੀ ਆ ਸਕਦੇ ਹਨ।  ਜੇ ਨਹੀਂ ਆਉਣੇ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੁਢੇਪੇ ਕਾਰਣ ਬੰਦਾ ਮੰਜੇ ਤੇ ਪਿਆ ਹੁੰਦਾ ਹੈ।  ਸਰੀਰ ਦੇ ਅੰਗ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ ਪਰ ਫੇਰ ਵੀ ਉਹ ਵਿਕਾਰੀ ਗੁਣ ਛੱਡਣ ਨੂੰ ਤਿਆਰ ਨਹੀਂ ਹੁੰਦਾ।  ਗੁਰਬਾਣੀ ਫੁਰਮਾਨ ਹੈ:-
 “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥
 ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ
॥” (ਪੰਨਾ- 1370)।
   ਅਰਥ (ਪ੍ਰੋ: ਸਾਹਿਬ ਸਿੰਘ):- (ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝਕੇ ਮਾਇਆ ਮੋਹ ਦੀ ਰੱਸੀ ਵਿੱਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅਪੜਦੀ ਹੈ) ਜੀਵਾਤਮਾ (ਸਰੀਰ ਵਿੱਚੋਂ) ਨਿਕਲਣ ਤੇ ਹੁੰਦਾ ਹੈ।  ਸਰੀਰ (ਆਤਮਾ ਦੇ ਵਿੱਛੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ। ਫਿਰ ਵੀ ਮੌਤ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਨਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ, (ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ। (ਅਰਥ ਪ੍ਰੋ: ਸਾਹਿਬ ਸਿੰਘ)
ਇਕ ਉਦਾਹਰਣ ਹੋਰ :-
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਹੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥
ਅਖੀ ਅੰਧ ਜੀਭ ਰਸ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ
॥ 4॥” (ਪੰਨਾ- 75)।
 (ਪਰਾਕਉ= ਬਲ। ਤਾਣਾ= ਤਾਕਤ। ਖੜ = ਕਣਕ ਆਦਿ ਦਾ ਨਾੜ। ਕੁੜਿ = ਕੁੜਕ ਕੇ)।
 ਫਰੀਦ ਜੀ ਦਾ ਹੀ ਇੱਕ ਹੋਰ ਸਲੋਕ:-
 “ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥
 ਰੇ ਮਨ ਗਹਲੇ ਬਾਵਲੇ ਮਾਣਹਿ ਕਿਆ ਰਲੀਆਂ
॥ 55॥” (ਪੰਨਾ- 1381)।
 ਉਪਰ ਦਿੱਤੇ ਫਰੀਦ ਜੀ ਦੇ ਸਲੋਕ ਨੰ: 9 ਦੇ ਨਾਲ ਫਰੀਦ ਜੀ ਦਾ ਸਲੋਕ ਨੰਬਰ 12 ਵੀ ਦੇਖੋ:
 “ਫਰੀਦਾ ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ॥
 ਕਰ ਸਾਂਈ ਸਿਉ ਪਿਰਹੜੀ ਰੰਗ ਨਵੇਲਾ ਹੋਇ
॥ 12॥
 ਅਰਥ (ਪ੍ਰੋ: ਸਾਹਿਬ ਸਿੰਘ) - “ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ ਪ੍ਰਭੂ ਨਾਲ ਪਿਆਰ ਨਹੀਂ ਕੀਤਾ ਉਨ੍ਹਾਂ ਵਿੱਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ। (ਹੇ ਫਰੀਦ! ਤੂੰ) ਸਾਈਂ ਪ੍ਰਭੂ ਨਾਲ ਪਿਆਰ ਕਰ (ਇਹ) ਪਿਆਰ (ਨਿਤ) ਨਵਾਂ ਰਹੇਗਾ (ਦੁਨੀਆਂ ਦੀ ਪੋਟਲੀ ਵਾਲਾ ਪਿਆਰ ਤਾਂ ਸਰੀਰ ‘ਸ਼ਾਖ’ ਪੱਕਣ ਤੇ ਟੁੱਟ ਜਾਏਗਾ)॥ 12॥”
 ਵਿਚਾਰ:- ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਥਾਂ (ਸਲੋਕ ਨੰ: 9 ਵਿੱਚ) ਫਰੀਦ ਜੀ ਕਹਿ ਰਹੇ ਹੋਣ ਕਿ ਧੋਲੇ ਆਉਣ ਨਾਲ ਆਤਮਕ ਸੂਝ ਆ ਜਾਂਦੀ ਹੈ। ਅਤੇ ਤਿੰਨ ਸਲੋਕਾਂ ਬਾਅਦ ਸਲੋਕ ਨੰ: 12 ਵਿੱਚ ਕਹਿ ਰਹੇ ਹੋਣ ਕਿ ਜਿਨ੍ਹਾਂ ਨੇਂ ਕਾਲੇ ਵਾਲਾਂ ਦੇ ਹੁੰਦਿਆਂ (ਜਵਾਨੀ ਦੀ ਉਮਰੇ) ਸ਼ੁਭ ਗੁਣ ਹਾਸਲ ਨਹੀਂ ਕੀਤੇ, ਤਾਂ ਕੋਈ ਵਿਰਲਾ ਹੀ ਹੈ ਜਿਹੜਾ ਬੁਢੇਪੇ’ ਚ ਸ਼ੁਭ ਗੁਣ ਹਾਸਲ ਕਰ ਸਕਦਾ ਹੋਵੇ।
 ਇਸੇ ਗੱਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਾਉਣ ਲਈ ਗੁਰੂ ਅਮਰ ਦਾਸ ਜੀ ਇਸ ਤੋਂ ਅਗਲੇ ਸਲੋਕ ਨੰ: 13 ਵਿੱਚ ਕਹਿੰਦੇ ਹਨ: ਮ: 3-
 “ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥ ….॥ 13॥”
 ਅਰਥ (ਪ੍ਰੋ: ਸਾਹਿਬ ਸਿੰਘ) - ਹੇ ਫਰੀਦ! ਜੇ ਕੋਈ ਬੰਦਾ ਬੰਦਗ਼ੀ ਕਰੇ ਤਾਂ ਜੁਆਨੀ ਵਿੱਚ ਭੀ ਤੇ ਬੁਢੇਪੇ ਵਿੱਚ ਭੀ ਮਾਲਕ (ਮਿਲ ਸਕਦਾ) ਹੈ।
 ਸੋ ਇੱਥੇ ਗੁਰਬਚਨ ਸਿੰਘ ਦੀ ਸਲੋਕ ਨੰ: 9 ਦੀ ਕੀਤੀ ਵਿਆਖਿਆ ਬਿਲਕੁਲ ਹੀ ਗ਼ਲਤ ਸਾਬਤ ਹੁੰਦੀ ਹੈ।
 1- ਇਹ ਜਰੂਰੀ ਨਹੀਂ ਕਿ ਚਿੱਟੇ ਵਾਲ ਆਉਣ (ਬੁਢੇਪਾ ਆਉਣ) ਤੇ ਸ਼ੁਭ ਗੁਣ ਆਪੇ ਆ ਜਾਂਦੇ ਹਨ।  ਚਿੱਟੇ ਵਾਲ (ਬੁਢੇਪਾ) ਹੀ ਸ਼ੁਭ ਗੁਣਾਂ ਦੀ ਨਿਸ਼ਾਨੀ ਨਹੀਂ।  ਸ਼ੁਭ ਗੁਣ ਕਦੇ ਵੀ ਆ ਸਕਦੇ ਹਨ ਬੁਢੇਪੇ ਵਿੱਚ ਵੀ ਅਤੇ ਜਵਾਨੀ ਵਿੱਚ ਵੀ।  ਜੇ ਗੁਰਬਚਨ ਸਿੰਘ ਦੀ ਵਿਆਖਿਆ ਨੂੰ ਠੀਕ ਮੰਨੀਏ ਤਾਂ ਦੁਨੀਆਂ ਤੇ ਸਾਰੇ ਬੁਜੁਰਗ ਚੰਗੀ ਸੂਝ ਬੂਝ, ਚੰਗੇ ਆਚਰਣ ਅਤੇ ਚੰਗੇ ਕਿਰਦਾਰ ਵਾਲੇ ਹੋਣੇ ਸੀ।
 2- ਸ਼ੁਭ ਗੁਣ ਆਉਣੇ ਕੋਈ ਬੱਸ ਦੇ ਸਫਰ ਸਮਾਨ ਨਹੀਂ ਕਿ ਬੱਸ ਵਿੱਚ ਬੈਠੋ ਅਤੇ ਬੱਸ ਨੇਂ ਆਪੇ ਹੀ ਮੰਜਿਲ ਤੇ ਪੁਚਾ ਦੇਣਾ ਹੈ।  ਅਰਥਾਤ ਉਮਰ ਵਧਣ ਨਾਲ ਸ਼ੁਭ ਗੁਣ ਆਪੇ ਹੀ ਆ ਜਾਣਗੇ।  ਬਲਕਿ ਜੇ ਜਵਾਨੀ ਵਿੱਚ ਸ਼ੁਭ ਗੁਣ ਹਾਸਿਲ ਨਹੀਂ ਕੀਤੇ ਤਾਂ ਬੁਢੇਪੇ ਵਿੱਚ ਤਾਂ ਇਹ ਕੰਮ ਬਹੁਤ ਹੀ ਮੁਸ਼ਕਿਲ ਹੈ।
 ਪ੍ਰੋ: ਸਾਹਿਬ ਸਿੰਘ ਨੇ ਸਲੋਕ ਨੰ: 13 ਤੋਂ ਬਾਅਦ ਨੋਟ ਇਸ ਤਰ੍ਹਾਂ ਲਿਖਿਆ ਹੈ:-
  “ਇਹ ਸਲੋਕ ਉਪਰਲੇ ਹੀ ਸਲੋਕ ਦੀ ਵਿਆਖਿਆ ਹੈ।  ਬੁਢੇਪੇ ਵਿੱਚ ਕਿਉਂ ਪ੍ਰਭੂ ਨੂੰ ਮਿਲਣਾ ਔਖਾ ਹੋ ਜਾਂਦਾ ਹੈ?
 ਇਸ ਲਈ ਕਿ ਜਵਾਨੀਂ ਵਿੱਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿੱਚ ‘ਬੰਦਗ਼ੀ’ ਵੱਲ ਪਰਤਣਾ ਔਖਾ ਹੁੰਦਾ ਹੈ। ਪਰ ਜੁਆਨੀ ਹੋਵੇ ਚਾਹੇ ਬੁਢੇਪਾ, ‘ਬੰਦਗ਼ੀ’ ਸਦਾ ਹੈ ਹੀ ਪ੍ਰਭੂ ਦੀ ਬਖਸ਼ਿਸ਼”।
  ਹਾਲਾਂਕਿ ਗੁਰਬਚਨ ਸਿੰਘ ਨੇ ਇੱਕ ਜਗ੍ਹਾ ਲਿਖਿਆ ਹੈ “ਗੁਰ ਗਿਆਨ ਦੁਆਰਾ ਆਤਮਕ ਸੂਝ ਆਉਂਦਿਆਂ ਹੀ ਮਨੁੱਖ ਵਿਕਾਰਾਂ ਵੱਲੋਂ ਪਾਸਾ ਵੱਟ ਜਾਂਦਾ ਹੈ।  ਪਰ ਇੱਥੇ ਦੋਹਾਂ ਗੱਲਾਂ’ ਚੋਂ ਇਕੋ ਹੀ ਗੱਲ ਲਾਗੂ ਹੋ ਸਕਦੀ ਹੈ। 1- ਦਾੜੀ ਚਿੱਟੀ ਹੋਣ (ਬੁਢੇਪਾ ਆਉਣ) ਨਾਲ ਅਤਮਕ ਸੂਝ ਆ ਜਾਂਦੀ ਹੈ। ਅਤੇ ਜਾਂ
2- ਗੁਰੂ ਗਿਆਨ ਦੁਆਰਾ ਆਤਮਕ ਸੂਝ ਆਉਂਦੀ ਹੈ।  ਜੇ ਗੁਰੂ ਗਿਆਨ ਦੁਆਰਾ ਸੂਝ ਆਈ ਹੈ ਜਾਂ ਆਉਂਦੀ ਹੈ, ਤਾਂ ਇਸ ਵਿੱਚ ਦਾੜੀ ਚਿੱਟੀ ਜਾਂ ਕਾਲੀ ਦਾ ਕੋਈ ਰੋਲ ਨਹੀਂ ਹੈ।  ਦਾੜੀ ਚਿੱਟੀ ਹੋਵੇ ਜਾਂ ਕਾਲੀ, ਗਿਆਨ ਕਦੇ ਵੀ ਹਾਸਲ ਹੋ ਸਕਦਾ ਹੈ।  ਅਤੇ ਜੇ ਦਾੜੀ ਚਿੱਟੀ ਹੋਣ ਨਾਲ ਆਤਮਕ ਸੂਝ ਆ ਜਾਂਦੀ ਹੈ ਤਾਂ ਇਸ ਵਿੱਚ ਗੁਰੂ ਗਿਆਨ ਦਾ ਕੋਈ ਰੋਲ ਨਹੀਂ ਹੈ।  ਸਵਾਲ ਇਹ ਨਹੀਂ ਕਿ ਬੁਢੇਪਾ ਆਉਣ ਤੇ ਸ਼ੁਭ ਗੁਣ ਆਪੇ ਆ ਜਾਂਦੇ ਹਨ ਕਿ ਨਹੀਂ।   ਅਸਲ ਵਿੱਚ ਗੁਰਬਚਨ ਸਿੰਘ ਜੀ ਜੋ ਗੁੱਝਾ ਸੁਨੇਹਾਂ ਦੇਣਾ ਚਾਹੁੰਦੇ ਹਨ ਉਹ ਇਹ ਹੈ: ਜਿਸ ਤਰ੍ਹਾਂ ਕੋਈ ਬੰਦਾ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ’ ਚ ਬੈਠਦਾ ਹੈ ਅਤੇ ਸਫਰ ਮੁੱਕ ਜਾਣ ਤੇ ਉਹ ਆਪਣੀ ਮੰਜਿਲ ਅੰਮ੍ਰਿਤਸਰ ਪਹੁੰਚ ਜਾਂਦਾ ਹੈ।  ਉਸੇ ਤਰ੍ਹਾਂ ਇਨਸਾਨ ਜਨਮ ਲੈਂਦਾ ਹੈ।  ਜਨਮ ਤੋਂ ਬੁਢੇਪੇ ਅਤੇ ਫੇਰ ਮੌਤ ਤੱਕ ਅਪੜਨ ਦਾ ਜੀਵਨ ਸਫਰ ਸ਼ੁਰੂ ਹੋ ਜਾਂਦਾ ਹੈ।  ਜਵਾਨੀ ਵਿੱਚ ਸਾਰੀ ਉਮਰ ਵਿਕਾਰੀ ਜੀਵਨ ਬਿਤਾ ਕੇ ਜਦੋਂ (ਹਰ ਇੱਕ) ਬੰਦਾ ਬੁਢੇਪੇ’ ਚ ਕਦਮ ਰੱਖਦਾ ਹੈ ਤਾਂ ਪਿਛਲੇ ਸਾਰੇ ਵਿਕਾਰੀ ਗੁਣ ਆਪੇ ਛੁੱਟ ਜਾਂਦੇ ਹਨ ਅਤੇ, ਸ਼ੁਭ ਗੁਣ ਆ ਜਾਂਦੇ ਹਨ।  ਇਸ ਤਰ੍ਹਾਂ (ਹਰ ਇੱਕ ਬੰਦੇ ਦੇ) ਜਵਾਨੀ ਵਿੱਚ ਕੀਤੇ ਮਾੜੇ ਕੰਮਾਂ ਦਾ ਲੇਖਾ ਬੁਢੇਪੇ ਵਿੱਚ ਕੀਤੇ ਸ਼ੁਭ ਗੁਣਾਂ ਨਾਲ ਬਰਾਬਰ ਹੋ ਜਾਂਦਾ ਹੈ।   ਅਤੇ “ਲੇਖਾ ਰਬ ਮੰਗੇਸੀਆ” ਵਰਗੀ ਕੋਈ ਸ਼ਰਤ ਕਿਸੇ ਵੀ ਮਨੁੱਖ ਤੇ ਲਾਗੂ ਨਹੀਂ ਰਹਿੰਦੀ।  ਜਨਮ ਤੋਂ ਸਫਰ ਸ਼ੁਰੂ ਹੋਇਆ ਮੌਤ ਆਈ ਤੋਂ ਸਭ ਕੁੱਝ ਖਤਮ ਹੋ ਗਿਆ।  ਅਤੇ ਨਾਲ ਹੀ ਕਰਮਾਂ ਆਦਿ ਵਾਲੇ ਸਾਰੇ ਲੇਖੇ ਵੀ ਇਸੇ ਜੀਵਨ ਵਿੱਚ ਖ਼ਤਮ। ਇਸ ਤਰ੍ਹਾਂ ਦੇ ਅਰਥ ਕਰਨ ਪਿੱਛੇ ਕਾਰਣ ਇਹ ਹੈ ਕਿ ਗੁਰਬਚਨ ਸਿੰਘ ਗੁਰਮਤਿ ਦੇ ਆਵਾਗਵਣ ਵਾਲੇ ਸੰਕਲਪ ਨੂੰ ਨਹੀਂ ਮੰਨਦੇ। ਇਸ ਲਈ ਸਾਰੇ ਲੇਖੇ ਇਸੇ ਜਨਮ ਵਿੱਚ ਖਤਮ ਕਰਕੇ ਸਭ ਨੂੰ ਸੁਰਖਰੂ ਕਰੀ ਜਾ ਰਹੇ ਹਨ।  ਜਦਕਿ ਗੁਰਬਾਣੀ ਤਾਂ ਕਹਿੰਦੀ ਹੈ:-
  “ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੈ ਹੀਨ॥
  ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸ ਲੀਨ
॥ 47॥”
 ਅਤੇ ਗੁਰਬਚਨ ਸਿੰਘ ਕਹਿੰਦੇ ਹਨ ਕਿ ਬੁਢੇਪਾ ਆਇਆਂ (ਅਗਹੁ ਨੇੜਾ ਆਇਆ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ ਆਇਆ ਹੈ)।  ਆਪਣੇ ਆਪ ਆਤਮਕ ਸੋਝੀ ਆ ਜਾਂਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਦੇ ‘ਸਾਰੇ ਦੇ ਸਾਰੇ 100% ਬੰਦੇ’ ਬੁਢੇਪਾ ਆਏ ਤੋਂ ਸ਼ੁਭ ਗੁਣ ਅਪਣਾ ਲੈਂਦੇ ਹਨ?   ਬੁਢੇਪਾ ਆਇਆਂ ਸਾਰਿਆਂ ਨੂੰ ਆਤਮਕ ਸੋਝੀ ਆ ਜਾਂਦੀ ਹੈ?  ਜਾਂ ਕੋਈ ਇੱਕ ਅਧ ਪ੍ਰਤੀਸ਼ਤ ਸ਼ੁਭ ਗੁਣ ਅਪਨਾਏ ਬਿਨਾਂ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ?  ਜੇ ਕੋਈ ਬੁਢੇਪੇ ਸਮੇਤ ਸਾਰੀ ਉਮਰ ਵਿਕਾਰੀ ਜੀਵਨ ਬਿਤਾ ਕੇ ਦੁਨੀਆਂ ਤੋਂ ਤੁਰ ਜਾਂਦਾ ਹੈ, ਉਸ ਵਾਸਤੇ ਫਰੀਦ ਜੀ ਕੀ ਕਹਿੰਦੇ ਹਨ?
 ਗੁਰਬਚਨ ਸਿੰਘ ਦੀ ਵਿਆਖਿਆ ਤੋਂ ਉਪਜੇ ਕੁਝ ਸਵਾਲ---
- ਕੀ ਫਰੀਦ ਜੀ ਨੂੰ ਚਿੱਟੀ ਦਾਹੜੀ ਦੇਖ ਕੇ ਇਹ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੂੰ ਆਤਮਕ ਸੂਝ ਆ ਗਈ ਹੈ?
 ਕੀ ਦਾਹੜੀ ਚਿਟੀ ਹੋਣ ਨਾਲ ਹਰ ਬੰਦੇ ਨੂੰ ਆਤਮਕ ਸੂਝ ਆ ਜਾਂਦੀ ਹੈ?
  ਕੀ ਬੰਦੇ ਨੂੰ ਸਾਰੀ ਉਮਰ ਐਸ਼ ਪ੍ਰਸਤੀ ਦੀ ਜਿੰਦਗੀ ਬਸਰ ਕਰ ਲੈਣੀ ਚਾਹੀਦੀ ਹੈ, ਦਾਹੜੀ ਚਿੱਟੀ ਹੋਣ ਨਾਲ ਆਪੇ ਆਤਮਕ ਗੁਣ ਆ ਜਾਣਗੇ?
  ਜੇ ਦਾਹੜੀ ਚਿੱਟੀ ਹੋਣ ਨਾਲ ਆਪੇ ਹੀ ਆਤਮਕ ਗੁਣ ਆ ਜਾਣੇ ਹਨ ਤਾਂ ਗੁਰਬਾਣੀ ਵਿੱਚ ਇਹ ਕਿਉਂ ਲਿਖਿਆ ਹੈ ਕਿ ਬੰਦੇ ਦੇ ਸਰੀਰਕ ਅੰਗ ਕੰਮ ਕਰਨਾ ਛੱਡ ਜਾਂਦੇ ਹਨ ਫੇਰ ਵੀ ਸੈਨਤਾਂ ਨਾਲ ਪਰਿਵਾਰ ਵਾਲਿਆਂ ਨੂੰ ਗੱਲਾਂ ਸਮਝਾਂਦਾ ਹੈ, ਪ੍ਰਭੂ ਨੂੰ ਚੇਤੇ ਨਹੀਂ ਕਰਦਾ।  ਜੇ ਬੁਢੇਪਾ ਆਇਆਂ ਸ਼ੁਭ ਗੁਣ ਆਪੇ ਆ ਹੀ ਜਾਣੇ ਹਨ ਤਾਂ ਗੁਰਬਾਣੀ ਉਪਦੇਸ਼ ਦੀ ਜਰੂਰਤ ਹੀ ਕੀ ਰਹਿ ਜਾਂਦੀ ਹੈ?
 ਜੇ ਫਰੀਦ ਜੀ ਨੂੰ ਚਿੱਟੀ ਦਾਹੜੀ ਦੇਖ ਕੇ ਇਹ ਅਹਿਸਾਸ ਹੋ ਗਿਆ ਕਿ ਹੁਣ ਉਸ ਨੂੰ ਆਤਮਕ ਸੂਝ ਆ ਗਈ ਹੈ ਤਾਂ ਉਨ੍ਹਾਂ ਨੇ ਸਲੋਕ-੫੫ ਵਿੱਚ ਇਹ ਕਿਉਂ ਲਿਖਿਆ ਕਿ ਤੇਰੀ ਦਾਹੜੀ ਵੀ ਪੱਕ ਗਈ ਹੈ , ਮੁੱਛਾਂ ਵੀ ਪੱਕ ਗਈਆਂ ਹਨ ਅਜੇ ਵੀ ਰੰਗ ਰਲੀਆਂ ਮਾਨਣ'ਚ ਲੱਗਾ ਹੋਇਆ ਹੈ?
 ਜੇ ਦਾਹੜੀ ਚਿੱਟੀ ਆਉਣ ਨਾਲ ਆਪੇ ਹੀ ਆਤਮਕ ਗੁਣ ਆ ਜਾਣੇ ਹਨ ਤਾਂ ਫਰੀਦ ਜੀ ਨੇ ਸਲੋਕ ੧੨ ਵਿੱਚ ਇਹ ਕਿਉਂ ਲਿਖਿਆ ਕਿ ਜਵਾਨੀ ਦੇ ਸਮੇਂ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਸਿਮਰਿਆ, ਤਾਂ ਬੁੜ੍ਹੇਪੇ  'ਚ ਤਾਂ ਕੋਈ ਕੋਈ ਹੀ ਪ੍ਰਭੂ ਨੂੰ ਚੇਤੇ ਕਰਦਾ ਹੈ?
 ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਸਲੋਕਾਂ ਵਿੱਚ ਨੰਬਰ ੧੩ ਵਿੱਚ ਇਹ ਕਿਉਂ ਕਿਹਾ ਕਿ ਕੇਸ ਕਾਲੇ,  ਚਿੱਟੇ ਵਾਲਾਂ ਨਾਲ ਕੋਈ ਫਰਕ ਨਹੀਂ ਪੈਂਦਾ।  ਜਦੋਂ ਵੀ ਬੰਦਾ ਪ੍ਰਭੂ ਨੂੰ ਸਿਮਰੇ ਉਸ ਨੂੰ ਮਿਲ ਸਕਦਾ ਹੈ?
 ਕੀ ਬੁੜੇਪਾ ਆਏ ਤੋਂ ਸਾਰੇ ਦੇ ਸਾਰੇ ਸੌ ਪ੍ਰਤੀਸ਼ਤ ਬੰਦਿਆਂ ਨੂੰ ਆਤਮਕ ਸੂਝ ਆ ਜਾਂਦੀ ਹੈ?
 ਜੇ ਨਹੀਂ ਤਾਂ, ਜਿਹੜੇ ਲੋਕ ਸਾਰੀ ਉਮਰ ਆਤਮਕ ਸੂਝ ਹਾਸਲ ਨਹੀਂ ਕਰਦੇ ਵਿਕਾਰਾਂ ਵਿੱਚ ਹੀ ਜੰਮਦੇ ਅਤੇ ਵਿਕਾਰਾਂ ਵਿੱਚ ਹੀ ਮਰ ਜਾਂਦੇ ਹਨ, ਉਨ੍ਹਾਂ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ?
 ਹੇਠਾਂ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਸੰਬੰਧਤ ਲੇਖ ਦਾ ਲਿੰਕ ਪੇਸ਼ ਹੈ, ਕੋਈ ਸੱਜਣ ਪੜ੍ਹਨਾ ਚਾਹੇ ਤਾਂ ਪੜ੍ਹ ਸਕਦਾ ਹੈ— http://l.facebook.com/l/BAQElGEMjAQHK_OKEt1j1PEfU9FiPGBr8FI6KLNurOOVcog/www.sikhmarg.com/2010/1003-darhi-bhoor.html ਜਸਬੀਰ ਸਿੰਘ ਵਿਰਦੀ (25-10-2012)
 *Ranjit Singh S.Jasbir Singh ji, There is a new lobby of such persons, who creating French meanings of Gurbani. Guru Sahiban,Bhagat Sahiban, Bhuts and Respected Sikhs, written their verses in Public languages, that people understands easily.They written so many ideas twice and thrice even some of them more times, because their idea was to explain and point out the exact right thing, But these persons are trying to separate these in different meanings, to hide their OWN sins. I think this is only the main reason, they are creating their own meanings of some verses of Gurbani.In the same way so called Sant /Babas also telling their own meanings to Sangat, to keep their own superiority. This all happening, because the high authority is plying in the hands of NON -SIKHS and Politics of VOTE. Guru Fateh ji.
*ਜਸਬੀਰ ਸਿੰਘ- ਵੀਰ ਰਣਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਗੁਰਬਾਣੀ ਵਿੱਚ ਗੁਰਮਤਿ ਸਿਧਾਂਤ ਨੂੰ ਬਹੁਤ ਖੋਲ੍ਹ ਕੇ ਸਮਝਾਇਆ ਗਿਆ ਹੈ। ਕਈ ਗੱਲਾਂ ਨੂੰ ਤਾਂ ਬਾਰ ਬਾਰ ਦੁਹਰਾ ਕੇ ਲਿਖਿਆ ਗਿਆ ਹੈ ਤਾਂ ਕਿ ਬੰਦੇ ਨੂੰ ਸਮਝ ਆ ਸਕੇ। ਇਹ ਠੀਕ ਹੈ ਕਿ ਗੁਰਬਾਣੀ ਵਿੱਚ ਕਈ ਸ਼ਬਦ ਐਸੇ ਵੀ ਹਨ ਜਿਨ੍ਹਾਂ ਦੇ ਭਾਵ ਅਰਥ ਕਰਨੇ ਹੁੰਦੇ ਹਨ।  ਪਰ ਭਾਵਅਰਥ ਕਰਨ ਲਈ ਵੀ ਗੁਰਬਾਣੀ ਵਿੱਚੋਂ ਹੀ ਸੇਧ ਮਿਲਦੀ ਹੈ ਕਿ ਕਿਸੇ ਸ਼ਬਦ ਦੇ ਕੀ ਭਾਵ ਅਰਥ ਕਰਨੇ ਹਨ।  ਪਰ ਇਹ ਲੋਕ ਗੁਰਬਾਣੀ ਦੀ ਹਰ ਤੁਕ ਦੇ ਆਪਣੇ ਭਾਵਾਰਥ ਘੜ ਕੇ ਪੇਸ਼ ਕਰ ਰਹੇ ਹਨ।  ਗੱਲਾਂ'ਚ ਇਹ ਲੋਕ ਮਾਹਰ ਹੋਣ ਕਰਕੇ ਇਸ ਢੰਗ ਨਾਲ ਭਾਵ ਅਰਥ ਪੇਸ਼ ਕਰਦੇ ਹਨ ਕਿ ਪੜ੍ਹਨ ਸੁਣਨ ਵਾਲਿਆਂ ਨੂੰ ਇਨ੍ਹਾਂ ਦੀਆਂ ਗੱਲਾਂ ਬਿਲਕੁਲ ਠੀਕ ਲੱਗਦੀਆਂ ਹਨ, ਜਦਕਿ ਇਨ੍ਹਾਂ ਦੀਆਂ ਵਿਆਖਿਆਵਾਂ ਹੁੰਦੀਆਂ ਗੁਰਮਤਿ ਦੇ ਉਲਟ ਹਨ।
 ਇਨ੍ਹਾਂ ਲੋਕਾਂ ਨੂੰ ਮੈਂ ਇਕ ਸਵਾਲ ਪੁੱਛਿਆ ਸੀ ਅਤੇ ਜੋ ਕਿ ਮੈਂ ਇਨ੍ਹਾਂ ਤੋਂ ਕਈ ਸਾਲਾਂ ਤੋਂ ਪੁੱਛਦਾ ਆ ਰਿਹਾ ਹਾਂ ਕਿ ਕੀ ਗੁਰਬਾਣੀ ਵਿੱਚੋਂ ਕੋਈ ਇਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ ਕਿ ਜਿਸ ਅਨੁਸਾਰ ਮਰਨ ਪਿੱਛੋਂ ਇਸ ਜਨਮ ਤੋਂ ਅਗੇ ਕੋਈ ਜਨਮ ਨਹੀਂ ਹੁੰਦਾ।  ਮੈਂ ਇਨ੍ਹਾਂ ਪਾਸੋਂ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਸੇ ਇਕ ਉਦਾਹਰਣ ਦੀ ਮੰਗ ਕੀਤੀ ਹੈ, ਜਿਸ ਇਕ ਉਦਾਹਰਣ ਦੇ ਆਧਾਰ ਤੇ ਇਹ ਲੋਕ ਭਾਵ ਅਰਥ ਕਰ ਰਹੇ ਹਨ ।  ਪਰ ਜੇ ਕੋਈ ਇਕ ਵੀ ਉਦਾਹਰਣ ਹੋਵੇ ਤਾਂ ਹੀ ਇਹ ਪੇਸ਼ ਕਰਨ।
 ਦੂਸਰਾ ਜਿਹੜਾ ਤੁਸੀਂ ਸੰਤ ਬਾਬਿਆਂ ਵਾਲੀ ਗੱਲ ਕਹੀ ਹੈ, ਇਹ ਵੀ ਬਿਲਕੁਲ ਸਹੀ ਕਹੀ ਹੈ।  ਜਿਸ ਤਰ੍ਹਾਂ ਸੰਤ ਬਾਬੇ ਆਪਣੀ ਮਰਜੀ ਮੁਤਾਬਕ ਗੁਰਬਾਣੀ ਦੇ ਅਰਥ ਪੇਸ਼ ਕਰ ਰਹੇ ਹਨ, ਇਹ ਨਵੀਂ ਕਿਸਮ ਦੇ ਸੰਤ ਬਾਬੇ (ਅਖੌਤੀ ਜਾਗਰੁਕ ਤਬਕਾ) ਵੀ ਆਪਣੀ ਕਿਸਮ ਦੇ ਅਰਥ ਪੇਸ਼ ਕਰ ਰਹੇ ਹਨ।  ਪਰ ਉਨ੍ਹਾਂ ਸੰਤ ਬਾਬਿਆਂ ਨਾਲੋਂ ਇਨ੍ਹਾਂ ਸੰਤ ਬਾਬਿਆਂ ਤੋਂ ਸਿਖ ਕੌਮ ਨੂੰ ਜਿਆਦਾ ਖਤਰਾ ਹੈ।  ਉਹ ਇਸ ਤਰ੍ਹਾਂ ਕਿ ਇਨ੍ਹਾਂ ਸੰਤ ਬਾਬਿਆਂ ਤੇ {ਦੁਨਆਵੀ} ਪੜ੍ਹਾਈ ਦੇ ਲੇਬਲ ਲੱਗੇ ਹੋਏ ਹਨ।  ਕੋਈ ਪ੍ਰੌ: ਹੈ ਤੇ ਕੋਈ ਡਾ:।  ਨਵੀਂ ਪੀੜ੍ਹੀ ਨੂੰ ਲੱਗਦਾ ਹੈ ਕਿ ਇਹ ਲੋਕ ਬਹੁਤ ਪੜ੍ਹੇ ਲਿਖੇ ਹਨ, ਇਸ ਲਈ ਇਨ੍ਹਾਂ ਦੀ ਗੱਲ ਵਿੱਚ ਸੱਚਾਈ ਹੈ।  ਇਹੀ ਕਾਰਣ ਹੈ ਕਿ ਬਹੁ ਗਿਣਤੀ ਨਵੀਂ ਪੀੜ੍ਹੀ ਇਨ੍ਹਾਂ ਦੇ ਮਗਰ ਲੱਗ ਰਹੀ ਹੈ।  ਪਰ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਇਸ ਦੁਨਿਆਵੀ ਪੜ੍ਹਾਈ ‘ਚ ਅਤੇ ਅਧਿਆਤਮ ਦੀ ਪੜ੍ਹਾਈ ਵਿੱਚ ਫਰਕ ਹੈ।  ਦੁਨਿਆਵੀ ਪੜ੍ਹਾਈ ਦਿਮਾਗ ਦੀ ਗੱਲ ਕਰਦੀ ਹੈ ਅਤੇ ਅਧਿਆਤਮ ਦੀ ਪੜ੍ਹਾਈ ਮਨ ਦੀ ਗੱਲ ਕਰਦੀ ਹੈ।  ਪੜ੍ਹਾਈਆਂ ਦੋਨੋਂ ਹੀ ਜਰੂਰੀ ਹਨ ਪਰ ਦੋਨਾਂ ਦਾ ਵਿਸ਼ਾ ਵੱਖਰਾ ਵੱਖਰਾ ਹੈ।  ਪਰ ਇਹ ਲੋਕ ਦਮਾਗੀ ਲੈਵਲ ਤੱਕ ਹੀ ਸੋਚਦੇ ਹਨ ਅਤੇ ਗੁਰਬਾਣੀ ਦੇ ਅਰਥ ਵੀ ਉਸੇ ਤਰ੍ਹਾਂ ਹੀ ਕਰ ਰਹੇ ਹਨ।
............... ……….
 Tajinder Singh Samra -- gurbani mutabik janam maran hai .kae janam bheio keet patnga kae janam gajj meen krunga .......... laihke kateh naa shuteya khin khin bhulan har ........ jinna chir assi nam japke jot vich jot leen nahi kar sakde unna chir janam maran hai.
   ਜਸਬੀਰ ਸਿੰਘ ਵਿਰਦੀ:- ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈ, ਨਾਮ ਜਪ ਕੇ ਜਿੰਨਾ ਚਿਰ ਪ੍ਰਭੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ ਓਨਾ ਚਿਰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ।ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ
 "ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
 ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ
॥{੨੬੧}
 ਜੇ ਕਰਮਾਂ ਦਾ ਲੇਖਾ ਹੋਣ ਲੱਗੇ ਤਾਂ ਮੈਂ ਕਦੇ ਵੀ ਸੁਰਖਰੂ ਨਹੀਂ ਹੋ ਸਕਦਾ।  ਹੇ ਪ੍ਰਭੂ ਜੇ ਤੇਰੀ ਕਿਰਪਾ ਹੋਵੇ ਤਾਂ ਹੀ {ਜਨਮ ਮਰਨ ਤੋਂ}ਛੁਟਕਾਰਾ ਹੋ ਸਕਦਾ ਹੈ।
 ਪਰ ਇਹ ਅਜੋਕੇ ਆਪਣੇ ਆਪ ਨੂੰ ਕੁਝ ਜਿਆਦਾ ਪੜ੍ਹੇ ਲਿਖੇ ਸਮਝਣ ਵਾਲੇ ਵਿਦਵਾਨ ਆਪਣੇ ਆਪ ਹੀ ਸਾਰੇ ਲੇਖੇ ਮੁਕਾਈ ਫਿਰਦੇ ਹਨ।  ਆਪੇ ਜਨਮ ਮਰਨ ਤੋਂ ਸੁਰਖਰੂ ਹੋਏ ਫਿਰਦੇ ਹਨ ਅਤੇ ਹੋਰ ਲੋਕਾਂ ਨੂੰ ਗੁਮਰਾਹ ਕਰਕੇ ਗੁਰਬਾਣੀ ਤੋਂ ਉਲਟ ਆਪਣੀ ਹੀ ਫਲੌਸਫੀ ਪੜ੍ਹਾ ਰਹੇ ਹਨ।
……………………….
 Harpal Singh :- ਪ੍ਰੋ: ਸਾਹਿਬ ਮੁਤਾਬਕ, ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ ਇੱਕ ਤਬਦੀਲੀ ਆ ਗਈ ਹੈ- ‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ। ਅਰਥਾਤ ਫਰੀਦ ਜੀ ਨੂੰ ਦਾੜੀ ਦਾ (ਚਿੱਟਾ) ਰੰਗ ਦੇਖ ਕੇ ਅਹਿਸਾਸ ਹੋ ਗਿਆ ਹੈ ਕਿ ਹੁਣ ਉਸ ਨੂੰ ਆਤਮਕ ਸੂਝ ਆ ਗਈ ਹੈ। ਪ੍ਰੋ: ਸਾਹਿਬ ਮੁਤਾਬਕ ਜਿਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਮੁਸਾਫ਼ਿਰ ਨੇਂ ਕੋਈ ਉਚੇਚ ਨਹੀਂ ਕਰਨਾ ਬੱਸ ਆਰਾਮ ਨਾਲ ਆਪਣੀ ਸੀਟ ਤੇ ਬੈਠ ਜਾਣਾ ਹੈ।ਬੱਸ ਨੇਂ ਦਿੱਲੀ ਤੋਂ ਅੰਮ੍ਰਿਤਸਰ ਆਪੇ ਪੁਚਾ ਹੀ ਦੇਣਾ ਹੈ। ਉਸੇ ਤਰ੍ਹਾਂ ਮਨੁੱਖ ਨੂੰ ਵੀ ਕੋਈ ਉਚੇਚ ਕਰਨ ਦੀ ਜਰੂਰਤ ਨਹੀਂ (ਆਪਣੀ ਮੌਜ ਮਸਤੀ ਦੀ ਜ਼ਿੰਦਗੀ ਬਸਰ ਕਰੇ) ਜਿਵੇਂ ਜਿਵੇਂ ਦਾੜ੍ਹੀ ਚਿੱਟੀ ਹੁੰਦੀ ਜਾਏਗੀ (ਉਮਰ ਵਧਦੀ ਜਾਂਦੀ ਹੈ) ਵਿਕਾਰੀ ਗੁਣ ਆਪੇ ਛੁੱਟਦੇ ਜਾਂਦੇ ਹਨ ਅਤੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ:- ਚਿੱਟੀ ਦਾੜੀ ਹੋਣ ਨਾਲ (ਉਮਰ ਦੇ ਵਧਣ ਨਾਲ) ਕੀ ਜਰੂਰੀ ਹੈ ਕਿ ਬੰਦੇ ਵਿੱਚ ਸ਼ੁਭ ਗੁਣ ਵੀ ਆ ਜਾਣ? ਜੇ ਕਿਸੇ ਵਿੱਚ ਸ਼ੁਭ ਗੁਣ ਆਉਣੇ ਹਨ ਤਾਂ ਬਚਪਨ ਜਾਂ ਜਵਾਨੀ ਵਿੱਚ ਵੀ ਆ ਸਕਦੇ ਹਨ।  ਜੇ ਨਹੀਂ ਆਉਣੇ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੁਢੇਪੇ ਕਾਰਣ ਬੰਦਾ ਮੰਜੇ ਤੇ ਪਿਆ ਹੁੰਦਾ ਹੈ।  ਸਰੀਰ ਦੇ ਅੰਗ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ ਪਰ ਫੇਰ ਵੀ ਉਹ ਵਿਕਾਰੀ ਗੁਣ ਛੱਡਣ ਨੂੰ ਤਿਆਰ ਨਹੀਂ ਹੁੰਦਾ।  ਗੁਰਬਾਣੀ ਫੁਰਮਾਨ ਹੈ:-
 “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥
   ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ
॥”---
---ਬਹੁਤ ਖੂਬ । ਜਸਬੀਰ ਸਿੰਘ ਜੀ, ਬਹੁਤ ਵਧੀਆ ਉੱਤਰ ਦਿੱਤਾ ਤੁਸੀਂ।  ਇਸ ਲੇਖ ਵਿੱਚੋਂ ਮੈਂ ਕੁਝ ਨਵਾਂ ਸਿੱਖਿਆ ਹੈ , ਜਿਸਦਾ ਕਦੇ ਫਿਰ ਜਿਕਰ ਕਰਾਂਗਾ। ਤੁਹਾਡੀ ਇਸ ਲਿਖਤ ਵਿੱਚ ਚੋਖਾ ਸੁਧਾਰ ਹੋਇਆ ਲਗਦਾ ਹੈ । ਕਿਤੇ ਕਿਤੇ ਬੇਲੋੜਾ ਵਾਧਾ ਅਤੇ ਦੁਹਰਾਉ ਲਿਖਤ ਦੀ ਰਵਾਨਗੀ ਨੂੰ ਭੰਗ ਕਰਦੇ ਹਨ।  ਤੁਹਾਡੇ ਕੋਲ ਦਲੀਲ ਹੈ, ਬੱਸ ਥੋੜਾ ਰੰਦਾ ਫੇਰਨ ਦੀ ਜਰੂਰਤ ਹੈ।
……………………..
Jasbir Singh Virdi:- ਵੀਰ ਹਰਪਾਲ ਸਿੰਘ ਜੀ, ਆਪ ਜੀ ਨੇ ਮੇਰੀ ਲਿਖਤ ਨੂੰ ਸਰਾਹਿਆ ਹੈ, ਆਪ ਜੀ ਦਾ ਬਹੁਤ ਧੰਨਵਾਦ।  ਜਿਹੜਾ ਆਪ ਜੀ ਨੇ ਲਿਖਿਆ ਹੈ ਕਿ ਮੇਰੀ ਲਿਖਤ ਵਿੱਚ ਚੋਖਾ ਸੁਧਾਰ ਆਇਆ ਹੈ।  ਚੋਖਾ ਤਾਂ ਨਹੀਂ ਥੋੜ੍ਹਾ ਬਹੁਤ ਕਿਹਾ ਜਾ ਸਕਦਾ ਹੈ। ਪਰ ਜਿੰਨਾ ਵੀ ਸੁਧਾਰ ਹੈ ਆਪ ਜੀ ਵਰਗੇ ਭਰਾਵਾਂ ਸਦਕਾ ਹੀ ਹੈ।  ਉਮੀਦ ਹੈ ਅੱਗੋਂ ਵੀ ਇਸੇ ਤਰ੍ਹਾਂ ਸੁਝਾਵ ਦਿੰਦੇ ਰਹੋਗੇ।ਧੰਨਵਾਦ।
………………….
Jagroop Singh :- ਐਨੇ ਵਟ ਨਾ ਕਡਿਆ ਕਰੋ ਐਵੇ ਪੜਕੇ ਅਗਲਿਆ ਦੇ ਟਿਡ ਵਿਚ ਵਟ ਪੈ ਜਾਣ ਗੇ । ਕਰਦੇ ਹੋਣੇ ਕੋਈ ਖੋਜ ਕੀ ਵਿਰਦੀ ਸਾਬ ਨੂੰ ਕਿਸ ਸਾਧ ਦਾ ਚੇਲਾ ਸਿਧ ਕੀਤਾ ਜਾਵੇ । ---------------- -
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.