ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਹਿੰਦੂ-ਸਿੱਖ-ਧਰਮ ਸਿਧਾਂਤਕ ਫਰਕ :-
-: ਹਿੰਦੂ-ਸਿੱਖ-ਧਰਮ ਸਿਧਾਂਤਕ ਫਰਕ :-
Page Visitors: 2748

-: ਹਿੰਦੂ-ਸਿੱਖ-ਧਰਮ ਸਿਧਾਂਤਕ ਫਰਕ :-
ਚਮਕੌਰ ਸਿੰਘ ਬਰਾੜ:-
“ਦੇਖੌ ਏਸ ਵੀਡੀਓ ਨੂੰ ਏਸ ਬੀਬੀ ਨੇ ਜੋ ਬੇਸਕ ਸਿਧਾਤ ਦਸੇ ਹਨ ਹਿੰਦੂ ਧਰਮ ਦੇ ਜੋ ਬੜੇ ਹੀ ਸਲੀਕੇ ਨਾਲ ਦਸੇ ਹਨ । ਕੀ ਬਹੁਤੇ ਸਾਡੇ ਵੀਰ ਵੀ ਇੰਨਾ ਸਿਧਾਤਾ ਨੂੰ ਮਧੇ ਰੱਖ ਕੇ ਹੀ ਗੁਰਬਾਣੀ ਦੀ ਵਿਆਖਿਆ ਕਰਦੇ ਹਨ। ਕੀ ਅਸ਼ੀ ਰੀਕਾਰਨੇਸ਼ਨ, 84 ਲਖ ਜਨਮ ਦਾ ਸਿਧਾਤ ਵੀ ਗੁਰਬਾਣੀ ਵਿਚ ਏਥੌਂ ਹੀ ਲਿਆਕੇ ਵਾੜਦੇ ਹਾਂ। ਕੀ ਅਸੀ ਵੀ ਏਸੇ ਧਰਮ ਦੀ ਵਿਆਖਿਆ ਕਰਦੇ ਹਾਂ। ਕੀ ਗੁਰਬਾਣੀ ਦੀ ਹੇਠ ਲਿਖੀ ਪੰਗਤੀ ਵੀ ਇਸ ਦੇ ਅਨਕੂਲ ਹੈ।
 ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥
 ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥
 ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ
॥੧॥
 ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥
 ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ
॥੧॥ ਰਹਾਉ ॥ - ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੩੩”
(ਬੀਬੀ ਦੀ ਵੀਡੀਓ ਹੇਠਾਂ ਦਿੱਤੇ ਲਿੰਕ ਤੇ ਦੇਖੀ ਜਾ ਸਕਦੀ ਹੈ।
https://www.youtube.com/watch?v=uxg_vX66Frs
ਜਸਬੀਰ ਸਿੰਘ ਵਿਰਦੀ:-
 ਚਮਕੌਰ ਸਿੰਘ ਬਰਾੜ ਜੀ! ਇਹ ਕੋਈ ਕਸਵੱਟੀ ਨਹੀਂ ਹੈ ਕਿ ਹਿੰਦੂ ਧਰਮ ਦੀ ਮਾਨਤਾ ਵਾਲਾ ਕੋਈ ਲਫਜ਼ ਆ ਗਿਆ ਤਾਂ ਦੂਸ਼ਣਾ ਲੱਗਣ ਦੀ ਤਰ੍ਹਾਂ ਤੁਹਾਨੂੰ ਉਹ ਲਫਜ਼ ਸਵਿਕਾਰ ਨਹੀਂ। ਅਤੇ ਆਪਣੀ ਸੋਚ ਮੁਤਾਬਕ ਗੁਰਬਾਣੀ ਵਿੱਚ ਆਏ ਉਹਨਾਂ ਸ਼ਬਦਾਂ ਦੇ ਅਰਥ ਹੀ ਬਦਲ ਦਿਉ।
ਦੋ ਗੱਲਾਂ ਵਿੱਚੋਂ ਇਕ ਹੀ ਗੱਲ ਹੋ ਸਕਦੀ ਹੈ- ਜਾਂ ਤੇ
 1- ‘ਆਵਾਗਵਨ ਹੁੰਦਾ ਹੈ ਜਾਂ
 2- ਆਵਾਗਵਨ ਨਹੀਂ ਹੁੰਦਾ।
ਦੁਨੀਆਂ ਤੇ ਧਰਮ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਨਾਂ ਤੇ ਦੁਨੀਆਂ ਦੇ ਸਾਰੇ ਧਰਮ ਆਵਾਗਵਨ ਦਾ ਸਮਰਥਨ ਕਰਦੇ ਹਨ, ਅਤੇ ਨਾ ਹੀ ਸਾਰੇ ਇਸਦਾ ਖੰਡਣ ਕਰਦੇ ਹਨ। ਜੇ ਤੁਹਾਡੇ ਵਾਲੀ ਕਸਵੱਟੀ ਲਗਾਈਏ ਤਾਂ- ‘ਮੰਨਣ ਜਾਂ ਖੰਡਣ’ ਵਿੱਚੋਂ ਗੁਰਮਤਿ ਨੂੰ ਕਿਸ ਕੈਟੇਗਰੀ ਵਿੱਚ ਰੱਖੋਗੇ ?
 ਕਿਸੇ ਹੋਰ ਧਰਮ ਦੇ ਸਮਰਥਨ ਜਾਂ ਖੰਡਣ ਨੂੰ ਜ਼ਹਨ ਵਿੱਚ ਰੱਖਕੇ ਗੁਰਬਾਣੀ ਨੂੰ ਨਹੀਂ ਸਮਝਿਆ ਜਾ ਸਕਦਾ। ਗੁਰਬਾਣੀ ਨੂੰ ਸਮਝਣ ਲਈ ਸਿਰਫ ਗੁਰਬਾਣੀ ਤੇ ਫੋਕਸ ਕਰਕੇ ਹੀ ਸਮਝੀ ਜਾ ਸਕਦੀ ਹੈ। ਤਰਾਸਦੀ ਇਹ ਹੈ ਕਿ ਤੁਸੀਂ ਗੁਰਬਾਣੀ ਵਿਆਖਿਆ ਕਰਨ ਲੱਗੇ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਜ਼ਹਨ ਵਿੱਚ ਰੱਖਕੇ ਹਿੰਦੂ ਧਰਮ ਦੀਆਂ ਮਾਨਤਾਵਾਂ ਦੇ ਉਲਟ ਵਿਆਖਿਆ ਕਰਨ ਤੇ ਜ਼ੋਰ ਲਗਾ ਦਿੰਦੇ ਹੋ।
ਮਿਸਾਲ ਦੇ ਤੌਰ ਤੇ ਇਸ ਬੀਬੀ ਦੀਆਂ ਗੱਲਾਂ ਤੇ ਵਿਚਾਰ ਕਰੋ-
 ਇਹ ਬੀਬੀ ਕਹਿੰਦੀ ਹੈ ਕਿ ਹਿੰਦੂ ਧਰਮ ਵਿੱਚ ਇੱਕ ਰੱਬ ਦਾ ਸਿਧਾਂਤ ਮੰਨਿਆ ਗਿਆ ਹੈ। ਦੱਸੋ, ਤਾਂ ਕੀ ਸਾਨੂੰ ਗੁਰਬਾਣੀ ਦੇ ਅਰਥ ਕਰਨ ਵੇਲੇ ਇਕ-ਪਰਮਾਤਮਾ ਵਾਲੇ ਸਿਧਾਂਤ ਦੇ ਉਲਟ ਵਿਆਖਿਆ ਕਰਨੀ ਚਾਹੀਦੀ ਹੈ।  
  ਇਹ ਬੀਬੀ ਵੀ ਹਿੰਦੂ ਧਰਮ ਨੂੰ ਇਕ ਪਰਮਾਤਮਾ ਦਾ ਹਾਮੀ ਕਹਿੰਦੀ ਹੈ। ਅਤੇ ਗੁਰਮਤਿ ਵੀ ਇੱਕ ਪਰਮਾਤਮਾ ਦੀ ਹਾਮੀ ਹੈ। ਦੱਸੋ, ਇਸ ਬੀਬੀ ਦੁਆਰਾ ਬਿਆਨਿਆ ਗਿਆ ਬ੍ਰਹਮਾ, ਵਿਸ਼ਨੂੰ, ਸ਼ਿਵ, ਗਣੇਸ਼ ਆਦਿ ਵਾਲੇ ਹਿੰਦੂ ਧਰਮ ਦੇ ਇਕ ਪਰਮਾਤਮਾ ਵਾਲੇ ਸਿਧਾਂਤ ਅਤੇ ਗੁਰਮਤਿ ਦੇ ਇੱਕ ਪਰਮਾਤਮਾ ਵਾਲੇ ਸਿਧਾਂਤ ਵਿੱਚ ਸਾਫ ਫਰਕ ਹੈ ਜਾਂ ਨਹੀਂ ?  ਜਾਂ ਫੇਰ ਬੀਬੀ ਇਕ ਪਰਮਾਤਮਾ ਦੀ ਗੱਲ ਕਰਦੀ ਹੈ ਤਾਂ ਇਕ ਪਰਾਮਤਮਾ ਵਾਲਾ ਗੁਰਮਤਿ ਸਿਧਾਂਤ ਹੋ ਹੀ ਨਹੀਂ ਸਕਦਾ ?
ਇਹ ਬੀਬੀ ਹਿੰਦੂ ਧਰਮ ਵਿੱਚ ਕਰਮ ਸਿਧਾਂਤ ਦੀ ਮਾਨਤਾ ਦੱਸਦੀ ਹੈ।ਤਾਂ ਕੀ-
ਕਰਮੀ ਕਰਮੀ ਹੋਇ ਵੀਚਾਰੁ ॥”
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥”
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥”
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥”…….
ਆਦਿ ਸੈਂਕੜੇ ਸ਼ਬਦਾਂ ਦੇ ਤੁਸੀਂ ਅਰਥ ਬਦਲਕੇ ਕਰਮ ਸਿਧਾਂਤ ਨੂੰ ਨਾ ਮੰਨਣ ਵਾਲੇ ਅਰਥ ਕਰ ਦੇਵੋਗੇ ?
ਚਮਕੌਰ ਸਿੰਘ ਜੀ! ਹਿੰਦੂ ਧਰਮ ਅਤੇ ਗੁਰਮਤਿ ਦੇ *ਕਰਮ* ਸਿਧਾਂਤ ਦਾ ਫਰਕ ਮੈਂ ਕਲੀਅਰ ਕਰ ਦਿਆਂ (ਵੈਸੇ ਮੈਨੂੰ ਪਤਾ ਹੈ ਕਿ ਮੇਰੀ ਕੋਈ ਗੱਲ ਤੁਹਾਡੇ ਪੱਲੇ ਨਹੀਂ ਪੈ ਸਕਦੀ ਕਿਉਂਕਿ ਤੁਸੀਂ ਮੇਰੇ ਤੋਂ ਕਾਫੀ ਜਿਆਦਾ ਖਫਾ ਹੋ, ਮੇਰੀ ਕੋਈ ਵੀ ਗੱਲ ਤੁਸੀਂ ਸੁਹਿਰਦਤਾ ਨਾਲ ਨਹੀਂ ਵਿਚਾਰੋਗੇ। ਪਰ ਫੇਰ ਵੀ ਦੱਸ ਰਿਹਾ ਹਾਂ, ਪੜ੍ਹੋ ਜਾਂ ਨਾ ਪੜ੍ਹੋ, ਮੰਨੋ ਜਾਂ ਨਾ ਮੰਨੋ ਤੁਹਾਡੀ ਮਰਜ਼ੀ ਹੈ)-
ਦੇਖੋ ਇਹ ਬੀਬੀ ਕਰਮ ਸਿਧਾਂਤ ਨੂੰ “Universal law of cause and effect” ਦੇ ਰੂਪ ਵਿੱਚ ਹਿੰਦੂ ਧਰਮ ਦੀ ਮਾਨਤਾ ਬਿਆਨ ਕਰ ਰਹੀ ਹੈ। ਅਫਸੋਸ ਕਿ ਤੁਸੀਂ ਇਕ ਲਫਜ਼ ਤੋਂ ਹੀ ਸਾਰਾ ਸਿਧਾਂਤ ਤੈਅ ਕਰ ਲੈਂਦੇ ਹੋ। ਕੋਈ ਲਫਜ਼ ਹਿੰਦੂ ਧਰਮ ਵਿੱਚ ਕਿਹੜੇ ਅਰਥਾਂ ਵਿੱਚ ਆਇਆ ਹੈ ਅਤੇ ਗੁਰਮਤਿ ਵਿੱਚ ਕਿਹੜੇ ਅਰਥਾਂ ਵਿੱਚ ਇਸ ਗੱਲ ਨਾਲ ਤੁਹਾਡਾ ਕੋਈ ਮਤਲਬ ਨਹੀਂ। ਬੱਸ ਜਿਹੜਾ ਲਫਜ਼ ਹਿੰਦੂ ਧਰਮ ਦੀ ਫਲੌਸਫੀ ਵਿੱਚ ਆ ਗਿਆ, ਗੁਰਮਤਿ ਵਿੱਚ ਉਹ ਲਫਜ਼ ਆ ਹੀ ਨਹੀਂ ਸਕਦਾ।
ਦੇਖੋ ‘Cause and effect’ ਕੀ ਹੈ:-
ਕੋਈ ਵੀ ਕਰਮ ਨਿਸਫਲ ਨਹੀਂ ਜਾਂਦਾ। ਹਰ ਘਟਨਾ ਦਾ ਕੋਈ ਕਾਰਨ ਹੁੰਦਾ ਹੈ ਅਤੇ ਹਰ ਕਾਰਨ ਦਾ ਕੋਈ ਸਿੱਟਾ ਨਿਕਲਦਾ ਹੈ। ਇਸ ਤਰ੍ਹਾਂ *ਕਰਮ* ਖੁਦ ਹੀ ਫਲ-ਪ੍ਰਦਾਤਾ ਹੋਏ। ਅਰਥਾਤ ਫਲ ਦੇਣ ਲਈ ਪਰਮਾਤਮਾ ਦੀ ਕੋਈ ਵਿਨਵੌਲਵਮੈਂਟ ਨਹੀਂ ਹੈ, ਖੁਦ ਬ ਖੁਦ ਕਰਮਾਂ ਦੇ ਹਿਸਾਬ ਨਾਲ ਫਲ ਮਿਲਦਾ ਹੈ।
ਚਮਕੌਰ ਸਿੰਘ ਜੀ! ਕਿਸੇ ਹੱਦ ਤੱਕ ਤੁਸੀਂ ਵੀ *ਹਿੰਦੂ ਧਰਮ ਦੇ* ਇਸੇ ਸਿਧਾਂਤ ਨੂੰ ਮੰਨਦੇ ਹੋ। ਬੱਸ ਫਰਕ ਏਨਾ ਹੈ ਕਿ ਹਿੰਦੂ ਧਰਮ ਵਿੱਚ ਫਲ ਜਰੂਰੀ ਨਹੀਂ ਇਸੇ ਜਨਮ ਵਿੱਚ ਭੁਗਤਿਆ ਜਾਵੇ, ਅਗਲੇ ਜਾਂ ਅਗਲੇਰੇ ਜਨਮਾਂ ਵਿੱਚ ਵੀ ਭੁਗਤਿਆ ਜਾ ਸਕਦਾ ਹੈ। ਅਤੇ ਤੁਸੀਂ ਇਸ ਜਨਮ ਵਿੱਚ ਫਲ਼ ਭੁਗਤੇ ਜਾਣ ਦੇ ਹਾਮੀ ਹੋ। ਜਿਸ ਬਾਰੇ ਤੁਹਾਡੇ ਕੋਲ ਕੋਈ ਗੁਰਬਾਣੀ ਉਦਾਹਰਣ ਨਹੀਂ ਹੈ।
ਗੁਰਮਤਿ ਵੀ ਕਰਮ ਸਿਧਾਂਤ ਨੂੰ ਤਾਂ ਮੰਨਦੀ ਹੈ ਪਰ ‘cause and effect ’ ਦੇ ਰੂਪ ਵਿੱਚ ਨਹੀਂ। ਗੁਰਮਤਿ ਅਨੁਸਾਰ ‘ਕਰਮ ਸਿਧਾਂਤ’ ਅਧੂਰਾ ਹੈ। ਗੁਰਮਤਿ **ਕਰਮ + ਹੁਕਮ** ਸਿਧਾਂਤ ਦੀ ਹਾਮੀ ਹੈ। ਅਰਥਾਤ ਕਰਮਾਂ ਦਾ ਫਲ਼-ਪ੍ਰਦਾਤਾ ਪਰਮਾਤਮਾ ਹੈ। ਪਰਮਾਤਮਾ ਦੇ ਹੁਕਮ ਨਾਲ ਸਭ ਕੁਝ ਹੁੰਦਾ ਹੈ। *ਕਰਮ* ਸਾਡੇ ਹਨ, ਸਾਡੇ ਕਰਮਾਂ ਮੁਤਾਬਕ ਉਸ ਦਾ *ਹੁਕਮ* ਚੱਲਦਾ ਹੈ।
  ਗੁਰਮਤਿ ਇਸ ਗੱਲ ਦੀ ਹਾਮੀ ਨਹੀਂ ਕਿ, ‘ਜੋ ਚੰਗਾ-ਮੰਦਾ ਕੰਮ ਕੀਤਾ ਉਸ ਦਾ ਅਵੱਸ਼ ਫਲ਼ ਮਿਲਣਾ ਹੀ ਹੈ’। ਬਲਕਿ ਗੁਰਮਤਿ ਵਿੱਚ ਅਰਦਾਸ, ਅਰਜੋਈ, ਭੁੱਲ ਦੀ ਮੁਆਫੀ, ਰਜ਼ਾ, ਭਾਣਾ ਵੀ ਕੰਮ ਕਰਦਾ ਹੈ (ਹਿੰਦੂ ਧਰਮ ਦੇ *ਕਰਮ* ਸਿਧਾਂਤ ਵਿੱਚ ਐਸਾ ਨਹੀਂ ਹੈ)।  ਜੇ ਪਰਮਾਤਮਾ ਚਾਹੇ ਤਾਂ ਕਰਮਾਂ ਦਾ ਫਲ ਬਖਸ਼ਿਆ ਜਾ ਸਕਦਾ ਹੈ ਪਰ cause and effect ਸਿਧਾਂਤ ਵਿੱਚ ਇਸ ਤਰ੍ਹਾਂ ਮੁਮਕਿਨ ਨਹੀਂ ਹੈ।  ਉਮੀਦ ਹੈ ਫਰਕ ਸਮਝ ਆ ਗਿਆ ਹੋਵੇਗਾ।
ਇਹ ਬੀਬੀ ਪੁਨਰ ਜਨਮ ਦੀ ਗੱਲ ਕਰ ਰਹੀ ਹੈ, ਪਰ ਹਿੰਦੂ ਧਰਮ ਦੇ cause and effect ਸਿਧਾਂਤ ਅਨੁਸਾਰ ਪੁਨਰ ਜਨਮ ਹੁੰਦਾ ਹੈ। ਜਦਕਿ ਗੁਰਮਤਿ ਵਿੱਚ ਪ੍ਰਭੂ ਦੇ ਹੁਕਮ ਵਿੱਚ ਬੰਦਾ ਜੱਗ ਤੇ ਆਉਂਦਾ ਹੈ। ਇਹ ਫਰਕ ਵੀ ਨੋਟ ਕਰੋ।
ਇਹ ਬੀਬੀ ਹਿੰਦੂ ਧਰਮ ਵਿੱਚ ਸਵਰਗ-ਨਰਕ ਦੀ ਮਾਨਤਾ ਤੋਂ ਇਨਕਾਰ ਕਰ ਰਹੀ ਹੈ, ਜਦਕਿ ਇਹ ਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਹਿੰਦੂ ਧਰਮ ‘ਸਵਰਗ-ਲੋਕ ਅਤੇ ਨਰਕ-ਲੋਕ’ ਦੀ ਹਾਮੀ ਹੈ। ਹੁਣ ਇਸ ਸਿਧਾਂਤ ਦੀ ਮਾਨਤਾ ਘਟ ਗਈ ਹੈ ਜਾਂ ਸ਼ਾਇਦ ਹਿੰਦੂ ਧਰਮ ਦਾ ਇਹ ਕੌਨਸੈਪਟ ਖਤਮ ਹੋ ਗਿਆ ਹੈ।  ਸ਼ਾਇਦ ਇਸੇ ਲਈ ਇਹ ਬੀਬੀ ਸਵਰਗ-ਨਰਕ ਦਾ ਖੰਡਣ ਕਰ ਰਹੀ ਹੈ।
ਇਹ ਬੀਬੀ ਪਰਮਾਤਮਾ ਵਿੱਚ ਲੀਨ ਹੋਣ ਦੀ ਗੱਲ ਕਰ ਰਹੀ ਹੈ।
ਪਰ ਹਿੰਦੂ ਧਰਮ ਵਿੱਚ ਤਾਂ ਪਰਮਾਤਮਾ ਦੇ ਨਾਲ ਨਾਲ ਜੀਵ ਨੂੰ ਵੀ ਅਨਾਦੀ ਮੰਨਿਆ ਗਿਆ ਹੈ। ਅਰਥਾਤ ਹਿੰਦੂ ਧਰਮ ਦਵੈਤਵਾਦ ਦਾ ਹਾਮੀ ਹੈ। ਜਦਕਿ ਗੁਰਮਤਿ ਦਵੈਤ ਵਾਦ ਨਹੀਂ ਅਦਵੈਤਵਾਦ ਦੀ ਹਾਮੀ ਹੈ। ਅਰਥਾਤ ਗੁਰਮਤਿ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ। ਜੀਵ ਅਤੇ ਪ੍ਰਕਿਰਤੀ ਸੁੰਨ ਤੋਂ ਪ੍ਰਭੂ ਦੇ ਹੁਕਮ ਨਾਲ ਹੋਂਦ ਵਿੱਚ ਆਏ ਹਨ। ਹਿੰਦੂ ਧਰਮ ਦਵੈਤ ਵਾਦ ਦਾ ਹਾਮੀ ਹੈ ਤਾਂ ਜੀਵ ਦਾ ਪ੍ਰਭੂ ਵਿਚ ਸਮਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਬੀਬੀ ਗ਼ਲਤ ਕਹਿ ਰਹੀ ਹੈ ਕਿ ਹਿੰਦੂ ਧਰਮ ਵਿੱਚ ਪ੍ਰਭੂ ਵਿੱਚ ਸਮਾਉਣ ਦਾ ਕੌਨਸੈਪਟ ਹੈ।
ਤੁਸੀਂ ਇਕ ਦੋ ਲਫਜ਼ਾਂ ਤੋਂ ਹੀ ਸਾਰਾ ਸਿਧਾਂਤ ਮਿਥਕੇ, ਰੱਦ ਕਰਨ ਦਾ ਫੈਸਲਾ ਕਰ ਲੈਂਦੇ ਹੋ। ਜਦਕਿ ਕੁਝ ਵੀ ਰੱਦ ਕਰਨ ਤੋਂ ਪਹਿਲਾਂ ਤੁਹਾਨੂੰ ਵਿਸ਼ੇ ਬਾਰੇ ਪੂਰੀ ਸਟਡੀ ਕਰ ਲੈਣੀ ਚਾਹੀਦੀ ਹੈ।
ਜਸਬੀਰ ਸਿੰਘ ਵਿਰਦੀ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.