ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਹੰਸੁ ਇਕੇਲਾ ਜਾਈ’ ਦੇ ਅਰਥਾਂ ਬਾਰੇ:-
-: ‘ਹੰਸੁ ਇਕੇਲਾ ਜਾਈ’ ਦੇ ਅਰਥਾਂ ਬਾਰੇ:-
Page Visitors: 2848

 -: ‘ਹੰਸੁ ਇਕੇਲਾ ਜਾਈ’ ਦੇ ਅਰਥਾਂ ਬਾਰੇ:-
 ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਅਜੋਕੇ ਕੁਝ ਗੁਰਬਾਣੀ ਦੇ ਵਿਆਖਿਆਕਾਰ, ਗੁਰਮਤਿ ਦੇ ਕੁਝ ਸਿਧਾਂਤਾਂ, ਖਾਸ ਕਰਕੇ ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੇ ਸਿਧਾਂਤ ਨੂੰ ਨਹੀਂ ਮੰਨਦੇ। ਇਹਨਾਂ ਅਜੋਕੇ ਗੁਰਬਾਣੀ-ਵਿਆਖਿਆਕਾਰਾਂ ਨੂੰ ਸਿੱਧੇ-ਅਸਿੱਧੇ ਤਰੀਕੇ ਨਾਲ ਸੇਧ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ- ਲੁਧਿਆਣਾ, ਤੋਂ ਮਿਲਦੀ ਹੈ।  ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀ ਇਕ ਸ਼ਬਦ ਦੀ ਕੀਤੀ ਵਿਆਖਿਆ ਪ੍ਰਸਤੁਤ ਹੈ:-
 ਸ਼ਬਦ ਹੈ:-
 ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ।।
 ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ
।। ੧।।
 ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ।।
 ਤੂੰ ਰਾਮ ਨਾਮੁ ਜਪਿ ਸੋਈ
।। ੧।। ਰਹਾਉ।।
 ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ।।
 ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ
।। ੨।।
 ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ।।
 ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ
।। ੩।।
 ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ।।
 ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ
।। ੪।। ੯।।  ਰਾਗ ਆਸਾ ਬਾਣੀ ਕਬੀਰ ਜੀ ਕੀ ਪੰਨਾ ੪੭੮
ਅੱਖਰੀਂ ਅਰਥ (ਗੁਰਬਚਨ ਸਿੰਘ)-— (ਜਿਵੇਂ) ਜਦ ਤਕ ਦੀਵੇ ਵਿੱਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿੱਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿੱਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀੱ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ)। ੧।
 (ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇੱਕ ਘੜੀ ਭੀ ਘਰ ਵਿੱਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ। ੧। ਰਹਾਉ।
 ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ। ੨।
 ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ। ੩।
 ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ‘ਆਪਣਾੱ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ। ੪। ੯।
 (ਨੋਟ:- ਸ਼ਬਦ ਦੇ ਅਰਥਾਂ ਨੂੰ ਆਪਣੇ ਮੁਤਾਬਕ ਰੰਗਤ ਦੇਣ ਦੇ ਮਕਸਦ ਨਾਲ ਕਈ ਹੋਰ ਸ਼ਬਦਾਂ ਦਾ ਸਹਾਰਾ ਲੈ ਕੇ ਬੜੀ ਲੰਬੀ ਚੌੜੀ ਭੁਮਿਕਾ ਬੰਨ੍ਹੀ ਗਈ ਹੈ।  ਪਰ ਉਹਨਾਂ ਸ਼ਬਦਾਂ ਦੇ ਵੀ ਗੁਰਬਚਨ ਸਿੰਘ ਨੇ ਆਪਣੀ ਮਨ ਮਰਜ਼ੀ ਦੇ ਅਰਥ ਪੇਸ਼ ਕਰਕੇ ਅਸਲੀ ਅਰਥਾਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ।  ਵਿਸ਼ਾ ਲੰਬਾ ਹੋਣ ਦੇ ਡਰੋਂ ਉਦਾਹਰਣਾਂ ਅਤੇ ਉਹਨਾਂ ਬਾਰੇ ਇੱਥੇ ਵਿਚਾਰ ਪੇਸ਼ ਨਹੀਂ ਕੀਤੀ ਜਾ ਰਹੀ)
 ਸ਼ਬਦ ਦੇ ਭਾਵ ਅਰਥ (ਗੁਰਬਚਨ ਸਿੰਘ):— ਇਸ ਸ਼ਬਦ ਵਿੱਚ ਰੱਬੀ ਗਿਆਨ ਦੀ ਵਿਚਾਰ ਦਿੱਤੀ ਹੈ ਜਿਸ ਨਾਲ ਭੈੜੀ ਮਤ ਦੂਰ ਹੁੰਦੀ ਹੈ ਤੇ ਚੰਗੀ ਮਤ ਮਨੁੱਖ ਦੇ ਪਾਸ ਆਉਂਦੀ ਹੈ। ਕਬੀਰ ਸਾਹਿਬ ਜੀ ਨੇ ਇੱਕ ਅਜੇਹੇ ਪਰਵਾਰ ਦੀ ਜਾਣਕਾਰੀ ਦਿੱਤੀ ਹੈ ਜਿਸ ਨੂੰ ਅਸਾਂ ਸਾੜਨਾ ਹੈ।
  ਰਹਾਉ ਦੀ ਪੰਗਤੀ:- ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ।। ਤੂੰ ਰਾਮ ਨਾਮੁ ਜਪਿ ਸੋਈ।। ੧।। ਰਹਾਉ।।
  ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਸਮਝਾਉਂਦੇ ਹਨ ਕਿ ਹੇ ਬਉਰੇ ਮਨ! ਹੁਣ ਤੈਨੂੰ ਆਪਣੇ ਘਰ ਰੱਖਣ ਲਈ ਮੈਂ ਤਿਆਰ ਨਹੀਂ ਹਾਂ ਕਿਉਂ ਕਿ ਮੈਂ ਹੁਣ ਨਾਮ ਜੱਪਣ ਲੱਗ ਪਿਆ ਹਾਂ—" ਤੂੰ ਰਾਮ ਨਾਮੁ ਜਪਿ ਸੋਈ" ਇਸ ਤੁਕ ਵਿੱਚ ਨਾਮ ਜੱਪਣ ਦੀ ਤਾਗੀਦ ਕੀਤੀ ਗਈ ਹੈ। ਨਾਮ ਜੱਪਣਾ ਦਾ ਅਰਥ ਗਿਆਨ ਹਾਸਲ ਕਰਨ ਦੀ ਵਿਚਾਰ ਆਉਂਦੀ ਹੈ— ਕਬੀਰ ਸਾਹਿਬ ਜੀ ਦੇ ਇਸ ਵਾਕ ਦੀ ਸਮਝ ਆਉਂਦੀ ਹੈ ਕਿ ਹੇ ਮੇਰੇ ਮਨ ਤੂੰ ਰੱਬ ਜੀ ਦੇ ਸਰਬ ਵਿਆਪਕ ਤੇ ਸਰਬ ਸਾਂਝੇ ਗੁਣਾਂ ਨੂੰ ਹਰ ਵੇਲੇ ਯਾਦ ਕਰਿਆ ਕਰ। ਭਾਵ ਇਹਨਾਂ ਗੁਣਾਂ ਦਾ ਧਾਰਨੀ ਹੋ ਕੇ ਚੱਲਣ ਦਾ ਯਤਨ ਕਰ। ਇੰਜ ਕਰਨ ਨਾਲ ਤੇਰੀ ਭੈੜੀ ਮਤ ਦੂਰ ਹੋਏਗੀ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਭੈੜੀ ਮਤ ਤੋਂ ਹੁਣ ਕਿਨਾਰਾ ਕਰ ਲਿਆ ਹੈ ਕਿਉਂਕਿ ਮੈਂ ਰੱਬ ਜੀ ਦਾ ਨਾਮ ਜੱਪਣ ਲੱਗ ਪਿਆ ਹਾਂ। ਭਾਵ ਮੈਨੂੰ ਰੱਬੀ ਗਿਆਨ ਦੀ ਸਮਝ ਆ ਗਈ ਹੈ।
 ਵਿਚਾਰ:- ਤੁਹਿ ਘਰੀ ਨ ਰਾਖੈ ਕੋਈ’== ‘ਹੇ ਬਉਰੇ ਮਨ! ਹੁਣ ਤੈਨੂੰ ਆਪਣੇ ਘਰ ਰੱਖਣ ਲਈ *ਮੈਂ* ਤਿਆਰ ਨਹੀਂ ਹਾਂ।  ਗੁਰਬਚਨ ਸਿੰਘ ਜੀ ਨੇ ਮਨੁਖਾ ਸਰੀਰ ਦੇ ਦੋ ਵੱਖ ਵੱਖ *ਮਨ* ਘੜ ਲਏ ਹਨ।ਇੱਕ ਮਨ ਦੂਸਰੇ ‘ਬਉਰੇ ਮਨ’ ਨੂੰ ਫਤਵਾ ਸੁਣਾ ਰਿਹਾ ਹੈ ਕਿ ਮੈਂ ਤੈਨੂੰ ਹੁਣ ਘਰ ਨਹੀਂ ਰੱਖਣਾ।  ਇੱਕ ਮਨ ਦੁਆਰਾ ਦੂਸਰੇ ਬਉਰੇ ਮਨ ਨੂੰ ਘਰ’ਚ ਨਾ ਰੱਖਣ ਦਾ ਕਾਰਣ ਕੀ ਦੱਸ ਰਹੇ ਹਨ- ‘ਭੈੜੀ ਮੱਤ ਤਿਆਗ ਕੇ ਨਾਮ ਜਪਣ ਲੱਗ ਪਿਆ ਹਾਂ’।
ਤੂੰ ਰਾਮ ਨਾਮੁ ਜਪਿ ਸੋਈ’ ਦੇ ਅਰਥ ਪਤਾ ਨਹੀਂ ਗੁਰਬਚਨ ਸਿੰਘ ਨੇ ਆਪਣੇ ਕੋਲੋਂ ਹੀ ਕਿਵੇਂ ਘੜ ਲਏ ਕਿ ‘ਮੈਂ ਭੈੜੀ ਮੱਤ ਤਿਆਗ ਕੇ ਨਾਮ ਜਪਣ ਲੱਗ ਪਿਆ ਹਾਂ’?
 ਗੁਰਬਚਨ ਸਿੰਘ ਲਿਖਦੇ ਹਨ:- ਸ਼ਬਦ ਦੇ ਦੂਸਰੇ ਬੰਦ ਵਿੱਚ ਦੀਵਾ, ਬੱਤੀ ਤੇ ਤੇਲ ਦਾ ਪ੍ਰਤੀਕ ਆਇਆ ਹੈ—
 ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ।। ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ।। ੧।।
 ਵਿਚਾਰ:- ਅੱਜ ਕਲ੍ਹ ਦੇ ਇਹ ਪ੍ਰਿੰਸੀਪਲ ਅਤੇ ਪ੍ਰੋਫੈਸਰ ਵਿਦਵਾਨ(?) ਨੰਗੀਆਂ ਲੱਤਾਂ ਵਾਲੇ ਬਾਬਿਆਂ ਨੂੰ ਭਜਾਉਣ ਦਾ ਬੜਾ ਪ੍ਰਚਾਰ ਕਰਦੇ ਹਨ, ਕਿਉਂ ਕਿ ਉਹ ਮਨ-ਘੜਤ ਕਹਾਣੀਆਂ ਘੜ ਕੇ ਪਾਠਕਾਂ ਨੂੰ ਗੁਮਰਾਹ ਕਰਦੇ ਹਨ।
ਪਰ ਇਹਨਾਂ ਪ੍ਰੋਫੈਸਰ ਅਤੇ ਪ੍ਰਿੰਸੀਪਲ ਲੱਗੇ ਲਕਬਾਂ ਵਾਲੇ *ਅਜੋਕੇ ਬਾਬਿਆਂ* ਦਾ ਕੀ ਕੀਤਾ ਜਾਵੇ?
 ਦੇਖੋ (ਪ੍ਰਿੰਸੀਪਲ)ਗੁਰਬਚਨ ਸਿੰਘ ਜੀ ਆਪਣੇ ਕੋਲੋਂ ਕਹਾਣੀਆਂ ਘੜ ਕੇ ਕਿਵੇਂ ਅਰਥਾਂ ਵਿੱਚ ਫਿੱਟ ਕਰ ਰਹੇ ਹਨ:- “ਬਿਜਲੀ ਆਉਣ ਤੋਂ ਪਹਿਲਾਂ ਲੋਕ ਦੀਵੇ ਨਾਲ ਹੀ ਚਾਨਣ ਕਰਦੇ ਸਨ। ਦੀਵੇ ਵਿੱਚ ਤੇਲ ਤੇ ਸੂਤਰ ਦੀ ਵੱਟੀ ਵੱਟ ਕੇ ਪਾਈ ਜਾਂਦੀ ਸੀ। ਜੇ ਅੱਜ ਵੀ ਬਿਜਲੀ ਬੰਦ ਹੋ ਜਾਵੇ ਤਾਂ ਥੋੜਾ ਜੇਹਾ ਤੇਲ ਤੇ ਨਿੱਕੀ ਜੇਹੀ ਬੱਤੀ ਸਾਰੇ ਘਰ ਵਿੱਚ ਚਾਨਣ ਕਰ ਦੇਂਦੀ ਹੈ। ਜੇ ਘਰ ਵਿੱਚ ਹਨੇਰਾ ਹੈ ਤਾਂ ਆਪਣੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਵੀ ਡਰਾਉਣੀਆਂ ਲੱਗਦੀਆਂ ਹਨ। ਇਹ ਹੁਣ ਪ੍ਰਤੀਕ ਹੈ ਕਿ ਜਦੋਂ ਤੱਕ ਦੀਵੇ ਵਿੱਚ ਤੇਲ ਬੱਤੀ ਹੈ ਤਾਂ ਸਾਰਾ ਘਰ ਚਾਨਣ ਨਾਲ ਭਰਿਆ ਪਿਆ ਹੈ ਤੇ ਜਦੋਂ ਤੇਲ ਮੁੱਕ ਜਾਏ ਤਾਂ ਬੱਤੀ ਸੜ ਜਾਂਦੀ ਹੈ। ਇੰਜ ਹੀ ਜਿੰਨਾ ਚਿਰ ਸਾਡੇ ਸਰੀਰ ਵਿੱਚ ਗੁਰਬਾਣੀ ਦਾ ਤੇਲ ਤੇ ਸੁਰਤ ਰੂਪੀ ਵੱਟੀ ਹੈ ਤਾਂ ਬਾਹਰ ਚਾਨਣ ਭਾਵ ਸਾਡੇ ਸੁਭਾਅ ਵਿਚੋਂ ਰੱਬੀ ਗੁਣ ਪਰਗਟ ਹੋਣਗੇ।  ਜਦੋਂ ਗੁਰਬਾਣੀ ਗਿਆਨ ਨੂੰ ਸਮਝਣ ਲਈ ਤਿਆਰ ਨਹੀਂ ਹੁੰਦੇ ਤਾਂ ਕੁਦਰਤੀ ਸੁਰਤ ਰੂਪੀ ਵੱਟੀ ਸੜਿਆਂ ਵਰਗੀ ਹੋਏਗੀ ਤੇ ਸਾਡਾ ਸੁਭਾਅ ਡਰਾਉਣਾ ਹੋ ਜਾਂਦਾ ਹੈ।
 ਵਿਚਾਰ:- ਦੇਖੋ, ਇਸ ਪਹਿਲੇ ਬੰਦ ਅਤੇ ਇਸ ਤੋਂ ਬਾਅਦ ਵਾਲੇ ਬੰਦਾਂ ਵਿੱਚ ਤੇਲ ਖਤਮ ਹੋਣ ਤੇ ਅਰਥਾਤ ਦੀਵਾ ਬੁਝਣ ਤੇ ‘ਸੁੰਨਾ ਮੰਦਰੁ ਹੋਈ’ ਤੋਂ ‘ਤੁਹਿ ਘਰੀ ਨ ਰਾਖੈ ਕੋਈ’ ਦੀ ਸਥਿਤੀ ਬਣੀ ਹੈ।ਪਰ ਗੁਰਬਚਨ ਸਿੰਘ ਇਸ ਤੋਂ ਉਲਟ ਦੀਵਾ ਜਗਣ, ਨਾਮ ਜਪਣ, ਚਾਨਣ ਹੋਣ ਤੋਂ ‘ਤੁਹਿ ਘਰੀ ਨ ਰਾਖੈ ਕੋਈ’ ਦੀ ਸਥਿਤੀ ਬਣੀ ਬਿਆਨ ਕਰ ਰਹੇ ਹਨ।’    ਦੇਖੋ ਗੁਰਬਚਨ ਸਿੰਘ ਕੀ ਲਿਖਦੇ ਹਨ:- “..ਤੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਇਹ ਹੀ ਸਮਝਣ ਦਾ ਯਤਨ ਕੀਤਾ ਹੈ ਕਿ ਗਿਆਨ ਆਉਣ ਨਾਲ ਭੈੜੀ ਮਤ ਕਿਨਾਰਾ ਕਰ ਜਾਂਦੀ ਹੈ।
 ਬੰਦ ੨ :- ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ।। ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ।। ੨।।
 ਗੁਰਬਚਨ ਸਿੰਘ:- ਸ਼ਬਦ ਦੇ ਦੂਸਰੇ ਬੰਦ ਵਿੱਚ ਮਾਂ, ਪਿਉ ਤੇ ਵਹੁਟੀ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਅਨੁਸਾਰ ਜਿੱਥੇ ਸਰੀਰਕ ਤਲ ੱਤੇ ਮਾਂ, ਬਾਪ ਤੇ ਵਹੁਟੀ ਹੈ ਓਥੇ ਆਤਮਿਕ ਤਲ ੱਤੇ ਵੀ ਮਾਂ, ਬਾਪ ਤੇ ਵਹੁਟੀ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਵਿੱਚ ਆਤਮਿਕ ਤਲ ੱਤੇ  ਚੰਗੀ ਤੇ ਭੈੜੀ ਮਤ ਦੀ ਗੱਲ ਕੀਤੀ ਗਈ ਹੈ ਓਥੇ ਇਹਨਾਂ ਦੀਆਂ ਮਾਵਾਂ, ਬਾਪ ਤੇ ਵਹੁਟੀਆਂ ਦੀ ਵੀ ਗੱਲ ਕੀਤੀ ਗਈ ਹੈ। ਭੈੜੀ ਮਤ ਦੀ ਭੈੜੀ ਸੰਤਾਨ ਤੇ ਚੰਗੀ ਮਤ ਦੀ ਚੰਗੀ ਸੰਤਾਨ ਹੁੰਦੀ ਹੈ। ਜਦੋਂ ਚੰਗੀ ਮਤ ਆ ਜਾਂਦੀ ਹੈ ਤਾਂ ਭੈੜੀ ਮਤ ਰੋਂਦੀ ਹੈ ਕਿ ਮੇਰੇ ਗਿਆਨ ਇੰਦਰੇ ਦੇਖ-ਸੁਣ ਨਹੀਂ ਸਕਣਗੇ। (ਵਿਚਾਰ- ਭੈੜੀ ਮੱਤ ਰੋਂਦੀ ਹੈ????)
 ਵਿਚਾਰ:- ਪਾਠਕ ਧਿਆਨ ਦੇਣ- ਵਿਹਾਰ ਵਿੱਚ ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਬੰਦੇ ਨੂੰ ਸੋਝੀ ਆਉਣ ਤੇ, ਅਰਥਾਤ ਚੰਗੀ ਮੱਤ ਆਉਣ ਤੇ ਉਸ ਦੀ ਭੈੜੀ ਮੱਤ ਰੋਂਦੀ ਹੋਵੇ?
 ਗੁਰਬਚਨ ਸਿੰਘ ਜੀ ਨੇ ਬੰਦੇ ਦੀਆਂ ਦੋ ਵੱਖ ਵੱਖ ਮੱਤਾਂ ਬਣਾ ਦਿੱਤੀਆਂ।  ਜਾਣੀ ਕਿ ਚੰਗੀ ਮੱਤ ਆਉਣ ਤੇ ਮਾੜੀ ਮੱਤ ਵੀ ਮੌਜੂਦ ਰਹਿੰਦੀ ਹੈ ਅਤੇ ਚੰਗੀ ਮੱਤ ਤੋਂ ਮਿਹਣੇ ਅਤੇ ਫਤਵੇ ਸੁਣਦੀ ਹੈ।  ਜਾਣੀ ਕਿ ਗੁਰਬਚਨ ਸਿੰਘ ਮੁਤਾਬਕ ਗਿਆਨ ਹੋਣ ਤੇ ਅਗਿਆਨਤਾ ਖਤਮ ਹੋਣ ਦੀ ਤਰ੍ਹਾਂ, ਚਾਨਣ ਹੋਣ ਤੇ ਹਨੇਰਾ ਖਤਮ ਹੋਣ ਦੀ ਤਰ੍ਹਾਂ ਅਤੇ ਧੁੱਪ ਹੋਣ ਤੇ ਛਾਂ ਖਤਮ ਹੋਣ ਦੀ ਤਰਾਂ- ‘ਚੰਗੀ ਮੱਤ ਆਉਣ ਤੇ ਭੈੜੀ ਮੱਤ ਖਤਮ ਨਹੀਂ ਹੋ ਜਾਂਦੀ ਬਲਕਿ ਮੌਜੂਦ ਰਹਿੰਦੀ ਹੈ ਅਤੇ ਰੋਂਦੀ ਹੈ।  ਚੰਗੀ ਮੱਤ ਤੋਂ ਤਾਨ੍ਹੇ, ਮੇਹਣੇ ਅਤੇ ਫਤਵੇ ਸੁਣਦੀ ਹੈ।  ਅੱਗੇ ਗੁਰਬਚਨ ਸਿੰਘ ਲਿਖਦੇ ਹਨ:- ਘਟ ਫੂਟੇ == ਅਸਲ ਵਿੱਚ ਗਿਆਨ ਦੀ ਸਮਝ ਆਉਣ ਨਾਲ ਭਾਵ ਦੀਵਾ ਜਗਣ ਨਾਲ ਬੰਦੇ ਦਾ ਮਨ ਏਨਾ ਤਗੜਾ ਹੋ ਜਾਂਦਾ ਹੈ ਕਿ ਫਿਰ ਵਿਕਾਰਾਂ ਨੂੰ ਲਾਗੇ ਨਹੀਂ ਲਗਣ ਦੇਂਦਾ ਹੁਣ *ਜਦੋਂ ਦੀਵਾ ਜਗਣ ਲੱਗ ਗਿਆ ਤਾਂ ਏਹੀ ਮਨ ਕਹਿੰਦਾ ਹੈ ਕਿ ਭਈ ਵਿਕਾਰ ਰੂਪੀ ਮਤ ਨੂੰ ਜਲਦੀ ਬਾਹਰ ਕੱਢੋ*(???)। ਈਰਖਾ, ਤ੍ਰਿਸ਼ਨਾ, ਆਸਾ ਆਦਿ ਸਭ ਸਾਥ ਛੱਡ ਜਾਂਦੇ ਹਨ। ਭੈੜੀ ਮਤ ਦਾ ਬਣਿਆ ਹੋਇਆ ਪਰਵਾਰ ਸਾਰਾ ਢਹਿ ਢੇਰੀ ਹੋ ਜਾਂਦਾ ਹੈ।
 ਵਿਚਾਰ:- ਜਾਣੀ ਕਿ ਚਾਨਣ ਹੋਣ ਤੇ ਹਨੇਰਾ ਆਪੇ ਦੂਰ ਨਹੀਂ ਹੁੰਦਾ, ਗਿਆਨ ਹੋਣ ਤੇ ਅਗਿਆਨਤਾ ਆਪੇ ਦੂਰ ਨਹੀਂ ਹੁੰਦੀ, ਅਰਥਾਤ ਧੁੱਪ ਹੋਣ ਦੀ ਤਰ੍ਹਾਂ ਚੰਗੀ ਮੱਤ ਆਉਣ ਤੇ ਭੈੜੀ ਮੱਤ ਆਪੇ ਖਤਮ ਨਹੀਂ ਹੁੰਦੀ ਬਲਕਿ ਉਸ ਨੂੰ ਜ਼ਬਰਦਸਤੀ ਬਾਹਰ ਕਢ੍ਹਣਾ ਪੈਂਦਾ ਹੈ, ਦੇਖੋ-“ਮਨ ਕਹਿੰਦਾ ਹੈ ਕਿ ਭਾਈ ਵਿਕਾਰ ਰੂਪੀ ਮਤ ਨੂੰ ਜਲਦੀ ਬਾਹਰ ਕੱਢੋ”।  ਗਿਆਨ ਹੋਣ ਤੇ ਅਗਿਆਨਤਾ ਆਪੇ ਖਤਮ ਕਿਉਂ ਨਹੀਂ ਹੁੰਦੀ, ਦਰ ਅਸਲ ਇਸ ਪਿੱਛੇ ਕਾਰਣ ਇਹ ਹੈ ਕਿ ਗੁਰਬਚਨ ਸਿੰਘ ਨੇ ‘ਕਾਢਹੁ ਕਾਢਹੁ ਹੋਈ’ ਦੇ ਅਰਥ ਵੀ ਤਾਂ ਕਿਸੇ ਤਰ੍ਹਾਂ ਘੜਕੇ ਫਿੱਟ ਕਰਨੇ ਹਨ।)
 ਵਿਚਾਰ:- ਦੇਖੋ ਸ਼ਬਦ ਵਿੱਚ ਤਾਂ ਤੇਲ ਮੁੱਕ ਜਾਣ ਤੇ- ਬਾਤੀ ਠਹਿਰਾਨੀ ਤੋਂ- ਸੰਨਾ ਮੰਦਰੁ ਹੋਈ ਤੋਂ- ਕਾਢਹੁ ਕਾਢਹੁ ਹੋਈ ਦੀ ਗੱਲ ਕੀਤੀ ਗਈ ਹੈ।   ਪਰ ਗੁਰਬਚਨ ਸਿੰਘ, ਦੀਵਾ ਜਗਣ ਤੇ, ਗਿਆਨ ਹੋਣ ਤੇ, ਚਾਨਣ ਹੋਣ ਤੇ ਕਾਢਹੁ ਕਾਢਹੁ ਹੋਈ ਦੀ ਗੱਲ ਕਰ ਰਹੇ ਹਨ।
ਗੁਰਬਚਨ ਸਿੰਘ:- ਸ਼ਬਦ ਦੇ ਤੀਜੇ ਬੰਦ ਵਿੱਚ ਕਬੀਰ ਜੀ ਫਰਮਾਉਂਦੇ ਹਨ- ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ।। ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ।। ੩।।
 ਭੈੜੀ ਮਤ ਰੂਪੀ ਮਾਂ, ਕਰੂਪ ਵਹੁਟੀ ਰੋਂਦੀਆਂ ਹਨ ਕਿਉਂਕਿ ਸ਼ੁਭ ਗੁਣਾਂ ਨੇ ਵਿਕਾਰਾਂ ਵਾਲੀ ਮੰਜੀ ਚੁੱਕ ਦਿੱਤੀ ਹੈ। ‘ਹੰਸ ਇਕੇਲਾ ਜਾਈੱ ਭਾਵ (ਹੰਸ)ਨਿਰਦਾਇਤਾ ਇਕੱਲੀ ਹੀ ਰਹਿ ਜਾਂਦੀ ਹੈ।
 {ਅੱਗੇ ‘ਪ੍ਰਿੰਸੀਪਲ(-ਅਜੋਕੇ ਬਾਬਾ) ਜੀ’ ਦੀ ਘੜੀ ਇੱਕ ਹੋਰ ਬੜੀ ਦਿਲਚਸਪ ਕਹਾਣੀ ਸੁਣੋ:-} “ਜਿਸ ਤਰ੍ਹਾਂ ਸਾਡਿਆਂ ਪਿੰਡਾਂ ਦੇ ਮੁੰਡੇ ਖੂਹਾਂ ੱਤੇ ਬੈਠ ਕੇ ਤਾਸ਼ ਖੇਡਦੇ ਏਨੇ ਮਗਨ ਹੋ ਜਾਂਦੇ ਸਨ ਕਿ ਕਈ ਵਾਰੀ ਡੰਗਰ ਵੀ ਭੁੱਖੇ ਰਹਿ ਜਾਂਦੇ ਸਨ । ਅਜੇਹੇ ਕੰਮ ਬਜ਼ੁਰਗਾਂ ਨੂੰ ਚੰਗੇ ਨਹੀਂ ਲਗਦੇ ਸਨ। ਗਰਮੀਆਂ ਦਿਆਂ ਦਿਨਾਂ ਵਿੱਚ ਜਿਸ ਰੁੱਖ ਥੱਲੇ ਬੈਠ ਕੇ ਮੁੰਡੇ ਤਾਸ਼ ਖੇਡਦੇ ਸਨ ਸਿਆਣੇ ਬਜ਼ੁਰਗ ਕਈ ਵਾਰੀ ਅੱਕ ਕੇ ਦਰੱਖਤ ਹੀ ਵੱਢ ਦੇਂਦੇ ਸਨ (???)। ਨਾ ਰਹੇ ਬਾਂਸ ਤੇ ਵੱਜੇਗੀ ਬੰਸਰੀ। ਤਾਸ਼ ਖੇਡਣ ਵਾਲੇ ਬਜ਼ੁਰਗਾਂ ਦੀਆਂ ਝਿੜਕਾਂ ਦੇ ਡਰੋਂ ਮੁੜ ਉਸ ਖੂਹ ਤੇ ਨਹੀਂ ਜਾਂਦੇ ਸਨ। ਜਿਹੜਾ ਤਾਸ਼ ਖਿਡਾਉਂਦਾ ਹੁੰਦਾ ਸੀ (????), ਉਹ ਇਕੱਲਾ ਹੀ ਰਹਿ ਜਾਂਦਾ ਸੀ। ਇੱਕ ਮਿਸਾਲ ਹੋਰ ਸਮਝੀਏ ਜਿਸ ਤਰ੍ਹਾਂ ਭੈੜੀ ਮਤ ਚੋਰੀ ਆਦਿ ਲਈ ਉਕਸਾਉਂਦੀ ਹੈ। ਅਜੇਹਾ ਕਰਮ ਕਰਦਿਆਂ ਜਦੋਂ ਬੰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਇਕੱਲਿਆਂ ਹੀ ਪੁਲੀਸ ਫੜ ਕੇ ਲੈ ਜਾਂਦੀ ਹੈ। ਉਕਸਾਉਣ ਵਾਲਾ ਸਹਾਇਕ ਸੁਭਾਅ ਪਿੱਛੇ ਰਹਿ ਜਾਂਦਾ ਹੈ (???)।
 ਵਿਚਾਰ:-ਦੇਖੋ ਜਿਵੇਂ ਕਿ ਪਿੰਡ ਦੇ ਮੁੰਡਿਆਂ ਨੇ ਬੁਰਕੀਆਂ ਤੋੜ ਤੋੜ ਕੇ ਡੰਗਰਾਂ ਨੂੰ ਖਵਾਉਣੀਆਂ ਹੁੰਦੀਆਂ ਸਨ, ਪਰ ਉਹ ਤਾਸ਼ ਖੇਡਣ’ਚ ਏਨੇ ਮਗਨ ਹੋ ਜਾਂਦੇ ਸਨ ਕਿ ਡਿਊਟੀ ਨਾ ਭੁਗਤਾਉਣ ਕਰਕੇ, ਡੰਗਰ ਭੁੱਖੇ ਰਹਿ ਜਾਂਦੇ ਸਨ(???)
 ਹੋਰ ਦੇਖੋ- ਮੁੰਡਿਆਂ ਦੀ ਤਾਸ਼ ਖੇਡਣ ਦੀ ਆਦਤ ਤੋਂ ਤੰਗ ਆ ਕੇ ਬਜੁਰਗ ਦਰਖਤ ਹੀ ਕੱਟ ਦਿੰਦੇ ਸਨ।     ਗੁਰਬਚਨ ਸਿੰਘ ਜੀ ਦੇ ਪਿੰਡ ਇਸ ਤਰ੍ਹਾਂ ਹੁੰਦਾ ਹੋਵੇਗਾ, ਮੈਂ ਤੇ ਇਸ ਤਰ੍ਹਾਂ ਕਦੇ ਨਹੀਂ ਦੇਖਿਆ, ਸੁਣਿਆ ਕਿ ਮੁੰਡਿਆਂ ਦੀ ਤਾਸ਼ ਦੀ ਆਦਤ ਤੋਂ ਤੰਗ ਆ ਕੇ ਕਿਸੇ ਬਜੁਰਗ ਨੇ ਦਰਖਤ ਹੀ ਕੱਟ ਦਿੱਤਾ ਹੋਵੇ।  ਜਿਵੇਂ ਕਿ ਪਿੰਡ ਵਿੱਚ ਇੱਕ ਹੀ ਦਰਖਤ ਹੁੰਦਾ ਸੀ।  ਅਤੇ ਜਿਵੇਂ ਦਰਖਤ ਤੋਂ ਬਿਨਾ ਹੋਰ ਕਿਤੇ ਤਾਸ਼ ਖੇਡੀ ਹੀ ਨਾ ਜਾ ਸਕਦੀ ਹੋਵੇ(???)
 “ਜਿਹੜਾ ਤਾਸ਼ ਖਿਡਾਉਂਦਾ ਸੀ…”--- ਗੁਰਬਚਨ ਸਿੰਘ ਨੇ ਤਾਂ ਪਿੰਡ ਵਿੱਚ ਕਸੀਨੋ ਵੀ ਖੁਲਵਾ ਦਿੱਤਾ।  ਤਾਸ਼ ਖੇਡਣ ਵਾਲਿਆਂ ਦੇ ਉਤੇ ਇੱਕ ਤਾਸ਼ ਖਿਡਾਉਣ ਵਾਲਾ ਵੀ ਮੁਕੱਰਰ ਕਰ ਦਿੱਤਾ(????)
 ‘ਤਾਸ਼ ਖਿਡਾਉਣ ਵਾਲਾ ਵਿਚਾਰਾ ਇਕਲਾ ਹੀ ਰਹਿ ਜਾਂਦਾ ਸੀ’???
 ਪਰ ਹੰਸੁ ਇਕੇਲਾ *ਜਾਈ* ਦੇ ਅਰਥ ਵੀ ਤਾਂ ਹਾਲੇ ਫਿੱਟ ਕਰਨੇ ਬਾਕੀ ਸਨ, ਸੋ ਕਹਾਣੀ ਵਿੱਚ ਤਾਸ਼ ਖਿਡਾਉਣ ਵਾਲੇ ਨੂੰ ਚੋਰੀ ਦੀ ਆਦਤ ਵੀ ਪਾ ਦਿੱਤੀ।  ਅਤੇ ਚੋਰੀ ਦੀ ਆਦਤ ਕਰਕੇ ਉਸ ਨੂੰ ਪੁਲਿਸ ਫੜ ਕੇ *ਲੈ ਜਾਂਦੀ ਸੀ* (-ਹੰਸੁ ਇਕੇਲਾ ਜਾਈ)। ਯਾਦ ਰਹੇ ਕਿ ਗੁਰਬਚਨ ਸਿੰਘ ਦੀ ਇਸ ਕਹਾਣੀ ਮੁਤਾਬਕ ਤਾਸ਼ ਖੇਡਣ ਵਾਲੇ, ਬਜ਼ੁਰਗਾਂ ਦੀਆਂ ਝਿੜਕਾਂ ਦੇ ਡਰੋਂ ਮੁੜ ਉਸ ਖੂਹ ਤੇ ਨਹੀਂ ਜਾਂਦੇ ਸਨ। ਐਸਾ ਨਹੀਂ ਕਿ ਉਹਨਾਂ ਨੂੰ ਸੋਝੀ ਆ ਗਈ ਜਾਂ ਕੋਈ ਗਿਆਨ ਹਾਸਲ ਹੋ ਗਿਆ, ਜਿਸ ਤਰ੍ਹਾ ਕਿ ਗੁਰਬਚਨ ਸਿੰਘ ਜੀ ਅਰਥਾਂ ਵਿੱਚ ਦੱਸ ਰਹੇ ਹਨ ਕਿ- ‘ਹੁਣ ਮੈਨੂੰ ਸੋਝੀ ਆ ਗਈ ਹੈ ਅਤੇ ਮੈਂ ਨਾਮ ਜਪਣ ਲੱਗ ਪਿਆ ਹਾਂ’। ਸਾਰੀ ਸਥਿਤੀ ਤੇ ਗ਼ੋਰ ਕਰੋ, ਮੇਰੀ ਸਮਝ ਤੋਂ ਤਾਂ ਬਾਹਰ ਦੀ ਗੱਲ ਹੈ ਕਿ- ਪਿੰਡ ਵਿੱਚ ਡੰਗਰ ਚਰਾਉਣ ਗਏ ਮੁੰਡੇ ਤਾਸ਼ ਖੇਡਣ ਵਿੱਚ ਮਗਨ ਹੋ ਜਾਂਦੇ ਸਨ।  ਇਸ ਕਰਕੇ ਡੰਗਰ ਭੁੱਖੇ ਰਹਿ ਜਾਂਦੇ ਸਨ। ਉਹਨਾਂ ਦੀ ਇਸ ਆਦਤ ਤੋਂ ਤੰਗ ਆ ਕੇ ਬਜੁਰਗ ਦਰਖਤ ਹੀ ਕੱਟ ਦਿੰਦੇ ਸਨ (ਇਕ ਦਰਖਤ ਕੱਟ ਦਿੰਦੇ ਸਨ ਜਾਂ ਪਿੰਡ ਦੇ ਸਾਰੇ ਦਰਖਤ ਕੱਟ ਦਿੰਦੇ ਸਨ? ਪਤਾ ਨਹੀਂ)  ਤਾਸ਼ ਖਿਡਾਉਣ ਵਾਲਾ ਇਕੱਲਾ ਰਹਿ ਜਾਂਦਾ ਸੀ?   (ਲੱਗਦਾ ਹੈ ਜਿਵੇਂ ਬਜੁਰਗ ਦਰਖਤ ਕੱਟਣ ਲੱਗਦੇ ਸੀ, ਤਾਸ਼ ਖੇਡਣ ਵਾਲੇ ਮੁੰਡੇ ਭਜਕੇ ਆਪੋ ਆਪਣੇ ਘਰਾਂ ਵਿੱਚ ਵੜ ਜਾਂਦੇ ਸੀ ਜਾਂ ਕਿਤੇ ਲੁਕ ਜਾਂਦੇ ਸੀ ਅਤੇ ਤਾਸ਼ ਖਿਡਾਉਣ ਵਾਲਾ, ਦਰਖਤ ਕੱਟੇ ਜਾਣ ਦਾ ਸਾਰਾ ਸੀਨ ਖੜ੍ਹਾ ਇਕੱਲਾ ਹੀ ਦੇਖੀ ਜਾਂਦਾ ਸੀ)  ਇਕੱਲਾ ਰਹਿ ਜਾਂਦਾ ਸੀ ਨੂੰ ਚੋਰੀ ਦੀ ਆਦਤ ਪੈ ਜਾਂਦੀ ਸੀ ਅਤੇ ਉਸ ਨੂੰ ਪੁਲਿਸ ਫੜ ਕੇ ਲੈ *ਜਾਂਦੀ* ਸੀ!!!!!! ਗੁਰਬਚਨ ਸਿੰਘ:- ਹੰਸੁ ਇਕੇਲਾ ਜਾਈ ਦਾ ਭਾਵ ਅਰਥ ਹੈ ਕਿ ਨਿਰਦਾਇਤਾ ਵਾਲਾ ਸੁਭਾਅ ਇਕੱਲਾ ਹੀ ਰਹਿ ਗਿਆ। ਜਾਣੀ  ਕਿ ਇਸ ਦਾ ਮਤਲਬ ਹੋਇਆ ਕਿ, ਨਿਰਦਇਤਾ ਵਾਲਾ ਸੁਭਾਵ== ਤਾਸ਼ ਖਿਡਾਉਣ ਵਾਲਾ। ਜਾਣੀ ਕਿ ਇਸ ਤਰ੍ਹਾਂ- ਤਾਸ਼ ਖਿਡਾਉਣ ਵਾਲਾ ਹੋਇਆ ਭੈੜਾ, ਨਿਰਦਇਅਤਾ ਵਾਲਾ ਸੁਭਾਵ। ਅਤੇ ਤਾਸ਼ ਖੇਡਣ ਵਾਲੇ ਹੋਏ ‘ਚੰਗਾ ਸੁਭਾਵ, ਚੰਗੀ ਮੱਤ, ਸੋਝੀ ਵਾਲੀ ਮੱਤ(?????)
ਇਸ ਕਹਾਣੀ ਤੋਂ ਸੇਧ ਕੀ ਮਿਲਦੀ ਹੈ????
ਚਉਥਾ ਬੰਦ:- ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ।। ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ।। ੪।।
 ਗੁਰਬਚਨ ਸਿੰਘ:- ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਜੀ ਨੇ ਸਮੁਚੇ ਸੰਸਾਰ ਦੇ ਉਸ ਵਿਹਾਰ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਬੰਦਾ ਆਪਣੇ ਜੀਵਨ ਵਿਚੋਂ ਵਿਕਾਰਾਂ ਨੂੰ ਮਾਰਨ ਦਾ ਯਤਨ ਨਹੀਂ ਕਰਦਾ। ਅਵੱਸ਼ ਉਸ ਨੂੰ ਜੀਵਨ ਵਿੱਚ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ— (ਅਜੋਕੇ ਪ੍ਰਿੰਸੀਪਲ-ਬਾਬਾ ਜੀ ਦੀ ਘੜੀ ਇੱਕ ਹੋਰ ਕਹਾਣੀ ਸੁਣੋ:-)
 ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਸੰਸਾਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜਿੰਨਾ ਚਿਰ ਖਾਣ ਨੂੰ ਮਿਲਦਾ ਰਹਿੰਦਾ ਹੈ ਓਨਾ ਚਿਰ ਦੋਸਤੀ ਰਹਿੰਦੀ ਹੈ। ਬੰਦਾ ਜਿੰਨਾ ਮਰਜ਼ੀ ਪਰਵਾਰ ਵਾਸਤੇ ਗਲਤ ਤਰੀਕੇ ਵਰਤ ਲਏ ਪਰ ਜੇਲ੍ਹ ਇਸ ਨੂੰ ਇਕੱਲਿਆਂ ਹੀ ਜਾਣਾ ਪੈਣਾ ਹੈ। ਸਾਨੂੰ ਇਸ ਸ਼ਬਦ ਤੋਂ ਆਤਮਿਕ ਉਪਦੇਸ਼ ਵੀ ਸਮਝਣਾ ਚਾਹੀਦਾ ਹੈ ਤਾਂ ਕਿ ਵਿਕਾਰੀ ਬਿਰਤੀ ਖਤਮ ਕਰਕੇ ਸਚਿਆਰ ਬਣਨ ਦਾ ਯਤਨ ਕੀਤਾ ਜਾਏ।
 ਵਿਚਾਰ:- ਜਾਣੀ ਕਿ ਜੇ ਕੋਈ ਵਿਕਾਰ/ਜ਼ੁਰਮ ਕਰਦਾ ਫੜਿਆ ਨਹੀਂ ਗਿਆ ਜਾਂ, ਜੇ ਕੋਈ ਪੈਸੇ ਦੇ ਜ਼ੋਰ ਤੇ, ਜਾਂ ਰੁਤਬੇ ਦੇ ਜ਼ੋਰ ਤੇ, ਜਾਂ ਕਿਸੇ ਸਿਆਸੀ ਸੰਬੰਧਾਂ ਦੇ ਪ੍ਰਭਾਵ ਕਰਕੇ ਦੇਸ਼-ਸਮਾਜ ਦੇ ਕਾਨੂੰਨ ਦੀ ਸਜ਼ਾ ਪਾਉਣੋ ਬਚ ਗਿਆ ਤਾਂ ਉਹ ਸੁਰਖੁਰੂ ਹੈ। ------- -
ਲੇਖ ਵਿੱਚ ਗੁਰਬਚਨ ਸਿੰਘ ਜੀ ਇਕ ਨੁਕਤਾ ਉਠਾਉਂਦੇ ਹੋਏ ਲਿਖਦੇ ਹਨ-
 “ਹਕੀਕਤ ਇਹ ਹੈ ਕਿ, ਬੰਦਾ ਤਾਂ ਸਾਰਿਆਂ ਦੇ ਸਾਹਮਣੇ ਫੂਕਿਆ ਜਾਂਦਾ ਹੈ ਫਿਰ ਸਜ਼ਾ ਕਿਹੜੇ ਸਰੀਰ ਨੂੰ ਦਿੱਤੀ ਜਾਂਦੀ ਹੈ?”
  ਜਵਾਬ:- ਇਸ ਗੱਲ ਦਾ ਜਵਾਬ ਪਹਿਲਾਂ ਵੀ ਬਹੁਤ ਵਾਰੀਂ ਦਿੱਤਾ ਜਾ ਚੁੱਕਾ ਹੈ। ਪਰ ਗੁਰਬਚਨ ਸਿੰਘ ਅਤੇ ਇਹਨਾਂ ਦੀ ਸੋਚ ਵਾਲਿਆਂ ਦੇ ਪੱਲੇ ਇਹ ਗੱਲ ਕਦੇ ਨਹੀਂ ਪੈ ਸਕਦੀ।  ਕਿਉਂਕਿ ਇਹਨਾਂ ਦੇ ਜ਼ਹਨ ਵਿੱਚ ਇਸ ਜਨਮ ਤੋਂ ਬਾਅਦ ਫੇਰ ਜਨਮ ਨਾ ਹੋਣ ਵਾਲੀ ਗੱਲ ਜੋ ਘਰ ਕਰੀ ਬੈਠੀ ਹੈ।  ਜੇ ਇਹ ਆਪਣੀ ਇਸ ਸੋਚ ਨੂੰ ਇੱਕ ਪਾਸੇ ਰੱਖਕੇ ਵਿਚਾਰ ਕਰਨ ਤਾਂ ਹੀ ਹੋਰ ਕੋਈ ਗੱਲ ਇਹਨਾਂ ਦੀ ਸਮਝ ਵਿੱਚ ਪਵੇ।
 ਜਵਾਬ:- ‘ਮਨਮੁਖਾ ਨੋ ਫਿਰਿ ਜਨਮ ਹੈ’  ਕੀ ਬਿਨਾ ਸਰੀਰ ਤੋਂ ਹੀ ਫੇਰ ਜਨਮ ਹੁੰਦਾ ਹੈ।  ਜਦੋਂ ਸਰੀਰ ਸਹਿਤ ਹੀ ਫੇਰ ਜਨਮ ਹੁੰਦਾ ਹੈ, ਤਾਂ ਇਹ ਸਵਾਲ ਹੀ ਕਿਵੇਂ ਰਹਿ ਗਿਆ ਕਿ ਕਿਸ ਸਰੀਰ ਨੂੰ ਸਜ਼ਾ ਮਿਲਦੀ ਹੈ?
  ਹਜ਼ਾਰਾਂ, ਲੱਖਾਂ, ਕਰੋੜਾਂ ਬੰਦੇ ਹਨ, ਜਿਹਨਾਂ ਨੇ ਇਸ ਜਨਮ ਵਿੱਚ ਕੋਈ ਮਾੜਾ ਜਾਂ ਵਿਕਾਰਾਂ ਵਾਲਾ ਕੰਮ ਨਹੀਂ ਕੀਤਾ ਹੁੰਦਾ।  ਜਿਹੜੇ ਸਾਰਾ ਸਾਰਾ ਦਿਨ ਮੁਸ਼ੱਕਤ ਦਾ ਕੰਮ ਕਰਦੇ ਹਨ, ਪਰ ਫੇਰ ਵੀ ਉਹਨਾਂ ਨੂੰ ਢਿੱਡ ਭਰਕੇ ਰੋਟੀ ਨਹੀਂ ਮਿਲਦੀ।  ਇਹ ਤਿਲਾਂ ਦੀ ਤਰ੍ਹਾਂ ਕੋਹਲੂ ਵਿੱਚ ਪੀੜੇ ਜਾਣ ਵਰਗੀ, ਦੁਖਾਂ ਵਾਲੀ ਸਜ਼ਾ ਪਿਛਲੇ ਜਨਮ ਤੋਂ ਬਾਅਦ ਇਹ ਸਰੀਰ ਮਿਲਣ ਤੇ ਹੀ ਮਿਲਦੀ ਹੈ।  ਇਸ ਤਰ੍ਹਾਂ ਮੌਤ ਆਉਣ ਤੇ (ਸਰੀਰ ਨਸ਼ਟ ਕੀਤੇ ਜਾਣ ਤੇ) ਹੋਰ ਜਨਮ ਮਿਲਣ ਤੇ ਸਜ਼ਾ ਨਵੇਂ ਮਿਲੇ ਸਰੀਰ ਦੇ ਜਰੀਏ ਮਿਲਦੀ ਹੈ।
 ਜਸਬੀਰ ਸਿੰਘ ਵਿਰਦੀ
ਨੋਟ :- ਮੇਰੇ ਇਹ ਵਿਚਾਰ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀ ਲਿਖਤ ਸੰਬੰਧੀ ਹਨ।  ਇਸ ਲਈ ਸਿਰਫ ਗੁਰਬਚਨ ਸਿੰਘ ਥਾਈਲੈਂਡ ਵਾਲੇ ਹੀ ਇਸ ਲਿਖਤ ਸੰਬੰਧੀ ਵਿਚਾਰ ਸਾਂਝੇ ਕਰਨ।  ਜੇ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਕਿਸੇ ਪ੍ਰਸ਼ੰਸਕ ਨੇ ਵਿਚਾਰ ਸਾਂਝੇ ਕਰਨੇ ਹੋਣ ਤਾਂ ਗੁਰਬਚਨ ਸਿੰਘ ਜੀ ਦੀ ਪਰਮਿਸ਼ਨ ਨਾਲ ਹੀ ਕਰਨ।  ਉਸ ਹਾਲਤ ਵਿੱਚ ਵਚਾਰ ਸਾਂਝੇ ਕਰਨ ਵਾਲੇ ਸੱਜਣ ਦੇ ਵਿਚਾਰ, ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਹੀ ਮੰਨੇ ਜਾਣਗੇ।  ਜੇ ਵਿਚਾਰ ਸਾਂਝੇ ਕਰਨ ਵਾਲੇ ਸੱਜਣ ਕੋਲ ਮੇਰੇ ਸਵਾਲ/ ਸਵਾਲਾਂ ਦੇ ਜਵਾਬ ਨਹੀਂ ਹੋਣਗੇ ਤਾਂ ਇਹੀ ਮੰਨਿਆ ਜਾਏਗਾ ਕਿ ਗੁਰਬਚਨ ਸਿੰਘ ਜੀ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹਨ।"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.